ਸੰਪਾਦਕੀ: ਜਨਤਾ ਲਈ “ਜਨਤਾ ਦਰਬਾਰ” ਕਿੱਥੇ?

396

 

16 ਮਈ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ, 2 ਮਹੀਨੇ ਪੂਰੇ ਹੋਏ। 15 ਮਈ ਦੀ ਸ਼ਾਮ ਨੂੰ ਇੱਕ ਪੱਤਰ ਸੋਸ਼ਲ ਮੀਡੀਆ ‘ਤੇ ਘੁੰਮਦਾ ਘੁੰਮਾਉਂਦਾ ਸਾਰੇ ਮੀਡੀਆ ਅਦਾਰਿਆਂ ਤੱਕ ਪੁੱਜ ਜਾਂਦਾ ਹੈ ਕਿ, 16 ਮਈ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ “ਜਨਤਾ ਦਰਬਾਰ” ਲਾਉਣ ਜਾ ਰਹੇ ਹਨ। ਮੀਡੀਆ ਨੇ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਵਿਖਾਇਆ ਅਤੇ ਵਿਖਾਉਣਾ ਵੀ ਬਣਦਾ ਸੀ, ਕਿਉਂਕਿ ਸਰਕਾਰ ਨੇ “ਜਨਤਾ ਦਰਬਾਰ” ਜੋ ਲਾਉਣਾ ਸੀ। “ਜਨਤਾ ਦਰਬਾਰ” ਦੀ ਮਸ਼ਹੂਰੀ ਵੀ ਬਹੁਤੀ ਹੋਈ, ਪਰ ਇਹਦਾ ਲਾਭ ਚੰਦ ਕੁ ਲੋਕਾਂ ਨੂੰ ਹੀ ਮਿਲਿਆ।

ਦਰਅਸਲ, 15 ਮਈ ਰਾਤ ਦੇ ਬੁਲੇਟਨ ਵੇਖਣ ਤੋਂ ਬਾਅਦ ਪਿੰਡਾਂ ਦੇ ਲੋਕਾਂ ਨੇ ਆਪੋ ਆਪਣੇ ਜ਼ਰੂਰੀ ਕਾਗਜਾਤ ਝੋਲਿਆਂ ਵਿੱਚ ਪਾ ਲਏ ਅਤੇ ਸਵੇਰ ਦੀ ਗੱਡੀ ਫੜ੍ਹ ਕੇ ਪੰਜਾਬ ਭਵਨ ਚੰਡੀਗੜ੍ਹ ਆ ਗਏ। ਇੱਥੇ ਆ ਕੇ ਪਤਾ ਲੱਗਿਆ ਕਿ, ਜਿਨ੍ਹਾਂ ਨੂੰ ਮੁੱਖ ਮੰਤਰੀ ਦਫ਼ਤਰ ਤੋਂ ਪਾਸ ਮਿਲੇ ਹਨ, ਉਹ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਮਿਲ ਸਕਦੇ ਹਨ। ਸਰਕਾਰੀ ਅਮਲੇ ਦੀ ਗੱਲਬਾਤ ਸੁਣਨ ਤੋਂ ਬਾਅਦ ਲੋਕਾਂ ਵਿੱਚ ਰੋਸ ਤਾਂ ਸੀ, ਪਰ ਇੱਕ ਉਮੀਦ ਵੀ ਸੀ ਕਿ, ਭਗਵੰਤ ਮਾਨ ਉਨ੍ਹਾਂ ਨੂੰ ਜ਼ਰੂਰ ਮਿਲ ਕੇ ਜਾਵੇਗਾ। ਭਗਵੰਤ ਮਾਨ ਨੂੰ ਮਿਲਣ ਲਈ ਉਹ ਬੇਰੁਜ਼ਗਾਰ, ਕੱਚੇ ਮੁਲਾਜ਼ਮ, ਕੱਚੇ ਅਧਿਆਪਕ, ਠੇਕਾ ਮੁਲਾਜ਼ਮ, ਛੋਟੇ ਕਿਸਾਨ ਮਜ਼ਦੂਰ ਵੀ ਪਹੁੰਚੇ, ਜਿਨ੍ਹਾਂ ਦੇ ਧਰਨਿਆਂ ਵਿੱਚ ਭਗਵੰਤ ਮਾਨ ਖੁਦ ਜਾ ਕੇ ਕਿਸੇ ਸਮੇਂ ਬਹਿੰਦਾ ਰਿਹਾ ਸੀ।

ਜਦੋਂ ਮਾਯੂਸ ਹੋਏ ਲੋਕਾਂ ਨੂੰ ਖ਼ਾਲੀ ਹੱਥ ਪੰਜਾਬ ਭਵਨ ਤੋਂ ਮੁੜਣਾ ਤਾਂ ਪਿਆ ਹੀ, ਨਾਲ ਹੀ ਕਈਆਂ ਨੇ ਲਾਹਣਤਾਂ ਵੀ ਇਸ ਸਰਕਾਰ ਨੂੰ ਪਾਈਆਂ। ਦਰਅਸਲ, ਜਨਤਾ ਦੇ ਲਈ ਲਾਇਆ ਆਮ ਜਨਤਾ ਦਰਬਾਰ, “ਖ਼ਾਸ ਜਨਤਾ ਦਰਬਾਰ” ਬਣ ਕੇ ਰਹਿ ਗਿਆ। ਲੋਕਾਂ ਦੀਆਂ ਮੰਗਾਂ ਨੂੰ ਤਾਂ ਹੁਕਮਰਾਨ ਵੱਲੋਂ ਸੁਣਿਆ ਨਹੀਂ ਗਿਆ, ਬਲਕਿ ਆਪਣੇ ਖ਼ਾਸ-ਮ-ਖ਼ਾਸ ਚਹੇਤਿਆਂ ਦੀਆਂ ਜਿਹੜੀਆਂ ਦਰਖ਼ਾਸਤਾਂ ਮੁੱਖ ਮੰਤਰੀ ਦਫ਼ਤਰ ਤੱਕ ਪੁੱਜੀਆਂ ਸਨ, ਉਨ੍ਹਾਂ ਦਾ ਹੀ ਨਿਪਟਾਰਾ ਕਰ ਦਿੱਤਾ ਗਿਆ।

ਇਸ ਸਾਰੇ ਮਾਜ਼ਰੇ ਦੀ ਜਦੋਂ ਗਰਾਊਂਡ ਰਿਪੋਰਟ ਵੇਖੀ ਗਈ ਤਾਂ, ਪਤਾ ਲੱਗਿਆ ਕਿ, ਪਿੰਡਾਂ ਤੋਂ ਇਲਾਵਾ ਕਈ ਸ਼ਹਿਰਾਂ ਤੋਂ ਆਏ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਲੱਗ ਰਿਹਾ ਕਿ, ਉਨ੍ਹਾਂ ਨੂੰ ਸੀਐਮ ਭਗਵੰਤ ਮਾਨ ਮਿਲਣਗੇ ਵੀ ਜਾਂ ਨਹੀਂ। ਕਿਉਂਕਿ ਅੱਧ ਵਿਚਾਲਿਓਂ ਹੀ ਸੀਐਮਓ ਦਫ਼ਤਰ ਦੇ ਮੁਲਾਜ਼ਮ ਲੋਕਾਂ ਨੂੰ ਘਰੋਂ ਘਰੀ ਜਾਣ ਲਈ ਕਹੀ ਜਾ ਰਹੇ ਸੀ। ਹਾਲਾਂਕਿ, ਮੀਡੀਆ ਦੇ ਕੈਮਰਿਆਂ ਨੂੰ ਵੇਖ ਕੇ, ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਕੁੱਝ ਲੋਕਾਂ ਦੀਆਂ ਦਰਖ਼ਾਸਤ ਲੈ ਕੇ ਰੱਖਣ ਤੋਂ ਇਲਾਵਾ ਇਨ੍ਹਾਂ ਦੇ ਵੀ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ। ਜਦੋਂਕਿ ਮੀਡੀਆ ਦੇ ਕੈਮਰੇ ਦੇ ਗਾਇਬ ਹੁੰਦਿਆਂ ਹੀ ਪੁਲਿਸ ਨੇ ਲੋਕਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ, ਕੀ ਇਹ ਹੀ ਜਨਤਾ ਦਰਬਾਰ ਸੀ? ਕੀ ਜਨਤਾ ਦਰਬਾਰ ਵਿੱਚ ਸਿਰਫ਼ ਗਿਣੇ ਚੁਣੇ ਲੋਕਾਂ ਦੀ ਹੀ ਸਮੱਸਿਆ ਸੁਣੀ ਜਾ ਸਕਦੀ ਹੈ? ਜੇਕਰ ਇਹ ਜਨਤਾ ਦਰਬਾਰ ਸੀ ਤਾਂ, ਫਿਰ ਸਾਰੇ ਪੰਜਾਬ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਂਦਾ। ਕਿਉਂ ਅਖ਼ਬਾਰਾਂ ਅਤੇ ਟੀਵੀ ਚੈਨਲਾਂ ਦੀ ਹੈੱਡਲਾਈਨ ਖ਼ਬਰ ਇਹ ਬਣੀ ਕਿ, ਜਨਤਾ ਦਰਬਾਰ 16 ਮਈ ਨੂੰ ਲੱਗੇਗਾ, ਜਿਸ ਵਿੱਚ ਸੀਐਮ ਖੁਦ ਸਾਰੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਆਉਣਗੇ? ਆਖ਼ਰ ਸਰਕਾਰ ਚਾਹੁੰਦੀ ਕੀ ਹੈ? ਕੀ ਆਮ ਜਨਤਾ ਨੂੰ ਇੰਝ ਹੀ ਖੱਜਲ-ਖੁਆਰ ਕਰਨਾ, ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੰਮ ਹੈ?

ਦੱਸ ਦਈਏ ਕਿ, ਸੱਤਾ ਸੰਭਾਲਦੇ ਹੀ ਭਗਵੰਤ ਮਾਨ ਨੇ ਸਮੂਹ ਵਿਧਾਇਕਾਂ ਨਾਲ ਮੀਟਿੰਗ ਕੀਤੀ ਸੀ ਅਤੇ ਆਦੇਸ਼ ਦਿੱਤੇ ਸਨ ਕਿ, ਕੋਈ ਵੀ ਵਿਧਾਇਕ ਚੰਡੀਗੜ੍ਹ ਡੇਰੇ ਨਹੀਂ ਲਾਵੇਗਾ, ਮਤਲਬ ਕਿ ਵਿਧਾਇਕ ਚੰਡੀਗੜ੍ਹ ਕੰਮ ਲਈ ਆਵੇਗਾ ਅਤੇ ਆਪਣੇ ਇਲਾਕੇ ਦਾ ਵਿਕਾਸ ਕਰਵਾਏਗਾ। ਪਰ ਸੱਤਾ ਸੰਭਾਲਣ ਤੋਂ ਕੁੱਝ ਦਿਨ ਬਾਅਦ ਹੀ ਚੰਡੀਗੜ੍ਹ ਵਿੱਚ ਜਿੱਥੇ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ, ਉਥੇ ਹੀ ਆਪ ਸਰਕਾਰ ਤਰ੍ਹਾਂ-ਤਰ੍ਹਾਂ ਦੇ ਵਿਵਾਦਾਂ ਵਿੱਚ ਵੀ ਘਿਰ ਗਈ। ਜਿੱਥੇ ਸਰਕਾਰ 4-5 ਆਪਣੇ ਫ਼ੈਸਲੇ ਵਾਪਸ ਲੈ ਚੁੱਕੀ ਹੈ, ਉਥੇ ਹੀ ਇਹ ਸਰਕਾਰ ਨੇ ਕੰਮ ਤੋਂ ਪਹਿਲਾਂ ਸੋਸ਼ਲ ਮੀਡੀਆ ਤੋਂ ਇਲਾਵਾ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਦੀਆਂ ਜੇਬਾਂ ਇਸ਼ਤਿਹਾਰਬਾਜ਼ੀ ਨਾਲ ਭਰਨੀਆਂ ਠੀਕ ਸਮਝੀਆਂ ਹਨ।

ਪਹਿਲੋਂ ਮਸ਼ਹੂਰੀ ਕਰਵਾ ਕੇ, ਬਾਅਦ ਵਿੱਚ ਆਪਣੇ ਫ਼ੈਸਲਿਆਂ ਤੋਂ ਪਲਟਣਾ ਆਪ ਸਰਕਾਰ ਦਾ ਜਿਵੇਂ ਕੰਮ ਹੀ ਹੋ ਚੁੱਕਿਆ ਹੈ। ਦੱਸਣਾ ਬਣਦਾ ਹੈ ਕਿ, ਵਿਰੋਧੀ ਦੋਸ਼ ਲਾਉਂਦੇ ਰਹੇ ਹਨ ਕਿ, ਆਪ ਸਰਕਾਰ ਦਾ ਕੰਮ ਘੱਟ ਤੇ ਮਸ਼ਹੂਰੀ ਜਿਆਦਾ, ਇਹੋ ਕੰਮ ਆਪ ਦੇ ਖ਼ਾਸ ਬੰਦਿਆਂ ਦਾ ਬਣ ਕੇ ਰਹਿ ਗਿਆ ਹੈ। ਦੱਸ ਦਈਏ ਕਿ, ਜਿੰਨੀਆਂ ਦਰਖ਼ਾਸਤਾਂ ਲੈ ਕੇ 16 ਮਈ ਨੂੰ ਪੰਜਾਬ ਭਵਨ ਵਿੱਚ ਲੋਕ ਪੁੱਜੇ, ਇੰਨੀਂ ਨਾ ਤਾਂ ਪੰਜਾਬ ਸਰਕਾਰ ਨੂੰ ਉਮੀਦ ਸੀ ਅਤੇ ਨਾ ਹੀ ਕਿਸੇ ਅਧਿਕਾਰੀ ਨੂੰ। ਅਧਿਕਾਰੀ ਤਾਂ ਜਨਤਾ ਦਾ ਹੜ੍ਹ ਵੇਖ ਕੇ ਹੱਕੇ ਬੱਕੇ ਰਹਿ ਗਏ।

ਦੂਰ ਦਰਾਡੇ ਤੋਂ ਆਏ ਲੋਕਾਂ ਨੂੰ ਪੰਜਾਬ ਭਵਨ ਦੇ ਅੰਦਰ ਦਾਖਲ ਹੋਣ ਤੋਂ ਰੋਕਣ ਲਈ ਬੈਰੀਕੇਡ ਲਗਾ ਦਿੱਤੇ ਗਏ। ਪੰਜਾਬ ਭਵਨ ਦੇ ਦੋਵੇਂ ਦਰਵਾਜ਼ੇ ਬੰਦ ਕਰ ਦਿੱਤੇ ਗਏ। ਸ਼ਾਮ 4-5 ਵਜੇ ਤੱਕ ਅੰਮ੍ਰਿਤਸਰ, ਫਿਰੋਜ਼ਪੁਰ, ਗੁਰਦਾਸਪੁਰ, ਫਾਜ਼ਿਲਕਾ ਆਦਿ ਪਿੰਡਾਂ ਸ਼ਹਿਰਾਂ ਤੋਂ ਆਪਣੀਆਂ ਸਮੱਸਿਆਵਾਂ ਲੈ ਕੇ ਪਹੁੰਚੇ ਲੋਕਾਂ ਨੂੰ ਮੁੱਖ ਮੰਤਰੀ ਨਾਲ ਮਿਲਣ ਨਹੀਂ ਦਿੱਤਾ ਗਿਆ। ਉਹ ਆਪਣੇ ਦੁਖੜੇ ਸੁਣਾਉਣ ਦੀ ਥਾਂ ਪੁਲਿਸ ਤੋਂ ਧੱਕੇ ਖਾਣ ਲਈ ਮਜਬੂੁਰ ਹੋ ਗਏ। ਇਸ ਨੂੰ ਲੈ ਕੇ ਗੁੱਸੇ ‘ਚ ਆਏ ਲੋਕਾਂ ਨੇ ਉਥੇ ਹੀ ਸਰਕਾਰ ਖਿਲਾਫ਼ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।

ਪਿੰਡਾਂ ਤੋਂ ਆਏ ਡੱਬੀਆਂ ਵਾਲੇ ਪਰਨਿਆਂ ਵਿੱਚ ਬਜ਼ੁਰਗਾਂ ਨੇ ਦਰਖ਼ਾਸਤ ਕੀਤੀ ਸੀ ਕਿ, ਇੱਕ ਮੁਲਾਕਾਤ ਕਰਵਾ ਦਿਓ, ਸਾਡੇ ਸਿਰ ਬਹੁਤੀ ਵੱਡੀ ਕਰਜ਼ੇ ਦੀ ਪੰਡ ਹੈ। ਪਰ ਕਿਸੇ ਵੀ ਅਧਿਕਾਰੀ ਨੇ ਬਜ਼ੁਰਗਾਂ ਨੂੰ ਅੰਦਰ ਨਹੀਂ ਵੜ੍ਹਨ ਦਿੱਤਾ। ਉਥੇ ਹੀ ਬੇਰੁਜ਼ਗਾਰ ਦੁਹਾਈਆਂ ਦਿੰਦੇ ਰਹੇ ਕਿ, ਇੱਕ ਵਾਰ ਮੁਲਾਕਾਤ ਕਰਵਾ ਦਿਓ ਸੀਐਮ ਸਾਬ੍ਹ ਨਾਲ, ਅਸੀਂ ਰੁਜ਼ਗਾਰ ਬਾਰੇ ਗੱਲ ਕਰਨੀ, ਪਰ ਕਿਸੇ ਨੇ ਕੋਈ ਗੱਲ ਨਹੀਂ ਸੁਣੀ। ਹਾਲਾਂਕਿ, ਅਵਾਮ ਦੀਆਂ ਦਰਖ਼ਾਸਤਾਂ ਦਾ ਟੋਕਰਾ ਭਰ ਕੇ ਅਧਿਕਾਰੀ ਵਿਚਲੇ ਗੇਟ ਥਾਣੀ ਅੰਦਰ ਤਾਂ ਲੈ ਗਏ, ਪਰ ਉਹਦੇ ‘ਤੇ ਕਾਰਵਾਈ ਕਦੋਂ ਹੋਊ, ਇਹ ਤਾਂ ਵਕਤ ਹੀ ਦੱਸੇਗਾ।

ਦੱਸਣਾ ਬਣਦਾ ਹੈ ਕਿ, ਜੇਕਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਇਹ ਜਨਤਾ ਦਰਬਾਰ ਸੀ ਤਾਂ, ਉਹ ਪਿੰਡ ਵਾਲਾ ਭਗਵੰਤ ਮਾਨ ਦਾ ਜਨਤਾ ਦਰਬਾਰ ਕਿੱਥੇ ਹੈ, ਜਿੱਥੇ ਬੈਠ ਕੇ ਮੁੱਖ ਮੰਤਰੀ ਬਣਦਿਆਂ ਸਾਰ ਮਸਲੇ ਹੱਲ ਕਰਨ ਦੀ ਗੱਲ ਭਗਵੰਤ ਮਾਨ ਹੀ ਕਰਦਾ ਹੁੰਦਾ ਸੀ। ਖ਼ੈਰ, ਸੁਝਾਅ ਹੀ ਹੈ ਸਾਡਾ ਤਾਂ, ਕਿ ਜਨਤਾ ਦੇ ਮਸਲੇ ਜਨਤਾ ਵਿੱਚ, ਪਿੰਡਾਂ ਦੀਆਂ ਸੱਥਾਂ ਵਿੱਚ ਬੈਠ ਕੇ ਨਬੇੜੇ ਜਾਣ, ਬੇਸ਼ੱਕ ਸਮਾਂ ਲੱਗੇ, ਪਰ ਨਿੱਬੜਣੇ ਸਾਰੇ ਚਾਹੀਦੇ ਹਨ, ਨਾ ਕਿ, ਚੰਦ ਕੁ ਬੰਦਿਆਂ ਦੀਆਂ ਦਰਖ਼ਾਸਤਾਂ ਲੈ ਕੇ ਸੁਰਖ਼ੀਆਂ ਬਟੋਰਨੀਆਂ ਚਾਹੀਦੀਆਂ।

-ਗੁਰਪ੍ਰੀਤ