Rain Alert: ਪੰਜਾਬ ਸਮੇਤ ਉੱਤਰ ਭਾਰਤ ਵਿਚ ਬਾਰਿਸ਼ ਜਾਰੀ
ਪੰਜਾਬ ਨੈੱਟਵਰਕ, ਚੰਡੀਗੜ੍ਹ
Rain Alert: ਦੇਸ਼ ਭਰ ਵਿੱਚ ਮਾਨਸੂਨ ਦੀ ਬਾਰਿਸ਼ ਜਾਰੀ ਹੈ। ਪੰਜਾਬ ਸਮੇਤ ਉੱਤਰ ਭਾਰਤ ਵਿਚ ਬਾਰਿਸ਼ ਜਾਰੀ ਹੈ। ਹਾਲਾਂਕਿ ਜੁਲਾਈ ਦੇ ਜ਼ਿਆਦਾਤਰ ਦਿਨਾਂ ‘ਚ ਪੰਜਾਬ ‘ਚ ਸ਼ਾਇਦ ਹੀ ਕੋਈ ਚੰਗੀ ਬਾਰਿਸ਼ ਹੋਈ ਹੋਵੇ। ਜੁਲਾਈ ਦੇ ਪਹਿਲੇ ਹਫ਼ਤੇ ਨੂੰ ਛੱਡ ਕੇ ਸਾਰਾ ਮਹੀਨਾ ਸੁੱਕਾ ਹੀ ਨਿਕਲਿਆ।
ਜੁਲਾਈ ‘ਚ ਮੀਂਹ ਨਾ ਪੈਣ ਕਾਰਨ ਲੋਕ ਸਟਿੱਕੀ ਗਰਮੀ ਯਾਨੀ ਨਮੀ ਨਾਲ ਜੂਝ ਰਹੇ ਸਨ। ਬੀਤੇ ਕੱਲ੍ਹ ਪੰਜਾਬ ਦੇ ਕਈ ਇਲਾਕਿਆਂ ‘ਚ ਮੀਂਹ ਪਿਆ ਪਰ ਨਮੀ ਅਜੇ ਵੀ ਬਰਕਰਾਰ ਹੈ। ਮੌਸਮ ਵਿਭਾਗ ਅਨੁਸਾਰ, ਪੰਜਾਬ ‘ਚ ਅਗਲੇ 3 ਦਿਨਾਂ ਤੱਕ ਭਾਰੀ ਮੀਂਹ ਪਵੇਗਾ।
ਦੂਜੇ ਪਾਸੇ ਜੇਕਰ ਦਿੱਲੀ ਦੇ ਗੁਆਂਢੀ ਰਾਜਾਂ ਦੀ ਗੱਲ ਕਰੀਏ ਤਾਂ ਉੱਤਰ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ।
ਲਖੀਮਪੁਰ ਖੇੜੀ ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ। ਇੱਥੇ 350 ਤੋਂ ਵੱਧ ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ। ਲਲਿਤਪੁਰ ‘ਚ ਮੀਂਹ ਕਾਰਨ ਗੋਵਿੰਦ ਸਾਗਰ ਡੈਮ ਦੇ 4 ਗੇਟ ਖੋਲ੍ਹਣੇ ਪਏ। ਫਾਟਕ ਖੁੱਲ੍ਹਣ ਕਾਰਨ ਆਸਪਾਸ ਦੇ ਇਲਾਕੇ ਪਾਣੀ ਵਿੱਚ ਡੁੱਬ ਗਏ।
ਉੱਤਰਾਖੰਡ ਅਤੇ ਯੂਪੀ ਵਿੱਚ ਮੀਂਹ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਉੱਤਰਾਖੰਡ ਦੇ ਟਿਹਰੀ ‘ਚ ਜ਼ਮੀਨ ਖਿਸਕਣ ਕਾਰਨ ਮਾਂ-ਧੀ ਦੀ ਮੌਤ ਹੋ ਗਈ।
ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦੀ ਸ਼ੁਰੂਆਤ ਤੋਂ ਹੁਣ ਤੱਕ 56 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਾਨਸੂਨ ਕਾਰਨ ਸੂਬੇ ਨੂੰ ਹੁਣ ਤੱਕ 410 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਇਸ ਦੌਰਾਨ ਮੌਸਮ ਵਿਭਾਗ ਨੇ ਅੱਜ ਕਈ ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਕੇਰਲ, ਗੋਆ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਤਾਮਿਲਨਾਡੂ, ਉੜੀਸਾ, ਬੰਗਾਲ ਅਤੇ ਉੱਤਰ ਪੂਰਬ ਦੇ ਸਾਰੇ ਰਾਜਾਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।