Education Alert – ਡੀ.ਟੀ.ਐੱਫ ਨੇ ਉੱਚ ਪੱਧਰੀ ਜਾਂਚ ਦੀ ਕੀਤੀ ਮੰਗ
ਪੰਜਾਬ ਨੈੱਟਵਰਕ, ਮਾਨਸਾ
Education Alert- ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਦੀ ਬਣਾਈ ਪ੍ਰਾਇਮਰੀ ਖੇਡ ਨੀਤੀ ਤਹਿਤ ਮਾਨਸਾ ਜ਼ਿਲ੍ਹੇ ‘ਚ ਇਕੋ ਦਿਨ ਹੀ ਫੋਨੋ-ਫੋਨੀ (ਜੂਮ ਮੀਟਿੰਗ) ਰਾਹੀਂ ਪੰਜ ਬਲਾਕਾਂ ਦੀਆਂ ਖੇਡ ਕਮੇਟੀਆਂ ਦਾ ਗਠਨ ਕਰਕੇ, ਉਸੇ ਸ਼ਾਮ ਜ਼ਿਲ੍ਹਾ ਪੱਧਰੀ ਖੇਡ ਕਮੇਟੀ ਦਾ ਗਠਨ ਵੀ ਕਰ ਦਿੱਤਾ ਗਿਆ।
ਇਕੋ ਦਿਨ ‘ਚ ਕਾਹਲੀ ਨਾਲ ਖੇਡ ਕਮੇਟੀਆਂ ਦੇ ਗਠਨ ਨੂੰ ਲੈ ਕੇ ਅਧਿਆਪਕ ਹੈਰਾਨ ਪਰੇਸ਼ਾਨ ਨੇ। ਉਧਰ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੋਂ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਇਸ ਮਾਮਲੇ ਨੂੰ ਲੈ ਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦਾ ਇਕ ਵਫਦ ਜ਼ਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ ਦੀ ਅਗਵਾਈ ‘ਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਰੂਬੀ ਬਾਂਸਲ ਨੂੰ ਮਿਲਿਆ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲ੍ਹੋਂ ਜੋ ਪ੍ਰਾਇਮਰੀ ਖੇਡ ਨੀਤੀ ਬਣਾਈ ਗਈ ਹੈ,ਉਸ ਨੂੰ ਅਮਲ ਚ ਲਿਆਉਂਦਿਆ ਖੇਡ ਕਮੇਟੀਆਂ ਦਾ ਗਠਨ ਕੀਤਾ ਜਾਵੇ।
ਆਗੂਆਂ ਨੇ ਦੱਸਿਆ ਕਿ ਪ੍ਰਾਇਮਰੀ ਸਕੂਲ ਖੇਡ ਨੀਤੀ ਤਹਿਤ ਹੋਣਾ ਇਹ ਚਾਹੀਦਾ ਸੀ ਕਿ ਪਹਿਲਾ ਜ਼ਿਲ੍ਹੇ ਦੇ 34 ਸਿੱਖਿਆ ਸੈਂਟਰਾਂ ਚ ਬਣੀਆਂ ਖੇਡ ਕਮੇਟੀਆਂ ਜਿਸ ਵਿੱਚ ਪ੍ਰਧਾਨ ਸੈਂਟਰ ਹੈੱਡ ਟੀਚਰ, ਪ੍ਰਬੰਧਕੀ ਸਕੱਤਰ ਹੈੱਡ ਟੀਚਰ,ਵਿੱਤ ਸਕੱਤਰ ਹੈੱਡ ਟੀਚਰ, ਇਕ ਈ ਟੀ ਟੀ ਅਧਿਆਪਕ(ਮਹਿਲਾ), ਇਕ ਈ ਟੀ ਟੀ ਅਧਿਆਪਕ(ਪੁਰਸ਼) ਸ਼ਾਮਲ ਹੈ,ਦਾ ਹਰੇਕ ਬਲਾਕ ਚ ਬਕਾਇਦਾ ਰੂਪ ਚ ਇਜਲਾਸ ਬੁਲਾਇਆ ਜਾਂਦਾ ਹੈ।
ਜਿਥੇ ਸਾਰਿਆਂ ਦੀ ਸਹਿਮਤੀ ਨਾਲ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਖੇਡ ਨੀਤੀ ਦੇ ਨਿਯਮਾਂ ਨੂੰ ਲਾਗੂ ਕਰਕੇ ਬਲਾਕ ਪੱਧਰੀ ਖੇਡ ਕਮੇਟੀਆਂ ਦਾ ਗਠਨ ਕੀਤਾ ਜਾਂਦਾ।ਪਰ ਇਕੋ ਦਿਨ ਕਾਹਲੀ ਚ ਕੀਤੇ ਗਏ ਗਠਨ ਤੋਂ ਜ਼ਿਲ੍ਹੇ ਭਰ ਦੇ ਹੈੱਡ ਟੀਚਰਾਂ ਅਤੇ ਸੈਂਟਰ ਪੱਧਰ ‘ਤੇ ਬਣੀਆਂ ਕਮੇਟੀਆਂ ਨੂੰ ਭਿਣਕ ਤੱਕ ਨਹੀਂ ਪੈਣ ਦਿੱਤੀ ਗਈ।
ਮਿਲੀ ਜਾਣਕਾਰੀ ਅਨੁਸਾਰ ਬੇਸ਼ੱਕ ਜ਼ਿਲ੍ਹਾ ਖੇਡ ਕਮੇਟੀ ਦਾ ਗਠਨ ਡੀਈਓ ਐਲੀਮੈਂਟਰੀ ਸਿੱਖਿਆ ਦੀ ਨਿਗਰਾਨੀ ਹੇਠ ਹੋਈ ਹੈ, ਪਰ ਅਧਿਆਪਕ ਆਗੂਆਂ ਦਾ ਤਰਕ ਸੀ, ਕਿ ਜੇਕਰ ਬਲਾਕ ਪੱਧਰ ‘ਤੇ ਨਿਯਮਾਂ ਦੀ ਅਣਦੇਖੀ ਕੀਤੀ ਗਈ ਹੈ ਤਾਂ ਫਿਰ ਜ਼ਿਲ੍ਹਾ ਕਮੇਟੀ ਦੇ ਗਠਨ ਨੂੰ ਕਿਵੇਂ ਸਹੀ ਠਹਿਰਾਇਆ ਜਾ ਸਕਦਾ ਹੈ।
ਜ਼ਿਲ੍ਹਾ ਸਿੱਖਿਆ ਅਫਸਰ(ਐ ਸਿ)ਰੂਬੀ ਬਾਂਸਲ ਨੇ ਭਰੋਸਾ ਦਿਵਾਇਆ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰਵਾਉਣਗੇ, ਜੇਕਰ ਬਲਾਕ ਖੇਡ ਕਮੇਟੀਆਂ ਜਾਂ ਕਿਸੇ ਵੀ ਪੱਧਰ ‘ਤੇ ਨਿਯਮਾਂ ਦੀ ਅਣਦੇਖੀ ਹੋਈ ਹੈ ਤਾਂ ਉਹ ਸਬੰਧਤ ਸਿੱਖਿਆ ਅਧਿਕਾਰੀ ਵਿਰੁੱਧ ਵਿਭਾਗੀ ਨਿਯਮਾਂ ਅਨੁਸਾਰ ਕਾਰਵਾਈ ਕਰਨਗੇ।
ਉਧਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ,ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਲਿਖੇ ਪੱਤਰਾਂ ਚ ਵੀ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ ਗੁਰਪ੍ਰੀਤ ਸਿੰਘ,ਬੀ ਐੱਡ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਅਲੀਸ਼ੇਰ, ਈ ਟੀ ਟੀ ਅਧਿਆਪਕ ਯੂਨੀਅਨ ਦੇ ਆਗੂ ਰਾਜਿੰਦਰ ਸਿੰਘ,ਇਕਬਾਲ ਉੱਭਾ,ਈ ਟੀ ਟੀ ਯੂਨੀਅਨ ਦੇ ਆਗੂ ਹਰਦੀਪ ਸਿੱਧੂ, ਲਖਵੀਰ ਸਿੰਘ ਬੁਰਜ ਰਾਠੀ,ਸਿੱਖਿਆ ਪ੍ਰੋਵਾਈਡਰ ਯੂਨੀਅਨ ਦੇ ਆਗੂ ਮਨਪ੍ਰੀਤ ਗੜ੍ਹੱਦੀ,ਗੁਰਦੀਪ ਬਰਨਾਲਾ ਵੀ ਸ਼ਾਮਲ ਸਨ।