Breaking: ਪੰਜਾਬ ‘ਚ ਪੈਟਰੋਲ-ਡੀਜ਼ਲ ਅਤੇ LPG ਦੀ ਕੋਈ ਕਮੀ ਨਹੀਂ!

 

ਪੰਜਾਬ ‘ਚ ਪੈਟਰੋਲ-ਡੀਜ਼ਲ ਅਤੇ LPG ਦੀ ਕੋਈ ਕਮੀ ਨਹੀਂ

CM Mann ਵੱਲੋਂ ਪੰਜਾਬੀਆਂ ਨੂੰ ਅਫ਼ਵਾਹਾਂ ਤੋਂ ਬਚਣ ਅਤੇ ਪੈਨਿਕ ਨਾ ਕਰਨ ਦੀ ਅਪੀਲ

Punjab Network

ਚੰਡੀਗੜ੍ਹ 28 ਮਾਰਚ, 2026: ਪੰਜਾਬ ਦੇ ਮੁੱਖ ਮੰਤਰੀ Bhagwant Mann ਨੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਮੰਤਰਾਲਿਆਂ ਨਾਲ ਹੋਈ ਅਹਿਮ ਮੀਟਿੰਗ ਤੋਂ ਬਾਅਦ ਸੂਬੇ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਪੰਜਾਬ ਵਿੱਚ ਪੈਟਰੋਲ, ਡੀਜ਼ਲ ਅਤੇ ਐਲਪੀਜੀ (LPG) ਦੀ ਕੋਈ ਕਮੀ ਨਹੀਂ ਹੈ।

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੇਲ ਦਾ ਸਟਾਕ ਘਰਾਂ ਵਿੱਚ ਜਮ੍ਹਾਂ ਨਾ ਕਰਨ, ਕਿਉਂਕਿ ਇਹ ਖ਼ਤਰਨਾਕ ਹੋ ਸਕਦਾ ਹੈ।

ਮੁੱਖ ਮੰਤਰੀ ਨੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ 12 ਦਿਨਾਂ ਲਈ ਪੈਟਰੋਲ ਅਤੇ 14 ਦਿਨਾਂ ਲਈ ਡੀਜ਼ਲ ਦਾ ਸਟਾਕ ਮੌਜੂਦ ਹੈ। 6 ਦਿਨਾਂ ਦਾ ਐਲਪੀਜੀ ਸਟਾਕ ਉਪਲਬਧ ਹੈ, ਜੋ ਕਿ ਆਮ ਹਾਲਾਤਾਂ ਵਾਂਗ ਹੀ ਹੈ।

ਕਾਲਾਬਜ਼ਾਰੀ ‘ਤੇ ਰੋਕ ਲਈ ਹੁਣ ਤੱਕ 1497 ਥਾਵਾਂ ‘ਤੇ ਚੈਕਿੰਗ ਕੀਤੀ ਗਈ ਹੈ ਅਤੇ ਮਹਿੰਗੇ ਭਾਅ ਸਿਲੰਡਰ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ 3001 ਸਿਲੰਡਰ ਜ਼ਬਤ ਕੀਤੇ ਗਏ ਹਨ।

ਆਉਣ ਵਾਲੇ ਕਣਕ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਸਰਕਾਰ ਨੇ ਕੇਂਦਰ ਅੱਗੇ ਕੁਝ ਅਹਿਮ ਮੰਗਾਂ ਰੱਖੀਆਂ ਹਨ। ਵਾਢੀ ਦੌਰਾਨ ਟਰੈਕਟਰਾਂ, ਕੰਬਾਈਨਾਂ ਅਤੇ ਟਰੱਕਾਂ ਲਈ ਡੀਜ਼ਲ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

ਪੰਜਾਬ ਕੋਲ ਇਸ ਵੇਲੇ 171 ਲੱਖ ਮੀਟ੍ਰਿਕ ਟਨ ਕਣਕ ਅਤੇ 149 ਲੱਖ ਮੀਟ੍ਰਿਕ ਟਨ ਚਾਵਲ ਦਾ ਭੰਡਾਰ ਹੋਵੇਗਾ। ਮੁੱਖ ਮੰਤਰੀ ਨੇ ਕੇਂਦਰ ਨੂੰ ਕਿਹਾ ਹੈ ਕਿ ਪੰਜਾਬ ਦੇ ਗੋਦਾਮ ਖਾਲੀ ਕੀਤੇ ਜਾਣ ਤਾਂ ਜੋ ਨਵੀਂ ਫ਼ਸਲ ਰੱਖੀ ਜਾ ਸਕੇ।

ਪੰਜਾਬ ਨੇ ਆਪਣਾ ਅਨਾਜ ਭੰਡਾਰ ਦੇਸ਼ ਲਈ ਖੋਲ੍ਹ ਦਿੱਤਾ ਹੈ ਤਾਂ ਜੋ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ’ ਤਹਿਤ ਦੂਜੇ ਸੂਬਿਆਂ ਦੀ ਮਦਦ ਕੀਤੀ ਜਾ ਸਕੇ।

ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਆਪਣੇ ਵਿਦੇਸ਼ੀ ਸਬੰਧਾਂ ਦੀ ਵਰਤੋਂ ਕਰਕੇ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਯਕੀਨੀ ਬਣਾਉਣ।

ਪਿੰਡਾਂ ਵਿੱਚ ਸਿਲੰਡਰ ਦੁਬਾਰਾ ਭਰਵਾਉਣ ਦੀ ਮਿਆਦ (ਵੇਟਿੰਗ ਪੀਰੀਅਡ) ਸ਼ਹਿਰਾਂ ਵਾਂਗ 25 ਦਿਨ ਕਰਨ ਦੀ ਮੰਗ ਕੀਤੀ ਗਈ ਹੈ। 1 ਜੂਨ ਤੋਂ ਸ਼ੁਰੂ ਹੋਣ ਵਾਲੀ ਝੋਨੇ ਦੀ ਬਿਜਾਈ ਲਈ ਪੰਜਾਬ ਨੂੰ ਪਹਿਲ ਦੇ ਆਧਾਰ ‘ਤੇ ਡੀਏਪੀ ਖਾਦ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਗਈ ਹੈ।

CM Mann ਨੇ ਚੀਫ ਸੈਕਟਰੀ ਅਤੇ ਸਾਰੇ DCs ਨੂੰ ਹਦਾਇਤ ਕੀਤੀ ਹੈ ਕਿ ਉਹ ਪੈਟਰੋਲ ਪੰਪਾਂ ‘ਤੇ ਲੱਗਣ ਵਾਲੀਆਂ ਲਾਈਨਾਂ ‘ਤੇ ਨਜ਼ਰ ਰੱਖਣ। ਕਿਸੇ ਵੀ ਤਰ੍ਹਾਂ ਦੇ ਲੋਕਡਾਊਨ ਦੀਆਂ ਅਫ਼ਵਾਹਾਂ ਬੇਬਨਿਆਦ ਹਨ। ਮੀਡੀਆ ਨੂੰ ਸਹੀ ਜਾਣਕਾਰੀ ਦੇਣ ਲਈ ਇੱਕ ਨੋਡਲ ਅਧਿਕਾਰੀ ਵੀ ਨਿਯੁਕਤ ਕੀਤਾ ਗਿਆ ਹੈ।