Flood Damage: ਹੜ੍ਹਾਂ ਦੇ ਬਹੁ-ਪਰਤੀ ਨੁਕਸਾਨ ਤੇ ਉਪਾਅ

392
File Photo

 

Flood Damage – ਕਿਸੇ ਵੀ ਕੁਦਰਤੀ ਤ੍ਰਾਸਦੀ ਦਾ ਅਸਰ ਸਿਰਫ ਮਨੁੱਖੀ ਨਸਲ ਉੱਪਰ ਹੀ ਨਹੀਂ ਹੁੰਦਾ ਸਗੋਂ ਕੁਦਰਤੀ ਆਫਤਾਂ ਨਾਲ ਧਰਤੀ ਉਪਰ ਵਸਣ ਵਾਲੀਆਂ ਸਮੂਹ ਜੀਵ-ਜੋਨੀਆਂ ਅਤੇ ਬਨਸਪਤੀ ਵੀ ਵੱਡੇ ਪੱਧਰ ’ਤੇ ਪ੍ਰਭਾਵਿਤ ਹੁੰਦੀ ਹੈ। ਇਹਨੀਂ ਦਿਨੀਂ ਪੂਰੇ ਉੱਤਰੀ ਭਾਰਤ ਵਿਚ ਆਏ ਹੜ੍ਹਾਂ (Flood) ਨੇ ਇਕੱਲੇ ਮਨੁੱਖਾਂ ਨੂੰ ਹੀ ਪ੍ਰਭਾਵਿਤ ਨਹੀਂ ਕੀਤਾ ਸਗੋਂ ਧਰਤੀ ਉਪਰ ਵਸਣ ਵਾਲੀ ਹਰ ਪ੍ਰਜਾਤੀ ਦੇ ਰਹਿਣ-ਸਹਿਣ ਉੱਪਰ ਇਸ ਦਾ ਪ੍ਰਭਾਵ ਵੇਖਣ ਨੂੰ ਮਿਿਲਆ ਹੈ। ਹਿਮਾਚਲ ਪ੍ਰਦੇਸ਼ ਵਿਚ ਇਸ ਵਾਰ ਮਨੂੱਖੀ ਜਾਨਾਂ ਅਜਾਈਂ ਜਾਣ ਦਾ ਸਰਕਾਰੀ ਅੰਕੜਾ ਪੰਜ ਸੌ ਦੀ ਗਿਣਤੀ ਤੱਕ ਪਹੁੰਚ ਗਿਆ। ਹਾਲੇ ਵੀ ਕਈ ਸੈਲਾਨੀ ਤੇ ਸਥਾਨਕ ਲੋਕਾਂ ਬਾਰੇ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ।

ਸ਼ਿਮਲਾ ਦੇ ਬਿਲਕੁਲ ਵਿਚਾਲੇ ਸ਼ਿਵ-ਵਾਟਿਕਾ ਵਿਚ ਬੱਦਲ ਫਟਣ ਨਾਲ ਅਨੇਕਾਂ ਲੋਕ ਮਾਰੇ ਗਏ।ਅਠਾਰਾਂ ਦੇ ਕਰੀਬ ਲਾਸ਼ਾਂ ਇਸ ਮੰਦਰ ਦੇ ਆਸ-ਪਾਸ ਮਲਬੇ ਹੇਠੋਂ ਮਿਲੀਆਂ।ਇਥੋਂ ਨੇੜੇ ਹੀ ਕ੍ਰਿਸ਼ਨਾ ਇਨਕਲੇਵ ਵਿਚ  ਇਕ ਵੱਡੀ ਪਹਾੜੀ ਐਸੀ ਖਿਸਕੀ ਕਿ ਕਈ ਦਰਜਨ ਇਮਾਰਤਾਂ ਪਲਕ ਝਪਕਣ ਦੀ ਦੇਰ ਨਾਲ ਮਲਬੇ ਦਾ ਢੇਰ ਬਣ ਗਈਆਂ।ਇਥੇ ਵੀ ਕਈ ਮੌਤਾਂ ਦਰਜ਼ ਹੋਈਆਂ। ਕੁੱਲੂ ਬੱਸ ਸਟੈਂਡ ਦੇ ਨੇੜੇ ਆਨੀ ਬਜ਼ਾਰ ਪੂਰੇ ਦਾ ਪੂਰਾ ਤਹਿਸ-ਨਹਿਸ ਹੋ ਗਿਆ। ਪਿਛਲੇ ਦਸ-ਬਾਰਾਂ ਸਾਲਾਂ ਤੋਂ ਅਰਬਾਂ ਰੁਪਈਆ ਖਰਚ ਕੇ ਕੀਰਤਪੁਰ ਤੋਂ ਮਨਾਲੀ ਤੱਕ ਬਣਾਈ ਜਾ ਰਹੀ ਚਹੁੰਮਾਰਗੀ ਸੜਕ ਵੀ ਮੰਡੀ ਤੋਂ ਅੱਗੇ ਅਨੇਕਾਂ ਥਾਵਾਂ ਤੋਂ ਰੁੜ੍ਹ ਗਈ ਜਿਸ ਨਾਲ ਕਈ ਮਹੀਨੇ ਕੁੱਲੂ ਤੋਂ ਅਗਲੇ ਰਸਤੇ ਕੱਟ ਗਏ ਤੇ ਜਨ-ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਹੋ ਗਿਆ।

ਹਿਮਾਚਲ ਤੋਂ ਚੱਲ ਕੇ ਪੰਜਾਬ ਪਹੁੰਚੇ ਪਾਣੀ ਨੇ ਪੰਜਾਬੀਆਂ ਦਾ ਵੀ ਵੱਡੀ ਪੱਧਰ ‘ਤੇ ਨੁਕਸਾਨ ਕੀਤਾ।ਬੇਸ਼ੱਕ ਪੰਜਾਬ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਜਾਨੀ ਨੁਕਸਾਨ ਤੋਂ ਬਚਿਆ ਰਿਹਾ ਪਰ ਦਰਿਆਵਾਂ ਕਿਨਾਰੇ ਫਸਲਾਂ ਅਤੇ ਇਮਾਰਤਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ। ਦਰਿਆਵਾਂ ਨੇੜੇ ਵਸੇ ਕਈ ਪਿੰਡਾਂ ਦੇ ਲੋਕ ਘਰੋਂ-ਬੇਘਰ ਹੋਏ।ਜੇਕਰ ਜੀਵ-ਜੰਤੂਆਂ ਦੀ ਗੱਲ ਕਰੀਏ ਤਾਂ ਹਿਮਾਚਲ ਦੀਆਂ ਝੀਲਾਂ ਅਤੇ ਪੰਜਾਬ ਦੇ ਡੈਮਾਂ ਰਾਹੀਂ ਛੱਡੇ ਪਾਣੀ ਰਾਹੀਂ ਅਨੇਕਾਂ ਜੀਵ-ਜੰਤੂ ਵੀ ਬਹੁਤ ਪ੍ਰਭਾਵਿਤ ਹੋਏ।ਕੁਝ ਇਕ ਰਿਹਾਇਸ਼ੀ ਥਾਵਾਂ ਤੱਕ ਵੱਡੇ ਮਗਰਮੱਛਾਂ ਦੇ ਪਹੁੰਚਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ।ਜ਼ਹਿਰੀਲੇ ਜੀਵ-ਜੰਤੂਆਂ ਦੀ ਗੱਲ ਕਰੀਏ ਤਾਂ ਪਹਾੜੀ ਇਲਾਕਿਆਂ ਤੋਂ ਪਾਣੀ ਰਾਹੀਂ ਰੁੜ੍ਹ ਕੇ ਆਈਆਂ ਸੱਪਾਂ ਦੀਆਂ ਕਈ ਖਤਰਨਾਕ ਨਸਲਾਂ ਵੀ ਆਉਣ ਵਾਲੇ ਸਮਿਆਂ ਵਿਚ ਪੰਜਾਬੀਆਂ ਦੀ ਜਾਨ ਦਾ ਖੌਅ ਬਣਨਗੀਆਂ।

‘ਕਾਮਨ ਕਰੇਟ’ ਭਾਵ ‘ਕਾਲਾ-ਸ਼ਾਹ ਕੁੰਡਲੀਆ ਸੱਪ’ ਪੰਜਾਬ ਵਿਚ ਲਗਭਗ ਖਤਮ ਹੋ ਚੁੱਕਾ ਸੀ ਪਰ ਹੁਣ ਇਹ ਦਰਿਆਈ ਇਲਾਕਿਆਂ ਵਿਚ ਦੁਬਾਰਾ ਵੇਖਿਆ ਜਾਣ ਲੱਗਾ ਹੈ। ਇਸ ਬਾਰੇ ਇਹ ਧਾਰਨਾ ਮਸ਼ਹੂਰ ਹੈ ਕਿ ਸੱਪਾਂ ਦੀ ਇਸ ਸ਼੍ਰੇਣੀ ਵਿਚ  ਸਭ ਤੋਂ ਖਤਰਨਾਕ ਜ਼ਹਿਰ ਪਾਇਆ ਜਾਂਦਾ ਹੈ।‘ਕਾਮਨ ਕਰੇਟ’ ਮਨੁੱਖੀ ਗੰਧ ਨੂੰ ਵੀ ਮਹਿਸੂਸ ਕਰਨ ਦੀ ਸਮਰੱਥਾ ਰੱਖਦਾ ਹੈ ਤੇ ਕਈ ਵਾਰ ਮੰਜੇ ਉੱਪਰ ਸੌਂ ਰਹੇ ਮਨੁੱਖ ਦੇ ਨਾਲ ਵੀ ਜਾ ਲੇਟਦਾ ਹੈ।ਜਦ ਕੋਈ ਮਨੁੱਖ ਹਿਲ-ਜੁਲ ਕਰਦਾ ਹੈ ਤਾਂ ਇਹ ਤੁਰੰਤ ਉਸ ਨੂੰ ਡੱਸ ਲੈਂਦਾ ਹੈ ਜਿਸ ਨਾਲ ਸੁੱਤ ਪਏੇ ਮਨੁੱਖ ਦੀ ਮੌਕੇ ‘ਤੇ ਹੀ ਮੌਤ ਹੋ ਜਾਂਦੀ ਹੈ।ਇਸ ਦੇ ਡੱਸਣ ਦੀ ਪੀੜ ਵੀ ਆਮ ਮੱਛਰ ਦੇ ਕੱਟਣ ਜਿੰਨੀ ਹੀ ਦੱਸੀ ਜਾਂਦੀ ਹੈ ਜਿਸ ਕਰਕੇ ਕਈ ਵਾਰ ਸੁੱਤਾ ਮਨੁੱਖ ਉੱਠਣ ਦਾ ਬਹੁਤਾ ਉਜ਼ਰ ਵੀ ਨਹੀਂ ਕਰਦਾ।ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਕੁਦਰਤੀ ਤ੍ਰਾਸਦੀਆਂ ਦਾ ਕੋਈ ਇਕ ਪ੍ਰਭਾਵ ਨਹੀਂ ਹੁੰਦਾ ਸਗੋਂ ਇਹਨਾਂ ਦੇ ਪ੍ਰਭਾਵ ਬਹੁ-ਪਰਤੀ ਤੇ ਬਹੁ-ਦਿਸ਼ਾਵੀ ਹੁੰਦੇ ਹਨ।

ਮੈਨੂੰ ਯਾਦ ਹੈ ਕਿ 1988 ਈਂ ਤੋਂ ਪਹਿਲਾਂ ਹਰੀ ਕੇ ਦਰਿਆ ਵਿਚ ਪਾਈ ਜਾਣ ਵਾਲੀ ਕੇਲੀ-ਬੂਟੀ ਅਸੀਂ ਕਦੇ ਵੀ ਪੰਜਾਬ ਦੇ ਪਿੰਡਾਂ ਦੇ ਆਸ-ਪਾਸ ਦੇਖੀ ਤੱਕ ਨਹੀਂ ਸੀ।ਪਿੰਡਾਂ ਦੇ ਛੱਪੜ ਤੇ ਰਜਬਾਹੇ ਪੂਰੀ ਤਰ੍ਹਾਂ ਸਾਫ-ਸੁਥਰੇ ਰਹਿੰਦੇ ਸਨ।ਥੋੜ੍ਹਾ-ਬਹੁਤ ਘਾਹ-ਫੂਸ ਜਾਂ ਕੋਈ ਹੋਰ ਡੀਲਾ, ਨੜੂ ਆਦਿ ਕੱਸੀਆਂ ਤੇ ਛੱਪੜਾਂ ਦੇ ਆਸ-ਪਾਸ ਦੇਖਣ ਨੂੰ ਮਿਲਦਾ।ਇਸ ਹਰਿਆਲੇ ਘਾਹ-ਬੂਟ ਦਾ ਕੋਈ ਨੁਕਸਾਨ ਵੀ ਨਹੀਂ ਸੀ ਹੁੰਦਾ ਸਗੋਂ ਇਹ ਬੇਜ਼ਮੀਨੇ ਲੋਕਾਂ ਦੇ ਪਸ਼ੂ-ਢਾਂਡੇ ਲਈ ਇਕ ਸੁਗਾਤ ਦੇ ਰੂਪ ਵਿਚ ਕੰਮ ਆਉਂਦਾ।1988 ਈ. ਦੇ ਵੱਡੇ ਹੜ੍ਹ ਨਾਲ ਬਹੁਤ ਸਾਰੀ ਕਲਾਲੀ-ਬੂਟੀ ਪਿੰਡਾਂ ਦੇ ਛੱਪੜਾਂ ਤੇ ਕੱਸੀਆਂ-ਨਹਿਰਾਂ ਤੱਕ ਪਹੁੰਚ ਕੇ ਐਸੀਆਂ ਜੜ੍ਹਾਂ ਮਾਰ ਗਈ ਕਿ ਹਰ ਸਾਲ ਸਫਾਈ ਕਰਨ ਦੇ ਬਾਵਜੂਦ ਇਸ ਅਲਾਮਤ ਤੋਂ ਖਹਿੜਾ ਛੁਡਾਉਣਾ ਔਖਾ ਹੋ ਚੁੱਕਿਐ।

ਇਸ ਵਾਰ ਆਏ ਹੜ੍ਹਾਂ ਨੇ ਜੀਵ-ਜੰਤੂਆਂ ਦੇ ਨਾਲ-ਨਾਲ ਬਨਸਪਤੀ ਨੂੰ ਵੀ ਬਹੁਤ ਜਿਆਦਾ ਪ੍ਰਭਾਵਿਤ ਕੀਤਾ ਹੈ।ਦੂਰ-ਦਰਾਜ ਦੇ ਖੇਤਰਾਂ ਤੋਂ ਰੁੜ੍ਹ ਕੇ ਆਈਆਂ ਅਨੇਕਾਂ ਬੂਟੀਆਂ ਤੇ ਵੰਨ-ਸੁਵੰਨੇ ਬੀਜ ਆਉਣ ਵਾਲੇ ਸਮੇਂ ਵਿਚ ਨਦੀਨਾਂ ਦੇ ਰੂਪ ਵਿਚ ਫਸਲਾਂ ‘ਤੇ ਭਾਰੂ ਪੈਣਗੇ।ਕਈ ਬੂਟੀਆਂ ਲਈ ਦਵਾ ਕੰਪਨੀਆਂ ਨੂੰ ਦੁਬਾਰਾ ਤੋਂ ਆਪਣੇ ਪ੍ਰਯੋਗ ਕਰਨੇ ਪੈਣਗੇ।ਨਦੀਨ-ਨਾਸ਼ਕ ਕੰਪਨੀਆਂ ਦਾ ਇਕ ਨਵਾਂ ਕਾਰੋਬਾਰ ਵੱਡੇ ਪੱਧਰ ‘ਤੇ ਸ਼ੁਰੂ ਹੋ ਜਾਣ ਦੀ ਸੰਭਾਵਨਾ ਹੈ।ਇਸ ਦਾ ਭਾਰ ਸਿੱਧੇ ਤੌਰ ‘ਤੇ ਕਿਸਾਨਾਂ ਦੀ ਜੇਬ ‘ਤੇ ਪਵੇਗਾ।ਦਰਿਆਵਾਂ ਦੇ ਕਿਨਾਰੇ ਖੜ੍ਹੇ ਬਹੁਤ ਸਾਰੇ ਰੁੱਖ ਜੋ ਮਿੱਟੀ ਉੱਪਰ ਆਪਣੀ ਪਕੜ ਬਣਾਈ ਰੱਖਦੇ ਸਨ।ਉਹ ਵੀ ਤੇਜ਼ ਵਹਾੳ ਨਾਲ ਰੁੜ੍ਹ ਗਏ ਹਨ। ਜੰਗਲਾਤ ਮਹਿਕਮੇ ਨੂੰ ਐਸੀਆਂ ਥਾਵਾਂ ‘ਤੇ ਦੁਬਾਰਾ ਨਜ਼ਰਸਾਨੀ ਕਰਕੇ ਰੁੱਖ ਲਗਾਉਣ ਦੀ ਸਖਤ ਜ਼ਰੂਰਤ ਹੈ।

ਸਾਡੇ ਅੱਖੀਂ ਵਿੰਹਦਿਆਂ ਹੁਸੈਨੀਵਾਲੇ ਹੈੱਡ ਵਰਕਸ ਦੇ ਬਿਲਕੁੱਲ ਨੇੜੇ ਧੁੱਸੀ ਬੰਨ੍ਹ ਦੇ ਨਾਲ ਖੜ੍ਹੇ  ਸੌ-ਸੌ ਸਾਲ ਪੁਰਾਣੇ ਪਿੱਪਲ ਅਤੇ ਬੋਹੜ ਦੇ ਰੁੱਖ ਵੀ  ਪਾਣੀ ਦੇ ਰੁਖ ਦੇ ਨਾਲ ਵਹਿ ਤੁਰੇ।ਇਸ ਤਰ੍ਹਾਂ ਦਰਿਆਵਾਂ ਦੇ ਕਿਨਾਰੇ ਖੜ੍ਹੀ ਬਹੁਤ ਸਾਰੀ ਕੁਦਰਤੀ ਬਨਸਪਤੀ ਹੜ੍ਹ ਦੀ ਕਰੋਪੀ ਦਾ ਸ਼ਿਕਾਰ ਬਣ ਗਈ ਜਿਸ ਨੂੰ ਉਗਮਣ ਵਾਸਤੇ ਹੁਣ ਹੋਰ ਕਈ ਦਹਾਕਿਆਂ ਦਾ ਵਕਤ ਲੱਗੇਗਾ।ਕਈ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਉੱਪਰ ਕਈ-ਕਈ ਫੁੱਟ ਚਿੱਟੀ ਰੇਤ ਚੜ੍ਹ ਚੁੱਕੀ ਹੈ, ਉਹਨਾਂ ਦਾ ਦਰਦ ਆਪਣੀ ਕਿਸਮ ਦਾ ਹੈ।ਉਹਨਾਂ ਨੂੰ ਜ਼ਮੀਨਾਂ ਕਰਾਹੁੰਦਿਆਂ ਹੁਣ ਕਈ ਸਾਲ ਲੱਗ ਜਾਣਗੇ। ਕੁਦਰਤ ਦੇ ਕੁਝ ਗੁਸੈਲੇ ਪਲ਼ ਸਾਡੇ ਲਈ ਉਮਰ ਭਰ ਦਾ ਰੋਣਾ ਹੋ ਨਿੱਬੜਦੇ ਹਨ।

ਉਪਰੋਕਤ ਸਾਰੀ ਵਿਚਾਰ-ਚਰਚਾ ਨੂੰ ਦੇਖਦਿਆਂ ਨਿਰਸੰਦੇਹ ਹੀ ਇਹ ਕਹਿਣਾ ਬਣਦਾ ਹੈ ਕਿ ਹੜ੍ਹਾਂ ਨੇ ਮਨੂੱਖੀ ਨਸਲ ਦੇ ਨਾਲ-ਨਾਲ ਹਰ ਤਰ੍ਹਾਂ ਦੇ ਜੀਵ-ਜੰਤੂਆਂ ਅਤੇ ਬਨਸਪਤੀ ਦਾ ਨੁਕਸਾਨ ਕੀਤਾ ਹੈ, ਪਰ ਕੀ ਇਸ ਨੁਕਸਾਨ ਨੂੰ ਘੱਟ ਵੀ ਕੀਤਾ ਜਾ ਸਕਦਾ ਹੈ?  ਇਹ ਸਭ ਸਾਡੇ ਲਈ ਸੋਚਣ ਦਾ ਵਿਸ਼ਾ ਹੈ।ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਆਪਣੀ ਨਸਲ ਤੇ ਆਉਣ ਵਾਲੀਆਂ ਨਸਲਾਂ ਇਸ ਧਰਤੀ ‘ਤੇ ਸੁਰੱਖਿਅਤ ਰਹਿ ਸਕਣ, ਸਾਨੂੰ ਆਪੋ-ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨਾ ਚਾਹੀਦਾ ਹੈ।

ਬੇਸ਼ੱਕ ਅੱਜ ਵੱਖੋ-ਵੱਖਰੇ ਡੈਮਾਂ ਤੋਂ ਬੜੇ ਨਿਯੰਤਰਿਤ ਤਰੀਕੇ ਨਾਲ ਹੇਠਲੇ ਇਲਾਕਿਆਂ ਵਿਚ ਪਾਣੀ ਛੱਡਿਆ ਜਾਂਦਾ ਹੈ ਪਰ ਡੈਮਾਂ ਤੇ ਬੈਠੇ ਅਧਿਕਾਰੀਆਂ ਨੂੰ ਹੋਰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਮੌਸਮ ਵਿਭਾਗ ਵਲੋਂ ਕੀਤੀਆਂ ਪੇਸ਼ੀਨਗੋਈਆਂ ਦੇ ਮੱਦੇਨਜ਼ਰ ਪਾਣੀ ਦੇ ਵਹਾਓ ਨੂੰ ਥੋੜ੍ਹਾ-ਥੋੜ੍ਹਾ ਕਰਕੇ ਤੁਰੰਤ ਰਿਲੀਜ਼ ਕਰਦੇ ਰਹਿਣ ਦੇ ਯਤਨ ਕੀਤੇ ਜਾਣ।ਆਮ ਮਨੁੱਖ ਦੀ ਬਿਰਤੀ ਬਹੁਤ ਜਲਦੀ ਭੁੱਲ ਜਾਣ ਦੀ ਹੈ।ਸਮੇਂ ਦੇ ਵਹਾਓ ਨਾਲ ਅਸੀਂ ਕਲ-ਕਲ ਕਰਦੇ ਆਪ-ਮੁਹਾਰੇ ਵਹਿੰਦੇ ਦਰਿਆਵਾਂ ਦਾ ਵਹਿਣਾ ਭੁੱਲ ਚੁੱਕੇ ਹਾਂ।ਇਸ ਲਈ ਬਹੁਤ ਸਾਰੇ ਲੋਕਾਂ ਨੇ ਦਰਿਆਵਾਂ ਦੇ ਐਨ ਵਿਚਕਾਰ ਖੇਤੀ-ਫਾਰਮ ਸ਼ਿੰਗਾਰ ਲਏ ਹਨ।ਕਈਆਂ ਨੇ ਤਿੰਨ ਮੰਜਲਾ ਕੋਠੀਆਂ ਵੀ ਖੜ੍ਹੀਆਂ ਕਰ ਲਈਆਂ ਹਨ ਪਰ ਜਦ ਝੀਲਾਂ ਦਾ ਪਾਣੀ ਖਤਰੇ ਦੇ ਨਿਸ਼ਾਨ ਨੂੰ ਛੂਹਣ ਲੱਗਦਾ ਹੈ ਤਾਂ ਫਿਰ ਡੈਮਾਂ ਤੋਂ ਪਾਣੀ ਛੱਡਣਾ ਯਕੀਨੀ ਬਣ ਜਾਂਦਾ ਹੈ।ਉਸ ਵਕਤ ਦਰਿਆਈ ਇਲਾਕਿਆਂ ‘ਚ ਵਸੇ ਲੋਕਾਂ ਦੀ ਹਾਲਤ ਬੜੀ ਤਰਸਯੋਗ ਹੋ ਜਾਂਦੀ ਹੈ।

ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਸਤਲੁਜ, ਬਿਆਸ ਤੇ ਰਾਵੀ ਦੇ ਘੱਟੋ-ਘੱਟ ਅੱਧਾ-ਅੱਧਾ ਕਿਲੋਮੀਟਰ (500 ਮੀਟਰ) ਚੌੜਾਈ ਵਾਲੇ ਇਲਾਕੇ ਦੀ ਪੂਰੀ ਨਿਸ਼ਾਨਦੇਹੀ ਕਰਕੇ ਦੋਨਾਂ ਪਾਸਿਆਂ ਤੋਂ ਘੱਟੋ-ਘੱਟ ਪੰਜਾਹ-ਪੰਜਾਹ ਫੁੱਟ ਚੌੜੇ ਪੱਕੇ ਬੰਨ੍ਹ ਉਸਾਰੇ ਜਾਣ।ਵਰਖਾ ਰੁੱਤ ਸ਼ੁਰੂ ਹੋਣ ਤੋਂ ਪਹਿਲਾਂ ਇਕ ਵਾਰ ਦਰਿਆਈ ਖੇਤਰ ਦੀ ਪੂਰੀ-ਖਾਲ-ਖਲਾਈ ਹੋ ਜਾਣੀ ਚਾਹੀਦੀ ਹੈ।ਪਿਛਲੇ ਪੰਜਾਹ ਸਾਲਾਂ ਵਿਚ ਨਜਾਇਜ਼ ਮਾਈਨਿੰਗ ਨੇ ਅੰਦਰੂਨੀ ਮੁਹਾਂਦਰਾ ਪੂਰਾ ਵਿਗਾੜ ਰੱਖਿਆ ਹੈ।ਕਈ ਥਾਈਂ ਦਰਿਆ ਧਰਤੀ ਦੇ ਤਲ ਤੋਂ ਵੀ ਉਪਰ ਵਹਿ ਰਹੇ ਹਨ।ਇਹਨਾਂ ਦੀ ਡੂੰਘਾਈ ਨਵੇਂ ਸਿਿਰਓਂ ਹੋਣੀ ਨਿਹਾਇਤ ਜ਼ਰੂਰੀ ਹੈ।ਬੇਸ਼ੱਕ ਪ੍ਰਾਜੈਕਟ ਵੱਡਾ ਹੈ ਪਰ ਅਜੋਕੇ ਦੌਰ ਵਿਚ ਮਸ਼ੀਨਰੀ ਤੇ ਹੋਰ ਸਾਧਨ ਵੀ ਬੇਸ਼ੁਮਾਰ ਆ ਚੁੱਕੇ ਹਨ।ਇਸ ਵਾਰ ਆਏ ਹੜ੍ਹਾਂ ਨੇ ਅਨੇਕਾਂ ਥਾਵਾਂ ‘ਤੇ ਦਰਿਆਈ ਬੰਂਨ੍ਹਾਂ ਨੂੰ ਵੱਡੀ ਢਾਹ ਲਾਈ ਹੈ।

ਕਈ ਬੰਨ੍ਹ ਬੁਰੀ ਤਰ੍ਹਾਂ ਕਮਜ਼ਰ ਹੋ ਚੁੱਕੇ ਹਨ ਜੋ ਅਗਲੇ ਸਾਲਾਂ ਦੇ ਬਰਸਾਤੀ ਮੌਸਮਾਂ ਵਿਚ ਲੋਕਾਂ ਦੀ ਜਾਨ ਦਾ ਖੌਅ ਬਣਨਗੇ।ਇਹਨਾਂ ਬੰਨ੍ਹਾਂ ਉਪਰ ਸਮਾਂ ਰਹਿੰਦਿਆਂ ਪੱਥਰਾਂ ਦੀਆਂ ਨੋਚਾਂ ਲਗਾਉਣ ਦਾ ਪ੍ਰਬੰਧ ਤੁਰੰਤ ਕੀਤਾ ਜਾਵੇ। ਹੁਸੈਨੀਵਾਲਾ ਹੈਡ ਦੇ ਬਿਲਕੁੱਲ ਨੇੜੇ ਧੁੱਸੀ ਬੰਨ੍ਹ ਦੀ ਸਥਿਤੀ ਬੜੀ ਨਾਜ਼ੁਕ ਹੈ। ਤੁਰੰਤ ਪਥਰੀਲੀਆਂ ਨੋਚਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਜੋ ਪਾਣੀ ਕਿਨਾਰਿਆਂ ਨਾਲ ਵੱਜਣ ਦੀ ਬਿਜਾਇ ਬਿਲਕੁਲ ਵਿਚਾਲੇ ਹੋ ਕੇ ਚੱਲੇ।

ਦਰਿਆਵਾਂ ਦੇ ਖੇਤਰ ਦੇ ਅੰਦਰ ਕਿਸੇ ਵੀ ਪ੍ਰਕਾਰ ਦਾ ਕੂੜਾ-ਕਰਕਟ ਸੁੱਟਣ ਦੀ ਮਨਾਹੀ ਹੋਵੇ।ਕਿਸੇ ਵੀ ਪ੍ਰਕਾਰ ਦੀ ਫਸਲ ਬੀਜਣ, ਮਾਈਨਿੰਗ ਕਰਨ ਜਾਂ ਰਿਹਾਇਸ਼ੀ ਕਬਜ਼ੇ ਕਰਨ ਦੀ ਕਦਾਚਿੱਤ ਇਜਾਜ਼ਤ ਨਾ ਹੋਵੇ। ਅਜਿਹਾ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।ਨਿਗਰਾਨੀ ਕਰਨ ਲਈ ਦਸ-ਦਸ ਕਿਲੋਮੀਟਰ ਦੇ ਏਰੀਏ ਦਾ ਇਕ ‘ਬੀਟ ਇੰਚਾਰਜ’ ਹੋਵੇ, ਜੋ ਆਪਣੇ ਖੇਤਰ ‘ਤੇ ਬਾਜ ਅੱਖ ਰੱਖੇ।ਇਹ ਕੰਮ ਡਰੇਨਜ਼ ਮਹਿਕਮੇ ਦੇ ਹੱਥ ਦਿੱਤਾ ਜਾਵੇ। ਡਰੇਨਜ਼ ਮਹਿਕਮੇ ਨੂੰ ਲੋੜ ਮੁਤਾਬਕ ਫੰਡ ਮੁਹੱਈਆ ਕਰਵਾਏ ਜਾਣ।ਹੜ੍ਹਾਂ ਦਾ ਜਿਆਦਾਤਰ ਕਾਰਨ ਪਹਾੜੀ ਖੇਤਰ ਬਣਦੇ ਹਨ।ਇਸ ਲਈ ਪਹਾੜੀ ਖੇਤਰਾਂ ਉੱਪਰ ਕੇਂਦਰ ਤੇ ਰਾਜ ਸਰਕਾਰਾਂ ਨੂੰ ਬਾਜ ਅੱਖ ਰੱਖਣੀ ਚਾਹੀਦੀ ਹੈ।ਸਤਲੁਜ ਤੇ ਬਿਆਸ ਦੋਹਾਂ ਦਾ ਬਹੁਤਾ ਸੰਬੰਧ ਹਿਮਾਚਲ ਨਾਲ ਹੈ।

ਹਿਮਾਚਲ ਦੀ 67 ਪ੍ਰਤੀਸ਼ਤ ਜ਼ਮੀਨ ਵੀ ਜੰਗਲਾਤ ਮਹਿਕਮੇ ਰਾਹੀਂ ਸਿੱਧੇ ਤੌਰ ਤੇ ਕੇਂਦਰ ਸਰਕਾਰ ਦੇ ਅਧੀਨ ਹੈ।ਕੇਂਦਰ  ਸਰਕਾਰ ਨੂੰ ਜੰਗਲਾਂ ਦੀ ਕਟਾਈ ਅਤੇ ਗੈਰ-ਜ਼ਰੂਰੀ ਵਿਕਾਸ ਪਰਿਯੋਜਨਾਵਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦੇਣੀ ਚਾਹੀਦੀ ਹੈ। ਜਦ ਡੈਮਾਂ ਉਪਰੋਂ ਪਾਣੀ ਛੱਡਿਆ ਜਾਵੇ ਤਾਂ ਡਰੇਨਜ਼ ਵਿਭਾਗ ਦੀ ਕਮਾਂਡ ਹੇਠ ਇਕ ਵੱਡਾ ਅਮਲਾ ਤੁਰੰਤ ਤਿਆਰ ਹੋ ਜਾਣਾ ਚਾਹੀਦਾ ਹੈ ਜਿਸ ਕੋਲ ਘੱਟੋ-ਘੱਟ ਦੋ-ਢਾਈ ਸੌ ਮੋਟਰ ਕਿਸ਼ਤੀਆਂ ਦੀ ਆਪਣੀ ਖੇਪ ਹੋਵੇ।ਸੈਂਕੜੇ ਵਾਟਰ-ਪਰੂਫ ਜਾਕਟਾਂ ਦਾ ਅਗਾਊਂ ਪ੍ਰਬੰਧ ਹੋਵੇ ਜੋ ਜਾਨ-ਮਾਲ ਦੀ ਸੁਰੱਖਿਆ ਲਈ ਤੁਰੰਤ ਵੰਡੀਆਂ ਜਾਣ।ਜੇਕਰ ਉਪਰੋਕਤ ਕੁਝ ਕੁ ਸੁਝਾਵਾਂ ਉੱਪਰ ਅਮਲ ਕੀਤਾ ਜਾਵੇ ਤਾਂ ਆਉਣ ਵਾਲੇ ਸਮੇਂ ਵਿਚ ਹੜ੍ਹਾਂ ਦੇ ਨੁਕਸਾਨ ਨੂੰ ਕਾਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ ਤੇ ਡੈਮਾਂ ਦਾ ਵੀ ਭਰਪੂਰ ਲਾਹਾ ਲਿਆ ਜਾ ਸਕਦੈ।

ਡਾ. ਅਮਰੀਕ ਸਿੰਘ ਸ਼ੇਰ ਖਾਂ
ਪਿੰਡ ਤੇ ਡਾ: ਸ਼ੇਰ ਖਾਂ (ਫਿਰੋਜ਼ਪੁਰ) 
ਮੋਬਾ:98157-58466

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)