ਸਿੱਖਿਆ ਮੰਤਰੀ ਦੇ ਲਾਰਿਆਂ ਤੋਂ ਅੱਕੇ ਕੱਚੇ ਅਧਿਆਪਕਾਂ ਨੇ ਦਿੱਤੀ ‘ਗੁਪਤ ਐਕਸ਼ਨ’ ਦੀ ਚੇਤਾਵਨੀ; ਮੁੱਖ ਮੰਤਰੀ ਦੇ ਘਿਰਾਓ ਦਾ ਬਣਾਇਆ ਪਲਾਨ

 

ਸਿੱਖਿਆ ਮੰਤਰੀ ਦੇ ਲਾਰਿਆਂ ਤੋਂ ਅੱਕੇ ਕੱਚੇ ਅਧਿਆਪਕਾਂ ਨੇ ਦਿੱਤੀ ‘ਗੁਪਤ ਐਕਸ਼ਨ’ ਦੀ ਚੇਤਾਵਨੀ; ਮੁੱਖ ਮੰਤਰੀ ਦੇ ਘਿਰਾਓ ਦਾ ਬਣਾਇਆ ਪਲਾਨ

ਬੁਢਲਾਡਾ, 9 ਅਪ੍ਰੈਲ 2026:

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਚੁੱਕੇ ਕੱਚੇ ਅਧਿਆਪਕਾਂ (ਵਲੰਟੀਅਰਾਂ) ਨੇ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ।

‘ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ’ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਦੱਸਿਆ ਕਿ ਸਰਕਾਰ ਅਤੇ ਸਿੱਖਿਆ ਮੰਤਰੀ ਵੱਲੋਂ ਵਾਰ-ਵਾਰ ਮੀਟਿੰਗਾਂ ਦੇ ਭਰੋਸੇ ਦੇ ਕੇ ਉਨ੍ਹਾਂ ਨੂੰ ਖ਼ੁਆਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਅਧਿਆਪਕਾਂ ਵਿੱਚ ਭਾਰੀ ਰੋਸ ਹੈ।

ਯੂਨੀਅਨ ਅਨੁਸਾਰ ਸਿੱਖਿਆ ਮੰਤਰੀ ਨੇ ਬਹਾਲੀ ਦੇ ਮੁੱਦੇ ਨੂੰ ਅੰਤਿਮ ਰੂਪ ਦੇਣ ਲਈ 9, 10 ਅਤੇ 15 ਅਪ੍ਰੈਲ ਦੀਆਂ ਤਰੀਕਾਂ ਨਿਰਧਾਰਤ ਕੀਤੀਆਂ ਹਨ।

ਅਧਿਆਪਕਾਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਇਨ੍ਹਾਂ ਮੀਟਿੰਗਾਂ ਵਿੱਚ ਕੋਈ ਠੋਸ ਹੱਲ ਨਾ ਨਿਕਲਿਆ ਜਾਂ ਬਜਟ ਵਿੱਚ ਉਨ੍ਹਾਂ ਦੀ ਬਹਾਲੀ ਦਾ ਜ਼ਿਕਰ ਨਾ ਹੋਇਆ, ਤਾਂ ਉਹ ਚੁੱਪ ਨਹੀਂ ਬੈਠਣਗੇ।

‘ਜਿੱਥੇ ਮੁੱਖ ਮੰਤਰੀ, ਉੱਥੇ ਯੂਨੀਅਨ’

ਅਧਿਆਪਕਾਂ ਨੇ ਸਰਕਾਰ ਨੂੰ ਘੇਰਨ ਲਈ ‘ਗੁਪਤ ਐਕਸ਼ਨ’ ਦੀ ਰਣਨੀਤੀ ਤਿਆਰ ਕੀਤੀ ਹੈ; ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਹਰ ਪਿੰਡ ਅਤੇ ਸ਼ਹਿਰ ਵਿੱਚ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਜਾਵੇਗਾ।

ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜਿੱਥੇ ਵੀ ਮੁੱਖ ਮੰਤਰੀ ਜਾਂ ਸਿੱਖਿਆ ਮੰਤਰੀ ਦਾ ਪ੍ਰੋਗਰਾਮ ਹੋਵੇਗਾ, ਉੱਥੇ ਹੀ ਅਧਿਆਪਕ ਪਹੁੰਚ ਕੇ ਉਨ੍ਹਾਂ ਦਾ ਘਿਰਾਓ ਕਰਨਗੇ।

ਵਿਕਾਸ ਸਾਹਨੀ ਨੇ ਦੋਸ਼ ਲਾਇਆ ਕਿ ਸਿੱਖਿਆ ਮੰਤਰੀ ਆਪਣੇ ਹੀ ਮੁੱਖ ਮੰਤਰੀ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ ਜਾਂ ਫਿਰ ਇਹ ਸਰਕਾਰ ਦੀ ਰੰਗ ਬਦਲਣ ਵਾਲੀ ਚਾਲ ਹੈ।

ਉਨ੍ਹਾਂ ਸਮੂਹ ਸਾਥੀਆਂ ਨੂੰ ਅਪੀਲ ਕੀਤੀ ਕਿ ਉਹ 15 ਅਪ੍ਰੈਲ ਤੱਕ ਇੰਤਜ਼ਾਰ ਕਰਨ ਅਤੇ ਉਸ ਤੋਂ ਬਾਅਦ ਤਿੱਖੇ ਸੰਘਰਸ਼ ਲਈ ਤਿਆਰ ਰਹਿਣ।

ਇਸ ਮੌਕੇ ਲਖਵਿੰਦਰ ਕੌਰ, ਗੁਰਪ੍ਰੀਤ ਸਿੰਘ, ਜਸਵਿੰਦਰ ਕੌਰ, ਅਮਨਦੀਪ ਕੌਰ, ਗੁਰਸੇਵਕ ਸਿੰਘ, ਵਜ਼ੀਰ ਸਿੰਘ, ਅਮਨਦੀਪ ਕੌਰ, ਹਰਮਨਜੀਤ ਕੌਰ, ਹਰਜੀਤ ਕੌਰ, ਬਲਵਿੰਦਰ ਕੌਰ, ਕਾਂਤਾ ਰਾਣੀ, ਜਰਨੈਲ ਸਿੰਘ, ਮਨਿੰਦਰ, ਸੁਖਦਰਸ਼ਨ ਸਿੰਘ, ਸੱਤਿਆਬਾਨ ਸਿੰਘ ਅਤੇ ਹੋਰ ਕਈ ਅਧਿਆਪਕ ਆਗੂ ਹਾਜ਼ਰ ਸਨ, ਜਿਨ੍ਹਾਂ ਨੇ ਇੱਕਸੁਰ ਵਿੱਚ ਸਰਕਾਰ ਵਿਰੁੱਧ ਮੋਰਚਾ ਫ਼ਤਹਿ ਕਰਨ ਦਾ ਅਹਿਦ ਲਿਆ।