Education News: ਸਕੂਲ ਆਫ ਐਮੀਨੈਂਸ ਅਤੇ ਮੈਰੀਟੋਰੀਅਸ ਸਕੂਲਾਂ ‘ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਸਰਕਾਰ ਨੇ ਰਜਿਸਟ੍ਰੇਸ਼ਨ ਤਰੀਕ ਐਲਾਨੀ
Punjab Network
Punjab News, 06 ਜਨਵਰੀ 2026- ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵੱਲੋਂ ਸੈਸ਼ਨ 2026–27 ਲਈ ਸਕੂਲ ਆਫ ਐਮਿਨੈਂਸ (School of Eminence) ਅਤੇ ਮੈਰੀਟੋਰੀਅਸ ਸਕੂਲਾਂ (Meritorious Schools) ਵਿੱਚ 9ਵੀਂ ਅਤੇ 11ਵੀਂ ਜਮਾਤ ਦੇ ਦਾਖਲਿਆਂ ਲਈ ਸਾਂਝੀ ਪ੍ਰਵੇਸ਼ ਪਰੀਖਿਆ ਮਾਰਚ 2026 ਵਿੱਚ ਕਰਵਾਈ ਜਾਵੇਗੀ। ਇਸ ਪਰੀਖਿਆ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ 3 ਜਨਵਰੀ ਤੋਂ 20 ਜਨਵਰੀ 2026 ਤੱਕ ਜਾਰੀ ਰਹੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ, ਅਰਧ-ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਵਰਤਮਾਨ ਸਮੇਂ ਕਲਾਸ 8ਵੀਂ ਅਤੇ 10ਵੀਂ ਵਿੱਚ ਅਧਿਐਨ ਕਰ ਰਹੇ ਵਿਦਿਆਰਥੀ ਇਸ ਪਰੀਖਿਆ ਲਈ ਯੋਗ ਹਨ। ਸਫਲ ਉਮੀਦਵਾਰਾਂ ਨੂੰ ਸੈਸ਼ਨ 2026–27 ਵਿੱਚ 9ਵੀਂ ਅਤੇ 11ਵੀਂ ਵਿੱਚ ਦਾਖਲਾ ਮਿਲੇਗਾ।
ਉਨ੍ਹਾਂ ਦੱਸਿਆ ਕਿ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਪ੍ਰਕਿਰਿਆ ਆਨਲਾਈਨ ਪੋਰਟਲ schoolofeminence.pseb.ac.in ਰਾਹੀਂ ਕੀਤੀ ਜਾਵੇਗੀ। ਇਸਦੇ ਨਾਲ ssapunjab.org, epunjabschool.gov.in ਅਤੇ pseb.ac.in ਰਾਹੀਂ ਵੀ ਪੋਰਟਲ ਤੱਕ ਪਹੁੰਚ ਕੀਤੀ ਜਾ ਸਕਦੀ ਹੈ।
ਅਰਜ਼ੀ ਭਰਨ ਸਮੇਂ ਵਰਤਮਾਨ ਕਲਾਸ ਦਾ ਵੇਰਵਾ ਦੇਣਾ ਲਾਜ਼ਮੀ ਹੋਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨਾਲ ਸੰਬੰਧਤ ਵਿਦਿਆਰਥੀ ਆਨਲਾਈਨ ਰੋਲ ਨੰਬਰ ਅਤੇ ਸਟੂਡੈਂਟ ਆਈਡੀ (Student ID) ਦਰਜ ਕਰਨਗੇ, ਜਿਸ ਨਾਲ ਉਨ੍ਹਾਂ ਦਾ ਡਾਟਾ ਆਪਣੇ-ਆਪ ਭਰ ਜਾਵੇਗਾ।
ਹੋਰ ਬੋਰਡਾਂ ਦੇ ਵਿਦਿਆਰਥੀਆਂ ਨੂੰ ਆਪਣੀ ਜਾਣਕਾਰੀ ਖੁਦ ਭਰਨੀ ਹੋਵੇਗੀ। ਲੋੜੀਂਦੇ ਵੇਰਵਿਆਂ ਦੀ ਪੁਸ਼ਟੀ ਤੋਂ ਬਾਅਦ ਰਜਿਸਟ੍ਰੇਸ਼ਨ ਸਲਿੱਪ ਡਾਊਨਲੋਡ ਕੀਤੀ ਜਾ ਸਕਦੀ ਹੈ। OTP ਨੰਬਰ ਤੋਂ ਬਿਨਾਂ ਅਰਜ਼ੀ ਅਧੂਰੀ ਮੰਨੀ ਜਾਵੇਗੀ।
ਸਰਕਾਰੀ ਸਕੂਲਾਂ ਦੇ ਮੁਖੀ ਅਤੇ ਕੰਪਿਊਟਰ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਸਹਾਇਤਾ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਨਾਲ ਹੀ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ CBSE, ICSE ਸਮੇਤ ਹੋਰ ਬੋਰਡਾਂ ਦੇ ਵਿਦਿਆਰਥੀ ਵੀ ਅਰਜ਼ੀ ਦੇ ਸਕਦੇ ਹਨ।






