ਡਾਇਟਾਂ ਵਿੱਚ ਬਿਨਾਂ ਸਹਿਮਤੀ ਲੈਕਚਰਾਰਾਂ ਦੀ ਤੈਨਾਤੀ ਦਾ ਲੈਕਚਰਾਰ ਯੂਨੀਅਨ ਪੰਜਾਬ ਵਲੋਂ ਵਿਰੋਧ – ਅਮਨ ਸ਼ਰਮਾ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਅੰਮ੍ਰਿਤਸਰ ਦੀ ਹੰਗਾਮੀ ਮੀਟਿੰਗ ਸੂਬਾ ਮੀਤ ਪ੍ਰਧਾਨ ਅਤੇ ਪ੍ਰਧਾਨ ਅੰਮ੍ਰਿਤਸਰ ਅਮਨ ਸ਼ਰਮਾ ਦੀ ਪ੍ਰਧਾਨਗੀ ਵਿੱਚ ਡਾਇਟਾਂ ਵਿੱਚ ਬਿਨਾਂ ਸਹਿਮਤੀ ਅਤੇ ਬਿਨਾਂ ਸਕੂਲ ਚੋਣ ਦਾ ਮੌਕਾ ਦਿੱਤੇ ਲੈਕਚਰਾਰ ਵਰਗ ਦੀਆਂ ਤੈਨਾਤੀ ਦੇ ਮੁੱਦੇ ਤੇ ਹੋਈ| ਅਮਨ ਸ਼ਰਮਾ ਅਤੇ ਉਚੇਚੇ ਤੋਰ ਤੇ ਮੀਟਿੰਗ ਵਿੱਚ ਸ਼ਾਮਿਲ ਹੋਏ ਬਲਰਾਜ ਸਿੰਘ ਬਾਜਵਾ ਅਤੇ ਕੌਸ਼ਲ ਸ਼ਰਮਾ ਨੇ ਇਹਨਾਂ ਤੈਨਾਤੀਆਂ ਨੂੰ ਅਧਿਆਪਕਾਂ ਵਰਗ ਦਾ ਉਜਾੜਾ ਦੱਸਿਆ|
ਮੀਟਿੰਗ ਵਿੱਚ ਸ਼ਾਮਿਲ ਮਲਕੀਤ ਸਿੰਘ ਫਿਰੋਜ਼ਪੁਰ, ਸੁਖਦੇਵ ਸਿੰਘ ਰਾਣਾ, ਕੁਲਦੀਪ ਸਿੰਘ ਗਰੋਵਰ, ਰਵਿੰਦਰਪਾਲ ਸਿੰਘ ਨੇ ਕਿਹਾ ਕਿ ਬਿਨਾਂ ਸਹਿਮਤੀ ਅਤੇ ਬਿਨਾਂ ਸਟੇਸ਼ਨ ਚੋਣ ਦਾ ਮੌਕਾ ਦਿੱਤੇ ਘਰ ਤੋਂ ਦੂਰ ਬਦਲੀਆਂ ਕਰਨ ਨਾਲ ਇਹਨਾਂ ਲੈਕਚਰਾਰਾਂ ਅਤੇ ਉਹਨਾਂ ਦੇ ਪਰਿਵਾਰਾਂ ਚ ਨਿਰਾਸ਼ਾ ਫੈਲ ਗਈ ਹੈ ਅਤੇ ਬਿਨਾਂ ਸਹਿਮਤੀ ਬਦਲੇ ਗਏ ਇਹ ਅਧਿਆਪਕ ਅਦਾਲਤ ਚ ਜਾਣ ਦੀ ਯੋਜਨਾ ਬਣਾ ਰਹੇ ਹਨ|
ਮੁਕਤਸਰ ਪ੍ਰਧਾਨ ਚਰਨਦਾਸ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੀ ਇੱਕ ਵਿਧਵਾ ਲੈਕਚਰਾਰ ਅਤੇ ਇੱਕ ਤਲਾਕਸ਼ੁਦਾ ਲੈਕਚਰਾਰ ਅਤੇ ਕਈ ਸੇਵਾਮੁਕਤੀ ਦੇ ਨੇੜੇ ਲੈਕਚਰਾਰ ਦੀ ਬਦਲੀ ਕਰ ਦਿੱਤੀ| ਹਰ ਜ਼ਿਲ੍ਹੇ ਵਿੱਚ ਇਸ ਤਰਾਂ ਦੀ ਬਹੁਤ ਗਲਤ ਦੂਰ ਬਦਲੀਆਂ ਕਰ ਦਿਤੀਆਂ, ਜਿਸ ਨਾਲ ਇਹ ਲੈਕਚਰਾਰ ਨਿਰਾਸ਼ਾ ਵਿੱਚ ਚੱਲੇ ਗਏ ਅਤੇ ਇੱਕ ਨਾਖੁਸ਼, ਚਿੰਤਿਤ ਅਤੇ ਪਰਿਵਾਰਾਂ ਤੋਂ ਦੂਰ ਅਧਿਆਪਕ ਕਿਵੇਂ ਗੁਣਾਤਮਕ ਸਿੱਖਿਆ ਦੇ ਸਕਦਾ ਹੈ|
ਅਮਨ ਸ਼ਰਮਾ ਨੇ ਕਿਹਾ ਕਿ ਪਿਛਲੇ ਸਾਲ ਵੀ ਸਰਕਾਰ ਨੇ ਸਕੂਲ ਆਫ ਐਮੀਨੈਂਸ ਵਿੱਚ ਬਿਨਾਂ ਸ਼ਹਿਮਤੀ ਬਦਲੀਆਂ ਕੀਤੀਆਂ ਸਨ ਜੋ ਕਿ ਜਥੇਬੰਦੀਆਂ ਦੇ ਸਖ਼ਤ ਵਿਰੋਧ ਕਾਰਨ ਰੱਦ ਕਰਨੀਆਂ ਪਈਆਂ ਸਨ| ਪਰ ਦੁਬਾਰਾ ਫਿਰ ਡਾਇਟਾਂ ਵਿੱਚ ਬਿਨਾਂ ਸਹਿਮਤੀ ਬਦਲੀਆਂ ਕਰਨਾ ਸਰਕਾਰ ਦੀ ਗਲਤ ਸਿੱਖਿਆ ਨੀਤੀ ਦਾ ਸਬੂਤ ਹੈ, ਕਿਉਕਿ ਬਦਲੀ ਨੀਤੀ ਵਿੱਚ ਤਾਂ ਹਰੇਕ ਅਧਿਆਪਕ ਆਪ ਅਪਲਾਈ ਕਰਨ ਅਤੇ ਸਟੇਸ਼ਨ ਚੋਣ ਦੇਣ ਦਾ ਅਧਿਕਾਰ ਹੈ, ਪਰ ਇਸ ਤਰਾਂ ਦੀ ਬਦਲੀਆਂ ਬਦਲੀ ਨੀਤੀ ਦੇ ਉਲਟ ਅਤੇ ਅਧਿਆਪਕਾਂ ਦੇ ਅਧਿਕਾਰਾਂ ਦਾ ਮਜਾਕ ਹੈ|
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਇਹਨਾਂ ਗਲਤ ਅਤੇ ਬਦਲੀ ਨੀਤੀ ਵਿਰੁੱਧ ਕੀਤੀਆਂ ਬਦਲੀਆਂ ਦੀ ਨਿਖੇਧੀ ਕਰਦੀ ਹੈ ਅਤੇ ਮੰਗ ਤੁਰੰਤ ਇਹਨਾਂ ਬਿਨਾਂ ਸਹਿਮਤੀ ਅਤੇ ਬਿਨਾਂ ਸਟੇਸ਼ਨ ਚੋਣ ਦਾ ਮੌਕਾ ਦਿੱਤੇ ਕੀਤੀਆਂ ਬਦਲੀਆਂ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਸਹਿਮਤੀ ਨਾਲ ਬਦਲੀ ਨੀਤੀ ਅਨੁਸਾਰ ਇਹਨਾਂ ਡਾਇਟਾਂ ਵਿੱਚ ਬਦਲੀਆਂ ਕੀਤੀਆਂ ਜਾਣ ਨਹੀਂ ਤਾਂ ਜਥੇਬੰਦੀ ਆਪਣੇ ਇਹਨਾਂ ਸਾਥੀਆਂ ਲਈ ਹਰ ਤਰਾਂ ਦਾ ਸੰਘਰਸ਼ ਕਰਨ ਲਈ ਤਿਆਰ ਹੈ|
ਇਸ ਮੌਕੇ ਜਗਤਾਰ ਸਿੰਘ ਸਿੰਘ,ਜਸਪਾਲ ਸਿੰਘ, ਅਮਰਜੀਤ ਸਿੰਘ ਵਾਲੀਆ,ਜਤਿੰਦਰ ਸਿੰਘ ਮਸਾਣੀਆਂ, ਤਜਿੰਦਰਪਾਲ ਸਿੰਘ,ਦੀਪਕ ਸ਼ਰਮਾ, ਜਤਿੰਦਰਪਾਲ ਸਿੰਘ, ਅਰੁਣ ਕੁਮਾਰ ਲੁਧਿਆਣਾ, ਗੁਰਬੀਰ ਸਿੰਘ, ਰਾਕੇਸ਼ ਕੁਮਾਰ ਆਦਿ ਹਾਜਰ ਸਨ।