ਸ਼ਹੀਦ ਭਗਤ ਸਿੰਘ ਦੇ ਵਿਗਿਆਨਕ ਵਿਚਾਰਾਂ ਦੀ ਮੌਜੂਦਾ ਦੌਰ ‘ਚ ਸਾਰਥਿਕਤਾ ਸਬੰਧੀ ਵਿਚਾਰ-ਚਰਚਾ

96

 

Discussion regarding relevance of Shaheed Bhagat Singh ‘s scientific ideas in the present era

ਦਲਜੀਤ ਕੌਰ, ਬਰਨਾਲਾ

Shaheed Bhagat Singh – ਇਨਕਲਾਬੀ ਕੇਂਦਰ ਪੰਜਾਬ ਜ਼ਿਲ੍ਹਾ ਬਰਨਾਲਾ ਵੱਲੋਂ ਸ਼ਹੀਦ ਭਗਤ ਸਿੰਘ (Shaheed Bhagat Singh) ਦੇ ਵਿਗਿਆਨਕ ਵਿਚਾਰਾਂ ਦੀ ਮੌਜੂਦਾ ਦੌਰ ‘ਚ ਸਾਰਥਿਕਤਾ ਸਬੰਧੀ ਵਿਚਾਰ ਚਰਚਾ ਤਰਕਸ਼ੀਲ ਭਵਨ ਬਰਨਾਲਾ ਵਿਖੇ ਕਰਵਾਈ ਗਈ।

ਇਸ ਵਿਚਾਰ ਚਰਚਾ ਵਿੱਚ ਮੁੱਖ ਬੁਲਾਰਿਆਂ ਵਜੋਂ ਇਨਕਲਾਬੀ ਕੇਂਦਰ, ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਅਤੇ ਨੌਜਵਾਨ ਆਗੂ ਹਰਪ੍ਰੀਤ ਸ਼ਾਮਿਲ ਹੋਏ। ਪ੍ਰੋਗਰਾਮ ਦੇ ਸ਼ੁਰੂ ਵਿੱਚ ਇਨਕਲਾਬੀ ਕੇਂਦਰ, ਪੰਜਾਬ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਡਾ. ਰਜਿੰਦਰ ਅਤੇ ਸੁਖਵਿੰਦਰ ਠੀਕਰੀਵਾਲਾ ਨੇ ਵਿਸ਼ੇ ਦੀ ਜਾਣ ਪਛਾਣ ਕਰਵਾਉਂਦਿਆਂ ਹਾਜ਼ਰੀਨ ਨੂੰ ਜੀ ਆਇਆਂ ਆਖਿਆ ਬਲਦੇਵ ਮੰਡੇਰ, ਨਰਿੰਦਰ ਪਾਲ ਸਿੰਗਲਾ, ਮਿਲਖਾ ਸਿੰਘ ਨੇ ਲੋਕ ਪੱਖੀ ਗੀਤ ਪੇਸ਼ ਕੀਤੇ।

ਇਸ ਮੌਕੇ ਵਿਸ਼ੇ ਸਬੰਧੀ ਗੱਲਬਾਤ ਕਰਦਿਆਂ ਨੌਜਵਾਨ ਆਗੂ ਹਰਪ੍ਰੀਤ ਨੇ ਵਿਚਾਰ ਚਰਚਾ ਦੇ ਮੁੱਖ ਸਵਾਲ ਕਿ ਸ਼ਹੀਦ ਭਗਤ ਸਿੰਘ ਇੱਕ ਖਾੜਕੂ ਕੌਮਵਾਦੀ ਤੋਂ ਅੱਗੇ ਵੱਧਕੇ ਵਿਗਿਆਨਕ ਵਿਚਾਰਧਾਰਾ ਦਾ ਧਾਰਨੀ ਕਿਵੇਂ ਬਣਿਆ? ਨੂੰ ਉਭਾਰਦੇ ਹੋਏ ਉਸਦੇ ਵਿਚਾਰਧਾਰਕ ਵਿਕਾਸ ਦੀ ਵਿਸਥਾਰ ਵਿੱਚ ਵਿਆਖਿਆ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਜੀਵਨ ਪੰਧ ਕਈ ਪੜਾਵਾਂ ਵਿੱਚੋਂ ਲੰਘਿਆ ਹੈ। ਹਰ ਪੜਾਅ ਦੀ ਆਪਣੀ ਮਹੱਤਤਾ ਅਤੇ ਸਾਰਥਿਕਤਾ ਹੈ।

ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖ ਰਿਹਾ ਸ਼ਹੀਦ ਭਗਤ ਸਿੰਘ 13 ਅਪ੍ਰੈਲ 1919 ਨੂੰ ਜਲਿਆਂ ਵਾਲਾ ਬਾਗ਼ ਦੇ ਅੰਗਰੇਜ਼ ਬਸਤੀਵਾਦੀ ਹਕੂਮਤ ਵੱਲੋਂ ਨਿਹੱਥੇ ਲੋਕਾਂ ਦੇ ਕਤਲੇਆਮ ਨੂੰ ਆਪਣੇ ਅੱਖੀਂ ਵੇਖਦਾ ਹੈ। ਗੁਰਦਵਾਰਿਆਂ ਅੰਦਰ ਮਹੰਤ ਨਰੈਣੂ ਵਰਗਿਆਂ ਵੱਲੋਂ ਕੀਤੀਆਂ ਜਾਂਦੀਆਂ ਸ਼ਰਮਨਾਕ ਕਰਤੂਤਾਂ ਅਤੇ ਸਾਕਾ ਜੈਤੋ ਵਿੱਚ ਸ਼ਾਮਲ ਹੋਣ ਜਾ ਰਹੇ ਜਥਿਆਂ ਲਈ ਲੰਗਰ ਦਾ ਪ੍ਰਬੰਧ ਕਰਨ ਅਤੇ ਵਿਰੋਧ ਵਜੋਂ ਕਾਲੀ ਪੱਗ ਬੰਨ੍ਹਣੀ ਸ਼ੁਰੂ ਕਰਦਾ ਹੈ।

ਨੈਸ਼ਨਲ ਕਾਲਜ ਲਾਹੌਰ ਪੜ੍ਹਨ ਸਮੇਂ ਨਵੀਆਂ ਹਾਲਤਾਂ ਮਿਲਣ ਉਪਰੰਤ ਅਧਿਐਨ ਨੂੰ ਜ਼ਿੰਦਗੀ ਦਾ ਹਿੱਸਾ ਬਣਾ ਲੈਂਦਾ ਹੈ। ਇੱਥੇ ਹੀ ਇਨਕਲਾਬੀਆਂ ਨਾਲ ਵਾਹ ਪੈਂਦਾ ਹੈ। ਦਵਾਰਕਾ ਦਾਸ ਲਾਇਬਰੇਰੀ ਬਸਤੀਵਾਦੀ ਅੰਗਰੇਜ਼ ਹਕੂਮਤ ਖ਼ਿਲਾਫ਼ ਬਹਿਸਾਂ ਦਾ ਅਖਾੜਾ ਬਣਦੀ ਹੈ। ਇਉਂ ਵਿਚਾਰਾਂ ਦੇ ਪੱਧਰ ਤੇ ਹੋਰ ਨਿਖਾਰ ਆਉਂਦਾ ਹੈ।

ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਹਿੰਦੋਸਤਾਨੀ ਪਰਜਾਤੰਤਰ ਸੈਨਾ ਦਾ ਨਾਂ ਬਦਲ ਕੇ ‘ਹਿੰਦੋਸਤਾਨੀ ਸਮਾਜਵਾਦੀ ਪਰਜਾਤੰਤਰ ਸੈਨਾ’ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੇ ਨਿਖਾਰ ਦਾ ਅਗਲਾ ਅਹਿਮ ਪੜਾਅ ਸੀ।

ਜਦੋਂ ਬਰਤਾਨਵੀ ‘ਹਕੂਮਤ ਟਰੇਡ ਡਿਸਪਿਊਟ ਬਿਲ ਅਤੇ ਪਬਲਿਕ ਸੇਫਟੀ ਬਿੱਲ’ ਜਬਰੀ ਭਾਰਤੀ ਲੋਕਾਂ ਉੱਤੇ ਮੜ੍ਹ ਰਹੀ ਸੀ ਤਾਂ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੇ 8 ਅਪ੍ਰੈਲ 1929 ਨੂੰ ਅਸੈਂਬਲੀ ਵਿੱਚ ‘ਬੋਲਿਆਂ ਨੂੰ ਸੁਨਾਉਣ ਲਈ ਧਮਾਕੇ ਕਰਨ ਦੀ ਲੋੜ ਪੈਂਦੀ ਹੈ’ ਦੇ ਸੰਕਲਪ ਵੱਜੋਂ ਬਿਨ੍ਹਾਂ ਕੋਈ ਜਾਨੀ ਨੁਕਸਾਨ ਪਹੁੰਚਾਇਆਂ ਬੰਬ ਸੁੱਟਿਆ। ਅਗਲਾ ਅਹਿਮ ਪੜਾਅ ਜੇਲ੍ਹ ਜਾਣ ਤੋਂ ਬਾਅਦ ਸਿਫਤੀ ਤਬਦੀਲੀ ਦਾ ਹੈ।

ਜਿੱਥੇ ਸ਼ਹੀਦ ਭਗਤ ਸਿੰਘ ਨੇ ਵਿਗਿਆਨਕ ਵਿਚਾਰਧਾਰਾ ਨੂੰ ਵੱਡੀ ਪੱਧਰ ਉੱਤੇ ਅਪਣਾ ਲਿਆ ਅਤੇ ਇਸਦੇ ਇਜ਼ਹਾਰ ਵੱਜੋਂ ਜਿੱਥੇ 63 ਦਿਨ ਲੰਬੀ ਭੁੱਖ ਹੜਤਾਲ ਕੀਤੀ, ਜਿਸ ਵਿੱਚ ਉਨ੍ਹਾਂ ਦਾ ਯੁੱਧ ਸਾਥੀ ਜਤਿਨ ਨਾਥ ਦਾਸ ਸ਼ਹੀਦ ਵੀ ਹੋ ਗਿਆ, ਪਰ ਜੇਲ੍ਹਾਂ ਅੰਦਰਲੇ ਮਾੜੇ ਪ੍ਰਬੰਧ ਦਾ ਪਰਦਾਚਾਕ ਕਰਨ ਦੇ ਨਾਲ-ਨਾਲ ਆਪਣੇ ਅਸਲ ਮਕਸਦ ਇਨਕਲਾਬ ਦਾ ਪ੍ਰਚਾਰ ਕੀਤਾ ਅਤੇ ਇਨਕਲਾਬ ਦੇ ਅਸਲ ਅਰਥ ਸਪਸ਼ਟ ਕੀਤੇ ਕਿ ਸਾਡਾ ਇਨਕਲਾਬ ਤੋਂ ਭਾਵ ਇਕ ਅਜਿਹਾ ਬਰਾਬਰਤਾ ਵਾਲਾ ਨਵਾਂ ਸਮਾਜ ਸਿਰਜਣ ਤੋਂ ਹੈ ਜਿੱਥੇ ਮਨੁੱਖ ਹੱਥੋਂ ਮਨੁੱਖ ਦੀ ਅਤੇ ਕੌਮ ਹੱਥੋਂ ਕੌਮ ਦੀ ਮੁਕੰਮਲ ਲੁੱਟ ਬੰਦ ਹੋਵੇ।

ਲਾਹੌਰ ਸਾਜ਼ਿਸ਼ ਕੇਸ ਦੇ ਮੁਕੱਦਮੇ ਦੌਰਾਨ ਆਪਣੇ ਮਕਸਦ ਨੂੰ ਲੋਕਾਂ ਵਿੱਚ ਪ੍ਰਚਾਰਨ ਅਤੇ ਇਨਕਲਾਬ ਦੇ ਮਕਸਦ ਨੂੰ ਉਭਾਰਨ ਦੀ ਭਰਪੂਰ ਵਰਤੋਂ ਕੀਤੀ। ਜੇਲ੍ਹ ਦੌਰਾਨ 260 ਕਿਤਾਬਾਂ ਦਾ ਅਧਿਐਨ ਕੀਤਾ ਅਤੇ ਆਪਣੇ ਇਨਕਲਾਬੀ ਅਮਲ ਦਾ ਸਵੈਪੜਚੋਲ ਕਰਦਿਆਂ “ਸਿਆਸੀ ਕਾਰਕੁਨਾਂ ਦੇ ਨਾਂ ਖਤ” ਸਮੇਤ ਕਈ ਲਿਖਤਾਂ ਲਿਖੀਆਂ ਜਿਹਨਾਂ ਵਿੱਚ ਸਿੱਟਾ ਕੱਢਿਆ ਕਿ “ਬੰਬ ਅਤੇ ਬੰਦੂਕਾਂ ਇਨਕਲਾਬ ਨਹੀਂ ਲਿਆਉਂਦੇ-ਇਨਕਲਾਬ ਦੀ ਧਾਰ ਵਿਚਾਰਾਂ ਦੀ ਸਾਂਝ ਤੇ ਤੇਜ਼ ਹੁੰਦੀ ਹੈ।

“ਦੋਵਾਂ ਬੁਲਾਰਿਆਂ ਨੇ ਆਪਣੀ ਵਿਚਾਰ ਚਰਚਾ ਨੂੰ ਅੰਤਿਮ ਪੜਾਅ ਵੱਲ ਲਿਜਾਂਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਉਸ ਸਮੇਂ ਆਪਣੇ ਨਿਸ਼ਾਨੇ ਅਤੇ ਉਦੇਸ਼, ਆਧਾਰ, ਮੌਜੂਦਾ ਹਾਲਤ, ਸਾਧਨ ਅਤੇ ਇਨਕਲਾਬ ਦੇ ਢੰਗ ਤਰੀਕਿਆਂ ਪ੍ਰਤੀ ਹੋਰ ਵੀ ਵਧੇਰੇ ਸਪੱਸ਼ਟ ਹੋ ਗਿਆ ਸੀ। ਹੋਰ ਵੀ ਵਧੇਰੇ ਸਪੱਸ਼ਟ ਹੁੰਦਿਆਂ ਸ਼ਹੀਦ ਭਗਤ ਸਿੰਘ ਨੇ ਕਿਹਾ ਕਿ ਇਨਕਲਾਬ ਕਰਨ ਲਈ ਇੱਕ ਇਨਕਲਾਬੀ ਪਾਰਟੀ ਅਤੇ ਇਨਕਲਾਬੀ ਪਾਰਟੀ ਲਈ ਨਿਸ਼ਚਿਤ ਪ੍ਰੋਗਰਾਮ ਦਾ ਹੋਣਾ ਅਤਿ ਜ਼ਰੂਰੀ ਹੈ।

ਆਜ਼ਾਦੀ ਲਈ ਲੜਨ ਵਾਲੀਆਂ ਤਾਕਤਾਂ ਬਾਰੇ ਵੀ ਵਧੇਰੇ ਸਪੱਸ਼ਟਤਾ ਨਾਲ ਕਿਹਾ ਕਿ ਜਿਸ ਆਜ਼ਾਦੀ ਦੀ ਗੱਲ ਮਹਾਤਮਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਕਰ ਰਹੀ ਹੈ, ਇਹ ਆਜ਼ਾਦੀ ਨਹੀਂ ਸਮਝੌਤਾ ਹੋਵੇਗਾ ਕਿਉਂਕਿ ਅਗਰ ਲਾਰਡ ਇਰਵਿਨ ਦੀ ਥਾਂ ਤੇਜ਼ ਪ੍ਰਤਾਪ ਸਪਰੂ ਆ ਜਾਣ ਨਾਲ ਆਮ ਜਨਤਾ ਦੀ ਜ਼ਿੰਦਗੀ ਵਿੱਚ ਕੋਈ ਫ਼ਰਕ ਪੈਣਾ ਹੈ। ਇਸ ਲਈ ਸ਼ਹੀਦ ਭਗਤ ਸਿੰਘ ਦੇ ਕਥਨ ਕਿ ਇੱਕ ਇਨਕਲਾਬੀ ਨੂੰ ਅਧਿਐਨ ਕਰਨ ਅਤੇ ਚਿੰਤਨ ਕਰਨ ਨੂੰ ਆਪਣੀ ਪਵਿੱਤਰ ਜ਼ਿੰਮੇਵਾਰੀ ਵਜੋਂ ਬਣਾ ਲੈਣਾ ਚਾਹੀਦਾ ਹੈ।

ਇਸ ਸਮੇਂ ਮਹੱਤਵਪੂਰਨ ਸਵਾਲ ਵੀ ਹੋਏ, ਜਿਨ੍ਹਾਂ ਦੇ ਬੁਲਾਰਿਆਂ ਨੇ ਢੁੱਕਵੇਂ ਜਵਾਬ ਦਿੱਤੇ। ਇਸ ਸਮੇਂ ਸਾਹਿਬ ਸਿੰਘ ਬਡਬਰ, ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਬਾਬੂ ਸਿੰਘ ਖੁੱਡੀਕਲਾਂ, ਜਗਮੀਤ ਬੱਲਮਗੜ੍ਹ, ਅਮਰਜੀਤ ਕੌਰ, ਪਰਮਜੀਤ ਕੌਰ, ਪ੍ਰੇਮਪਾਲ ਕੌਰ, ਬਿੱਕਰ ਸਿੰਘ ਔਲਖ, ਡਾ ਅਮਰਜੀਤ ਸਿੰਘ ਕਾਲਸਾਂ, ਗੁਰਮੀਤ ਸਿੰਘ ਸੁਖਪੁਰਾ, ਅੰਮ੍ਰਿਤ ਪਾਲ, ਜਗਸੀਰ ਸਿੰਘ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਰਜਿੰਦਰ ਸਿੰਘ, ਜਸਪਾਲ ਚੀਮਾ, ਸੰਦੀਪ ਚੀਮਾ, ਮਜੀਦ ਖਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਥੀ ਹਾਜ਼ਰ ਸਨ। ਸਟੇਜ ਸਕੱਤਰ ਦੇ ਫਰਜ਼ ਖੁਸਮੰਦਰ ਪਾਲ ਨੇ ਨਿਭਾਏ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)