Education News: ਸਰਕਾਰੀ ਸਕਲਾਂ ਦੇ ਬੱਚਿਆਂ ਲਈ ਵਰਦੀਆਂ ਦੀ ਖਰੀਦ ‘ਚ ਬੇਨਿਯਮੀਆਂ ਦੀ ਜਾਂਚ ਪਈ ਠੰਡੇ ਬਸਤੇ ‘ਚ, ਹੁਣ ਤੱਕ ਸਿਰਫ਼ 3 ਸਿੱਖਿਆ ਅਫ਼ਸਰ ਸਸਪੈਂਡ!

586

 

  • ਜਾਂਚ ਨੂੰ ਠੰਢੇ ਬਸਤੇ ਪਾਉਣਾ ਭ੍ਰਿਸ਼ਟਾਚਾਰ ਨੂੰ ਸ਼ਹਿ – ਡੀ.ਟੀ.ਐੱਫ

ਪੰਜਾਬ ਨੈੱਟਵਰਕ, ਸੰਗਰੂਰ-

ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਸੰਗਰੂਰ ਇਕਾਈ ਵੱਲੋਂ ਜ਼ਿਲ੍ਹੇ ਦੇ ਕੁਝ ਬੀ.ਪੀ.ਈ.ਓਜ਼. ਵੱਲੋਂ ਵਿਭਾਗੀ ਨਿਯਮਾਂ ਦੇ ਉਲਟ ਜਾ ਕੇ ਆਪਣੇ ਪੱਧਰ ‘ਤੇ ਪ੍ਰੀ-ਪ੍ਰਾਇਮਰੀ ਦੀਆਂ ਵਰਦੀਆਂ ਦੀ ਖਰੀਦ ਕਰਨ ਅਤੇ ਇਸ ਵਿੱਚ ਵੱਡੇ ਪੱਧਰ ‘ਤੇ ਘਪਲੇਬਾਜ਼ੀ ਹੋਣ ਦੇ ਖਦਸ਼ੇ ਸਬੰਧੀ ਡੀਸੀ ਸੰਗਰੂਰ ਨੂੰ ਦਿੱਤੀ ਸ਼ਿਕਾਇਤ ਨੂੰ ਡੇਢ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ, ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਸ਼ਿਕਾਇਤ ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ ਅਤੇ ਹਾਲੇ ਤੱਕ ਸ਼ਿਕਾਇਤ ਕਰਤਾ(ਡੀ.ਟੀ.ਐੱਫ.) ਨੂੰ ਇਸ ਮਾਮਲੇ ਵਿੱਚ ਸ਼ਾਮਲ ਕਰਕੇ ਉਹਨਾਂ ਦੇ ਬਿਆਨ ਦਰਜ ਨਹੀਂ ਕੀਤੇ ਗਏ ਹਨ।

ਅਜਿਹੇ ਵਿੱਚ ਇਸ ਮਾਮਲੇ ਵਿੱਚ ਦੋਸ਼ੀ ਅਧਿਕਾਰੀਆਂ ‘ਤੇ ਕਾਰਵਾਈ ਹੋਣਾ ਦੂਰ ਦੀ ਗੱਲ ਜਾਪਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡੀ.ਟੀ.ਐੱਫ. ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਬਲਬੀਰ ਲੋਂਗੋਵਾਲ ਨੇ ਕੀਤਾ। ਉਹਨਾਂ ਕਿਹਾ ਕਿ ਮਾਮਲੇ ਨੂੰ ਇੰਨਾ ਲੰਮਾ ਲਟਕਾਉਣਾ ਇਨਸਾਫ਼ ਦੇ ਰਾਹ ਵਿੱਚ ਅੜਿੱਕਾ ਬਣਦਾ ਹੈ ਤੇ ਦੋਸ਼ੀ ਨੂੰ ਆਪਣੇ ਦੋਸ਼ ‘ਤੇ ਪਰਦਾਪੋਸ਼ੀ ਕਰਨ ਅਤੇ ਅਸਰ-ਰਸੂਖ ਵਰਤ ਕੇ ਜਾਂਚ ਨੂੰ ਪ੍ਰਭਾਵਿਤ ਕਰਨ ਦਾ ਸਮਾਂ ਮਿਲਦਾ ਹੈ। ਨਿਆਂ ‘ਚ ਦੇਰੀ ਵੀ ਅਨਿਆਂ ਹੈ।

ਉਹਨਾਂ ਕਿਹਾ ਕਿ ਡੀਸੀ ਦਫ਼ਤਰ ਵੱਲੋਂ ਇਸ ਸ਼ਿਕਾਇਤ ਦੀ ਜਾਂਚ ਐੱਸ.ਡੀ.ਐੱਮ. ਸੰਗਰੂਰ ਨਵਰੀਤ ਕੌਰ ਸੇਖੋਂ ਨੂੰ ਸੌਂਪੀ ਗਈ ਸੀ ਤੇ ਲਗਭਗ ਵੀਹ ਦਿਨ ਪਹਿਲਾਂ ਜਥੇਬੰਦੀ ਨੇ ਉਹਨਾਂ ਨੂੰ ਮਿਲ ਕੇ ਇਸ ਜਾਂਚ ਵਿੱਚ ਜਥੇਬੰਦੀ ਦਾ ਪੱਖ ਦਰਜ ਕਰਨ ਅਤੇ ਜਾਂਚ ਨੂੰ ਸਮੇਂ ਸਿਰ ਮੁਕੰਮਲ ਕਰਨ ਦੀ ਮੰਗ ਰੱਖੀ ਸੀ। ਪ੍ਰੰਤੂ ਹਾਲੇ ਤੱਕ ਵੀ ਇਸ ਜਾਂਚ ਦਾ ਅੱਗੇ ਨਾ ਵਧਣਾ ਇਹ ਦਰਸਾਉਂਦਾ ਹੈ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਇਸ ਮਾਮਲੇ ਪ੍ਰਤੀ ਗੰਭੀਰ ਨਹੀਂ ਹੈ, ਜਦੋਂ ਕਿ ਇਹ ਮਾਮਲਾ ਪੰਜਾਬ ਪੱਧਰ ‘ਤੇ ਸਿੱਖਿਆ ਮੰਤਰੀ ਦੇ ਧਿਆਨ ਵਿੱਚ ਹੈ ਤੇ ਬਿਲਕੁਲ ਇਸੇ ਤਰ੍ਹਾਂ ਦੇ ਮਾਮਲੇ ਵਿੱਚ ਵਿਭਾਗ ਵੱਲੋਂ ਹੁਣ ਤੱਕ ਸੂਬੇ ਵਿੱਚ ਤਿੰਨ ਬੀ.ਪੀ.ਈ.ਓਜ਼. ਅਤੇ ਇੱਕ ਡੀ.ਈ.ਓ. ਨੂੰ ਮੁਅੱਤਲ ਕੀਤਾ ਗਿਆ ਹੈ।

ਮੁੱਖ-ਮੰਤਰੀ ਦੇ ਆਪਣੇ ਜ਼ਿਲ੍ਹੇ ਵਿੱਚ ਜਾਂਚ ਦਾ ਅੱਗੇ ਨਾ ਵਧਣਾ ਗੰਭੀਰ ਪ੍ਰਸ਼ਨ ਖੜ੍ਹੇ ਕਰਦਾ ਹੈ। ਦੋਸ਼ੀ ਅਧਿਕਾਰੀਆਂ ਵੱਲੋਂ ਸਿਆਸੀ ਓਟ-ਆਸਰਾ ਤੱਕਣ ਦੀਆਂ ਖਬਰਾਂ ਵੀ ਅਖ਼ਬਾਰਾਂ ਵਿੱਚ ਪੜ੍ਹਨ ਨੂੰ ਮਿਲੀਆਂ ਹਨ। ਇਸ ਤੋਂ ਇਸ ਸਰਕਾਰ ਵੱਲੋਂ ਆਪਣੇ ਕੱਟੜ ਇਮਾਨਦਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਹੋਣ ਦੇ ਦਾਅਵਿਆਂ ਦੀ ਫੂਕ ਵੀ ਨਿੱਕਲ ਰਹੀ ਹੈ। ਜਥੇਬੰਦੀ ਦੇ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਦਾਤਾ ਸਿੰਘ ਨਮੋਲ ਨੇ ਕਿਹਾ ਕਿ ਇਸ ਮਸਲੇ ਵਿੱਚ ਅੱਜ ਜਥੇਬੰਦੀ ਦਾ ਇੱਕ ਵਫ਼ਦ ਡੀਸੀ ਸੰਗਰੂਰ ਜਤਿੰਦਰ ਜੋਰਵਾਲ ਨੂੰ ਮਿਲਿਆ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਢਿੱਲੀ-ਮੱਠੀ ਕਾਰਵਾਈ ਸਬੰਧੀ ਉਹਨਾਂ ਨਾਲ ਗੱਲਬਾਤ ਕੀਤੀ।

ਡੀਸੀ ਨੇ ਮੌਕੇ ‘ਤੇ ਐੱਸ.ਡੀ.ਐੱਮ. ਸੰਗਰੂਰ ਨੂੰ ਫ਼ੋਨ ਕਰਕੇ ਇਸ ਮਸਲੇ ਵਿੱਚ ਜਥੇਬੰਦੀ ਦੇ ਬਿਆਨ ਦਰਜ ਕਰਨ, ਇਨਕੁਆਇਰੀ ਤੇਜ਼ ਕਰਨ ‘ਤੇ ਜਲਦੀ ਰਿਪੋਰਟ ਪੇਸ਼ ਕਰਨ ਦੀ ਹਿਦਾਇਤ ਕੀਤੀ। ਜਥੇਬੰਦੀ ਵੱਲੋਂ ਇਸ ਮਾਮਲੇ ਵਿੱਚ ਨਿਆਂ ਹੋਣ ਤੱਕ ਲੜਨ ਦਾ ਅਹਿਦ ਦੁਹਰਾਇਆ ਗਿਆ। ਵਫ਼ਦ ਵਿੱਚ ਉਕਤ ਆਗੂਆਂ ਤੋਂ ਇਲਾਵਾ ਡੀ.ਟੀ.ਐੱਫ. ਦੇ ਜ਼ਿਲ੍ਹਾ ਪ੍ਰੈਸ ਸਕੱਤਰ ਜਸਬੀਰ ਨਮੋਲ ਅਤੇ ਜ਼ਿਲ੍ਹਾ ਆਗੂ ਪਵਨ ਕੁਮਾਰ ਸੰਗਰੂਰ ਸ਼ਾਮਲ ਸਨ।

 

LEAVE A REPLY

Please enter your comment!
Please enter your name here