ਪੰਜਾਬ ‘ਚ ਫ਼ਿਲਮੀ ਡਰਾਮਾ; ਅੱਧੀ ਰਾਤ ਨੂੰਹ ਨੂੰ ਮਿਲਣ ਆਇਆ ਪ੍ਰੇਮੀ ਕਾਬੂ- ਸਹੁਰਿਆਂ ਨੇ ਦੋਵਾਂ ਦਾ ਕਰਵਾਇਆ ‘ਮਿਲਣ’
ਰਾਤ ਦੇ ਹਨੇਰੇ ‘ਚ ਮਿਲਣ ਆਏ ਪ੍ਰੇਮੀ ਨਾਲ ਸਹੁਰਿਆਂ ਨੇ ਤੋਰ ਦਿੱਤੀ ਆਪਣੀ ਨੂੰਹ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ/ਭੰਡਾਲ ਬੇਟ, 31 ਮਾਰਚ 2026: ਜ਼ਿਲ੍ਹਾ ਕਪੂਰਥਲਾ ਦੇ ਪਿੰਡ ਭੰਡਾਲ ਬੇਟ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਥੇ ਇੱਕ ਵਿਆਹੁਤਾ ਔਰਤ ਨੂੰ ਰਾਤ ਦੇ ਹਨੇਰੇ ਵਿੱਚ ਮਿਲਣ ਆਏ ਉਸ ਦੇ ਪ੍ਰੇਮੀ ਅਤੇ ਉਸ ਦੇ ਦੋਸਤ ਨੂੰ ਪਿੰਡ ਵਾਸਿਆਂ ਨੇ ਕਾਬੂ ਕਰ ਲਿਆ, ਜਿਸ ਤੋਂ ਬਾਅਦ ਸਹੁਰਾ ਪਰਿਵਾਰ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਨੂੰਹ ਨੂੰ ਉਸ ਦੇ ਪ੍ਰੇਮੀ ਨਾਲ ਹੀ ਤੋਰ ਦਿੱਤਾ।
ਸੋਸ਼ਲ ਮੀਡੀਆ ਤੋਂ ਸ਼ੁਰੂ ਹੋਈ ਸੀ ‘ਪ੍ਰੇਮ ਕਹਾਣੀ’
ਜਾਣਕਾਰੀ ਅਨੁਸਾਰ, ਉਕਤ ਵਿਆਹੁਤਾ ਔਰਤ ਦਾ ਪਤੀ ਰੋਜ਼ੀ-ਰੋਟੀ ਦੇ ਸਿਲਸਿਲੇ ਵਿੱਚ ਮੁੰਬਈ ਰਹਿੰਦਾ ਹੈ। ਇਸ ਦੌਰਾਨ ਸੋਸ਼ਲ ਮੀਡੀਆ ਰਾਹੀਂ ਔਰਤ ਦੀ ਜਾਣ-ਪਛਾਣ ਇੱਕ ਨੌਜਵਾਨ ਨਾਲ ਹੋਈ, ਜੋ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ। ਬੀਤੀ ਰਾਤ ਜਦੋਂ ਦੋ ਅਗਿਆਤ ਨੌਜਵਾਨ ਔਰਤ ਦੇ ਘਰ ਪਹੁੰਚੇ ਤਾਂ ਗੁਆਂਢੀਆਂ ਨੂੰ ਸ਼ੱਕ ਹੋ ਗਿਆ।
ਗੁਆਂਢੀਆਂ ਵੱਲੋਂ ਰੌਲਾ ਪਾਉਣ ‘ਤੇ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਲੋਕਾਂ ਨੇ ਨੌਜਵਾਨਾਂ ਦੀ ਰੱਜ ਕੇ ‘ਛਿੱਤਰ ਪਰੇਡ’ ਕੀਤੀ। ਪੁੱਛਗਿੱਛ ਦੌਰਾਨ ਇੱਕ ਨੌਜਵਾਨ ਨੇ ਕਬੂਲ ਕੀਤਾ ਕਿ ਉਹ ਔਰਤ ਨੂੰ ਮਿਲਣ ਆਇਆ ਸੀ ਅਤੇ ਦੂਜਾ ਨੌਜਵਾਨ ਉਸ ਦਾ ਦੋਸਤ ਹੈ।
ਇਸ ਘਟਨਾ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ, ਪਰ ਸਹੁਰਾ ਪਰਿਵਾਰ ਨੇ ਪਿੰਡ ਦੇ ਮੋਹਤਵਾਰ ਵਿਅਕਤੀਆਂ ਅਤੇ ਪੁਲਿਸ ਦੀ ਮੌਜੂਦਗੀ ਵਿੱਚ ਇੱਕ ਅਹਿਮ ਫੈਸਲਾ ਲਿਆ। ਦੋਵਾਂ ਧਿਰਾਂ ਦੀ ਲਿਖਤੀ ਸਹਿਮਤੀ ਨਾਲ ਸਹੁਰਿਆਂ ਨੇ ਆਪਣੀ ਨੂੰਹ ਨੂੰ ਉਸ ਦੇ ਪ੍ਰੇਮੀ ਨਾਲ ਭੇਜਣ ਦਾ ਫੈਸਲਾ ਕਰ ਲਿਆ। ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰੇਮੀ ਨੌਜਵਾਨ ਖੁਦ ਪਹਿਲਾਂ ਹੀ ਸ਼ਾਦੀਸ਼ੁਦਾ ਹੈ। ਜਦੋਂ ਉਸ ਤੋਂ ਇਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਸ ਦਾ ਜਵਾਬ ਕਾਫ਼ੀ ਹਾਸੋਹੀਣਾ ਸੀ।
ਭਾਵੇਂ ਕੈਮਰੇ ਸਾਹਮਣੇ ਨੌਜਵਾਨ ਨੇ ਉਸ ਔਰਤ ਨੂੰ ਆਪਣੀ ਪਤਨੀ ਵਜੋਂ ਸਵੀਕਾਰ ਕਰ ਲਿਆ ਹੈ, ਪਰ ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਜਦੋਂ ਇਹ ਔਰਤ ਨੌਜਵਾਨ ਦੇ ਘਰ ਜਾਵੇਗੀ ਤਾਂ ਉਸਦੀ ਪਹਿਲੀ ਪਤਨੀ ਦਾ ਕੀ ਪ੍ਰਤੀਕਰਮ ਹੋਵੇਗਾ? ਫਿਲਹਾਲ ਇਹ ‘ਅਜੀਬੋ-ਗਰੀਬ’ ਮਾਮਲਾ ਪੂਰੇ ਜ਼ਿਲ੍ਹੇ ਵਿੱਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ।






