- ਸਲਾਇਟ ਕਾਲਜ ਦੇ ਗੇਟ ਮੂਹਰੇ ਧਰਨਾ ਜਾਰੀ; ਰੋਸ ਪ੍ਰਦਰਸ਼ਨ ਦੂਸਰੇ ਦਿਨ ‘ਚ ਦਾਖਿਲ
ਦਲਜੀਤ ਕੌਰ, ਲੌਂਗੋਵਾਲ:
ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਾਲਜ ਦੇ ਗੇਟ ਅੱਗੇ ਲਗਾਇਆ ਧਰਨਾ ਦੂਸਰੇ ਦਿਨ ਵੀ ਜਾਰੀ ਰਿਹਾ। ਆਵਾਜਾਈ ਠੱਪ ਕਰਕੇ ਕਿਸਾਨ ਮੰਗ ਕਰ ਰਹੇ ਸਨ ਕਿ ਇਲਾਕੇ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਸੰਸਥਾ ਵਿਚੋਂ ਮੁਫ਼ਤ ਕਿੱਤਾਮੁਖੀ ਕੋਰਸ ਕਰਵਾਏ ਜਾਣ। ਰੁਜ਼ਗਾਰ ਲਈ ਲੌਂਗੋਵਾਲ ਦੇ ਲੋਕਾਂ ਵਾਸਤੇ 50 ਫੀਸਦੀ ਕੋਟਾ ਨਿਰਧਾਰਤ ਕੀਤਾ ਜਾਵੇ ਅਤੇ ਕੱਚੇ ਕਾਮਿਆ ਦੀ ਭਰਤੀ ਤਰੀਕੇ ਨਾਲ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਕੀਤੀ ਜਾਵੇ।
ਸਕਿਉਰਟੀ ਗਾਰਡ ਦੀ ਭਰਤੀ ਸਮੇਂ ਪੰਜਾਹ ਫੀਸਦੀ ਸਿਵਲੀਅਨ ਭਰਤੀ ਕੀਤੇ ਜਾਣ ਅਤੇ ਸਲਾਇਟ ਅੰਦਰ ਬਣੀਆਂ ਦੁਕਾਨਾਂ ਆਦਿ ਦੇ ਟੈਂਡਰਾਂ ‘ਚ ਲੌਂਗੋਵਾਲ ਲਈ ਪੰਜਾਹ ਪ੍ਰਤੀਸ਼ਤ ਕੋਟਾ ਨਿਰਧਾਰਤ ਕੀਤਾ ਜਾਵੇ। ਇਹਨਾਂ ਮੰਗਾ ਤੇ ਅੱਜ ਸਲਾਇਟ ਦੇ ਅਧਿਕਾਰੀਆਂ ਵੱਲੋਂ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ, ਜਿਸ ਕਾਰਨ ਰੋਹ ਵਿੱਚ ਆਏ ਪ੍ਰਦਰਸ਼ਨਕਾਰੀਆਂ ਵੱਲੋਂ ਐਲਾਨ ਕੀਤਾ ਕਿ ਕੱਲ ਤੋਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ ਅਤੇ 12 ਵਜੇ ਤੋਂ ਸਲਾਇਟ ਦਾ ਪੂਰਨ ਤੌਰ ਤੇ ਘਿਰਾਓ ਕੀਤਾ ਜਾਵੇਗਾ।
ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਬੀਕੇਯੂ ਡਕੌੰਦਾ ਦੇ ਆਗੂ ਭੋਲਾ ਸਿੰਘ, ਬੀਕੇਯੂ ਦੇ ਅਜ਼ਾਦ ਦੇ ਸੂਬਾ ਆਗੂ ਜਸਵਿੰਦਰ ਸਿੰਘ ਸੋਮਾ ਨੇ ਦੱਸਿਆ ਕਿ ਮੈਨੇਜਮੈਂਟ ਲਗਾਤਾਰ ਆਪਣੀਆ ਮਨਮਾਨੀਆਂ ਕਰ ਰਹੀ ਹੈ। ਕਾਲਜ ਵਿੱਚ ਖਾਲੀ ਹੋਈਆਂ ਆਸਾਮੀਆਂ ਤੇ ਮਨਮਰਜੀ ਨਾਲ ਬਾਹਰੋਂ ਵਿਅਕਤੀ ਭਰਤੀ ਕਰਕੇ ਸਥਾਨਕ ਨਿਵਾਸੀਆਂ ਨਾਲ ਸਰਾਸਰ ਵਿਤਕਰਾ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਇਲਾਕੇ ਦੀ ਵੈਲਫੇਅਰ ਵਾਸਤੇ ਮੈਨੇਜਮੈੰਟ ਵੱਲੋਂ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ। ਉਨਾਂ ਕਿਹਾ ਕਿ ਜਦ ਤੱਕ ਕਾਲਜ ਦੀ ਮੈਨੇਜਮੈੰਟ ਵੱਲੋਂ ਕੋਈ ਲਿਖਤੀ ਭਰੋਸਾ ਨਹੀਂ ਦਿੰਦੀ ਮੋਰਚਾ ਇਸੇ ਤਰਾਂ ਜਾਰੀ ਰਹੇਗਾ। ਇਸ ਮੌਕੇ ਤੇ ਕਿਸਾਨ ਆਗੂ ਕਰਮ ਸਿੰਘ, ਰਾਜਾ ਸਿੰਘ ਜੈਦ, ਅਮਰ ਸਿੰਘ ਪ੍ਰਧਾਨ, ਪ੍ਰਗਟ ਸਿੰਘ, ਕੁਲਵਿੰਦਰ ਸਿੰਘ ਸੋਨੀ, ਰਜਿੰਦਰ ਸਿੰਘ, ਅੰਮ੍ਤਿਿ ਸਿੰਘ, ਕਰਨੈਲ ਸਿੰਘ ਜੱਸੇਕਾ, ਜਸਵਿੰਦਰ ਕੌਰ, ਗੁਰਮੇਲ ਕੌਰ ਨੇ ਵੀ ਸੰਬੋਧਨ ਕੀਤਾ।