Punjab News: ਪੰਜਾਬ ਦੀ ਸਿੱਖਿਆ ਦੀ ਸਮਕਾਲੀ ਸਥਿਤੀ ਲਈ ਨਿੱਜੀਕਰਨ ਦੀਆਂ ਨੀਤੀਆਂ ਨੂੰ ਜਿੰਮੇਵਾਰ ਠਹਿਰਾਇਆ
ਪੰਜਾਬ ਨੈੱਟਵਰਕ, ਚੰਡੀਗੜ੍ਹ/ਬਰਨਾਲਾ
Punjab News: ‘ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ’ ਵੱਲੋਂ ਸੂਬਾ ਪੱਧਰੀ ਕਨਵੈਨਸ਼ਨ 1 ਸਤੰਬਰ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਆਰਡੀਨੇਟਰ ਡਾ. ਅਜੇ ਕੁਮਾਰ ਨੇ ਦੱਸਿਆ ਕਿ ਇਸ ਕਨਵੈਨਸ਼ਨ ਵਿੱਚ ਸਮੁੱਚੇ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਪਹੁੰਚੇ, ਉਨ੍ਹਾਂ ਆਪਣੇ ਜਥੇਬੰਦਕ ਸੰਘਰਸ਼ ਨੂੰ ਸਮੂਹ ਸ੍ਰੋਤਿਆਂ ਨਾਲ ਸਾਂਝਾ ਕੀਤਾ।
ਉਨ੍ਹਾਂ ਪੰਜਾਬ ਦੀ ਸਿੱਖਿਆ ਦੀ ਸਮਕਾਲੀ ਸਥਿਤੀ ਲਈ ਨਿੱਜੀਕਰਨ ਦੀਆਂ ਨੀਤੀਆਂ ਨੂੰ ਜਿੰਮੇਵਾਰ ਠਹਿਰਾਇਆ। ਉਨ੍ਹਾ ਕਿਹਾ ਕਿ ਇਕ ਖਾਸ ਮਾਨਸਿਕਤਾ ਤਹਿਤ ਵੱਖਰੇ-ਵੱਖਰੇ ਤਰੀਕਿਆਂ ਨਾਲ ਜਨਤਕ ਅਧਾਰਿਆਂ ਨੂੰ ਖਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਜਥੇਬਦੀ ਨੂੰ ਸੁਝਾਅ ਦਿੱਤਾ ਕਿ ਜਥੇਬੰਦੀ ਨੂੰ ਸਰਕਾਰਾਂ ਦੇ ਵਿਚਾਰਧਾਰਕ ਪੈਂਤੜਿਆਂ ਬਾਬਤ ਢੁੱਕਵੀਂ ਸਮਝ ਬਣਾਉਣੀ ਚਾਹੀਦੀ ਹੈ। ਉਨ੍ਹਾਂ ਮੈਰੀਟੋਰੀਅਸ ਅਧਿਆਪਕ ਯੂਨੀਅਨ ਨੂੰ ਆਪਣੀਆਂ ਮੰਗਾਂ ਨੂੰ ਸਮੂਹਿਕ ਅਤੇ ਸਮਾਜਿਕ ਰੂਪ ਵਿਚ ਲੜਨ ਦੀ ਹਿਦਾਇਤ ਕੀਤੀ।
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਵੀ ਪਹੁੰਚੇ ਉਨ੍ਹਾਂ ਆਪਣੀ ਗੱਲਬਾਤ ਵਿਚ ਵਿਚਾਰ ਦੀ ਸ਼ਕਤੀ ਨੂੰ ਕੇਂਦਰੀ ਨੁਕਤੇ ਵਜੋਂ ਉਭਾਰਿਆ। ਉਨ੍ਹਾ ਆਖਿਆ ਕਿ ਵਿਚਾਰਾਂ ਦੀ ਸ਼ਕਤੀ ਤੋਂ ਹੀਣੇ ਸੰਘਰਸ਼ ਕੁਝ ਵੀ ਹਾਸਿਲ ਨਹੀਂ ਕਰ ਸਕਦੇ। ਉਨ੍ਹਾਂ ਆਖਿਆ ਕਿ ਸਾਨੂੰ ਸਤਹੀ ਰੂਪ ਵਿਚ ਇਹ ਲਗਦਾ ਹੈ ਕਿ ਪੰਜਾਬ ਵਿਚ ਹੋ ਰਹੇ ਤਮਾਮ ਸੰਘਰਸ਼ ਵੱਖਰੇ ਹਨ ਪਰ ਇਨ੍ਹਾਂ ਦੀ ਜੜ੍ਹ ਸਾਂਝੀ ਹੈ। ਲਿਹਾਜਾ ਸਾਨੂੰ ਵੱਖ-ਵੱਖ ਲੋਕ ਹਿੱਤੀ ਸੰਘਰਸ਼ਾਂ ਦੀਆਂ ਜਥੇਬੰਦੀਆ ਦਾ ਗੁਲਦੱਸਤਾ ਬਣਾ ਕੇ ਲੜਨਾ ਚਾਹੀਦਾ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਦਰਸ਼ਨ ਨੱਤ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਿਸੇ ਸੰਘਰਸ਼ ਦੀ ਬੁਨਿਆਦ ਉਸਦੀ ਵਿਚਾਰਧਾਰਕ ਪ੍ਰਪੱਕਤਾ ‘ਤੇ ਨਿਰਭਰ ਕਰਦੀ ਹੈ।
ਜੇਕਰ ਕੋਈ ਵੀ ਸੰਗਠਨ ਆਪਣੀਆਂ ਮੰਗਾਂ ਸਮਾਜਿਕ ਨੁਕਤਾ-ਨਜਰ ਤੋਂ ਪੇਸ਼ ਨਹੀਂ ਕਰਦਾ ਤਾਂ ਅਜਿਹੇ ਸੰਗਠਨ ਕਦੀ ਜਿੱਤ ਪ੍ਰਾਪਤ ਨਹੀਂ ਕਰ ਸਕਦੇ। ਉਨ੍ਹਾ ਇਹ ਵੀ ਆਖਿਆ ਕਿ ਕਿਸੇ ਸੰਘਰਸ਼ ਨੂੰ ਸਾਂਝੇ ਸੰਘਰਸ਼ਾਂ ਤੋਂ ਇਲਾਵਾ ਨਹੀਂ ਜਿੱਤਿਆ ਜਾ ਸਕਦਾ, ਉਨ੍ਹਾ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਡਟ ਕੇ ਆਲੋਚਨਾ ਕੀਤੀ ਤੇ ਮੈਰੀਟੋਰੀਅਸ ਅਧਿਆਪਕ ਯੂਨੀਅਨ ਨੂੰ ਆਪਣਾ ਸੰਪੂਰਨ ਸਮਰਥਨ ਦਿੱਤਾ। ਮੈਰੀਟੋਰੀਅਸ ਅਧਿਆਪਕ ਯੂਨੀਅਨ ਦੇ ਸੂਬਾ ਆਗੂ ਦਲਜੀਤ ਕੌਰ ਅੰਮ੍ਰਿਤਸਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਮੈਰੀਟੋਰੀਅਸ ਸਕੂਲ ਦੀ ਹੋਂਦ ਨੂੰ ਬਚਾਉਣ ਹਿੱਤ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮੈਰੀਟੋਰੀਅਸ ਸਕੂਲਾਂ ਦੀ ਪੰਜਾਬ ਨੂੰ ਬਹੁਤ ਜਰੂਰਤ ਹੈ ਕਿਉਂਕਿ ਇਹ ਸਕੂਲ ਉਨ੍ਹਾਂ ਬੱਚਿਆਂ ਨੂੰ ਉਚਤਮ ਸਿੱਖਿਆ ਦਿੰਦੇ ਹਨ ਜਿਹੜੇ ਬੱਚੇ ਹੁਸ਼ਿਆਰ ਹਨ ਪਰ ਹਾਸ਼ੀਆਗਤ ਪਰਿਵਾਰਾਂ ਨਾਲ ਸੰਬੰਧਤ ਹਨ।
ਮੈਰੀਟੋਰੀਅਸ ਸਕੂਲਾਂ ਨੂੰ ਬਚਾਉਣਾ ਗਰੀਬ ਪਰਿਵਾਰ ਦੇ ਬੱਚਿਆਂ ਲਈ ਕੁਆਲਟੀ ਸਿੱਖਿਆ ਨੂੰ ਬਚਾਉਣਾ ਹੈ। ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਜਿੰਨਾ ਸਮਾਂ ਅਸੀਂ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਨੂੰ ਗਹਿਨਤਾ ਨਾਲ ਨਹੀਂ ਸਮਝਦੇ ਉਨ੍ਹਾਂ ਸਮਾਂ ਕੁਝ ਵੀ ਨਹੀਂ ਸਵਾਰਿਆ ਜਾ ਸਕਦਾ।
ਸਰਕਾਰ ਨੇ ਸਿੱਖਿਆ ਨੂੰ ਵੰਡੀਆਂ ਵਿਚ ਪਾ ਕੇ ਬਰਬਾਦ ਕਰ ਦਿੱਤਾ ਹੈ। ਇਨ੍ਹਾਂ ਵੰਡੀਆਂ ਨੇ ਪੰਜਾਬ ਦੇ ਅਧਿਆਪਕਾਂ ਵਿਚ ਵੀ ਵੰਡੀਆਂ ਪਾ ਦਿੱਤੀਆਂ ਹਨ। ਅਜਿਹਾ ਕਰਨ ਪਿੱਛੇ ਸਰਕਾਰ ਦੀ ਮਨਸ਼ਾ ਸਾਂਝੇ ਸੰਘਰਸ਼ਾਂ ਨੂੰ ਖਤਮ ਕਰਨਾ ਹੈ। ਸਰਕਾਰ ਨੇ ਅਧਿਆਪਕਾਂ ਵਿਚ ਆਪਾਵਿਰੋਧ ਪੈਦਾ ਕਰ ਦਿੱਤਾ ਹੈ। ਲਿਹਾਜ਼ਾ ਸਾਨੂੰ ਇਨ੍ਹਾਂ ਆਪਾਂ ਵਿਰੋਧਾਂ ਦਾ ਵਿਕੇਂਦਰੀਕਰਨ ਕਰਕੇ ਸਾਂਝੇ ਸੰਘਰਸ਼ ਲੜਨ ਦੀ ਜਰੂਰਤ ਹੈ। ਹਰਦੀਪ ਟੋਡਰਪੁਰ ਡੀ.ਟੀ.ਐਫ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਿਸੇ ਯੂਨੀਅਨ ਦਾ ਨਿਰਣਾਇਕ ਉਸਦੇ ਸੰਘਰਸ਼ ਹੁੰਦੇ ਹਨ। ਕਿਸੇ ਵੀ ਸਮੱਸਿਆ ਦਾ ਹੱਲ ਮੀਟਿੰਗਾਂ ਤੈਅ ਨਹੀਂ ਕਰਦੀਆਂ ਬਲਕਿ ਸੰਘਰਸ਼ ਕਿੰਨੀ ਸ਼ਿੱਦਤ ਨਾਲ ਲੜਿਆ ਜਾ ਰਿਹਾ ਹੈ, ਨਿਰਧਾਰਿਤ ਕਰਦਾ ਹੈ।
ਦਿਗਵਿਜੇ ਨੇ ਕਿਹਾ ਕਿ ਅੱਜ ਦੀ ਇਹ ਕਨਵੈਨਸ਼ਨ ਪੰਜਾਬ ਦੀ ਸਿੱਖਿਆ ਨੂੰ ਬਚਾਉਣ ਵਾਸਤੇ, ਕੱਚੀਆਂ ਨੌਕਰੀਆਂ ਨੂੰ ਪੱਕੀਆਂ ਕਰਵਾਉਣ ਹਿੱਤ ਵਿਉਂਤੀ ਗਈ ਹੈ। ਉਨ੍ਹਾਂ ਆਪਣੀ ਧਾਰਨਾ ਪੇਸ਼ ਕਰਦਿਆਂ ਕਿਹਾ ਕਿ ਕੱਚੀਆਂ ਨੌਕਰੀਆਂ ਸਰਕਾਰ ਦੀਆਂ ਸੋਚ ਸਮਝ ਕੇ ਬਣਾਈਆਂ ਨੀਤੀਆਂ ਦਾ ਨਤੀਜਾ ਹੈ। ਇਹ ਸਾਰਾ ਵਰਤਾਰਾ ਪੰਜਾਬ ਦੀ ਸਿੱਖਿਆ ਨੂੰ ਪ੍ਰਾਈਵੇਟ ਕਰਨ ਹਿੱਤ ਵਾਪਰਦਾ ਹੈ। ਇਨ੍ਹਾਂ ਨੀਤੀਆਂ ਨੇ ਅਧਿਆਪਕਾਂ ਨੂੰ ਪੜ੍ਹਾਉਣ ਦੀ ਬਜਾਏ ਨਿਗੂਣੀਆਂ ਲੜਾਈਆਂ ਵਿਚ ਰੋਲ ਕੇ ਰੱਖ ਦਿੱਤਾ । ਇਸਦੇ ਨਾਲ ਹੀ ਉਨ੍ਹਾਂ ਨਵੀ ਸਿੱਖਿਆ ਨੀਤੀ ਦੀ ਡਟ ਕੇ ਆਲੋਚਨਾ ਕੀਤੀ। ਉਨ੍ਹਾ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਦੋਗਲੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਨਾਅਰਾ ਇਨਕਲਾਬ ਦਾ ਲਾਉਂਦੇ ਹਨ ਤੇ ਪੰਜਾਬ ਵਿਚ ਸਥਾਪਿਤ, ਕਾਰਪੋਰੇਟਾਂ ਨੂੰ ਕਰ ਰਹੇ ਹਨ।
PCCTU ਦੇ ਪ੍ਰੋ.ਜਗਵੰਤ ਸਿੰਘ ਨੇ ਵੀ ਆਪਣੇ ਸਾਰਥਿਕ ਵਿਚਾਰ ਸਾਂਝੇ ਕੀਤੇ ਇਨ੍ਹਾ ਬੁਲਾਰਿਆਂ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਜਿਵੇਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ, ਕੰਪਿਊਟਰ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਟੈਕਨੀਕਲ ਯੂਨੀਅਨ ਗੁਰਦਿਆਲ ਸਿੰਘ,ਆਇਸ਼ਾ ਯੂਨੀਅਨ ਸਖਜੀਤ ਰਾਮੇਨੰਦੀ,1158 ਦੇ ਸੂਬਾ ਆਗੂ ਜਸਪ੍ਰੀਤ ਸਿੰਘ, ਸਰਕਾਰੀ ਕਾਲਜ ਸਿੱਖਿਆ ਬਚਾਓ ਮੰਚ ਦੇ ਸੂਬਾ ਆਗੂ ਬਲਵਿੰਦਰ ਸਿੰਘ, ਇਨਕਲਾਬੀ ਨੌਜਵਾਨ ਸਭਾ ਦੇ ਰਾਜਿੰਦਰ ਸਿਵੀਆ, ਪੁਰਾਣੀ ਪੈਨਸ਼ਨ ਪੇ ਬਹਾਲੀ ਫਰੰਟ ਦੇ ਆਗੂ ਬਲਜੀਤ ਸਿੰਘ ਵੀ ਪਹੁੰਚੇ, ਸਕੱਤਰ ਮਹਿੰਦਰ ਸਿੰਘ ਕੌੜਿਆਂਵਾਲੀ, ਧੀਰਜ ਕੁਮਾਰ ਪੰਜਾਬ ਸਟੂਡੈਂਟਸ ਯੂਨੀਅਨ ,ਰਾਜੀਵ ਕੁਮਾਰ ਸੂਬਾ ਮੀਤ ਪ੍ਰਧਾਨ ਡੀਟੀਐਫ, ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਸੁਖਵਿੰਦਰ ਚਹਿਲ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਕਨਵੈਂਸ਼ਨ ਦੇ ਅੰਤ ਵਿੱਚ ਯੂਨੀਅਨ ਦੇ ਪੁਰਾਣੇ ਕੋਆਰਡੀਨੇਟਰ ਢਾਂਚੇ ਨੂੰ ਭੰਗ ਕੀਤਾ ਗਿਆ ਅਤੇ ਨਵੀਂ ਯੂਨੀਅਨ ਦੇ ਪ੍ਰਪੱਕ ਢਾਂਚੇ ਦਾ ਨਿਰਮਾਣ ਕੀਤਾ ਗਿਆ । ਡਾ.ਪਰਮਜੀਤ ਸਿੰਘ (ਸੂਬਾ ਪ੍ਰਧਾਨ )ਡਾ. ਟੀਨਾ (ਸੀਨੀਅਰ ਮੀਤ ਪ੍ਰਧਾਨ )ਡਾ.ਅਜੇ ਕੁਮਾਰ (ਸੂਬਾ ਸਕੱਤਰ) ਰਾਕੇਸ਼ ਕੁਮਾਰ (ਵਿੱਤ ਸਕੱਤਰ) ਦੀ ਲੋਕਤੰਤਰਿਕ ਢੰਗ ਨਾਲ ਚੋਣ ਕੀਤੀ ਤਾਂ ਜੋ ਭਵਿੱਖ ਵਿੱਚ ਤਿੱਖੇ ਸੰਘਰਸ਼ ਕਰਕੇ ਆਪਣੀਆਂ ਹੱਕੀ ਹਾਸਲ ਕੀਤੀਆਂ ਜਾਣ । ਮੈਰੀਟੋਰੀਅਸ ਯੂਨੀਅਨ ਦੇ ਪ੍ਰਧਾਨ ਡਾ.ਪਰਮਜੀਤ ਸਿੰਘ ਨੇ ਸਮੂਹ ਜਥੇਬੰਦੀਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਹੱਕੀ ਮੰਗਾਂ ਲੈਣ ਲਈ ਸਾਂਝੇ ਰੂਪ ਵਿੱਚ ਘੋਲ ਲੜਣ ਦਾ ਭਰੋਸਾ ਦਵਾਇਆ।