Punjab News: ਗੱਲਾਂ ਅਤੇ ਇਸ਼ਤਿਹਾਰਬਾਜ਼ੀ ਨਾਲ ਨਹੀਂ ਬਣੇਗਾ ਰੰਗਲਾ ਪੰਜਾਬ: ਅਰਵਿੰਦ ਖੰਨਾ
ਪੰਜਾਬ ਨੈੱਟਵਰਕ, ਚੰਡੀਗੜ੍ਹ:
Punjab News: ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਪੰਜਾਬ ਵਿੱਚੋਂ ਤਿੰਨ ਕੇਂਦਰੀ ਸੜਕ ਪ੍ਰੋਜੈਕਟਾਂ ਦਾ ਵਾਪਿਸ ਹੋਣਾ ਸੂਬੇ ਲਈ ਮੰਦਭਾਗਾ ਹੈ।
ਅੱਜ ਇੱਥੇ ਇੱਕ ਜਾਰੀ ਬਿਆਨ ਵਿੱਚ ਖੰਨਾ ਨੇ ਕਿਹਾ ਕਿ ਆਪ ਸਰਕਾਰ 3264 ਕਰੋੜ ਦੇ ਪ੍ਰੋਜੈਕਟ ਲਈ ਪੰਜਾਬ ਵਿਚ ਜਮੀਨ ਮੁਹਈਆ ਕਰਵਾਉਣ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ‘ਚ ਅਮਨ-ਕਾਨੂੰਨ ਦੀ ਸਥਿਤੀ ਇਸ ਹੱਦ ਤੱਕ ਬਦਹਾਲ ਹੋ ਚੁੱਕੀ ਹੈ, ਜਿਸਦੇ ਚਲਦੇ ਠੇਕੇਦਾਰਾਂ ਵਲੋਂ ਕੰਮ ਕਰਨ ਤੋਂ ਇਨਕਾਰ ਕਰਨ ਕਾਰਨ ਵੀ ਪੰਜਾਬ ਵਿਚ ਹਾਈਵੇ ਪ੍ਰਾਜੈਕਟਾਂ ‘ਤੇ ਰੋਕ ਲੱਗਣਾ ਸਰਕਾਰ ਦੀ ਨਾਕਾਮੀ ਹੈ।
ਇਸ ਤੋਂ ਪਤਾ ਚੱਲਦਾ ਹੈ ਕਿ ਇਹ ਸਰਕਾਰ ਸੂਬੇ ਦੇ ਵਿਕਾਸ ਅਤੇ ਮੁਢਲੇ ਢਾਂਚੇ ਲਈ ਕਿੰਨੀ ਕੁ ਗੰਭੀਰ ਹੈ। ਉਨ੍ਹਾਂ ਕਿਹਾ ਕਿ ਮਹਿਜ਼ ਬਿਆਨਬਾਜ਼ੀ ਜਾਂ ਇਸ਼ਤਿਹਾਰਬਾਜ਼ੀ ਕਰਕੇ ਪੰਜਾਬ ਰੰਗਲਾ ਨਹੀਂ ਬਣ ਸਕਦਾ ਬਲਕਿ ਇਸ ਲਈ ਵਿਆਪਕ ਯੋਜਨਾ ਉਲੀਕਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਜੇਕਰ ਇਹ ਸੜਕ ਪ੍ਰੋਜੈਕਟ ਨੇਪਰੇ ਚੜ੍ਹ ਜਾਂਦੇ ਤਾਂ ਸੂਬੇ ਨੂੰ ਵੱਡਾ ਆਰਥਿਕ ਅਤੇ ਵਪਾਰਿਕ ਲਾਭ ਮਿਲਣਾ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਐਸ.ਸੀ. ਬੱਚਿਆਂ ਦਾ ਢਾਈ ਸੌ ਕਰੋੜ ਰੁਪਏ ਦਾ ਵਜ਼ੀਫ਼ਾ ਜਾਰੀ ਕਰਨ ਤੋਂ ਵੀ ਪਾਸਾ ਵੱਟੀ ਬੈਠੀ ਹੈ।ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਸ ਦੀ ਨੀਅਤ ਵਿੱਚ ਖੋਟ ਹੈ।
ਖੰਨਾ ਨੇ ਕਿਹਾ ਕਿ ਮਾਨ ਸਰਕਾਰ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਇੰਨ੍ਹਾਂ ਕੋਲ ਨਾ ਤਾਂ ਸਰਕਾਰ ਚਲਾਉਣ ਦਾ ਕੋਈ ਤਜ਼ਰਬਾ ਹੈ ਅਤੇ ਨਾ ਹੀ ਇੰਨ੍ਹਾਂ ਦੇ ਮਨ ਵਿੱਚ ਸੂਬੇ ਦੇ ਵਿਕਾਸ ਪ੍ਰਤੀ ਕੋਈ ਗੰਭੀਰਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਸ ਸਰਕਾਰ ਤੋਂ ਨਿਕੰਮੀ ਸਰਕਾਰ ਕੋਈ ਹੋਰ ਹੋ ਹੀ ਨਹੀਂ ਸਕਦੀ।