ਪੰਜਾਬ ਭਰ ‘ਚ ਕਿਸਾਨਾਂ ਨੇ ਸਾੜੇ PM ਮੋਦੀ ਅਤੇ ਭਾਜਪਾਈ ਮੰਤਰੀ ਟੈਨੀ ਦੇ ਪੁਤਲੇ

182

 

  • ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ
  • ਕੌਮੀ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਲਖੀਮਪੁਰ ਖੀਰੀ ਕਤਲ ਕਾਂਡ ਲਈ ਪੂਰੇ ਇਨਸਾਫ਼ ਖਾਤਰ ਕਾਲ਼ੇ ਦਿਵਸ ਵਜੋਂ ਮਨਾਇਆ

ਦਲਜੀਤ ਕੌਰ, ਚੰਡੀਗੜ੍ਹ

ਕੌਮੀ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਲਖੀਮਪੁਰ ਖੀਰੀ ਕਤਲਕਾਂਡ ਦੇ ਪੂਰੇ ਇਨਸਾਫ਼ ਲਈ ਅੱਜ ਕਾਲੇ ਦਿਵਸ ਵਜੋਂ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਤੇ ਸਬਡਵੀਜ਼ਨ ਪੱਧਰਾਂ ‘ਤੇ 39 ਥਾਂਈਂ ਦੋਸ਼ੀ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਣੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲਾ-ਫੂਕ ਰੋਸ ਪ੍ਰਦਰਸ਼ਨਾਂ ਰਾਹੀਂ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਸੰਬੰਧੀ ਜਾਣਕਾਰੀ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇੱਥੇ ਜਾਰੀ ਕੀਤੇ ਗਏ ਪ੍ਰੈਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਨ੍ਹਾਂ ਵਿਸ਼ਾਲ ਰੋਸ ਪ੍ਰਦਰਸ਼ਨਾਂ ਵਿੱਚ ਲਗਭਗ 1200 ਪਿੰਡਾਂ ਤੋਂ ਔਰਤਾਂ ਅਤੇ ਨੌਜਵਾਨਾਂ ਸਮੇਤ ਭਾਰੀ ਗਿਣਤੀ ਇਨ੍ਹਾਂ ਪੁਤਲਾ ਫੂਕ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਏ।

2 ਸਾਲ ਬੀਤਣ ਮਗਰੋਂ ਵੀ ਨਿਆਂ ਦੇਣ ਤੋਂ ਟਾਲ਼ਾ ਵੱਟ ਰਹੀ ਭਾਜਪਾ ਦੀ ਨਰਿੰਦਰ ਮੋਦੀ ਸਰਕਾਰ ਵਿਰੁੱਧ ਤਿੱਖੇ ਰੋਸ ਦੇ ਪ੍ਰਗਟਾਵੇ ਵਜੋਂ ਪੁਤਲੇ ਫੂਕਣ ਸਮੇਂ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਕਾਲ਼ੇ ਝੰਡੇ ਅਤੇ ਮੰਗਾਂ ਵਾਲੇ ਬੈਨਰ ਚੁੱਕੇ ਹੋਏ ਸਨ।

ਉਹ ਬੈਨਰਾਂ ਅਤੇ ਨਾਹਰਿਆਂ ਰਾਹੀਂ ਮੰਗ ਕਰ ਰਹੇ ਸਨ ਕਿ ਦੋ ਸਾਲ ਪਹਿਲਾਂ ਇਸੇ ਦਿਨ ਲਖੀਮਪੁਰ ਖੀਰੀ (ਯੂ. ਪੀ.) ‘ਚ ਕਿਸਾਨਾਂ ਦੇ ਕਤਲੇਆਮ ਦੇ ਮੁੱਖ ਸਾਜਸ਼ਘਾੜੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਣੀ ਅਤੇ ਕਿਸਾਨਾਂ ਨੂੰ ਗੱਡੀਆਂ ਥੱਲੇ ਦਰੜ ਕੇ ਸ਼ਹੀਦ ਕਰਨ ਵਾਲੇ ਉਸਦੇ ਗੁੰਡਾ ਛੋਹਰੇ ਅਸ਼ੀਸ਼ ਮਿਸ਼ਰਾ ਟੈਣੀ ਸਮੇਤ ਪੂਰੇ ਗੁੰਡਾ ਗ੍ਰੋਹ ਵਿਰੁੱਧ 5 ਕਤਲਾਂ ਅਤੇ ਕਈ ਜ਼ਖਮੀਆਂ ਦਾ ਕੇਸ ਵਿਸ਼ੇਸ਼ ਅਦਾਲਤ ਰਾਹੀਂ ਨਿਪਟਾ ਕੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।

ਕਾਤਲ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਤੁਰੰਤ ਬਰਖਾਸਤ ਕਰਕੇ ਜੇਲ੍ਹ ਭੇਜਿਆ ਜਾਵੇ। ਇਲਾਕੇ ਦੇ ਕਿਸਾਨ ਆਗੂਆਂ ਵਿਰੁੱਧ ਮੜ੍ਹੇ ਗਏ ਸਰਾਸਰ ਨਜਾਇਜ਼ ਕੇਸ ਰੱਦ ਕੀਤੇ ਜਾਣ। ਸ਼ਹੀਦਾਂ ਦੇ ਵਾਰਸ ਪਰਵਾਰਾਂ ਦੇ 1-1 ਜੀਅ ਨੂੰ ਪੱਕੀ ਸਰਕਾਰੀ ਨੌਕਰੀ ਤੁਰੰਤ ਦਿੱਤੀ ਜਾਵੇ। ਸਾਰੇ ਜ਼ਖਮੀਆਂ ਦੇ ਇਲਾਜ ਦਾ ਪੂਰਾ ਖਰਚਾ ਅਤੇ ਕੰਮ-ਹਰਜਿਆਂ ਦਾ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ।

ਮਆਪਣੇ ਸੰਬੋਧਨ ਦੌਰਾਨ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕੇਂਦਰੀ ਭਾਜਪਾ ਸਰਕਾਰ ਦੀ ਸਖ਼ਤ ਨਿਖੇਧੀ ਕਰਦਿਆਂ ਇਨ੍ਹਾਂ ਹੱਕੀ ਕਿਸਾਨ ਮੰਗਾਂ ਨੂੰ ਤੁਰੰਤ ਪ੍ਰਵਾਨ ਕਰਕੇ ਲਾਗੂ ਕਰਨ ਉੱਤੇ ਜ਼ੋਰ ਦਿੱਤਾ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਤਿੱਖੇ ਕਿਸਾਨ ਸੰਘਰਸ਼ ਦਾ ਸਾਹਮਣਾ ਕਰਨ ਦੀ ਚਿਤਾਵਨੀ ਦਿੱਤੀ।

ਵੱਖ ਵੱਖ ਥਾਈਂ ਸੰਬੋਧਨ ਕਰਨ ਵਾਲੇ ਹੋਰ ਮੁੱਖ ਬੁਲਾਰਿਆਂ ਵਿੱਚ ਜਨਰਲ ਸਕੱਤਰ ਤੋਂ ਇਲਾਵਾ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਹਰਦੀਪ ਸਿੰਘ ਟੱਲੇਵਾਲ, ਰੂਪ ਸਿੰਘ ਛੰਨਾਂ, ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ ਅਤੇ ਹਰਿੰਦਰ ਕੌਰ ਬਿੰਦੂ ਸਮੇਤ ਜ਼ਿਲ੍ਹਾ/ਬਲਾਕ ਪੱਧਰ ਦੇ ਆਗੂ ਸ਼ਾਮਲ ਸਨ।