Punjab Mail ਟਰੇਨ ਨੂੰ ਖਾਲੀ ਕਰਵਾ ਲਿਆ ਗਿਆ ਪਰ ਜਾਂਚ ‘ਚ ਕੁਝ ਵੀ ਸ਼ੱਕੀ ਨਹੀਂ ਮਿਲਿਆ!
ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼)
ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਪੰਜਾਬ ਮੇਲ ਐਕਸਪ੍ਰੈਸ (Punjab Mail) ਵਿੱਚ ਅਚਾਨਕ ਚੀਕ ਚਿਹਾੜਾ ਪੈ ਗਿਆ। ਪੂਰੀ ਟਰੇਨ ‘ਚ ਭਗਦੜ ਮਚ ਗਈ ਅਤੇ ਯਾਤਰੀਆਂ ਨੇ ਚੱਲਦੀ ਟਰੇਨ ‘ਚੋਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
ਟਰੇਨ ਨੂੰ ਤੁਰੰਤ ਰੋਕ ਦਿੱਤਾ ਗਿਆ ਅਤੇ ਪਾਇਲਟਾਂ ਨੇ ਯਾਤਰੀਆਂ ਤੋਂ ਹਫੜਾ-ਦਫੜੀ ਦਾ ਕਾਰਨ ਪੁੱਛਿਆ। ਯਾਤਰੀਆਂ ਨੇ ਦੱਸਿਆ ਕਿ ਟਰੇਨ ਨੂੰ ਅੱਗ ਲੱਗੀ ਹੋਈ ਹੈ।
ਇਹ ਸੁਣਨ ਤੋਂ ਬਾਅਦ ਪੂਰੀ ਟਰੇਨ ਨੂੰ ਖਾਲੀ ਕਰਵਾ ਲਿਆ ਗਿਆ ਪਰ ਜਾਂਚ ‘ਚ ਕੁਝ ਵੀ ਸ਼ੱਕੀ ਨਹੀਂ ਮਿਲਿਆ। ਨਾ ਹੀ ਕਿਸੇ ਕੋਚ ਵਿੱਚ ਅੱਗ ਲੱਗਣ ਦੀ ਪੁਸ਼ਟੀ ਹੋਈ ਹੈ। ਹਾਦਸੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।
ਸੂਚਨਾ ਮਿਲਦੇ ਹੀ ਸ਼ਾਹਜਹਾਂਪੁਰ ਥਾਣਾ ਪੁਲਸ ਅਤੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਰੇਲਵੇ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਅਤੇ ਜ਼ਖਮੀ ਯਾਤਰੀਆਂ ਨੂੰ ਸ਼ਾਹਜਹਾਂਪੁਰ ਮੈਡੀਕਲ ਕਾਲਜ ‘ਚ ਭਰਤੀ ਕਰਵਾਇਆ ਗਿਆ। ਅਫਵਾਹ ਕਿਸ ਨੇ ਫੈਲਾਈ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਦਸਾ ਐਤਵਾਰ ਸਵੇਰੇ ਕਰੀਬ 8 ਵਜੇ ਬਰੇਲੀ ਅਤੇ ਕਟੜਾ ਸਟੇਸ਼ਨਾਂ ਵਿਚਕਾਰ ਵਾਪਰਿਆ। ਉਸ ਸਮੇਂ ਰੇਲਗੱਡੀ ਨਦੀ ਦੇ ਪੁਲ ‘ਤੇ ਸੀ। ਜਦੋਂ ਚੀਕ-ਚਿਹਾੜਾ ਸ਼ੁਰੂ ਹੋਇਆ ਤਾਂ ਅੱਧੀ ਰੇਲਗੱਡੀ ਪੁਲ ‘ਤੇ ਸੀ ਅਤੇ ਅੱਧੀ ਟਰੇਨ ਸੁਰੰਗ ਦੇ ਅੰਦਰ ਸੀ।
ਟਰੇਨ ਨੰਬਰ 13006 ਹਾਵੜਾ ਤੋਂ ਅੰਮ੍ਰਿਤਸਰ ਜਾ ਰਹੀ ਸੀ। ਸਭ ਤੋਂ ਪਹਿਲਾਂ ਜਨਰਲ ਕੋਚ ਵਿੱਚ ਹਫੜਾ-ਦਫੜੀ ਮੱਚ ਗਈ। ਪਾਇਲਟ ਨੇ ਟਰੇਨ ਨੂੰ ਰੋਕ ਕੇ ਪਹਿਲਾਂ ਘਬਰਾਏ ਯਾਤਰੀਆਂ ਨੂੰ ਸੰਭਾਲਿਆ ਅਤੇ ਫਿਰ ਸਾਰਿਆਂ ਨੇ ਮਿਲ ਕੇ ਬੋਗੀਆਂ ਨੂੰ ਖਾਲੀ ਕਰ ਦਿੱਤਾ।
ਰੇਲਵੇ ਅਧਿਕਾਰੀ, ਜੀਆਰਪੀ-ਆਰਪੀਐਫ ਦੇ ਜਵਾਨ ਅਤੇ ਪੁਲਿਸ ਮੌਕੇ ‘ਤੇ ਪਹੁੰਚ ਗਈ। ਡੌਗ ਅਤੇ ਬੰਬ ਸਕੁਐਡ ਨਾਲ ਹਰੇਕ ਬੋਗੀ ਦੀ ਤਲਾਸ਼ੀ ਲਈ ਗਈ, ਪਰ ਜਾਂਚ ਵਿਚ ਕੋਈ ਬੇਨਿਯਮੀ ਨਹੀਂ ਪਾਈ ਗਈ।
ਟਰੇਨ ਕਰੀਬ 45 ਮਿੰਟ ਕਟੜਾ ਸਟੇਸ਼ਨ ‘ਤੇ ਰੁਕੀ। ਰੇਲਵੇ ਅਤੇ ਪੁਲਿਸ ਅਧਿਕਾਰੀਆਂ ਦੇ ਸੰਤੁਸ਼ਟ ਹੋਣ ਤੋਂ ਬਾਅਦ ਹੀ ਟਰੇਨ ਨੂੰ ਸ਼ਾਹਜਹਾਂਪੁਰ ਲਈ ਰਵਾਨਾ ਕੀਤਾ ਗਿਆ। ਜ਼ਖਮੀਆਂ ਨੂੰ ਸ਼ਾਹਜਹਾਂਪੁਰ ਰੇਲਵੇ ਸਟੇਸ਼ਨ ਤੋਂ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ‘ਚੋਂ 7 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਮੁਰਾਦਾਬਾਦ ਰੇਲਵੇ ਡਿਵੀਜ਼ਨ ਦੇ ਸੀਨੀਅਰ ਡੀਸੀਐਮ ਆਦਿਤਿਆ ਗੁਪਤਾ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ। ਉਸ ਨੇ ਦੱਸਿਆ ਕਿ ਟਰੇਨ ਨੂੰ ਅੱਗ ਲੱਗਣ ਦੀ ਅਫਵਾਹ ਫੈਲਣ ਤੋਂ ਬਾਅਦ ਭਗਦੜ ਮਚ ਗਈ। ਯਾਤਰੀ ਡਰ ਗਏ ਅਤੇ ਆਪਣੀ ਜਾਨ ਬਚਾਉਣ ਲਈ ਚੱਲਦੀ ਟਰੇਨ ਤੋਂ ਛਾਲ ਮਾਰਨ ਲੱਗੇ।
ਜਨਰਲ ਕੋਚ ਵਿੱਚ ਲੱਗੇ ਅੱਗ ਬੁਝਾਊ ਯੰਤਰ ਨੂੰ ਕਿਸੇ ਨੇ ਆਨ ਕਰ ਦਿੱਤਾ ਸੀ, ਜਿਸ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਟਰੇਨ ਰੁਕਦਿਆਂ ਹੀ ਹਾਰਨ ਵਜਾਇਆ। ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ। ਅੱਗ ਬੁਝਾਊ ਯੰਤਰ ਕਿਸਨੇ ਚਾਲੂ ਕੀਤਾ? ਇਹ ਜਾਣਨ ਲਈ ਯਾਤਰੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ।