- ਸਾਂਝੀ ਕਿਸਾਨ ਲਹਿਰ ਉਸਾਰਨ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਖ-ਵੱਖ ਜੱਥੇਬੰਦੀਆਂ ਨਾਲ ਮੀਟਿੰਗਾਂ ਸ਼ੁਰੂ
- ਏਕਤਾ ਦੇ ਅਮਲ ਲਈ ਕਿਸਾਨ ਲਹਿਰ ਦੀ ਅਸੂਲੀ ਏਕਤਾ ਬਣਾਉਣ ਲਈ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ
- ਏਕਤਾ ਲਈ ਸ਼ੁਰੂ ਹੋਏ ਹਾਂ ਪੱਖੀ ਅਮਲ ਦੇ ਮੱਦੇਨਜ਼ਰ 26 ਅਕਤੂਬਰ ਨੂੰ ਬਿਜਲੀ ਬੋਰਡ ਦੇ ਐਸ ਈ ਦਫਤਰਾਂ ਸਾਹਮਣੇ ਦਿੱਤੇ ਜਾਣ ਵਾਲੇ ਧਰਨਿਆਂ ਦਾ ਪ੍ਰੋਗਰਾਮ ਮੁਲਤਵੀ
- ਕਮੇਟੀਆਂ ਦੀ ਰਿਪੋਰਟ ਲੈਣ ਅਤੇ ਅਗਲੀ ਰਣਨੀਤੀ ਬਣਾਉਣ ਖਾਤਰ ਹੁਣ 26 ਅਕਤੂਬਰ ਨੂੰ ਹੋਵੇਗੀ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ
ਦਲਜੀਤ ਕੌਰ, ਚੰਡੀਗੜ੍ਹ
ਸੰਯੁਕਤ ਕਿਸਾਨ ਮੋਰਚਾ ਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਕਿਸਾਨ ਲਹਿਰ ਦੀ ਏਕਤਾ ਲਈ ਸ਼ੁਰੂ ਹੋਏ ਹਾਂ ਪੱਖੀ ਅਮਲ ਨੂੰ ਮੱਦੇਨਜ਼ਰ ਰੱਖਦਿਆਂ ਸਮਾਰਟ ਚਿੱਪ ਮੀਟਰ ਲਗਾਉਣ ਦੇ ਵਿਰੋਧ ਵਿੱਚ 26 ਅਕਤੂਬਰ ਨੂੰ ਬਿਜਲੀ ਵਿਭਾਗ ਦੇ ਐਸ ਈ ਦਫਤਰਾਂ ਸਾਹਮਣੇ ਦਿੱਤੇ ਜਾ ਰਹੇ ਧਰਨਿਆਂ ਦੇ ਪ੍ਰੋਗਰਾਮ ਨੂੰ ਮੁਲਤਵੀ ਕਰ ਦਿੱਤਾ ਹੈ।
ਵਰਣਨਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨ ਜਥੇਬੰਦੀਆਂ ਵਿੱਚ ਠੋਸ ਅਤੇ ਅਸੂਲੀ ਏਕਤਾ ਨੂੰ ਹਾਸਲ ਕਰਨ ਲਈ ਵੱਖ-ਵੱਖ ਜੱਥੇਬੰਦੀਆਂ ਨਾਲ ਗੱਲਬਾਤ ਕਰਨ ਲਈ ਤਿੰਨ ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਸੀ।
ਇਸ ਸੰਬੰਧੀ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਨਿਰਭੈ ਸਿੰਘ ਢੁੱਡੀਕੇ, ਡਾ.ਦਰਸ਼ਨਪਾਲ ਅਤੇ ਹਰਬੰਸ ਸਿੰਘ ਸੰਘਾ ਨੇ ਕਿਹਾ ਕਿ ਬੀਤੀ 8 ਅਕਤੂਬਰ ਤੋਂ ਕਿਸਾਨ ਜਥੇਬੰਦੀਆਂ ਵਿੱਚ ਕਿਸਾਨ ਮੰਗਾਂ ਮਸਲਿਆਂ ਤੇ ਸਾਂਝੀ ਜੱਦੋਜਹਿਦ ਨੂੰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਸ਼ੁਰੂ ਹੋਇਆ ਸੀ।
32 ਕਿਸਾਨ ਜਥੇਬੰਦੀਆਂ ਨੇ 16 ਅਕਤੂਬਰ ਨੂੰ ਆਪਣੀ ਮੀਟਿੰਗ ਵਿਚ ਇਸ ਵਰਤਾਰੇ ਨੂੰ ਹਾਂ ਪੱਖੀ ਸਮਝਦੇ ਹੋਏ ਗੰਭੀਰਤਾ ਨਾਲ ਵਿਚਾਰ ਕਰਦਿਆਂ ਇਹ ਸਿੱਟਾ ਕੱਢਿਆ ਸੀ ਕਿ ਸੰਘਰਸ਼ ਲਈ ਏਕਤਾ ਅਸੂਲ ਅਧਾਰਿਤ ਹੋਣੀ ਚਾਹੀਦੀ ਹੈ ਇਸ ਨੂੰ ਹਾਸਲ ਕਰਨ ਲਈ ਵੱਖ ਵੱਖ ਜੱਥੇਬੰਦੀਆਂ ਨਾਲ ਗੱਲਬਾਤ ਕਰਨ ਲਈ ਇੱਕ ਸਮਾਂ ਲੋੜੀਂਦਾ ਹੈ।
ਇਸ ਸਬੰਧੀ ਤਿੰਨ ਕਮੇਟੀਆਂ ਦਾ ਗਠਨ ਕੀਤਾ ਸੀ ਇਨ੍ਹਾਂ ਕਮੇਟੀਆਂ ਨੇ ਵੱਖ ਵੱਖ ਜੱਥੇਬੰਦੀਆਂ ਨਾਲ ਗੱਲਬਾਤ ਕਰਨ ਲਈ ਬੰਦ ਕਮਰਾਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਅੱਜ 18 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਵੀ ਪੰਜ ਮੈਂਬਰੀ ਕਮੇਟੀ ਨੇ ਪੰਜ ਕਿਸਾਨ ਜਥੇਬੰਦੀਆਂ ਬੰਦ ਕਮਰਾ ਮੀਟਿੰਗ ਕੀਤੀ ਹੈ ਜੋ ਕਿ ਹਾਂ ਪੱਖੀ ਅਤੇ ਉਸਾਰੂ ਭਾਵਨਾ ਵਾਲੀ ਰਹੀ ਹੈ।
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਮੋਰਚੇ ਦੀਆਂ 32 ਕਿਸਾਨ ਜਥੇਬੰਦੀਆਂ ਦੀ ਹੁਣ 26 ਅਕਤੂਬਰ ਨੂੰ ਹੋਣ ਵਾਲੀ ਅਗਲੀ ਮੀਟਿੰਗ ਵਿੱਚ ਇਨ੍ਹਾਂ ਕਮੇਟੀਆਂ ਵਲੋਂ ਪੇਸ਼ ਕੀਤੀਆਂ ਜਾਣ ਵਾਲੀਆਂ ਰਿਪੋਰਟਾਂ ਦੇ ਅਧਾਰ ਤੇ ਅਗਲੀ ਰਣਨੀਤੀ ਬਣਾਈ ਜਾਵੇਗੀ। ਏਕਤਾ ਦੇ ਇਸ ਹਾਂ-ਪੱਖੀ ਅਮਲ ਦੇ ਚੱਲਦਿਆਂ ਅਤੇ ਕੰਮ ਦੀ ਰੁੱਤ ਨੂੰ ਧਿਆਨ ਵਿੱਚ ਰੱਖਦਿਆਂ 26 ਅਕਤੂਬਰ ਨੂੰ ਸਮਾਰਟ ਚਿੱਪ ਮੀਟਰਾਂ ਦੇ ਮੁੱਦੇ ਤੇ ਐਸ ਈ ਦਫਤਰਾਂ ਸਾਹਮਣੇ ਦਿੱਤੇ ਜਾਣ ਵਾਲੇ ਧਰਨੇ ਮੁਲਤਵੀ ਕਰ ਦਿੱਤੇ ਗਏ ਹਨ।