ਦੇਸ਼ ‘ਚ ‘ਬਨੇਗਾ’ ਕਾਨੂੰਨ ਲਈ ਇੱਕਜੁੱਟ ਹੋਣ ਦਾ ਸੱਦਾ; 26 ਫਰਵਰੀ ਨੂੰ ਹੋਵੇਗਾ ਵਿਸ਼ਾਲ ਪ੍ਰਦਰਸ਼ਨ

 

ਲੋਕ ਪੱਖੀ ਕਾਨੂੰਨਾਂ ਦੀ ਰਾਖੀ ਅਤੇ ਸਭ ਲਈ ਰੁਜ਼ਗਾਰ ਦੀ ਗਾਰੰਟੀ ਕਰਦੇ ਕਾਨੂੰਨ ਬਨੇਗਾ ਨੂੰ ਦੇਸ਼ ਦੀ ਸੰਸਦ ‘ਚ ਬਣਾਉਣ ਲਈ ਇੱਕਜੁੱਟ ਹੋਣ ਦੀ ਲੋੜ: ਢਾਬਾਂ, ਛਾਂਗਾ ਰਾਏ

ਲਾਭਪਾਤਰੀਆਂ ਦੇ ਹੱਕਾਂ ਦੀ ਪ੍ਰਾਪਤੀ ਅਤੇ ਦਫ਼ਤਰ ਵਿੱਚ ਹੁੰਦੀ ਖੱਜਲ ਖੁਆਰੀ ਖ਼ਿਲਾਫ਼ 26 ਨੂੰ ਏਐਲਸੀ ਦਫ਼ਤਰ ਸਾਹਮਣੇ ਦਿੱਤਾ ਜਾਵੇਗਾ ਧਰਨਾ:-ਧੁੰਨਕੀਆਂ,ਪਾਲੀਵਾਲਾ

ਪਰਮਜੀਤ ਸਿੰਘ, ਜਲਾਲਾਬਾਦ

ਵਿਦਿਆਰਥੀਆਂ, ਨੌਜਵਾਨਾਂ ਅਤੇ ਉਸਾਰੀ ਕਿਰਤੀ ਲਾਭਪਾਤਰੀਆਂ ਨੂੰ ਉਹਨਾਂ ਦੇ ਬਣਦੇ ਹੱਕ ਦਿਵਾਉਣ ਲਈ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਉਸਾਰੀ ਕਿਰਤੀਆਂ ਨੂੰ ” ਬੀ.ਓ.ਸੀ.ਡਬਲਯੂ. ਐਕਟ 1996 ਦੀ ਰੋਸ਼ਨੀ ‘ਚ ਮਿਲ ਰਹੇ ਲਾਭ ਅਤੇ ਨਵੇਂ ਕਾਨੂੰਨ ” ਸਮਾਜਿਕ ਸੁਰੱਖਿਆ ਕਾਨੂੰਨ 2020″ ਤਹਿਤ ਉਹਨਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਅਤੇ ਸਭ ਲਈ ਰੁਜ਼ਗਾਰ ਦੀ ਗਾਰੰਟੀ ਕਰਦੇ ਕਾਨੂੰਨ “ਬਨੇਗਾ” ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਕਰਵਾਉਣ ਲਈ ਲਗਾਇਆ ਗਿਆ।

ਇਸ ਕੈਂਪ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਪਰਮਜੀਤ ਢਾਬਾਂ ਡਿਪਟੀ ਜਨਰਲ ਸਕੱਤਰ ਕੰਨਸਟਰਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ (ਰਜਿ:) ਏਟਕ ਪੰਜਾਬ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਸਾਥੀ ਚਰਨਜੀਤ ਛਾਂਗਾ ਰਾਏ ਨੇ ਕਿਹਾ ਕਿ ਲੋਕ ਪੱਖੀ ਸੰਸਦ ਮੈਂਬਰਾਂ ਵੱਲੋਂ ਕਿਰਤੀਆਂ ਲਈ ਬਣਾਏ ਕਾਨੂੰਨਾਂ ਨੂੰ ਬਚਾਉਣ ਅਤੇ ਉਹਨਾਂ ਰਾਹੀਂ ਮਿਲ ਰਹੇ ਹੱਕਾਂ ਦੀ ਪ੍ਰਾਪਤੀ ਲਈ ਲਗਾਤਾਰ ਵਿਦਿਆਰਥੀਆਂ, ਨੌਜਵਾਨਾਂ ਅਤੇ ਕਿਰਤੀਆਂ ਨੂੰ ਜਾਗਰਿਤ ਕੀਤਾ ਜਾ ਰਿਹਾ ਹੈ। ਸਾਥੀ ਢਾਬਾਂ ਅਤੇ ਸਾਥੀ ਛਾਂਗਾ ਰਾਏ ਨੇ ਕਿਹਾ ਕਿ ਸਾਨੂੰ ਸਿਧਾਂਤਕ ਤੌਰ ਤੇ ਤਿਆਰ ਹੋ ਕੇ ਦੇਸ਼ ਪੱਖੀ ਕਾਨੂੰਨਾਂ ਦੀ ਰਾਖੀ ਲਈ ਅਤੇ ਸਭ ਲਈ ਰੁਜ਼ਗਾਰ ਦੀ ਗਾਰੰਟੀ ਕਰਦੇ ਕਾਨੂੰਨ ਨੂੰ ਦੇਸ਼ ਦੀ ਸੰਸਦ ‘ਚ ਬਣਾਉਣ ਲਈ ਇੱਕਜੁੱਟ ਹੋਣ ਦੀ ਲੋੜ ਹੈ।

ਆਗੂਆਂ ਨੇ ਕਿਹਾ ਕਿ “ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ” (ਬਨੇਗਾ) ਅੱਜ ਸਮੇਂ ਦੀ ਮੁੱਖ ਲੋੜ ਹੈ ਅਤੇ ਇਹਦੇ ਤੋਂ ਬਿਨਾਂ ਖੁਸ਼ਹਾਲ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਅਰਰੀਫੀਸ਼ੀਅਲ ਇੰਟੈਲੀਜੇਂਸੀ (ਏ ਆਈ) ਤੇ ਕਾਬਜ਼ ਧਿਰਾਂ ਨੇ ਭਵਿੱਖ ਵਿੱਚ ਕਿਰਤ ਤੋਂ ਬਿਨਾਂ ਪੈਦਾਵਾਰ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਰੁਜ਼ਗਾਰ ਲਗਭਗ ਖ਼ਤਮ ਹੋ ਜਾਵੇਗਾ।

ਉਹਨਾਂ ਅੱਗੇ ਕਿਹਾ ਕਿ ਸਰਮਾਏ ਦਾਰੀ ਪ੍ਰਬੰਧ ਸਾਡੇ ਤੋਂ ਰੁਜ਼ਗਾਰ ਖੋਹ ਕੇ ਮਨੁੱਖਤਾ ਨੂੰ ਕੀੜੇ ਮਕੌੜੀਆਂ ਦੀ ਤਰ੍ਹਾਂ ਰੀਂਗ ਰੀਂਗ ਕੇ ਮਰਨ ਲਈ ਛੱਡਣ ਦੀਆਂ ਨੀਤੀਆਂ ਲਾਗੂ ਕਰ ਰਿਹਾ ਹੈ। ਇਸ ਲਈ ਇੱਕੋ ਇੱਕ ‘ਬਨੇਗਾ’ ਹੀ ਹੈ, ਜੋ ਹਰ ਇੱਕ ਲਈ ਜਿਉਣ ਦੇ ਹੱਕ ਰੁਜ਼ਗਾਰ ਦੀ ਗਾਰੰਟੀ ਕਰਦਾ ਹੈ। ਇਸ ਕਾਨੂੰਨ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਹਰ ਇੱਕ ਲਈ (ਜੋ ਚਾਹੁੰਦਾ ਹੈ) ਨੂੰ ਉਸ ਦੀ ਯੋਗਤਾ ਅਨੁਸਾਰ ਕੰਮ ਭਾਵ ਅਣਸਿੱਖਿਅਤ ਨੂੰ 35,000/-, ਅਰਧ ਸਿੱਖਿਅਤ ਨੂੰ 40,000/-, ਸਿੱਖਿਅਤ ਨੂੰ 45,000/- ਅਤੇ ਉੱਚ ਸਿੱਖਿਅਤ ਨੂੰ 60,000/- ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦੀ ਗਾਰੰਟੀ ਅਤੇ ਜੇਕਰ ਸਰਕਾਰ ਕੰਮ ਦੇਣ ਵਿੱਚ ਅਸਫਲ ਹੈ, ਤਾਂ ਉਕਤ ਤਨਖ਼ਾਹ ਦਾ ਅੱਧ ਕੰਮ ਇੰਤਜ਼ਾਰ ਭੱਤਾ ਦੇਣ ਦੀ ਵਿਵਸਥਾ ਹੋਵੇ, ਜੋ ਜਵਾਨੀ ਦੀਆਂ ਸਾਰੀਆਂ ਮੁਸ਼ਕਲਾਂ ਦਾ ਮੁਕੰਮਲ ਹੱਲ ਕਰਦਾ ਹੈ।

ਕੈਂਪ ਵਿੱਚ ਉਸਾਰੀ ਕਿਰਤੀ ਲਾਭਪਾਤਰੀਆਂ ਨੂੰ ਆਪਣੇ ਹੱਕ ਪ੍ਰਾਪਤ ਕਰਨ ਲਈ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਸਥਾਰ ਪੂਰਵਕ ਵਿਚਾਰ ਚਰਚਾ ਕੀਤੀ ਗਈ ਅਤੇ ਉਹਨਾਂ ਦੇ ਹੱਲ ਲਈ ਯੋਗ ਯਤਨ ਕਰਨ ਦੇ ਪ੍ਰੋਗਰਾਮ ਉਲੀਕੇ ਗਏ। ਇਸ ਮੌਕੇ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ (ਰਜਿ:) ਏਟਕ ਦੇ ਜ਼ਿਲ੍ਹਾ ਸਕੱਤਰ ਸਾਥੀ ਸੋਨਾ ਧੁੰਨਕੀਆਂ ਅਤੇ ਬਲਾਕ ਜਲਾਲਾਬਾਦ ਦੇ ਪ੍ਰਧਾਨ ਹਰਚਰਨ ਪਾਲੀ ਵਾਲਾ ਉਸਾਰੀ ਕਿਰਤੀਆਂ ਦੇ ਹੱਕਾਂ ਦੀ ਪ੍ਰਾਪਤੀ ਲਈ 26 ਫਰਵਰੀ ਨੂੰ ਫਾਜ਼ਿਲਕਾ ਦੇ ਅਸਿਸਟੈਂਟ ਲੇਬਰ ਕਮਿਸ਼ਨਰ ਦਫਤਰ ਸਾਹਮਣੇ ਧਰਨਾ ਦੇਣ ਲਈ ਲਾਮਬੰਦੀ ਦਾ ਸੱਦਾ ਦਿੱਤਾ ਗਿਆ।

ਸਾਥੀ ਧੁੰਨਕੀਆਂ ਅਤੇ ਪਾਲੀ ਵਾਲਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਅੱਜ ਵੀ ਉਸਾਰੀ ਕਿਰਤੀ ਲਾਭਪਾਤਰੀਆਂ ਦੀ ਸੇਵਾ ਕੇਂਦਰਾਂ ਅਤੇ ਕਿਰਤ ਦਫਤਰਾਂ ਵਿੱਚ ਭਾਰੀ ਖੱਜਲ ਖੁਆਰੀ ਅਤੇ ਲੁੱਟ ਹੋ ਰਹੀ ਹੈ,ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਹੋਰਾਂ ਤੋਂ ਇਲਾਵਾ ਨੌਜਵਾਨ ਸਭਾ ਦੇ ਬਲਾਕ ਮੀਤ ਪ੍ਰਧਾਨ ਧਰਮਿੰਦਰ ਮੁਰਕਵਾਲਾ ਅਤੇ ਵਿਦਿਆਰਥੀ ਆਗੂ ਸੁਨੀਲ ਢਾਣੀ ਬਚਨ ਸਿੰਘ, ਯੂਨੀਅਨ ਆਗੂ ਕੁਲਦੀਪ ਸਿੰਘ ਸ਼ਾਹਪੂਰਾ ਅਤੇ ਸੁਖਦੇਵ ਢਾਬਾਂ ਨੇ ਸੰਬੋਧਨ ਕੀਤਾ।