‘Dope Test’ before Marriage: ਵਿਆਹ ਤੋਂ ਪਹਿਲਾਂ ਲੜਕਾ-ਲੜਕੀ ਦਾ ‘ਡੋਪ ਟੈਸਟ’ ਹੋਵੇ ਲਾਜ਼ਮੀ; ਸੰਸਦ ਮੈਂਬਰ ਨੇ ਕੇਂਦਰ ਤੋਂ ਕੀਤੀ ਕਾਨੂੰਨ ਬਣਾਉਣ ਦੀ ਮੰਗ
‘Dope Test’ before Marriage: ਹੁਣ ਡੋਪ ਟੈਸਟ ਤੋਂ ਬਿਨਾਂ ਨਹੀਂ ਹੋਵੇਗਾ ਵਿਆਹ? ‘ਆਪ’ ਸੰਸਦ ਮੈਂਬਰ ਨੇ ਕੇਂਦਰ ਨੂੰ ਨਵਾਂ ਕਾਨੂੰਨ ਬਣਾਉਣ ਲਈ ਲਿਖੀ ਚਿੱਠੀ
Punjab Network
ਨਵੀਂ ਦਿੱਲੀ/ਚੰਡੀਗੜ੍ਹ 28 ਮਾਰਚ, 2026:
‘Dope Test’ before Marriage: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕੇਂਦਰ ਸਰਕਾਰ ਅੱਗੇ ਇੱਕ ਅਹਿਮ ਅਤੇ ਨਿਵੇਕਲੀ ਮੰਗ ਰੱਖੀ ਹੈ।
ਉਨ੍ਹਾਂ ਨੇ ਮੰਗ ਕੀਤੀ ਹੈ ਕਿ ਦੇਸ਼ ਵਿੱਚ ਵਿਆਹ ਕਰਵਾਉਣ ਸਮੇਂ ਲੜਕਾ ਅਤੇ ਲੜਕੀ ਦੋਵਾਂ ਦਾ ਡੋਪ ਟੈਸਟ (Dope Test) ਲਾਜ਼ਮੀ ਕੀਤਾ ਜਾਵੇ।
ਕੰਗ ਅਨੁਸਾਰ, ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣ ਅਤੇ ਪਰਿਵਾਰਕ ਜ਼ਿੰਦਗੀ ਨੂੰ ਸੁਰੱਖਿਅਤ ਬਣਾਉਣ ਲਈ ਇਹ ਕਦਮ ਚੁੱਕਣਾ ਬਹੁਤ ਜ਼ਰੂਰੀ ਹੈ।
ਮੈਰਿਜ ਸਰਟੀਫਿਕੇਟ ਨਾਲ ਲੱਗੇ ਰਿਪੋਰਟ
ਸੰਸਦ ਮੈਂਬਰ ਕੰਗ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਸਬੰਧੀ ਇੱਕ ਸਖ਼ਤ ਕਾਨੂੰਨ ਬਣਾਇਆ ਜਾਵੇ। ਉਨ੍ਹਾਂ ਦੀਆਂ ਮੁੱਖ ਮੰਗਾਂ, ਵਿਆਹ ਤੋਂ ਪਹਿਲਾਂ ਲੜਕਾ ਅਤੇ ਲੜਕੀ ਦੋਵਾਂ ਦੀ ਡੋਪ ਟੈਸਟ ਰਿਪੋਰਟ ਹੋਣੀ ਚਾਹੀਦੀ ਹੈ।
ਡੋਪ ਟੈਸਟ ਦੇ ਨਾਲ-ਨਾਲ ਦੋਵਾਂ ਦਾ ਮੁਕੰਮਲ ‘ਮੈਡੀਕਲ ਹੈਲਥ ਸਰਟੀਫਿਕੇਟ’ ਵੀ ਲਾਜ਼ਮੀ ਕੀਤਾ ਜਾਵੇ। ਮੈਰਿਜ ਸਰਟੀਫਿਕੇਟ ਜਾਰੀ ਕਰਨ ਵੇਲੇ ਇਹ ਟੈਸਟ ਰਿਪੋਰਟਾਂ ਨਾਲ ਨੱਥੀ ਹੋਣੀਆਂ ਚਾਹੀਦੀਆਂ ਹਨ।
ਸੂਬਾ ਸਰਕਾਰਾਂ ਲਈ ਦਿਸ਼ਾ-ਨਿਰਦੇਸ਼
ਕੰਗ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਸਬੰਧੀ ਸਾਰੀਆਂ ਸੂਬਾ ਸਰਕਾਰਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ। ਉਨ੍ਹਾਂ ਦਾ ਤਰਕ ਹੈ ਕਿ ਅੱਜ-ਕੱਲ੍ਹ ਨਸ਼ਿਆਂ ਕਾਰਨ ਕਈ ਹੱਸਦੇ-ਵਸਦੇ ਉੱਜੜ ਰਹੇ ਹਨ ਅਤੇ ਤਲਾਕ ਦੇ ਮਾਮਲੇ ਵਧ ਰਹੇ ਹਨ।
ਜੇਕਰ ਵਿਆਹ ਤੋਂ ਪਹਿਲਾਂ ਹੀ ਸਿਹਤ ਅਤੇ ਨਸ਼ੇ ਦੀ ਸਥਿਤੀ ਸਪੱਸ਼ਟ ਹੋਵੇਗੀ, ਤਾਂ ਭਵਿੱਖ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਨੂੰ ਰੋਕਿਆ ਜਾ ਸਕੇਗਾ।






