Education News: ਸਿੱਖਿਆ ਵਿਭਾਗ ਨੇ ਆਪਣੇ ਹੀ ਸਿਸਟਮ ਦੀ ਖੋਲ੍ਹੀ ਪੋਲ! ਸਕੂਲ ਆਫ਼ ਐਮੀਨੈਂਸ ਚ ਅਧਿਆਪਕਾਂ ਦੀ ਘਾਟ ਬਾਰੇ ਜਾਰੀ ਕੀਤਾ ਨਵਾਂ ਪੱਤਰ
ਪੰਜਾਬ ਨੈੱਟਵਰਕ, ਚੰਡੀਗੜ੍ਹ-
Education News: ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲ ਆਫ਼ ਐਮੀਨੈਂਸ ਵਿੱਚ ਲੱਗੇ ਅਧਿਆਪਕਾਂ ਦੀਆਂ ਆਰਜ਼ੀ ਡਿਊਟੀਆਂ ਬਾਰੇ ਨਵਾਂ ਪੱਤਰ ਜਾਰੀ ਕੀਤਾ ਹੈ। ਆਪਣੇ ਪੱਤਰ ਵਿੱਚ ਵਿਭਾਗ ਨੇ ਲਿਖਿਆ ਹੈ ਕਿ ਸਕੂਲ ਆਫ਼ ਐਮੀਨੈਂਸ ਸਰਕਾਰ ਦੁਆਰਾ ਇੱਕ ਫਲੈਗਸ਼ਿਪ ਪ੍ਰੋਗਰਾਮ ਹੈ।
ਅਧਿਆਪਕਾਂ ਦੀ ਘਾਟ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਵਿਭਾਗ ਵੱਲੋਂ ਵੱਖ-ਵੱਖ ਹੁਕਮਾਂ ਰਾਹੀਂ ਅਧਿਆਪਕਾਂ ਦੀਆਂ ਆਰਜ਼ੀ ਡਿਊਟੀਆਂ ਸਕੂਲ ਆਫ਼ ਐਮੀਨੈਂਸ ਵਿੱਚ 31 ਦਸੰਬਰ 2025 ਤੱਕ ਲਗਾਈਆਂ ਗਈਆਂ ਸਨ। ਵਿਦਿਆਰਥੀਆਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਸਕੂਲ ਆਫ਼ ਐਮੀਨੈਂਸ ਵਿੱਚ ਲੱਗੀਆਂ ਇਹਨਾਂ ਡਿਊਟੀਆਂ ਵਿੱਚ ਵਿੱਦਿਅਕ ਵਰ੍ਹੇ ਦੀ ਸਮਾਪਤੀ ਭਾਵ 31 ਮਾਰਚ 2026 ਤੱਕ ਵਾਧਾ ਕੀਤਾ ਜਾਂਦਾ ਹੈ। ਯਾਨੀ ਕਿ ਸਕੂਲ ਆਫ਼ ਐਮੀਨੈਂਸ ਵਿੱਚ ਆਰਜ਼ੀ ਤੌਰ ‘ਤੇ ਪੜ੍ਹਾ ਰਹੇ ਅਧਿਆਪਕ ਹੁਣ 31 ਮਾਰਚ ਤੱਕ ਇੱਥੇ ਹੀ ਡਿਊਟੀਆਂ ਨਿਭਾਉਂਦੇ ਰਹਿਣਗੇ।

ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਪੰਜਾਬ ਦੇ ਅੰਦਰ ਵੱਡੇ ਪੱਧਰ ‘ਤੇ ਅਧਿਆਪਕਾਂ ਦੀ ਘਾਟ ਹੈ ਜਿਸ ਦੇ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ।
ਪਿਛਲੇ ਚਾਰ ਸਾਲਾਂ ਵਿੱਚ ਇੱਕ ਵੀ ਨਹੀਂ ਕੱਢੀ ਨਵੀਂ ਭਰਤੀ
ਭਾਵੇਂ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਅਥਾਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਅਧਿਆਪਕਾਂ ਦੀ ਕਮੀ ਨੂੰ ਪੂਰਾ ਕੀਤਾ ਜਾਵੇ ਪਰ ਅਫ਼ਸੋਸ ਇਹ ਹੈ ਕਿ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਵਿੱਚ ਇੱਕ ਵੀ ਨਵੀਂ ਭਰਤੀ ਨਹੀਂ ਕੱਢੀ ਗਈ, ਜਿਸ ਦੇ ਕਾਰਨ ਕਈ ਸਕੂਲ ਖਾਲੀ ਹਨ ਅਤੇ ਸੈਂਕੜੇ ਸਕੂਲਾਂ ਵਿੱਚ ਇਸ ਵੇਲੇ ਪ੍ਰਿੰਸੀਪਲ ਦੀਆਂ ਪੋਸਟਾਂ ਖਾਲੀ ਹਨ ਜਿਸ ਨੂੰ ਲੈ ਕੇ ਅਧਿਆਪਕ ਸਮੇਂ-ਸਮੇਂ ‘ਤੇ ਪ੍ਰਦਰਸ਼ਨ ਕਰਦੇ ਰਹੇ ਹਨ।
ਅਧਿਆਪਕਾਂ ਦੀ ਜਲਦ ਤੋਂ ਜਲਦ ਭਰਤੀ ਕੀਤੀ ਜਾਵੇ
ਅਧਿਆਪਕ ਜਥੇਬੰਦੀਆਂ ਦੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਪੰਜਾਬ ਦੇ ਅੰਦਰ ਅਧਿਆਪਕਾਂ ਦੀ ਜਲਦ ਤੋਂ ਜਲਦ ਭਰਤੀ ਕੀਤੀ ਜਾਵੇ ਅਤੇ ਪੈਂਡਿੰਗ ਚੱਲ ਰਹੀਆਂ ਭਰਤੀਆਂ ਨੂੰ ਜਲਦ ਮੁਕੰਮਲ ਕੀਤਾ ਜਾਵੇ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋ ਸਕੇ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਮਾਨ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦਾ ਜਿਹੜਾ ਦਾਅਵਾ ਕੀਤਾ ਜਾ ਰਿਹਾ ਹੈ, ਉਸ ਦੀ ਪੋਲ ਸਿੱਖਿਆ ਵਿਭਾਗ ਦੁਆਰਾ ਜਾਰੀ ਕੀਤੇ ਗਏ ਨਵੇਂ ਪੱਤਰ ਵਿੱਚ ਸਾਫ਼ ਨਿਕਲਦੀ ਹੋਈ ਵਿਖਾਈ ਦੇ ਰਹੀ ਹੈ।
ਵਿਭਾਗ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਅਧਿਆਪਕਾਂ ਦੀ ਘਾਟ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ, ਜਿਸ ਕਾਰਨ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ ਆਰਜ਼ੀ ਤੌਰ ‘ਤੇ ਸਕੂਲ ਆਫ਼ ਐਮੀਨੈਂਸ ਵਿੱਚ ਅਧਿਆਪਕਾਂ ਦੀਆਂ ਜਿਹੜੀਆਂ ਡਿਊਟੀਆਂ ਲਗਾਈਆਂ ਗਈਆਂ ਸੀ, ਉਹਨਾਂ ਨੂੰ 31 ਮਾਰਚ ਤੱਕ ਵਧਾ ਦਿੱਤਾ ਗਿਆ ਹੈ।
ਸਰਕਾਰ ਦੇ ਇਸ ਪੱਤਰ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਨੇ ਸਕੂਲ ਆਫ਼ ਐਮੀਨੈਂਸ ਤਾਂ ਸ਼ੁਰੂ ਕਰ ਦਿੱਤਾ, ਪਰ ਉੱਥੇ ਨਵੀਂ ਭਰਤੀ ਨਹੀਂ ਕੀਤੀ, ਦੂਜੇ ਸਕੂਲਾਂ ਦੇ ਵਿੱਚੋਂ ਚੁੱਕ ਕੇ ਅਧਿਆਪਕਾਂ ਦੀਆਂ ਡਿਊਟੀਆਂ ਇੱਥੇ ਲਗਾ ਦਿੱਤੀਆਂ ਗਈਆਂ ਜਿਸ ਦੇ ਕਾਰਨ ਦੂਜੇ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ।
ਖੈਰ, ਵੇਖਦੇ ਹਾਂ ਕਿ ਇਸ ਨਵੇਂ ਸਾਲ ਵਿੱਚ ਸਰਕਾਰ ਕੀ ਕੁਝ ਫੈਸਲੇ ਲੈਂਦੀ ਹੈ। ਕੀ ਸਰਕਾਰ ਆਪਣੇ ਇਸ ਆਖਰੀ ਸਾਲ ਵਿੱਚ ਕੋਈ ਨਵੀਂ ਭਰਤੀ ਕੱਢਦੀ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਰਕਾਰ ਕੀ ਕੁਝ ਕਰਦੀ ਹੈ।






