BREAKING: ਪੰਜਾਬ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ; ਦਹਿਸ਼ਤ ਦਾ ਮਾਹੌਲ
ਈਮੇਲ ਰਾਹੀਂ ਮਿਲੀ ਧਮਕੀ ਤੋਂ ਬਾਅਦ ਸਕੂਲ ਕਰਵਾਏ ਗਏ ਖਾਲੀ; ਬੰਬ ਅਤੇ ਡੌਗ ਸਕੁਐਡ ਵੱਲੋਂ ਤਲਾਸ਼ੀ ਮੁਹਿੰਮ ਜਾਰੀ
ਲੁਧਿਆਣਾ 10 ਮਾਰਚ 2026:
ਲੁਧਿਆਣਾ ਵਿੱਚ ਅੱਜ ਸਵੇਰੇ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਸ਼ਹਿਰ ਦੇ ਤਿੰਨ ਪ੍ਰਮੁੱਖ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਸੂਚਨਾ ਮਿਲੀ। ਸਕੂਲ ਪ੍ਰਬੰਧਨ ਨੂੰ ਭੇਜੀ ਗਈ ਇੱਕ ਧਮਕੀ ਭਰੀ ਈਮੇਲ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ।
ਸੂਚਨਾ ਮਿਲਦੇ ਹੀ ਲੁਧਿਆਣਾ ਪੁਲਿਸ ਹਰਕਤ ਵਿੱਚ ਆ ਗਈ ਅਤੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਸਾਵਧਾਨੀ ਵਜੋਂ ਤਿੰਨੋਂ ਸਕੂਲਾਂ ਦੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਤੁਰੰਤ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਪੁਲਿਸ ਦੀਆਂ ਵਿਸ਼ੇਸ਼ ਟੀਮਾਂ, ਬੰਬ ਨਿਰੋਧਕ ਦਸਤਾ (Bomb Squad) ਅਤੇ ਡੌਗ ਸਕੁਐਡ ਮੌਕੇ ‘ਤੇ ਪਹੁੰਚ ਚੁੱਕੇ ਹਨ ਅਤੇ ਸਕੂਲ ਦੇ ਕੋਨੇ-ਕੋਨੇ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ। ਸਕੂਲਾਂ ਦੇ ਬਾਹਰ ਅਤੇ ਆਲੇ-ਦੁਆਲੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।
ਮਾਪਿਆਂ ਵਿੱਚ ਭਾਰੀ ਚਿੰਤਾ
ਸਕੂਲਾਂ ਨੂੰ ਬੰਬ ਦੀ ਧਮਕੀ ਮਿਲਣ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ, ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਮਾਪੇ ਸਕੂਲਾਂ ਦੇ ਬਾਹਰ ਇਕੱਠੇ ਹੋ ਗਏ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।






