Friday, March 1, 2024
No menu items!
HomeChandigarhਪੰਜਾਬ ਦੇ ਸਰਕਾਰੀ ਸਕੂਲਾਂ 'ਚ ਨਹੀਂ ਹੈ ਮਿਡ-ਡੇ-ਮੀਲ ਦੇ ਪ੍ਰਬੰਧ ਲਈ ਕੇਟਰਰ,...

ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਨਹੀਂ ਹੈ ਮਿਡ-ਡੇ-ਮੀਲ ਦੇ ਪ੍ਰਬੰਧ ਲਈ ਕੇਟਰਰ, ਅਸਾਮੀ ਦੇਵੇ ਸਰਕਾਰ- DTF ਦੀ ਮੰਗ

 

  • ਮਿਡ ਡੇ ਮੀਲ ਰਾਸ਼ੀ‌ ‘ਚ ਢੁਕਵਾਂ ਵਾਧਾ ਕਰਨ ਅਤੇ ਮੀਨੂ ਵਿੱਚ ਸੋਧ ਕਰਨ ਦੀ ਵੀ ਮੰਗ-ਡੀ.ਟੀ.ਐੱਫ

ਪੰਜਾਬ ਨੈੱਟਵਰਕ, ਸੰਗਰੂਰ

ਪਿਛਲੇ ਦਿਨੀਂ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਨਵਾਂ ਫੁਰਮਾਨ ਜਾਰੀ ਕਰਕੇ ਸਕੂਲਾਂ ਵਿੱਚ ਚੱਲ ਰਹੇ ਮਿਡ ਡੇਅ ਮੀਲ ਪ੍ਰੋਗਰਾਮ ਅਧੀਨ ਬੁੱਧਵਾਰ ਦੇ ਦਿਨ ਰੋਟੀ ਦੀ ਥਾਂ ਬੱਚਿਆਂ ਨੂੰ ਪੂੜੀਆਂ ਦੇਣ ਲਈ ਕਿਹਾ ਗਿਆ।

ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਸੰਗਰੂਰ ਇਕਾਈ ਦੇ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਸਕੱਤਰ ਹਰਭਗਵਾਨ ਗੁਰਨੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸੇ ਤਰ੍ਹਾਂ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਬੱਚਿਆਂ ਨੂੰ ਸੋਮਵਾਰ ਨੂੰ ਫਲ ਦੇ ਤੌਰ ‘ਤੇ ਕੇਲਾ ਦੇਣ ਲਈ ਕਿਹਾ ਹੈ।

ਆਗੂਆਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਵਧੇਰੇ ਭੋਜਨ ਵਸਤਾਂ ਦੇਣ ਦਾ ਉਹਨਾਂ ਦੀ ਜਥੇਬੰਦੀ ਸਵਾਗਤ ਕਰਦੀ ਹੈ ਪਰ ਨਾਲ ਹੀ ਜਥੇਬੰਦੀ ਪ੍ਰੈਸ ਰਾਹੀਂ ਇਸ ਸਬੰਧ ਵਿੱਚ ਸੁਝਾਅ ਅਤੇ ਮੰਗਾਂ ਦੇ ਰੂਪ ਵਿੱਚ ਤਿੰਨ ਗੱਲਾਂ ਸਰਕਾਰ ਦੇ ਸਨਮੁੱਖ ਰੱਖਣਾ ਚਾਹੁੰਦੀ ਹੈ।

ਉਹਨਾਂ ਕਿਹਾ ਕਿ ਪਹਿਲੀ ਗੱਲ ਹੈ ਕਿ ਸਰਕਾਰ ਹਰੇਕ ਸਰਕਾਰੀ ਸਕੂਲ ਵਿੱਚ ਕੇਟਰਰ ਦੀ ਅਸਾਮੀ ਦੇਵੇ ਜੋ ਮਿਡ ਡੇਅ ਮੀਲ ਦਾ ਸਮੁੱਚਾ ਪ੍ਰਬੰਧ ਕਰੇ ਅਤੇ ਅਧਿਆਪਕ ਇਸ ਕੰਮ ਤੋਂ ਸੁਰਖ਼ਰੂ ਹੋ ਕੇ ਆਪਣੇ ਅਸਲੀ ਕੰਮ ਬੱਚਿਆਂ ਦੀ ਪੜ੍ਹਾਈ ‘ਤੇ ਕੇਂਦਰਤ ਹੋ ਸਕਣ। ਅਧਿਆਪਕਾਂ ਦਾ ਬਹੁਤਾ ਸਮਾਂ ਮਿਡ ਡੇਅ ਮੀਲ ਦੇ ਪ੍ਰਬੰਧ ਅਤੇ ਹਿਸਾਬ-ਕਿਤਾਬ ਵਿੱਚ ਲੰਘ ਜਾਂਦਾ ਹੈ। ਦੂਜੇ ਨੰਬਰ ‘ਤੇ ਹਰ ਮੌਸਮ ਵਿੱਚ ਕੇਲਿਆਂ ਦੀ ਥਾਂ ‘ਤੇ ਮੌਸਮੀ ਫ਼ਲ ਦੇਣ ਦਾ ਪ੍ਰਾਵਧਾਨ ਹੋਣਾ ਚਾਹੀਦਾ ਹੈ।

ਇਸੇ ਤਰ੍ਹਾਂ ਪੂਰੀਆਂ ਵੀ ਸਿਹਤ ਮਾਹਿਰਾਂ ਅਨੁਸਾਰ ਕੋਈ ਸਿਹਤਮੰਦ ਭੋਜਨ ਨਹੀਂ ਹੈ,ਸਰਦੀਆਂ ਵਿੱਚ ਪੂੜੀਆਂ ਖਾਣ ਤੋਂ ਬਾਅਦ ਵਿਦਿਆਰਥੀ ਠੰਢਾ ਪਾਣੀ ਪੀ ਲੈਣ ਤਾਂ ਖੰਘ ਜ਼ੁਕਾਮ ਤੋਂ ਪੀੜਤ ਹੋਣਗੇ।

ਇਸ ਲਈ ਪੂੜੀਆਂ ਦੀ ਥਾਂ ‘ਤੇ ਮੌਸਮੀ ਸਬਜੀ ਅਤੇ ਦੁੱਧ/ਦਹੀਂ ਆਦਿ ਜੋੜਿਆ ਜਾਵੇ। ਤੀਜੇ ਨੰਬਰ ‘ਤੇ ਕੇਲਿਆਂ ਲਈ ਤਾਂ 5 ਰੁਪਏ ਪ੍ਰਤੀ ਬੱਚਾ ਰਾਸ਼ੀ ਦਾ ਵਾਧਾ ਸਰਕਾਰ ਵੱਲੋਂ ਕੀਤਾ ਗਿਆ ਹੈ ਪ੍ਰੰਤੂ ਪੂਰੀ ਛੋਲਿਆਂ ਲਈ ਕੋਈ ਵਾਧਾ ਨਹੀਂ ਕੀਤਾ ਗਿਆ, ਅਧਿਆਪਕ ਆਗੂਆਂ ਨੇ ਸਰਕਾਰੀ ਹੁਕਮਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੂੜੀਆਂ ਤਲਣ ਲਈ ਆਮ ਨਾਲੋਂ ਤਿੰਨ ਗੁਣਾ ਵੱਧ ਤੇਲ ਦੀ ਖ਼ਪਤ ਦਾ ਖਰਚਾ ਕੀ ਅਧਿਆਪਕ ਆਪਣੀਆਂ ਜੇਬਾਂ ਵਿਚੋਂ ਕਰਨਗੇ।

ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਵੱਲੋਂ ਮਿਡ ਡੇਅ ਮੀਲ ਦੇ ਤਹਿਤ ਪ੍ਰਤੀ ਬੱਚਾ ਸਰਕਾਰ ਵੱਲੋਂ ਦਿੱਤੀ ਜਾਂਦੀ ਰਾਸ਼ੀ- ਪ੍ਰਾਇਮਰੀ ਪੱਧਰ ‘ਤੇ 5.45 ਰੁਪਏ ਅਤੇ ਮਿਡਲ ਪੱਧਰ ‘ਤੇ 8.17 ਰੁਪਏ ਨੂੰ ਵਧਾ ਕੇ ਦੋਨਾਂ ਵਰਗਾਂ ਲਈ 10 ਰੁਪਏ ਪ੍ਰਤੀ ਵਿਦਿਆਰਥੀ ਕੀਤਾ ਜਾਵੇ।

ਇਸ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ,ਪ੍ਰੈੱਸ ਸਕੱਤਰ ਜਸਬੀਰ ਨਮੋਲ ਨੇ ਕਿਹਾ ਕਿ ਲੱਗਭਗ ਦੋ ਸਾਲ ਬੀਤਣ ਤੋਂ ਬਾਅਦ ਵੀ ਆਪ ਸਰਕਾਰ ਵੱਲੋਂ ਕੁੱਕ-ਕਮ-ਹੈਲਪਰਾਂ ਦੇ ਮਿਹਨਤਾਨੇਂ ਵਿੱਚ ਖੋਟੇ ਪੈਸੇ ਦਾ ਵਾਧਾ ਵੀ ਨਹੀਂ ਕੀਤਾ ਗਿਆ। ਇਸ ਸਮੇਂ ਜ਼ਿਲ੍ਹਾ ਵਿੱਤ ਸਕੱਤਰ ਯਾਦਵਿੰਦਰ ਪਾਲ ਧੂਰੀ, ਜਥੇਬੰਦਕ ਸਕੱਤਰ ਪਵਨ ਕੁਮਾਰ ਆਦਿ ਆਗੂ ਵੀ ਮੌਜੂਦ ਸਨ।

 

RELATED ARTICLES
- Advertisment -

Most Popular

Recent Comments