Canada ’ਚ ਦਰਦਨਾਕ ਸੜਕ ਹਾਦਸੇ ‘ਚ 2 ਪੰਜਾਬੀ ਨੌਜਵਾਨਾਂ ਦੀ ਮੌਤ

172

ਕੈਨੇਡਾ ਦੇ ਸ਼ਹਿਰ ਵੈਨਕੂਵਰ ਨੇੜੇ ਬੀਤੇ ਦਿਨ ਵਾਪਰੇ ਸੜਕ ਹਾਦਸੇ ’ਚ ਮਾਛੀਵਾੜਾ ਦੇ ਨੌਜਵਾਨ ਗਿਆਨ ਸਿੰਘ (21) ਤੇ ਮੋਹਾਲੀ ਜ਼ਿਲ੍ਹੇ ਨਾਲ ਸਬੰਧਿਤ ਨੌਜਵਾਨ ਦੀ ਮੌਤ ਹੋ ਗਈ। ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦੇ ਟਰੱਸਟੀ ਗੁਰਭਗਤ ਸਿੰਘ ਨਾਮਧਾਰੀ ਦਾ ਨੌਜਵਾਨ ਲੜਕਾ ਗਿਆਨ ਸਿੰਘ ਕੈਨੇਡਾ ਵਿਖੇ ਮਕੈਨੀਕਲ ਇੰਜਨੀਅਰ ਦੀ ਪੜ੍ਹਾਈ ਕਰਦਾ ਸੀ ਤੇ ਵੈਨਕੂਵਰ ਵਿਖੇ ਰਹਿੰਦਾ ਸੀ। ਬੀਤੇ ਕੱਲ੍ਹ ਉਹ ਆਪਣੇ ਦੋਸਤ ਨਾਲ ਕਾਰ ’ਤੇ ਸਵਾਰ ਹੋ ਕੇ ਘੁੰਮਣ ਗਿਆ ਤੇ ਜਦੋਂ ਵਾਪਸ ਪਰਤ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਇਕ ਟਰੱਕ ਨਾਲ ਟਕਰਾ ਗਈ ਜਿਸ ਵਿਚ ਨੌਜਵਾਨ ਗਿਆਨ ਸਿੰਘ ਨਾਮਧਾਰੀ ਤੇ ਉਸ ਦਾ ਦੋਸਤ ਜੋ ਕਿ ਮੋਹਾਲੀ ਜ਼ਿਲ੍ਹੇ ਨਾਲ ਸਬੰਧ ਰੱਖਦਾ ਹੈ, ਦੋਵਾਂ ਦੀ ਮੌਤ ਹੋ ਗਈ।

ਕੈਨੇਡਾ ਪੁਲਿਸ ਵਲੋਂ ਹਾਦਸੇ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਤੋਂ ਮਿਲੇ ਪਹਿਚਾਣ ਪੱਤਰ ਦੇ ਅਧਾਰ ’ਤੇ ਉਥੇ ਰਹਿੰਦੇ ਰਿਸ਼ਤੇਦਾਰਾਂ ਨਾਲ ਸੰਪਰਕ ਕਰ ਕੇ ਜਾਣਕਾਰੀ ਦਿੱਤੀ ਗਈ। ਨੌਜਵਾਨ ਗਿਆਨ ਸਿੰਘ ਦੀ ਮੌਤ ਤੋਂ ਬਾਅਦ ਮਾਛੀਵਾੜਾ ਇਲਾਕੇ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਤੇ ਉਸ ਦੇ ਪਿਤਾ ਗੁਰਭਗਤ ਸਿੰਘ ਨਾਮਧਾਰੀ ਜੋ ਕਿ ਇਸ ਸਮੇਂ ਸ੍ਰੀ ਭੈਣੀ ਸਾਹਿਬ ਵਿਖੇ ਰਹਿੰਦੇ ਹਨ, ਨਾਲ ਭਾਰੀ ਗਿਣਤੀ ’ਚ ਲੋਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਨੌਜਵਾਨ ਦੀ ਮੌਤ ’ਤੇ ਨਾਮਧਾਰੀ ਭਾਈਚਾਰੇ ਵਲੋਂ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਤੋਂ ਇਲਾਵਾ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆ, ਸਵਾਮੀ ਸੂਰੀਆ ਪ੍ਰਤਾਪ ਸਿੰਘ, ਡਾ. ਆਰ.ਕੇ., ਕਾਲੋਨਾਈਜ਼ਰ ਭੁਪਿੰਦਰ ਸਿੰਘ ਨੇ ਕਿਹਾ ਕਿ ਨੌਜਵਾਨ ਗਿਆਨ ਸਿੰਘ ਇਕ ਹੋਣਹਾਰ ਤੇ ਬਹੁਤ ਹੀ ਮਿਲਣਸਾਰ ਸੁਭਾਅ ਦਾ ਮਾਲਕ ਸੀ ਜਿਸ ਦੀ ਅਚਨਚੇਤ ਮੌਤ ਨੇ ਸਭ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ।