ਪਵਣੁ ਗੁਰੂ ਪਾਣੀ ਪਿਤਾ /-ਚੰਨੀ ਚਹਿਲ 

132

 

ਅਸੀਂ ਮੂਰਖਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੇ ਹਾਂ। ਅਸੀਂ ਅਦਿੱਖ ਪ੍ਰਮਾਤਮਾ ਨੂੰ ਤਾਂ ਪੂਜਦੇ ਹਾਂ ਕਿ ਪਰਮਾਤਮਾ ਸਾਨੂੰ ਬਹੁਤ ਕੁਝ ਦੇਵਗਾ ਪਰ ਅਸੀਂ ਕੁਦਰਤ ਨੂੰ ਤਬਾਹ ਕਰ ਰਹੇ ਹਾਂ ਜਿਹੜੀ ਸਾਨੂੰ ਜਿੰਦਗੀ ਦੇ ਰਹੀ ਹੈ। ਅਸੀਂ ਇਹ ਧਰਤੀ ਇੰਨੀ ਦੂਸ਼ਿਤ ਕਰ ਦਿਤੀ ਕਿ ਇਹ ਨਾ ਅਸੀਂ ਆਪਣੇ ਰਹਿਣ ਦੇ ਕਾਬਲ ਛੱਡੀਂ ਹੈ ਨਾ ਪਸ਼ੂ ਪੰਛੀਆਂ ਦੇ ਰਹਿਣ ਲਾਇਕ। ਇੱਕ ਦਿਨ ਆਪਣੀ ਲਗਾਈ ਅੱਗ ਵਿਚ ਅਸੀਂ ਆਪ ਖੁਦ ਵੀ ਮੱਚਣਾ ਹੈ ਤੇ ਸਾਡੇ ਬੱਚੇ ਵੀ ਮੱਚ ਜਾਣਗੇ। ਅੱਗ ਧੁਖਣੀ ਸ਼ੁਰੂ ਹੋ ਚੁਕੀ ਹੈ ਇਸਨੂੰ ਲਾਟਾਂ ਬਣਦੇ ਦੇਰ ਨੀ ਲੱਗਣੀ। ਅੰਨਦਾਤਾ ਅਖਵਾਉਣ ਵਾਲੇ ਪਿਛਲੇ ਇੱਕ ਮਹੀਨੇ ਤੋਂ ਅੱਗਦਾਤਾ ਬਣੇ ਹੋਏ ਨੇ। ਇਹਨਾਂ ਦੀ ਕਣਕ ਦੇ ਨਾੜ ਨੂੰ ਲਗਾਈ ਅੱਗ ਨਾ ਅਸੀਂ ਤਕਰੀਬਨ 70% ਰੁੱਖ ਸਾੜ ਕੇ ਸਵਾਹ ਕਰ ਦਿਤੇ। ਖੇਤਾਂ ਵਿੱਚ ਲੱਗੇ ਰੱਖ ਤਾਂ ਸੜੇ ਹੀ ਸੜੇ ਨੇ ਪਰ ਨਾਲ ਹੀ ਸੜਕਾਂ ਦੇ ਕਿਨਾਰੇ ਲਗਾਏ ਰੁੱਖ ਵੀ ਨਹੀਂ ਬਚੇ। ਅਨੇਕਾਂ ਪੰਛੀ, ਪੰਛੀਆਂ ਦੇ ਆਲਣੇ ਬੱਚੇ ਤੇ ਅੰਡੇ ਵੀ ਸਾੜ ਦਿਤੇ।

ਇਸ ਅੱਗ ਖ਼ਤਰਨਾਖ ਖੇਡ ਨੇ ਪਿਛਲੇ ਦਿਨੀ ਪਰਵਾਸੀ ਮਜ਼ਦੂਰਾਂ ਦੀਆਂ ਝੁਗੀਆਂ ਆਪਣੀ ਲਪੇਟ ਵੀ ਲੈ ਲਈਆਂ ਜਿਸ ਨਾਲ ਗਰੀਬ ਮਜ਼ਦੂਰਾਂ ਦਾ ਮਿਹਨਤ ਦੀ ਕਮਾਈ ਦਾ ਬਹੁਤਾ ਹਿੱਸਾ ਸਮਾਨ ਦੇ ਰੂਪ ਚ ਜਿਥੇ ਸੜ੍ਹ ਗਿਆ ਓਥੇ ਹੀ ਇੱਕ ਨੰਨੀ ਕਲੀ ਰੁਪਾਲੀ ਇਸ ਅੱਗ ਵਿਚ ਸੜ ਕੇ ਮਰ ਗਈ । ਅਸੀਂ ਆਪਣੇ ਬੱਚੇ ਦੇ ਖਰੋਚ ਆਈ ਨਹੀਂ ਜਰ ਸਕਦੇ ਪਰ ਉਹ ਮਾਸੂਮ ਜਿੰਦਾ ਸੜ੍ਹ ਗਈ । ਕਿੰਨਾ ਤਕਲੀਫ ਦੇਹ ਹੋਵੇਗਾ ਓਹ੍ਹ ਮੰਜਰ ਜਦੋਂ ਉਸਨੂੰ ਦੇ ਘਰ ਅੱਗ ਪਹੁੰਚੀ ਹੋਵੇਗੀ । ਮਾਸੂਮ ਡਰਦੀ ਇਧਰ ਉਧਰ ਲੁਕੀ ਹੋਵੇਗੀ ਆਪਣੀ ਮਾਂ ਨੂੰ ਅਵਾਜ਼ਾਂ ਮਾਰੀਆਂ ਹੋਣਗੀਆਂ । ਰੱਬ ਨੂੰ ਯਾਦ ਕੀਤਾ ਹੋਵੇਗਾ । ਫੇਰ ਮੱਦਤ ਦੀ ਗੁਹਾਰ ਲਗਾਈ ਹੋਵੇਗੀ । ਚੀਕਾਂ ਮਾਰੀਆਂ ਹੋਣਗੀਆਂ ਪਰ ਅੱਗ ਲਗਾਉਣ  ਵਾਲਾ ਤਾਂ ਬੇਫਿਕਰ ਹੋ ਘਰ ਨੂੰ ਚਲਾ ਗਿਆ ਹੋਵੇਗਾ । ਕਿਉਂਕਿ ਉਸਦੇ ਅੱਪਣੇ ਬੱਚੇ ਤਾਂ ਅੱਗ ਚ ਨਹੀ ਮੱਚ ਰਹੇ ਸੀ ।
ਰੂਪਾਲੀ ਲਈ ਨਾ ਕੋਈ ਸਮਾਜ ਸੇਵੀ ਸੰਸਥਾ ਅੱਗੇ ਆਈ ਤੇ ਕੋਈ ਹੋਰ ਬੋਲਿਆ ਹੋਰ ਤਾਂ ਹੋਰ ਉਹ ਕਿਸਾਨ ਯੂਨੀਅਨਾਂ ਵੀ ਬਿਲਕੁੱਲ ਚੁੱਪ ਨੇ ਜਿਹੜੀਆਂ ਲੜ ਕੇ ਆਤਮਹੱਤਿਆ ਕਰਨ ਵਾਲੇ ਲਈ ਵੀ ਮੁਆਵਜੇ ਦੀ ਮੰਗ ਲਈ ਧਰਨੇ ਲਗਾ ਲੈਂਦੀਆਂ ਨੇ।

ਅਗਰ ਰੁਪਾਲੀ ਕਿਸੇ ਅਮੀਰ ਬਾਪ ਦੀ ਧੀ ਹੁੰਦੀ ਹੁਣ ਤੱਕ ਕਾਤਲ ਜੇਲ ‘ਚ ਹੁੰਦਾ ਸੜਕਾਂ ਤੇ ਜਾਮ ਲੱਗੇ ਹੁੰਦੇ ਮੋਮਬਤੀਆਂ ਜਲਾ ਇਨਸਾਫ ਮੰਗੇ ਜਾਂਦੇ। ਪਰ ਗਰੀਬ ਪਰਵਾਸੀ ਮਜਦੂਰ ਦੀ ਔਕਾਤ ਹੀ ਕਿ ਹੈ। ਮੈਂ ਵੀ ਇੱਕ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੀ ਹਾਂ। ਪਰ ਮੈਂ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਦੀ ਹਾਂ। ਕਣਕ ਦੇ ਨਾੜ ਨੂੰ ਅੱਗ ਲਗਾਉਣਾ ਬਿਲਕੁਲ ਗਲਤ ਹੈ ਜਦਕਿ ਅਨੇਕਾਂ ਆਧੁਨਿਕ ਸਾਧਨ ਹਨ ਜਿਸ ਨਾਲ ਸਿੱਧੀ ਬਿਜਾਈ ਹੋ ਸਕਦੀਂ ਹੈ। ਪਰ ਅਸੀਂ ਅੱਪਣਾ ਗੁਨਾਹ ਕਦੇ ਮੰਨਣਾ ਹੀ ਨਹੀ ਜੋ ਮਰਜੀ ਕਰੀਂ ਜਾਈਏ। ਅਸੀਂ ਅੰਤ ਸਰਕਾਰਾਂ ਨੂੰ ਦੋਸ਼ ਦੇ ਕੇ ਹਰ ਗੱਲ ਚ ਪੱਲਾ ਝਾੜਨ ਦੇ ਆਦੀ ਜੋ ਹੋ ਚੁਕੇ ਹਾਂ। ਅਸੀ ਅਕਸਰ ਲੰਬੇ ਚੌੜੇ ਭਾਸ਼ਣ ਦਿੰਦੇ ਹਾਂ ਕਿ ਜੀ ਪੰਜਾਬ ਦੀ ਧਰਤੀ ਰਹਿਣ ਦੇ ਕਾਬਿਲ ਨਹੀ ਰਹੀ ਇਸੇ ਲਈ ਨੌਜੁਆਨ ਬਾਹਰ ਜਾ ਰਹੇ ਨੇ। ਪਰ ਇਹ ਧਰਤੀ ਦੀ ਹਰੀ ਭਰੀ ਗੋਦ ਉਜਾੜਨ ਵਾਲਾ ਕੌਣ ਹੈ।

ਕਿਸੇ ਹੋਰ ਗ੍ਰਹਿ ਦੇ ਲੋਕ ਤਾਂ ਨੀ ਆ ਕੇ ਤਬਾਹ ਕਰ ਗਏ ਬਲਕਿ ਅਸੀਂ ਹੀ ਉਜਾੜੀ ਹੈ। ਨਾ ਅਸੀਂ ਕੋਈ ਰੁੱਖ ਛੱਡਿਆ ਲਾਲਚ ਵਿੱਚ ਖੇਤਾਂ ਬੰਨੇ ਖੜੇ ਰੁੱਖ ਵੀ ਵੱਢ ਦਿਤੇ ਨਾ ਕਦੇ ਪਾਣੀ ਨੂੰ ਜਰੂਰੀ ਸਮਝਿਆ। ਸਾਰਾ ਸਾਰਾ ਦਿਨ ਲੱਖਾਂ ਲੀਟਰ ਪਾਣੀ ਅਸੀਂ ਫ਼ਰਸ਼ ਗੱਡੀਆਂ ਧੋਣ ਤੇ ਬਰਬਾਦ ਕਰਦੇ ਹਾਂ। ਅਸੀਂ ਪਾਣੀ ਇਸ ਕਦਰ ਬਰਬਾਦ ਕਰ ਦਿਤਾ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਪਾਣੀ ਪੀਣ ਲਈ ਵੀ ਤਰਸ ਜਾਣਗੀਆਂ। ਉਂਝ ਅਸੀਂ ਸੁਬਾ ਉਠ ਕੇ ਗੁਰਦੁਆਰੇ ਜਾਂਦੇ ਹਾਂ। ਬਾਬੇ ਨਾਨਕ ਦੀ ਬਾਣੀ ਪੜ੍ਹਦੇ ਹਾਂ ਪਰ ਉਸਤੇ ਅਮਲ ਨਹੀਂ ਕਰਦੇ। ਅਗਰ ਅਸੀਂ ਗੁਰੂ ਨਾਨਕ ਦੇ ਸੱਚੇ ਪੈਰੋਕਾਰ ਹੁੰਦੇ ਤਾਂ ਉਹਨਾਂ ਦੀ ਦਿੱਤੀ ਸਿਖਿਆ ਨੂੰ ਵੀ ਕਦੇ ਮਨੋਂ ਨਾ ਵਿਸਾਰਦੇ ਪਰ ਅਸੀਂ ਸਿਰਫ ਧਰਮੀਂ ਹੋਣ ਦਾ ਦਿਖਾਵਾ ਕਰਦੇ ਹਾਂ । ਗੁਰੂ ਨਾਨਕ ਦੇਵ ਜੀ ਨੇ ਤਾਂ ਪੰਜ ਸੌ ਸਾਲ ਪਹਿਲਾਂ ਸਾਨੂੰ ਅਗਾਹ ਕਰ ਦਿਤਾ ਸੀ ਕਿ ਧਰਤੀ ਤੁਹਾਡੀ ਮਾਂ ਪਾਣੀ ਪਿਓ ਤੇ ਹਵਾ ਗੁਰੂ ਹੈ ਪਰ ਅਸੀਂ ਨਾ ਪਿਓ ਬਖਸ਼ਿਆ ਨਾ ਮਾਂ ਤੇ ਗੁਰੂ ਤਾਂ ਲਗਦਾ ਹੀ ਕੀ ਹੈ ਸਾਡਾ।

ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਅਉਣਾ ਚਾਹੀਦਾ ਹੈ, ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਹੈ ਕਿ ਵੋਟ ਬੈਕ ਦੀ ਪਰਵਾਹ ਕੀਤੇ ਬਿਨਾਂ ਇੱਕ ਸਖਤ ਕਾਨੂੰਨ ਪਾਸ ਕੀਤਾ ਜਾਵੇ। ਅੱਗ ਲਾਉਣ ਵਾਲੇ ਲਈ ਸਖਤ ਸਜਾ ਤੇ ਜੁਰਮਾਨੇ ਦੀ ਵਿਵਸਥਾ ਕੀਤੀ ਜਾਵੇ। ਹੁਣ ਵੀ ਇਸ ਲੜਕੀ ਰੁਪਾਲੀ ਦੀ ਮੌਤ ਦਾ ਜਿੰਮੇਵਾਰ ਸੰਬੰਧਿਤ ਕਿਸਾਨ ਨੂੰ ਮੰਨਦੇ ਹੋਏ ਸਖਤ ਸਜ਼ਾ ਦੇ ਕੇ ਬੱਚੀ ਨੂੰ ਇਨਸਾਫ ਦਿਤਾ ਜਾਵੇ। ਪਰ ਇਸ ਸਭ ਨੂੰ ਲਾਗੂ ਕਰਨ ਚ ਪਹਿਲਾਂ ਹੀ ਬਹੁਤ ਦੇਰ ਹੋ ਚੁਕੀ ਹੈ ਹੋਰ ਦੇਰੀ ਵਾਜਿਬ ਨਹੀ ਹੈ। ਅਗਰ 40% ਬਚਿਆ ਹੋਇਆ ਵਾਤਾਵਰਨ ਅਸੀਂ ਬਚਾ ਲਈਏ ਤੇ ਹੋਰ ਯਤਨ ਕਰੀਏ ਤਾਂ ਬਹੁਤ ਕੁਝ ਬਚ ਸਕਦਾ ਹੈ। ਲੰਗਰ ਛਬੀਲਾਂ ਲਗਾਉਣ ਨਾਲ ਨਾ ਪੁੰਨ ਹੋਵੇ ਨਾ ਗਰਮੀ ਘਟੇ ਸੋ ਲੰਗਰ ਲਗਾਓਣ ਦੀ ਨਹੀਂ ਸਗੋਂ ਵਾਤਾਵਰਨ ਬਚਾਉਣ ਦੀ ਰੁੱਖ ਲਗਾਉਣ  ਦੀ ਤੇ ਪੰਛੀਆਂ ਨਾਲ ਸਾਂਝ ਪਾਉਣ ਦੀ ਜਰੂਰਤ ਹੈ। ਇਹ ਧਰਤੀ ਮਨੁੱਖ ਲਈ ਕੱਲੇ ਲਈ ਨਹੀ ਨਹੀ ਬਣੀ ਸਗੋਂ ਪਸ਼ੂ ਪੰਛੀਆਂ ਲਈ ਵੀ ਹੈ। ਮਨੁੱਖ ਇੱਕਲਾ ਜੀ ਵੀ ਨਹੀ ਸਕੇਗਾ ਇਥੇ। ਆਓ ਸਾਰੇ ਬਾਬੇ ਨਾਨਕ ਦੇ ਬੋਲ ਪੁਗਾਈਏ, ਵਾਤਾਵਰਨ ਬਚਾਏ। ਰੁਪਾਲੀ ਦੇ ਕਾਤਲਾਂ ਨੂੰ ਸਜ਼ਾ ਦਵਾ ਕੇ ਚੰਗੇ ਮਨੁੱਖ ਅਖਵਾਈਏ।

ਚੰਨੀ ਚਹਿਲ 
9417361546