Delhi Breaking: 25 ਅਕਤੂਬਰ ਤੋਂ ਨਹੀਂ ਮਿਲੇਗਾ ਪੈਟਰੋਲ-ਡੀਜ਼ਲ, PUC ਸਰਟੀਫਿਕੇਟ ਕੀਤਾ ਲਾਜ਼ਮੀ

471

 

ਨਵੀਂ ਦਿੱਲੀ:

ਦਿੱਲੀ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਫੈਸਲਾ ਕੀਤਾ ਹੈ ਕਿ 25 ਅਕਤੂਬਰ ਤੋਂ ਰਾਸ਼ਟਰੀ ਰਾਜਧਾਨੀ ਦੇ ਪੈਟਰੋਲ ਪੰਪਾਂ ‘ਤੇ ਪੀਯੂਸੀ (ਪ੍ਰਦੂਸ਼ਣ ਕੰਟਰੋਲ ਜਾਂਚ) ਸਰਟੀਫਿਕੇਟ ਤੋਂ ਬਿਨਾਂ ਪੈਟਰੋਲ ਅਤੇ ਡੀਜ਼ਲ ਉਪਲਬਧ ਨਹੀਂ ਕਰਵਾਇਆ ਜਾਵੇਗਾ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਸਬੰਧ ‘ਚ ਜਲਦ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ 29 ਸਤੰਬਰ ਨੂੰ ਵਾਤਾਵਰਣ, ਟਰਾਂਸਪੋਰਟ ਅਤੇ ਟਰੈਫਿਕ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਸੱਦੀ ਗਈ ਸੀ, ਜਿਸ ਵਿੱਚ ਇਸ ਸਕੀਮ ਨੂੰ 25 ਅਕਤੂਬਰ ਤੋਂ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ।

ਰਾਏ ਨੇ ਕਿਹਾ ਕਿ ਦਿੱਲੀ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ ਵਧਾਉਣ ਵਿੱਚ ਵਾਹਨਾਂ ਦੇ ਨਿਕਾਸ ਦਾ ਵੱਡਾ ਯੋਗਦਾਨ ਹੈ। ਇਸ ਨੂੰ ਘਟਾਉਣਾ ਜ਼ਰੂਰੀ ਹੈ, ਇਸ ਲਈ ਇਹ ਫੈਸਲਾ ਲਿਆ ਗਿਆ ਹੈ ਕਿ 25 ਅਕਤੂਬਰ ਤੋਂ ਵਾਹਨ ਦੇ ਪੀਯੂਸੀ ਸਰਟੀਫਿਕੇਟ ਤੋਂ ਬਿਨਾਂ ਪੈਟਰੋਲ ਪੰਪਾਂ ‘ਤੇ ਪੈਟਰੋਲ, ਡੀਜ਼ਲ ਉਪਲਬਧ ਨਹੀਂ ਕਰਵਾਇਆ ਜਾਵੇਗਾ।

ਰਾਏ ਨੇ ਇਹ ਵੀ ਕਿਹਾ ਕਿ ਦਿੱਲੀ ਸਰਕਾਰ ਪ੍ਰਦੂਸ਼ਣ ਨਾਲ ਨਜਿੱਠਣ ਅਤੇ ਸੋਧੇ ਹੋਏ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (GRAP) ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ 3 ਅਕਤੂਬਰ ਤੋਂ 24 ਘੰਟੇ ਚੱਲਣ ਵਾਲਾ ਕੰਟਰੋਲ ਰੂਮ ਸ਼ੁਰੂ ਕਰੇਗੀ।

ਮੰਤਰੀ ਨੇ ਕਿਹਾ ਕਿ 6 ਅਕਤੂਬਰ ਤੋਂ ਦਿੱਲੀ ਵਿੱਚ ਵੀ ਧੂੜ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ, ਜਿਸ ਤਹਿਤ ਧੂੜ ਕਾਰਨ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਉਸਾਰੀ ਵਾਲੀਆਂ ਥਾਵਾਂ ਦਾ ਅਚਨਚੇਤ ਨਿਰੀਖਣ ਕੀਤਾ ਜਾਵੇਗਾ। PK