ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਭਰ ਦੇ ਅੰਦਰ ਅੱਜ 12ਵੀਂ ਜਮਾਤ ਦਾ ਅੰਗਰੇਜ਼ੀ ਦਾ ਪੇਪਰ ਹੋ ਰਿਹਾ ਹੈ। ਇਸੇ ਵਿਚਕਾਰ ਹੀ ਪੰਜਾਬ ਸਰਕਾਰ ਦੇ ਵਿਧਾਇਕ ਦੇ ਨਾਲ ਜੁੜੀ ਹੋਈ ਵੱਡੀ ਖ਼ਬਰ ਸਾਹਮਣੇ ਆਈ ਹੈ।
ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੈਰੀ ਕਲਸੀ ਤੇ ਸ਼੍ਰੀ ਮਾਤਾ ਗੰਗਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਵਿਖੇ ਬਣੇ ਸੈਂਟਰ ਚ 12ਵੀਂ ਜਮਾਤ ਦਾ ਅੰਗਰੇਜ਼ੀ ਦਾ ਪੇਪਰ ਆਪਣੀ ਜਗ੍ਹਾ ‘ਤੇ ਕੋਈ ਫ਼ਰਜ਼ੀ ਬੰਦਾ ਬਿਠਾ ਕੇ ਕਰਵਾਉਣ ਦਾ ਦੋਸ਼ ਲੱਗਿਆ ਹੈ। ਇਹ ਦੋਸ਼ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਫੇਸਬੁੱਕ ਤੇ ਲਾਈਵ ਹੋ ਕੇ ਲਗਾਏ ਹਨ।
ਦੂਜੇ ਪਾਸੇ, ਫੇਸਬੁੱਕ ਤੇ ਲਾਈਵ ਹੋ ਕੇ ਹੀ ਵਿਧਾਇਕ ਸ਼ੈਰੀ ਕਲਸੀ ਨੇ ਵੀ ਸਪੱਸ਼ਟੀਕਰਨ ਦਿੱਤਾ ਹੈ। ਸ਼ੈਲੀ ਨੇ ਕਿਹਾ ਕਿ, ਉਹਨੇ 12ਵੀਂ ਜਮਾਤ ਪਹਿਲੋਂ ਹੀ ਕੀਤੀ ਹੋਈ ਹੈ ਅਤੇ ਸਰਟੀਫਿਕੇਟ ਉਹਦੇ ਕੋਲ ਹੈ, ਉਹਦੀ ਪਤਨੀ ਹੀ ਅੱਜ ਪੇਪਰ ਦੇਣ ਗਈ ਹੈ, ਨਾ ਕਿ ਉਹ…! ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ, ਜਿਹੜੇ ਦੋਸ਼ ਸੁਖਪਾਲ ਖਹਿਰਾ ਵਲੋਂ ਲਗਾਏ ਗਏ ਹਨ, ਉਹ ਦੋਸ਼ ਝੂਠੇ ਹਨ। ਜਦੋਂਕਿ, ਸੁਖਪਾਲ ਖਹਿਰਾ ਦਾ ਦੋਸ਼ ਹੈ ਕਿ, ਇਲੈਕਸ਼ਨ ਐਫ਼ੀਡੇਵਟ ਮੁਤਾਬਿਕ ਸ਼ੈਰੀ ਕਲਸੀ ਦਸਵੀਂ ਪਾਸ ਹੈ।
ਦੱਸ ਦਈਏ ਕਿ, ਇਹ ਪੇਪਰ ਪਹਿਲਾਂ ਲੀਕ ਹੋਣ ਦੇ ਕਾਰਨ ਰੱਦ ਹੋ ਗਿਆ ਸੀ ਅਤੇ ਬੋਰਡ ਦੇ ਵਲੋਂ ਨਵੀਂ ਡੇਟਸ਼ੀਟ ਜਾਰੀ ਕਰਕੇ 24 ਮਾਰਚ 2023 ਨੂੰ ਅੰਗਰੇਜ਼ੀ ਦਾ ਪੇਪਰ ਲੈਣ ਬਾਰੇ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀ।
ਹਾਲਾਂਕਿ ਜੇਕਰ ਸੁਖਪਾਲ ਖਹਿਰਾ ਵਲੋਂ ਲਗਾਏ ਗਏ ਦੋਸ਼ਾਂ ਦੀ ਜਾਂਚ ਸਿੱਖਿਆ ਵਿਭਾਗ ਕਰੇ ਅਤੇ ਵਿਧਾਇਕ ਸ਼ੈਰੀ ਕਲਸੀ ਵਲੋਂ ਕੀਤੇ ਜਾ ਰਹੇ ਦਾਅਵੇ ਦੀ ਵੀ ਜਾਂਚ ਕੀਤੀ ਜਾਵੇ ਤਾਂ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇ।