Chandigarh police beat up AAP leaders and workers, hit them with water cannons! They were protesting the arrest of Sanjay Singh
ਪੰਜਾਬ ਨੈੱਟਵਰਕ, ਚੰਡੀਗੜ੍ਹ
Chandigarh News- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਆਪਣੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ਈਡੀ (ਡਾਇਰੈਕਟੋਰੇਟ ਆਫ਼ ਇਨਫੋਰਸਮੈਂਟ) ਵੱਲੋਂ ਕੀਤੀ ਗ੍ਰਿਫ਼ਤਾਰੀ ਦਾ ਸਖ਼ਤ ਵਿਰੋਧ ਅਤੇ ਨਿੰਦਾ ਕੀਤੀ ਹੈ। ‘ਆਪ’ ਪੰਜਾਬ ਇਕਾਈ ਨੇ ਚੰਡੀਗੜ੍ਹ (Chandigarh) ‘ਚ ਭਾਜਪਾ ਦੇ ਦਫ਼ਤਰ ਅੱਗੇ ਕੇਂਦਰ ਸਰਕਾਰ ਖ਼ਿਲਾਫ਼ ਧਰਨਾ ਵੀ ਦਿੱਤਾ, ਜਿੱਥੇ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਜਲ ਤੋਪਾਂ ਦੀ ਵਰਤੋਂ ਕੀਤੀ।
ਇਹ ਵੀ ਪੜ੍ਹੋ- Good News: ਭਗਵੰਤ ਮਾਨ ਸਰਕਾਰ ਨੇ ਪੰਜਾਬ ਵਾਸੀਆਂ ਨੂੰ ਦਿੱਤੀ ਇੱਕ ਹੋਰ ਵੱਡੀ ਰਾਹਤ!
ਧਰਨੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਚੰਡੀਗੜ੍ਹ (Chandigarh) ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਸੀਨੀਅਰ ਆਗੂ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦਿੱਲੀ ਵਿੱਚ ਕੋਈ ਸ਼ਰਾਬ ਘੁਟਾਲਾ ਨਹੀਂ ਹੈ। ਜੇਕਰ ਕੋਈ ਘੁਟਾਲਾ ਹੁੰਦਾ ਤਾਂ ਦਿੱਲੀ ਸਰਕਾਰ ਨੂੰ ਕਿਸੇ ਨਾ ਕਿਸੇ ਕਿਸਮ ਦਾ ਨੁਕਸਾਨ ਝੱਲਣਾ ਪੈਂਦਾ ਪਰ ਅਜਿਹਾ ਕੋਈ ਨਹੀਂ ਸੀ, ਜੋ ਆਪਣੇ ਆਪ ਵਿੱਚ ਇਹ ਸਾਬਤ ਕਰਦਾ ਹੈ ਕਿ ਸ਼ਰਾਬ ਨੀਤੀ ਵਿੱਚ ਕੋਈ ਘਪਲਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸ਼ਰਾਬ ਨੀਤੀ ਦੀ ਇਹ ਜਾਂਚ, ਲੀਡਰਾਂ, ਠੇਕਿਆਂ ਅਤੇ ਰਿਟੇਲਰਾਂ ‘ਤੇ ਹਜ਼ਾਰਾਂ ਛਾਪੇਮਾਰੀ ਅਤੇ ‘ਆਪ’ ਨੇਤਾਵਾਂ ਅਤੇ ਕੁਝ ਕਾਰੋਬਾਰੀਆਂ ਦੀਆਂ ਗ੍ਰਿਫਤਾਰੀਆਂ, ਇਹ ਸਭ ਕੁਝ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਭਾਜਪਾ ਦੀ ਸਾਜ਼ਿਸ਼ ਹੈ।
ਇਸ ਪ੍ਰੈਸ ਕਾਨਫਰੰਸ ਵਿੱਚ ਹਰਪਾਲ ਚੀਮਾ ਨਾਲ ਕੈਬਨਿਟ ਸਾਥੀ ਹਰਭਜਨ ਸਿੰਘ ਈਟੀਓ, ਚੇਤਨ ਸਿੰਘ ਜੌੜਾਮਾਜਰਾ, ਬ੍ਰਹਮ ਸ਼ੰਕਰ ਜਿੰਪਾ ਅਤੇ ‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਧਾਇਕ ਬੁੱਧ ਰਾਮ ਵੀ ਮੋਜੂਦ ਸਨ।
ਚੀਮਾ ਨੇ ਅੱਗੇ ਕਿਹਾ ਕਿ ਭਾਰਤੀ ਰਾਜਨੀਤੀ ਵਿੱਚ ਭਾਜਪਾ ਦੇ ਦਿਨੋਂ-ਦਿਨ ਡਿੱਗਦੇ ਗ੍ਰਾਫ ਕਾਰਨ ਭਾਜਪਾ ਨਿਰਾਸ਼ ਅਤੇ ਬੇਚੈਨ ਹੈ। ਭਾਜਪਾ ਨੇ ਕੇਂਦਰ ਵਿੱਚ 9 ਸਾਲਾਂ ਤੋਂ ਵੱਧ ਸਮਾਂ ਰਾਜ ਕੀਤਾ ਹੈ ਪਰ ਹੁਣ ਉਹ ਆਪਣੀ ਨਫ਼ਰਤ ਦੀ ਰਾਜਨੀਤੀ, ਪੂੰਜੀਪਤੀਆਂ ਨਾਲ ਪਿਆਰ ਅਤੇ ਲੋਕ ਵਿਰੋਧੀ ਨੀਤੀਆਂ ਦਾ ਸੇਕ ਮਹਿਸੂਸ ਕਰ ਰਹੇ ਹਨ। ਇਸੇ ਲਈ ਉਹ ਉਨ੍ਹਾਂ ਦੇ ਵਿਰੁੱਧ ਬੋਲਣ ਵਾਲੇ ਨੂੰ, ਅੱਤਿਆਚਾਰਾਂ ਅਤੇ ਤਾਨਾਸ਼ਾਹੀ ਦਾ ਵਿਰੋਧ ਕਰਨ ਵਾਲੇ ਨੂੰ ਧਮਕਾਉਣ ਅਤੇ ਦਬਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਜਾਣਦੀ ਹੈ ਕਿ ਆਉਣ ਵਾਲੀਆਂ ਆਮ ਚੋਣਾਂ ਵਿੱਚ ਉਨ੍ਹਾਂ ਦੀ ਹਾਰ ਯਕੀਨੀ ਹੈ ਇਸ ਲਈ ਉਹ ਸੀਬੀਆਈ ਅਤੇ ਈਡੀ ਰਾਹੀਂ ਵਿਰੋਧੀ ਧਿਰ ਦੇ ਨੇਤਾਵਾਂ ‘ਤੇ ਹਮਲੇ ਕਰ ਰਹੀ ਹੈ।
‘ਆਪ’ ਨੇਤਾ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ ਅਤੇ ਹੁਣ ਉਨ੍ਹਾਂ ਨੇ ‘ਆਪ’ ਦੇ ਇਕ ਹੋਰ ਵੱਡੇ ਨੇਤਾ ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਚੀਮਾ ਨੇ ਕਿਹਾ ਕਿ ਸੰਜੇ ਸਿੰਘ ਹਮੇਸ਼ਾ ਹੀ ਭਾਜਪਾ ਸਰਕਾਰ ਅਤੇ ਉਨ੍ਹਾਂ ਦੇ ਲੋਕ ਵਿਰੋਧੀ, ਕਿਸਾਨ ਵਿਰੋਧੀ ਨੀਤੀਆਂ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਂਦੇ ਰਹੇ ਹਨ। ਉਨ੍ਹਾਂ ਸੰਸਦ ਦੇ ਅੰਦਰ ਅਤੇ ਬਾਹਰ ਭਾਜਪਾ ਸਰਕਾਰ ਦੇ ਹਰ ਗਲਤ ਫੈਸਲੇ ਅਤੇ ਲੁੱਟ ਦਾ ਵਿਰੋਧ ਕੀਤਾ। ਭਾਜਪਾ ਸੰਜੇ ਸਿੰਘ ਦੀ ਲੋਕ-ਪੱਖੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਈਡੀ ਨੇ 8 ਘੰਟੇ ਤੱਕ ਉਨਾਂ ਦੇ ਚਾਰ ਕਮਰਿਆਂ ਵਾਲੇ ਘਰ ‘ਤੇ ਛਾਪਾ ਮਾਰਿਆ ਪਰ ਕੁਝ ਨਹੀਂ ਮਿਲਿਆ, ਫਿਰ ਵੀ ਉਨ੍ਹਾਂ ਨੇ ਬਿਨਾਂ ਕਿਸੇ ਸਬੂਤ ਦੇ ਉਨਾਂ ਨੂੰ ਗ੍ਰਿਫਤਾਰ ਕਰ ਲਿਆ ਜੋ ਕਿ ਬਹੁਤ ਮੰਦਭਾਗਾ ਹੈ। ਅਸੀਂ ਭਾਜਪਾ ਸਰਕਾਰ ਦੀ ਇਸ ਗ੍ਰਿਫਤਾਰੀ ਅਤੇ ਤਾਨਾਸ਼ਾਹੀ ਕਾਰਵਾਈ ਦੀ ਨਿਖੇਧੀ ਕਰਦੇ ਹਾਂ।
ਚੀਮਾ ਨੇ ਕਿਹਾ ਕਿ ਸਰਕਾਰ ਅਤੇ ਵਿਰੋਧੀ ਧਿਰ ਦੋਵਾਂ ਦਾ ਹੋਣਾ ਹੀ ਲੋਕਤੰਤਰ ਦੀ ਖੂਬਸੂਰਤੀ ਹੈ। ਪਰ ਭਾਜਪਾ ਸਰਕਾਰ ਸੀਬੀਆਈ ਅਤੇ ਈਡੀ ਵਰਗੀਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਸਾਡੇ ਦੇਸ਼ ਵਿੱਚ ਤਾਨਾਸ਼ਾਹੀ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਦੱਸਦਾ ਹੈ ਕਿ ਭਾਰਤ ਵਿੱਚ ਜਦੋਂ ਵੀ ਕਿਸੇ ਸਰਕਾਰ ਨੇ ਤਾਨਾਸ਼ਾਹੀ ਵੱਲ ਮੂੰਹ ਕੀਤਾ ਹੈ ਤਾਂ ਭਾਰਤ ਦੇ ਲੋਕਾਂ ਨੇ ਹਮੇਸ਼ਾ ਜ਼ਾਲਮਾਂ ਨੂੰ ਸਬਕ ਸਿਖਾਇਆ ਹੈ ਅਤੇ ਇਸ ਵਾਰ ਵੀ ਕੋਈ ਵੱਖਰਾ ਨਹੀਂ ਹੋਵੇਗਾ। ਸਾਡੇ ਦੇਸ਼ ਦੇ ਲੋਕ ਤਾਨਾਸ਼ਾਹੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
ਮੀਡੀਆ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਈਡੀ ਨੂੰ ਸੰਜੇ ਸਿੰਘ ਦੇ ਘਰੋਂ ਇਕ ਪੈਸਾ ਜਾਂ ਇਕ ਵੀ ਗੈਰ-ਕਾਨੂੰਨੀ ਦਸਤਾਵੇਜ਼ ਨਹੀਂ ਮਿਲਿਆ। ਭਾਜਪਾ ਸਰਕਾਰ ਦੀ ਇਹ ਕਾਰਵਾਈ ਦਰਸਾਉਂਦੀ ਹੈ ਕਿ ਮੋਦੀ ਕਿੰਨੇ ਤਾਨਾਸ਼ਾਹ ਹਨ। ਪਰ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਅਂਦੋਲਨ ਤੋਂ ਨਿਕਲੇ ਲੋਕ ਹਾਂ ਇਸ ਲਈ ਉਹ ਸਾਨੂੰ ਡਰਾ ਨਹੀਂ ਸਕਦੇ। ਮੋਦੀ ਸਰਕਾਰ ਵੱਡੇ ਪੂੰਜੀਪਤੀਆਂ ਨਾਲ ਦੋਸਤੀ ਕਰ ਰਹੀ ਹੈ ਜਦਕਿ ਸੰਜੇ ਸਿੰਘ ਅੰਬਾਨੀ ਅਤੇ ਅਡਾਨੀ ਦੇ ਪੱਖਪਾਤ ਦਾ ਵਿਰੋਧ ਕਰਨ ਵਾਲੇ ਆਮ ਲੋਕਾਂ ਦੀ ਆਵਾਜ਼ ਹੈ। ਬੁੱਧ ਰਾਮ ਨੇ ਕਿਹਾ ਕਿ ਭਾਜਪਾ ਦੀਆਂ ਅਜਿਹੀਆਂ ਚਾਲਾਂ ਆਮ ਆਦਮੀ ਪਾਰਟੀ ਨੂੰ ਨਹੀਂ ਰੋਕ ਸਕਦੀ। ‘ਆਪ’ ਆਗੂ ਨੇ ਕਿਹਾ ਕਿ ਭਾਵੇਂ ਕਿੰਨੇ ਵੀ ਛਾਪੇ ਮਾਰੇ ਜਾਣ ਜਾਂ ਗ੍ਰਿਫ਼ਤਾਰੀਆਂ ਕੀਤੀਆਂ ਜਾਣ, ਉਹ ਸਾਨੂੰ ਰੋਕਣ ‘ਚ ਕਦੇ ਕਾਮਯਾਬ ਨਹੀਂ ਹੋਣਗੇ।