ਜਲੰਧਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਬੀਤੇ ਦਿਨੀਂ 1 ਤੋਂ 16 ਜੁਲਾਈ ਤਕ ਵੱਖ-ਵੱਖ ਅੰਡਰ ਗਰੈਜੂਏਟ ਤੇ ਪੋਸਟ ਗਰੈਜੂਏਟ ਕੋਰਸਾਂ ਦੇ ਆਖਰੀ ਸਮੈਸਟਰ ਦੇ ਇਮਹਿਤਾਨ ਲੈਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਮੰਗਲਵਾਰ ਨੂੰ ਫਿਰ ਕੁਝ ਕੋਰਸਾਂ ਦੀ ਡੇਟਸ਼ੀਟ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਯੂਨੀਵਰਸਿਟੀ ਵੱਲੋਂ ਸਾਰੇ ਵਿੱਦਿਅਕ ਅਦਾਰਿਆਂ ਨੂੰ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਦੌਰਾਨ ਇਮਤਿਹਾਨ ਲੈਣ ਸਬੰਧੀ ਨਿਰਧਾਰਤ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ, ਜਦੋਂਕਿ ਪ੍ਰੀਖਿਆ ਕੇਂਦਰਾਂ ਦੀ ਸੂਚੀ ਤੇ ਡਿਊਟੀ ਲਿਸਟ ਵੀ ਜਾਰੀ ਕੀਤੀ ਜਾਵੇਗੀ।
ਯੂਨੀਵਰਸਿਟੀ ਨੇ ਕਾਲਜਾਂ ਨੂੰ ਇਮਤਿਹਾਨਾਂ ਲਈ ਆਪਣੇ ਨੂੰ ਆਪ ਤਿਆਰ ਰੱਖਣ ਤੇ ਇਸ ਸਬੰਧੀ ਪ੍ਰਬੰਧ ਕਰਨ ਲਈ ਹਦਾਇਤਾਂ ਦੇ ਦਿੱਤੀਆਂ ਹਨ। ਕਾਲਜਾਂ ਨੂੰ ਕਿਹਾ ਗਿਆ ਹੈ ਕਿ ਪ੍ਰੀਖਿਆ ਕੇਂਦਰਾਂ ‘ਚ ਆਉਣ ਵਾਲੇ ਹਰੇਕ ਵਿਦਿਆਰਥੀ ਦੀ ਮੁੱਖ ਗੇਟ ‘ਤੇ ਹੀ ਐਂਟਰੀ ਕੀਤੀ ਜਾਵੇਗੀ, ਥਰਮਾਮੀਟਰ ਨਾਲ ਉਨ੍ਹਾਂ ਦੀ ਸਕਰੀਨਿੰਗ ਕੀਤੀ ਜਾਵੇਗੀ, ਸੈਨੇਟਾਈਜ਼ਰ ਨਾਲ ਹੱਥ ਸਾਫ਼ ਕਰਵਾਉਣ ਤੋਂ ਬਾਅਦ ਹੀ ਅੰਦਰ ਜਾਣ ਦਿੱਤਾ ਜਾਵੇਗਾ। ਸਮਾਜਿਕ ਦੂਰੀ ਬਣਾਈ ਰੱਖਣ ਲਈ ਪ੍ਰੀਖਿਆ ਕੇਂਦਰ ਦੇ ਅੰਦਰ ਵਿਦਿਆਰਥੀਆਂ ਦੇ ਬੈਠਣ ਦੀ ਯੋਜਨਾਬੰਦੀ ਕੀਤੀ ਜਾਵੇਗੀ। ਪ੍ਰੀਖਿਆ ਤਿੰਨ ਦੀ ਬਜਾਏ ਦੋ ਘੰਟੇ ਦੀ ਹੋਵੇਗੀ ਅਤੇ ਤਿੰਨ ਸ਼ਿਫਟਾਂ ‘ਚ ਲਈ ਜਾਵੇਗੀ।
ਪ੍ਰੀਖਿਆ ਕੇਂਦਰ ਬਣਾਉਣ, ਪੇਪਰਾਂ ਦੀ ਛਪਾਈ, ਬੰਡਲ ਬਣਾਉਣ ਤੇ ਸੈਟਿੰਗ ਕਰ ਕੇ ਕਾਲਜਾਂ ਤਕ ਪੁੱਜਦਾ ਕਰਨ ਦੀ ਸਾਰੀ ਪ੍ਰਕਿਰਿਆ ਨਿਰਧਾਰਤ ਦਿਨਾਂ ਵਿਚ ਪੂਰੀ ਕੀਤੀ ਜਾਵੇਗੀ। ਯੂਨੀਵਰਸਿਟੀ ਵੱਲੋਂ ਕਾਲਜਾਂ ਨੂੰ ਪ੍ਰੀਖਿਆ ਲਈ ਤਿਆਰ ਰਹਿਣ ਵਾਸਤੇ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਤਾਂ ਜੋ ਉਹ ਅਗਾਊਂ ਤਿਆਰੀ ਕਰ ਕੇ ਰੱਖਣ। ਇਥੇ ਦੱਸਣਯੋਗ ਹੈ ਕਿ ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ ਕਾਲਜਾਂ ਅਤੇ ਯੂਨੀਵਰਸਿਟੀਆਂ ‘ਚ 15 ਮਈ ਤੋਂ 15 ਜੂਨ ਤਕ ਗਰਮੀਆਂ ਦੀਆਂ ਛੁੱਟੀਆਂ ਹਨ ਅਤੇ ਸਰਕਾਰੀ ਆਦੇਸ਼ਾਂ ਮੁਤਾਬਕ ਹੀ 16 ਜੂਨ ਨੂੰ ਵਿੱਦਿਅਕ ਅਦਾਰੇ ਖੋਲ੍ਹੇ ਜਾ ਸਕਦੇ ਹਨ। 85 ਫ਼ੀਸਦੀ ਸਿਲੇਬਸ ਪੜ੍ਹਾਇਆ ਜਾ ਚੁੱਕਾ ਹੈ ਤੇ ਬਾਕੀ ਦਾ ਸਿਲੇਬਸ ਪੜ੍ਹਾਉਣ ਦੇ ਨਾਲ ਹੀ ਦੁਹਰਾਈ ਕਰਵਾਈ ਜਾਵੇਗੀ। ਜੇਕਰ ਵਿੱਦਿਅਕ ਅਦਾਰੇ ਨਾ ਖੁੱਲ੍ਹੇ ਤਾਂ ਆਨਲਾਈਨ ਸਿੱਖਿਆ ਦੇਣ ਦਾ ਕੰਮ ਅੱਗੋਂ ਵੀ ਜਾਰੀ ਰਹੇਗਾ। ਛੁੱਟੀਆਂ ਖ਼ਤਮ ਹੋਣ ਤੋਂ ਬਾਅਦ ਕਾਲਜਾਂ ਵੱਲੋਂ ਨਵੇਂ ਦਾਖਲਿਆਂ ਦੇ ਨਾਲ-ਨਾਲ ਇਮਤਿਹਾਨਾਂ ਦੀ ਤਿਆਰੀ ਵੀ ਕੀਤੀ ਜਾਵੇਗੀ।
ਜੀਐੱਨਡੀਯੂ ਵੱਲੋਂ ਮੰਗਲਵਾਰ ਦੇਰ ਸ਼ਾਮ ਜਾਰੀ ਕੀਤੀ ਗਈ ਡੇਟਸ਼ੀਟ ਮੁਤਾਬਕ ਪੋਸਟ ਗਰੈਜੂਏਟ ਕੋਰਸਾਂ ਦੇ ਚੌਥੇ (ਫਾਈਨਲ) ਸਮੈਸਟਰ ਦੇ ਇਮਤਿਹਾਨ, ਜਿਨ੍ਹਾਂ ਵਿਚ ਐੱਮਏ ਬਿਜਨੈੱਸ ਐਂਡ ਇਕਨਾਮਿਕਸ ਤੇ ਆਈਟੀ, ਐੱਮਐੱਸਸੀ, ਐੱਮਏ ਜੇਐੱਮਸੀ, ਐੱਮਕਾਮ, ਐੱਮਟੀਐੱਮ, ਐੱਮਡੀਐੱਮ, ਐੱਮਐੱਫ, ਐੱਮਵੋਕ ਸ਼ਾਮਲ ਹਨ, ਦੇ ਇਮਤਿਹਾਨ 2 ਤੋਂ 17 ਜੁਲਾਈ ਤਕ (ਸਮਾਂ ਸਵੇਰੇ 8 ਤੋਂ 10 ਵਜੇ) ਹੋਣਗੇ। ਅੰਡਰ-ਗਰੈਜੂਏਟ ਕੋਰਸਾਂ ‘ਚ ਬੀ ਡਿਜ਼ਾਈਨ (ਮਲਟੀਮੀਡੀਆ) ਤੇ ਬੈਚੁਲਰ ਆਫ ਮਲਟੀਮੀਡੀਆ ਸਮੈਸਟਰ-8 ਦੇ 1 ਤੋਂ 6 ਜੁਲਾਈ (ਸਮਾਂ ਸਵੇਰੇ 8 ਤੋਂ 10 ਵਜੇ) ਤਕ, ਬੀਐੱਸਸੀ ਹੋਮ ਸਾਇੰਸ-6 ਦੇ 1 ਤੋਂ 15 ਜੁਲਾਈ (ਸਮਾਂ ਸਵੇਰੇ 8 ਤੋਂ 10 ਵਜੇ) ਤਕ, ਬੀਐੱਫਏ-8 ਦੇ 1 ਤੋਂ 10 ਜੁਲਾਈ (ਸਮਾਂ ਸਵੇਰੇ 8 ਤੋਂ 10 ਵਜੇ) ਤਕ, ਬੀਏ ਵੂਮੈਨ ਇੰਪਾਵਰਮੈਂਟ-6 ਦੇ 1 ਤੋਂ 13 ਜੁਲਾਈ (ਸਮਾਂ ਦੁਪਹਿਰ 2 ਤੋਂ 4 ਵਜੇ) ਤਕ, ਬੀਜੇਐੱਮਸੀ-6 ਦੇ 1 ਤੋਂ 10 ਜੁਲਾਈ (ਸਮਾਂ ਸਵੇਰੇ 8 ਤੋਂ 10 ਵਜੇ) ਤਕ, ਬੈਚੁਲਰ ਆਫ ਫਾਈਨ ਆਰਟਸ-8 ਦੇ 1 ਤੋਂ 6 ਜੁਲਾਈ (ਸਮਾਂ ਸਵੇਰੇ 8 ਤੋਂ 10 ਵਜੇ) ਤਕ, ਬੀਐੱਲਆਈਬੀ-2 ਦੇ 3 ਤੋਂ 10 ਜੁਲਾਈ ਤਕ (ਸਮਾਂ ਸਵੇਰੇ 8 ਤੋਂ 10 ਵਜੇ) ਤਕ ਹੋਣਗੇ।
(Thank you Punjabi jagran -ਜਤਿੰਦਰ ਪੰਮੀ)