ਮੁਸ਼ਕਲਾਂ ਨਾਲ ਭਿੜਦਾ ਤੇ ਲਿਖਦਾ ਰਿਹੈ, ਅਧਿਆਪਕ ਆਗੂ ਮੇਜਰ ਬਸੰਤ ਕੁਮਾਰ!

221

 

ਲੰਮੇ ਸਮੇਂ ਤੋਂ ਨਾ ਮੁਰਾਦ ਬੀਮਾਰੀ ਪਾਰਕਿਨਸਨ ਨਾਲ ਜੂਝਦਿਆਂ ਮੇਜਰ ਬਸੰਤ ਕੁਮਾਰ ਨੇ ਨਾ ਲਿਖਣਾ ਛੱਡਿਆ,ਨਾ ਗੱਲਾਂ ਸੁਣਨੀਆਂ ਤੇ ਕਰਨੀਆਂ ਛੱਡੀਆਂ। ਜਦ ਛੱਡੀਆਂ ਤਾਂ ਅਚਾਨਕ,ਦਵਾਈ ਦੇਣ ਲਈ ਉਠਾਉਣ ਵੇਲੇ ਪੁੱਤ ਨੂੰਹ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।ਮੌਕੇ ‘ਤੇ ਕੀਤੀਆਂ ਮਾਲਸ਼ਾਂ ਤੇ ਹਸਪਤਾਲ ਵਿਚ ਡਾਕਟਰ ਦੀਆਂ ਕੋਸ਼ਿਸ਼ਾਂ ਸਫਲ ਨਾ ਹੋਈਆਂ। ਉਹਨਾਂ ਦੇ ਤੁਰ ਜਾਣ ਦਾ ਸੁਨੇਹਾ, ਅਧਿਆਪਕ ਸੰਗਠਨ ਤੇ ਉਸਦੇ ਸੰਗੀ ਸਾਥੀਆਂ ਲਈ ਬਿਜਲੀ ਦੇ ਝਟਕੇ ਵਾਂਗ ਲੱਗਿਆ, ਉਹਨਾਂ ਦੀ ਅੰਤਿਮ ਯਾਤਰਾ ਵਿਚ ਸ਼ਾਮਲ ਇਹ ਹਰ ਕਿਸੇ ਦੇ ਮੂੰਹੋਂ ਇਹੀ ਸੁਣਿਆ ਗਿਆ। ਕੋਈ ਕਹੇ ਮੈਨੂੰ ਕੱਲ ਮਿਲਿਆ,ਕਿਸੇ ਨੂੰ ਦੋ ਚੰਹੁ ਦਿਨ ਪਹਿਲਾਂ। ਕਈ ਤਾਂ ਉਹਨਾਂ ਨਾਲ ਹੋਈਆਂ ਗੱਲਾਂ ਦਾ ਜ਼ਿਕਰ ਵੀ ਕਰ ਰਹੇ ਸਨ।

ਮੇਜਰ ਬਸੰਤ ਕੁਮਾਰ ਭਦੌੜ ਰਹਿੰਦਿਆਂ ਨੌਜਵਾਨ ਭਾਰਤ ਸਭਾ ਦੀਆਂ ਸਰਗਰਮੀਆਂ ਵਿੱਚ ਭਾਗ ਲੈਂਦੇ ਰਹੇ ਹਨ।ਹਿੰਦੀ ਅਧਿਆਪਕ ਲੱਗਦਿਆਂ ਹੀ ਅਧਿਆਪਕ ਸੰਗਠਨ ਜੁਆਇਨ ਕਰ ਲਿਆ ਤੇ ਰਿਟਾਇਰਮੈਂਟ ਸਮੇਂ ਉਹ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜ਼ਿਲਾ ਸਕੱਤਰ ਦੀ ਜ਼ਿੰਮੇਵਾਰੀ ਨਿਭਾਅ ਰਹੇ ਸਨ। ਉਹ ਸਦਾ ਨੌਜਵਾਨ ਭਾਰਤ ਸਭਾ ਅਤੇ ਅਧਿਆਪਕ ਲਹਿਰ ਅੰਦਰ ਸਰਗਰਮ ਲੰਬੀ ਗਰੁੱਪ ਦੀ ਸਮਝ ਨਾਲ ਜੁੜੇ ਰਹੇ। ਉਹ ਨਾ ਸਿਰਫ਼ ਖੁਦ ਜਥੇਬੰਦੀ ਨਾਲ ਜੁੜੇ, ਅਨੇਕਾਂ ਹੋਰਾਂ ਨੂੰ ਵੀ ਜਥੇਬੰਦੀ ਨਾਲ ਜੋੜਿਆ।ਇਹ ਉਹਨਾਂ ਦੇ ਮਿਲਣਸਾਰ ਸੁਭਾਅ, ਲੋੜਵੰਦ ਦੇ ਕੰਮ ਆਉਣ ਦਾ ਵਿਹਾਰ ਤੇ ਆਪਣੀ ਗੱਲ ਕਹਿਣ ਦਾ ਤਰੀਕਾ ਸਲੀਕਾ ਹੀ ਸੀ, ਜਿਸਨੇ ਉਹਨਾਂ ਦੇ ਮੇਲੀਆਂ ਦਾ ਵੱਡਾ ਘੇਰਾ ਬਣਾਇਆ। ਇਹ ਸਭ ਉਹਨਾਂ ਨੂੰ ਮਾਪਿਆਂ ਤੋਂ ਮਿਲੀ ਵੱਡਮੁੱਲੀ ਸੌਗਾਤ ਹੈ।

ਉਹਨਾਂ ਦੇ ਪਿਤਾ ਡਾ. ਵਲਾਇਤੀ ਰਾਮ ਜੀ, ਇੱਕ ਲੋਕ ਪੱਖੀ ਡਾਕਟਰ ਵਜੋਂ ਭਦੌੜ ਕਸਬੇ ਤੇ ਲਾਗਲੇ ਪਿੰਡਾਂ ਤੱਕ ਜਾਣੇ ਜਾਂਦੇ ਸਨ।ਅੱਧੀ ਰਾਤੀਂ ਵੀ ਮਰੀਜ਼ ਆਇਆ ਤਾਂ ਉੱਠ ਕੇ ਦਵਾਈ ਦਿੰਦੇ ਅਤੇ ਮਰੀਜ਼ ਨੂੰ ਬਚਾਉਣ ਲਈ ਉਸਦੇ ਘਰ ਜਾ ਕੇ ਦਵਾਈ ਦੇਣ ‘ਚ ਭੋਰਾ ਸੰਕੋਚ ਨਾ ਕਰਦੇ। ਚੁਰਾਸੀ ਦੀ ਕਾਲੀ ਬੋਲੀ ਹਨੇਰੀ ਦਾ ਵਿਰੋਧ ਕਰਨ ਵਾਲਿਆਂ ਵਜੋਂ ਵੀ ਜਾਣੇ ਜਾਂਦੇ ਸਨ।ਉਸ ਵੇਲੇ ਦੇ ਅੰਨੇ ਨਿਸ਼ਾਨਚੀਆਂ ਦੀ ਏ ਕੇ ਸੰਤਾਲੀ ਨੇ ਉਹਨਾਂ ਦੀ ਜਾਨ ਲੈ ਲਈ। ਮੇਜਰ ਬਸੰਤ ਕੁਮਾਰ ਨੇ ਉਹਨਾਂ ਵੇਲਿਆਂ ਵਿਚ ਆਪਣੇ ਪਿਤਾ ਦੇ ਲੋਕ ਏਕਤਾ ਦੇ ਵਿਚਾਰਾਂ ‘ਤੇ ਕਾਇਮ ਰਹਿੰਦਿਆਂ, ਹੁੰਦੀ ਫਿਰਕੂ ਤੇ ਸਰਕਾਰੀ ਕਤਲੋਗਾਰਤ ਦੇ ਵਿਰੋਧ ਵਿਚ ਜੁੜਦੇ ਕਾਫ਼ਲਿਆਂ ਵਿਚ ਹਾਜ਼ਰ ਹੋਣਾ ਵੀ ਜਾਰੀ ਰੱਖਿਆ। ਅਜਿਹੇ ਸਮਿਆਂ ਅੰਦਰ ਲੋਕ ਏਕਤਾ ਦੀ ਗੱਲ ਕਰਨਾ ਅਤੇ ਇਸਦੇ ਪ੍ਰਚਾਰ ਪ੍ਰਸਾਰ ਵਿੱਚ ਹਿੱਸਾ ਪਾਉਣਾ, ਜੀਵਨ ਸੰਘਰਸ਼ ਅੰਦਰ ਉਹਨਾਂ ਦਾ ਉੱਭਰਵਾਂ ਸਥਾਨ ਬਣਾ ਦਿੰਦਾ ਹੈ।

ਅਧਿਆਪਕਾਂ ਦੀ ਵੱਡੀ ਗਿਣਤੀ ਵਿੱਚ ਅਸਰ ਬਣਾਈ ਬੈਠੇ ਸਿਖਿਆ ਅਧਿਕਾਰੀ ਦੀ ਬਦਇਖਲਾਕੀ ਖਿਲਾਫ਼ ਖੜਣ ਲੜਣ ਦੀ ਗੱਲ ਆਈ ਤਾਂ ਮੇਜਰ ਬਸੰਤ ਕੁਮਾਰ ਡੱਟ ਕੇ ਖੜਿਆ ਤੇ ਲੜਣ ਵਿਚ ਅਹਿਮ ਭੂਮਿਕਾ ਨਿਭਾਈ।ਝੰਡਾ ਚੁੱਕਣ ਵੇਲੇ ਜਿਸ ਗੱਲ ਦਾ ਪਤਾ ਸੀ ਅਫਸਰ ਨੇ ਉਹੀ ਕੀਤੀ,ਘਰੋਂ ਦੂਰ ਬਦਲੀ ਕਰ ਦਿੱਤੀ। ਜਥੇਬੰਦੀ ਦੀ ਅਗਵਾਈ ਵਿੱਚ ਦਸ ਮਹੀਨੇ ਚੱਲੇ ਸੰਘਰਸ਼ ਵਿੱਚ ਮੋਹਰੀ ਰੋਲ ਦਿੱਤਾ।
ਬੇਟੀ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹੋਣ, ਐਨ ਉਸ ਵੇਲੇ ਜੀਵਨ ਸਾਥਣ ਨੂੰ ਅਚਾਨਕ ਬੀਮਾਰੀ ਖੋਹ ਲੈ ਜਾਵੇ, ਵਿਛੋੜੇ ਦਾ ਗਮ ਤੇ ਇਕੱਲਤਾ ਦੇ ਅਹਿਸਾਸ ਦੀ ਕੌੜੀ ਘੁੱਟ ਭਰਦਿਆਂ ਮੇਜਰ ਬਸੰਤ ਕੁਮਾਰ ਨੇ ਸਿਦਕ ਦਿਲੀ ਨਾਲ ਬੱਚਿਆਂ ਨੂੰ ਦਿਲਾਸਾ ਦਿੰਦਿਆਂ ਆਪਦਾ ਬਣਦਾ ਰੋਲ ਨਿਭਾਇਆ।

ਉਹ ਲੋਕ ਚਰਚਾ ਦਾ ਵਿਸ਼ਾ ਬਣੇ ਪੱਖਾਂ ਨੂੰ ਲਿਖਤਾਂ ਰਾਹੀਂ ਉਭਾਰਦੇ ਰਹੇ ਹਨ।ਉਹਨਾਂ ਦੇ ਲਿਖੇ ਲੇਖ ਵੱਖ ਵੱਖ ਅਖ਼ਬਾਰਾਂ ਵਿਚ ਛਪਦੇ ਰਹੇ ਹਨ।ਉਹ ਭਾਵੇਂ ਬਠਿੰਡਾ ਸ਼ਹਿਰੀ ਬਣ ਗਏ ਸਨ ਪਰ ਪਿੰਡ ਨਾਲ ਜੁੜੇ ਰਹੇ। ਉਹਨਾਂ ਵੱਲੋਂ “ਭਦੌੜ ਦੇ ਯੋਧੇ” ਨਾਂ ਦੀ ਲਿਖੀ ਕਿਤਾਬ ਕਈ ਸੈਮੀਨਾਰਾਂ ਦਾ ਅਜੰਡਾ ਬਣੀ। ਜੇ ਬੀਮਾਰੀ ਕਲਮ ਨਾ ਖੋਂਹਦੀ ਤਾਂ ਇਸ ਕਿਤਾਬ ਦਾ ਦੂਜਾ ਹਿੱਸਾ ਵੀ ਮੁਕੰਮਲ ਹੋ ਜਾਣਾ ਸੀ। ਮਿਉਂਸਪਲ ਕਮੇਟੀ ਤੇ ਇੰਪਰੂਵਮੈਂਟ ਟਰੱਸਟ ਵੱਲੋਂ ਸ਼ਹਿਰੀ ਕਲੋਨੀਆਂ ਵਿਚਲੇ ਪਾਰਕ ਨੂੰ ਕਮਰਸਲਾਈਜ਼ ਕਰਨ ਦਾ ਵਿਰੋਧ ਕਰਨ ਵਿੱਚ ਕਲੋਨੀ ਵਾਸੀਆਂ ਨੂੰ ਲਾਮਬੰਦ ਕਰਕੇ ਆਗੂ ਰੋਲ ਦਿੰਦਿਆਂ ਆਪਣੀ ਕਲੋਨੀ ਦੇ ਪਾਰਕ ਦੀ ਪਬਲਿਕ ਦਿੱਖ ਕਾਇਮ ਰੱਖਣ ਵਿਚ ਸਫ਼ਲਤਾ ਹਾਸਲ ਕੀਤੀ।

25 ਅਗਸਤ ਦੀ ਸ਼ਾਮ ਨੂੰ ਉਮਰ ਦੇ 73 ਸਾਲ ਭੋਗ ਕੇ ਸੰਘਰਸ਼ੀ ਕਾਫ਼ਿਲੇ ‘ਚੋਂ ਵਿਛੜੇ ਸਾਥੀ ਮੇਜਰ ਬਸੰਤ ਕੁਮਾਰ ਜੀ ਨੂੰ ਪਰਿਵਾਰ ਅਤੇ ਡੀ ਟੀ ਐਫ ਵੱਲੋਂ ਉਹਨਾਂ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 5 ਸਤੰਬਰ 2023 ਨੂੰ ਸ਼ਿਵ ਮੰਦਰ,ਪਟੇਲ ਨਗਰ ਬਠਿੰਡਾ ਵਿਖੇ ਕੀਤਾ ਜਾ ਰਿਹਾ ਹੈ।

ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ
ਜ਼ਿਲ੍ਹਾ ਕਮੇਟੀ ਬਠਿੰਡਾ
ਜਾਰੀ ਕਰਤਾ : ਜਸਵਿੰਦਰ ਸਿੰਘ
ਜ਼ਿਲ੍ਹਾ ਸਕੱਤਰ (ਫੋਨ- 81462 88266)