ਸਿੱਖਿਆ ਮੰਤਰੀ ਬੈਂਸ 1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਨਾਲ਼ ਮੀਟਿੰਗ ਤੋਂ ਸੱਤਵੀਂ ਵਾਰ ਮੁਕਰਿਆ!
ਸੱਤਵੀਂ ਵਾਰ ਮੁੱਕਰਨ ਤੋਂ ਬਾਅਦ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨ 6 ਅਪ੍ਰੈਲ ਨੂੰ ਪਟਿਆਲਾ ‘ਚ ਮੁੱਖ ਮੰਤਰੀ ਦੀ ਸੂਬਾ ਪੱਧਰੀ ਰੈਲੀ ਦਾ ਤਿੱਖਾ ਵਿਰੋਧ ਕਰਨਗੇ
ਪਰਮਜੀਤ ਢਾਬਾਂ
ਫਾਜ਼ਿਲਕਾ, 5 ਅਪ੍ਰੈਲ 2026: ਸਿੱਖਿਆ ਮੰਤਰੀ ਹਰਜੋਤ ਬੈਂਸ ਨੇ 1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਨਾਲ਼ 2 ਅਪ੍ਰੈਲ ਨੂੰ ਰੱਖੀ ਮੀਟਿੰਗ ਮੁੜ ਮੁਲਤਵੀ ਕਰ ਦਿੱਤੀ ਹੈ। ਗੌਰਤਲਬ ਹੈ ਕਿ ਇਹ ਸੱਤਵਾਂ ਮੌਕਾ ਹੈ ਜਦੋਂ ਸਿੱਖਿਆ ਮੰਤਰੀ ਨੇ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਨੂੰ ਚੰਡੀਗੜ੍ਹ ਮੀਟਿੰਗ ਲਈ ਸੱਦ ਕੇ ਖੱਜਲ-ਖੁਆਰ ਕੀਤਾ ਹੈ।
1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫਰੰਟ ਨੇ ਲੰਘੀ 31 ਮਾਰਚ ਨੂੰ ਸਿੱਖਿਆ ਮੰਤਰੀ ਦੇ ਹਲਕੇ ਨੰਗਲ ਵਿਖੇ ਮੁੱਖ ਮੰਤਰੀ ਪੰਜਾਬ ਦੀ ਰੈਲੀ ਦੌਰਾਨ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ ਜਿਸ ਦਾ ਦਬਾਅ ਮੰਨਦਿਆਂ ਨੰਗਲ ਪ੍ਰਸ਼ਾਸਨ ਵੱਲੋਂ 2 ਅਪ੍ਰੈਲ ਦੀ ਸਿੱਖਿਆ ਮੰਤਰੀ ਨਾਲ਼ ਮੀਟਿੰਗ ਤੈਅ ਕਰਵਾਈ ਸੀ।
ਇਸ ਤੋਂ ਪਹਿਲਾਂ ਦਿੱਤੀਆਂ ਛੇ ਮੀਟਿੰਗਾਂ ਵਾਲਾ ਗੈਰ ਜ਼ਿੰਮੇਵਾਰਾਨਾ ਵਤੀਰਾ ਅਪਣਾਉਂਦਿਆਂ ਸਿੱਖਿਆ ਮੰਤਰੀ ਸੱਤਵੀਂ ਵਾਰ ਵੀ ਗੱਲ ਕਰਨ ਤੋਂ ਟਲ਼ ਗਏ ਹਨ। ਮੀਟਿੰਗ ਵਿੱਚ ਸਾਥੀਆਂ ਸਮੇਤ ਪਹੁੰਚੇ ਪ੍ਰੋਫ਼ੈਸਰ ਜਸਵਿੰਦਰ ਕੌਰ ਨੇ ਕਿਹਾ ਕਿ ਉਹ ਸਰੀਰਕ ਤੌਰ ‘ਤੇ 100% ਅਪਾਹਜ਼ ਹਨ ਅਤੇ ਵੀਲ ਚੇਅਰ ਤੋਂ ਬਗੈਰ ਕਿਤੇ ਆ ਜਾ ਨਹੀਂ ਸਕਦੇ, ਨਾ ਹੀ ਵਧੇਰੇ ਲੰਮਾ ਸਫ਼ਰ ਕਰ ਸਕਦੇ ਹਨ।
ਪਰ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਨੂੰ ਮੀਟਿੰਗ ਦੇ ਪੁਖਤਾ ਹੋਣ ਬਾਰੇ ਦੇਰ ਰਾਤ ਤੱਕ ਯਕੀਨ ਦਿਵਾਉਂਦੇ ਰਹੇ। ਜਦੋਂ 2 ਅਪ੍ਰੈਲ ਨੂੰ ਉਹ ਛੇ-ਸੱਤ ਘੰਟੇ ਦਾ ਲੰਮਾ ਸਫ਼ਰ ਕਰਕੇ ਸਿਵਿਲ ਸਕੱਤਰੇਤ ਚੰਡੀਗੜ੍ਹ ਮੀਟਿੰਗ ਲਈ ਪਹੁੰਚੇ ਤਾਂ ਪ੍ਰਸ਼ਾਸਨ ਨੇ ਸਿੱਖਿਆ ਮੰਤਰੀ ਦੀ ਸਿਹਤ ਨਾਸਾਜ਼ ਹੋਣ ਦੀ ਗੱਲ ਆਖ ਕੇ ਮੀਟਿੰਗ ਮੁੜ ਮੁਲਤਵੀ ਕਰ ਦਿੱਤੀ ਜਦੋਂ ਕਿ ਉਸੇ ਸਮੇਂ ਹਰਜੋਤ ਬੈਂਸ ਨੰਗਲ ਦੇ ਕਿਸੇ ਧਾਰਮਿਕ ਸਮਾਗਮ ਵਿੱਚ ਆਪਣੀ ਰਾਜਨੀਤੀ ਚਮਕਾ ਰਹੇ ਸਨ।
ਪ੍ਰੋਫ਼ੈਸਰ ਪਰਮਜੀਤ ਸਿੰਘ ਨੇ ਕਿਹਾ ਕਿ 1158 ਸਹਾਇਕ ਪ੍ਰੋਫ਼ੈਸਰ ਲਾਇਬ੍ਰੇਰੀਅਨ ਫ਼ਰੰਟ ਦੀ ਫਾਜ਼ਿਲਕਾ ਇਕਾਈ ਨੇ 2 ਅਪ੍ਰੈਲ ਦੀ ਮੀਟਿੰਗ ਨਾ ਹੋਣ ਦੀ ਸੂਰਤ ਵਿੱਚ ਫਾਜ਼ਿਲਕਾ ਵਿਖੇ ਮੁੱਖ ਮੰਤਰੀ ਪੰਜਾਬ ਦੀ ਰੈਲੀ ਦੌਰਾਨ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ ਜਿਸ ਨੂੰ ਟਾਲਣ ਲਈ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਮੀਟਿੰਗ ਲਈ ਚੰਡੀਗੜ੍ਹ ਸੱਦ ਕੇ ਮੀਟਿੰਗ ਦਾ ਸਮਾਂ 11 ਵਜੇ ਤੋਂ ਬਦਲ ਕੇ 1 ਵਜੇ ਕਰ ਦਿੱਤਾ ਅਤੇ ਬਾਅਦ ਵਿੱਚ ਮੀਟਿੰਗ ਕਰਨ ਤੋਂ ਹੀ ਇਨਕਾਰੀ ਹੋ ਗਏ।
ਉਹਨਾਂ ਕਿਹਾ ਕਿ ਉਹ ਸਰਕਾਰ ਦੀਆਂ ਸੰਘਰਸ਼ੀ ਲੋਕਾਂ ਨੂੰ ਥਕਾਉਣ-ਅਕਾਉਣ ਦੀਆਂ ਕੋਝੀਆਂ ਨੀਤੀਆਂ ਤੋਂ ਵਾਕਿਫ਼ ਹਨ। ਸਿੱਖਿਆ ਮੰਤਰੀ ਦੇ ਅਜਿਹੇ ਤਾਨਾਸ਼ਾਹੀ ਰਵੱਈਏ ਨੂੰ ਪੂਰਾ ਪੰਜਾਬ ਦੇਖ ਰਿਹਾ ਹੈ ਜਿਸ ਦਾ ਫ਼ਤਵਾ ਲੋਕ 2027 ਦੀਆਂ ਚੋਣਾਂ ਵਿੱਚ ਸੁਣਾਉਣਗੇ।
ਆਗੂਆਂ ਨੇ ਕਿਹਾ ਕਿ ਉਹ ਜਲਦ ਹੀ ਪੰਜਾਬ ਪੱਧਰੀ ਰੋਸ ਪ੍ਰਦਰਸ਼ਨ ਦੀ ਤਿਆਰੀ ਕਰਕੇ ਆਪ ਸਰਕਾਰ ਨੂੰ ਹਰ ਮੋਰਚੇ ਉੱਤੇ ਘੇਰਨਗੇ। ਇਸੇ ਲੜੀ ਤਹਿਤ ਪਟਿਆਲਾ ਨੇੜਲੇ ਕਾਲਜ ਮੁੱਖ ਮੰਤਰੀ ਦੀ 6 ਅਪ੍ਰੈਲ ਦੀ ਪਟਿਆਲਾ ਦਿਹਾਤੀ ਰੈਲੀ ਦਾ ਵਿਰੋਧ ਕਰਨਗੇ। ਇਸ ਐਲਾਨ ਮੌਕੇ ਪ੍ਰੋਫ਼ੈਸਰ ਪ੍ਰਿਤਪਾਲ ਸਿੰਘ, ਨਿਰਭੈ ਸਿੰਘ, ਗੁਰਮੁਖ ਸਿੰਘ, ਕਰਮਜੀਤ ਸਿੰਘ, ਡਾ. ਹਰਜੀਤ ਸਿੰਘ ਡਾ. ਕੁਲਦੀਪ ਸਿੰਘ, ਡਾ. ਸੋਹੇਲ ਅਤੇ ਪ੍ਰੋਫ਼ੈਸਰ ਅਰਸ਼ ਵੀ ਹਾਜ਼ਰ ਸਨ।






