New Pension Scheme: ਕੇਂਦਰੀ ਵਿੱਤ ਸਕੱਤਰ ਆਪਣੀ ਪੁਰਾਣੀ ਪੈਨਸ਼ਨ ਛੱਡ ਕੇ ਨਿਊ ਪੈਨਸ਼ਨ ਸਕੀਮ ਅਪਨਾਉਣ-ਮਾਨ
ਪ੍ਰਮੋਦ ਭਾਰਤੀ, ਨਵਾਂਸ਼ਹਿਰ
New Pension Scheme: ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਸ਼੍ਰੀ ਗੁਰਦਿਆਲ ਮਾਨ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਕੇਂਦਰੀ ਵਿੱਤ ਸਕੱਤਰ ਟੀ.ਵੀ. ਸੋਮਨਾਥਨ ਨੇ ਜੋ ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਬਿਆਨ ਦਿੱਤਾ ਹੈ, ਉਹ ਬਹੁਤ ਹੀ ਮੰਦਭਾਗਾ ਹੈ।
ਉਹਨਾਂ ਕਿਹਾ ਕਿ ਟੀ.ਵੀ. ਸੋਮਨਾਥਨ ਜੋ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਬਣੀ ਹੋਈ ਕਮੇਟੀ ਦੇ ਚੇਅਰਮੈਨ ਹਨ, ਉਹ ਪੂਰੀ ਤਰ੍ਹਾਂ ਨਾਲ ਸਰਕਾਰ ਦੇ ਇਸ਼ਾਰੇ ਤੇ ਕੰਮ ਕਰ ਰਹੇ ਹਨ ਅਤੇ ਉਨਾਂ ਦੇ ਬਿਆਨਾਂ ਤੋਂ ਸਰਕਾਰ ਦੇ ਮੁਲਾਜ਼ਮ ਵਿਰੋਧੀ ਹੋਣ ਦਾ ਸਾਫ-ਸਾਫ ਪਤਾ ਚੱਲਦਾ ਹੈ ਅਤੇ ਇਸ ਨਾਲ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਨੰਗਾ ਹੋਇਆ ਹੈ।
ਉਨਾਂ ਕਿਹਾ ਕਿ ਜੇਕਰ ਨਿਊ ਪੈਨਸ਼ਨ ਸਕੀਮ ਇੰਨੀ ਵਧੀਆਂ ਹੈ ਤਾਂ ਕੇਂਦਰੀ ਵਿੱਤ ਸਕੱਤਰ ਵੀ ਆਪਣੀ ਪੁਰਾਣੀ ਪੈਨਸ਼ਨ ਸਕੀਮ ਛੱਡਕੇ ਨਿਊ ਪੈਨਸ਼ਨ ਸਕੀਮ ਨੂੰ ਅਪਨਾਉਣ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਜੋ ਕਮੇਟੀ ਬਣਾਈ ਹੈ,ਉਹ ਸਿਰਫ ਟਾਈਮ ਪਾਸ ਹੈ ਅਤੇ ਕੇਂਦਰ ਸਰਕਾਰ ਕਮੇਟੀ ਬਣਾ ਕੇ ਮੁਲਾਜ਼ਮਾਂ ਨੂੰ ਮੂਰਖ ਬਣਾ ਰਹੀ ਹੈ।
ਮਾਨ ਕਿਹਾ ਕਿ ਜੇਕਰ ਸਰਕਾਰ ਪੁਰਾਣੀ ਪੈਨਸ਼ਨ ਦੀ ਬਹਾਲੀ ਦੇ ਇਨ੍ਹਾਂ ਹੀ ਖਿਲਾਫ ਹੈ ਤਾਂ ਸਭ ਤੋਂ ਪਹਿਲੇ ਸਰਕਾਰੀ ਨੁਮਾਇੰਦੇ,ਵਿੱਤ ਸਕੱਤਰ,ਐਮ.ਐਲ.ਏ ,ਐਮ.ਪੀ, ਵਿਧਾਇਕਾਂ, ਮੁੱਖ ਮੰਤਰੀਆਂ ਅਤੇ ਖੁਦ ਪ੍ਰਧਾਨ ਮੰਤਰੀ ਨੂੰ ਆਪਣੀ ਪੁਰਾਣੀ ਪੈਨਸ਼ਨ ਬੰਦ ਕਰ ਦੇਣੀ ਚਾਹੀਦੀ ਹੈ।
ਉਹਨਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਤੋਂ ਜਲਦ ਕੇਂਦਰ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਤਾਂ ਸਰਕਾਰ ਖਿਲਾਫ ਲਾਮਬੰਦੀ ਕਰਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਰਮਨ ਕੁਮਾਰ, ਰਾਮ ਲਾਲ, ਬਲਕਾਰ ਚੰਦ, ਪਵਨ ਕੁਮਾਰ, ਨੀਲ ਕਮਲ ਅਤੇ ਨਿਰਮਲ ਕੁਮਾਰ ਆਦਿ ਸਾਥੀ ਵੀ ਹਾਜ਼ਰ ਸਨ।