ਉੜੀਸਾ ‘ਚ ਖਣਨ ਵਿਰੋਧੀ ਸੰਘਰਸ਼ਾਂ ’ਤੇ ਹਮਲੇ ਬੰਦ ਕਰੇ ਸਰਕਾਰ- ਜਮਹੂਰੀ ਫਰੰਟ

 

ਉੜੀਸਾ ਵਿੱਚ ਖਣਨ ਵਿਰੋਧੀ ਸੰਘਰਸ਼ਾਂ ’ਤੇ ਹਮਲੇ ਬੰਦ ਕਰੇ ਸਰਕਾਰ- ਜਮਹੂਰੀ ਫਰੰਟ

Punjab News, 9 April 2026-

ਅੱਜ ਇੱਥੇ ਪ੍ਰੈੱਸ ਬਿਆਨ ਜਾਰੀ ਕਰਕੇ ਓਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੇ ਸੂਬਾ ਕਨਵੀਨਰਾਂ ਡਾ. ਪਰਮਿੰਦਰ ਸਿੰਘ, ਪ੍ਰੋ. ਏ .ਕੇ. ਮਲੇਰੀ, ਬੂਟਾ ਸਿੰਘ ਮਹਿਮੂਦਪੁਰ ਅਤੇ ਯਸ਼ ਪਾਲ ਨੇ ਉੜੀਸਾ ਦੇ ਰਾਇਗੜ੍ਹ ਅਤੇ ਕਲਾਹਾਂਡੀ ਜ਼ਿਲ੍ਹਿਆਂ ਵਿੱਚ ਸਿਜੀਮਾਲੀ ਬਾਕਸਾਈਟ ਖਣਨ ਪ੍ਰੋਜੈਕਟ ਦਾ ਵਿਰੋਧ ਕਰ ਰਹੇ ਆਦਿਵਾਸੀਆਂ ਉੱਪਰ ਪੁਲਿਸ ਅਤੇ ਨਿੱਜੀ ਗੁੰਡਾ ਗਰੋਹਾਂ ਵੱਲੋਂ ਹਮਲੇ ਕਰਨ, ਉਨ੍ਹਾਂ ਦੇ ਘਰਾਂ ਅਤੇ ਸਮਾਨ ਦੀ ਭੰਨਤੋੜ ਕਰਨ, ਪਿੰਡ ਵਾਸੀਆਂ ਨੂੰ ਗ੍ਰਿਫ਼ਤਾਰ ਕਰਨ, ਇਕੱਠੇ ਹੋਣ ਉੱਪਰ ਨਾਵਾਜਬ ਪਾਬੰਦੀਆਂ ਮੜ੍ਹਨ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਦੋ ਆਗੂਆਂ ਤੇ ਦਸ ਔਰਤਾਂ ਸਮੇਤ 21 ਲੋਕਾਂ ਨੂੰ ਮਾਰਚ ਮਹੀਨੇ ਤੋਂ ਹਿਰਾਸਤ ਵਿਚ ਲੈ ਕੇ ਬਿਨਾਂ ਜ਼ਮਾਨਤ ਭਵਾਨੀਪਟਮ ਜੇਲ੍ਹ ਵਿਚ ਡੱਕਿਆ ਹੋਇਆ ਹੈ। ਹੁਣ ਰਾਜਕੀ ਦਹਿਸ਼ਤਵਾਦੀ ਮੁਹਿੰਮ ਦੇ ਤਹਿਤ 7 ਅਪ੍ਰੈਲ ਨੂੰ ਕਾਲਾਹਾਂਡੀ ਜ਼ਿਲ੍ਹੇ ਦੇ ਕੰਤਾਮਾਲ ਵਿਚ ਪੁਲਿਸ ਵੱਲੋਂ ਪਿੰਡ ਵਾਸੀਆਂ ਉੱਪਰ ਅੱਥਰੂ ਗੈਸ ਦੇ ਗੋਲੇ ਸੁੱਟਕੇ ਅਤੇ ਲਾਠੀਚਾਰਜ ਕਰਕੇ ਕਈ ਘੰਟੇ ਹਿੰਸਾ ਕੀਤੀ ਗਈ ਹੈ। ਇਹ ਪਿੰਡ ਸਿਜੀਮਾਲੀ ਖਣਨ ਪ੍ਰੋਜੈਕਟ ਦੇ ਵਿਰੋਧ ਦਾ ਮਹੱਤਵਪੂਰਨ ਕੇਂਦਰ ਹੈ, ਜਿੱਥੇ ਮਾਰਚ 2023 ’ਚ ਉੜੀਸਾ ਸਰਕਾਰ ਵੱਲੋਂ ਬਦਨਾਮ ਕਾਰਪੋਰੇਟ ਸਮੂਹ ਵੇਦਾਂਤਾ ਲਿਮਿਟੇਡ ਨੂੰ 1549 ਹੈਕਟੇਅਰ ਰਕਬੇ ਵਿਚ 50 ਸਾਲਾਂ ਦੀ ਖਣਨ ਲੀਜ਼ ਦਿੱਤੀ ਹੈ।

ਪਿੰਡ ਵਾਸੀ “ਮਾ ਮਾਟੀ ਮਾਲੀ ਸੁਰੱਖਿਆ ਮੰਚ” ਬਣਾ ਕੇ ਆਪਣੀ ਜ਼ਮੀਨ, ਜੰਗਲ ਅਤੇ ਸੰਵਿਧਾਨ ਦੀ ਪੰਜਵੀਂ ਅਨੁਸੂਚੀ ਲਾਗੂ ਕਰਨ ਦੀ ਮੰਗ ਕਰ ਰਹੇ ਹਨ ਅਤੇ ਇਸ ਪ੍ਰੋਜੈਕਟ ਦਾ ਸ਼ਾਂਤੀਪੂਰਨ ਵਿਰੋਧ ਕਰ ਰਹੇ ਹਨ। ਮਾਮਲਾ ਨੈਸ਼ਨਲ ਗ੍ਰੀਨ ਟਿ੍ਰਬਿਊਨ ਵਿਚ ਸੁਣਵਾਈ-ਅਧੀਨ ਹੈ। ਇਸਦੇ ਬਾਵਜੂਦ ਸਰਕਾਰ ਵੱਲੋਂ ਵਣ ਸੁਰੱਖਿਆ ਅਤੇ ਵਾਤਾਵਰਣ ਕਾਨੂੰਨਾਂ ਦੀਆਂ ਧੱਜੀਆਂ ਉਡਾਕੇ ਪੁਲਿਸ ਤੇ ਗੁੰਡਾ ਤਾਕਤ ਦੇ ਜ਼ੋਰ ਕਾਰਪੋਰੇਟਾਂ ਦੇ ਖਣਨ ਪ੍ਰੋਜੈਕਟ ਥੋਪੇ ਜਾ ਰਹੇ ਹਨ।

ਆਗੂਆਂ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਆਦਿਵਾਸੀ ਅਤੇ ਦਲਿਤ ਭਾਈਚਾਰਿਆਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਅਤੇ ਲੋਕਾਂ ਨੂੰ ਆਪਣੇ ਹਿਤਾਂ ਅਤੇ ਕੁਦਰਤੀ ਚੌਗਿਰਦੇ ਨੂੰ ਬਚਾਉਣ ਲਈ ਜਮਹੂਰੀ ਤਰੀਕੇ ਨਾਲ ਵਿਰੋਧ ਕਰਨ ਦਾ ਹੱਕ ਹੈ। ਪੁਲਿਸ ਤੇ ਪ੍ਰਸ਼ਾਸਨ ਵੱਲੋਂ ਸੰਘਰਸ਼ਸ਼ੀਲ ਲੋਕਾਂ ਉੱਪਰ ਗ਼ੈਰਕਾਨੂੰਨੀ ਇਕੱਠ ਕਰਨ, ਪੁਲਿਸ ਉੱਪਰ ਹਮਲਾ ਕਰਨ ਅਤੇ ਇਰਾਦਾ ਕਤਲ ਵਰਗੀਆਂ ਸੰਗੀਨ ਧਾਰਾਵਾਂ ਲਗਾ ਕੇ ਜਮਹੂਰੀ ਵਿਰੋਧ ਨੂੰ ਕੁਚਲਿਆ ਜਾ ਰਿਹਾ ਹੈ ਅਤੇ ਕਾਨੂੰਨੀ ਪ੍ਰਕਿਰਿਆ ਨੂੰ ਜਾਇਜ਼ ਵਿਰੋਧ ਨੂੰ ਅਪਰਾਧ ਬਣਾਉਣ ਲਈ ਵਰਤਿਆ ਜਾ ਰਿਹਾ ਹੈ। ਸੰਨ 2023 ਤੋਂ ਲੈ ਕੇ ਲਗਾਤਾਰ ਜਬਰ ਅਤੇ ਗ੍ਰਿਫ਼ਤਾਰੀਆਂ ਦਾ ਸਿਲਸਿਲਾ ਚੱਲ ਰਿਹਾ ਹੈ।

ਫਰੰਟ ਦੇ ਆਗੂਆਂ ਨੇ ਮੰਗ ਕੀਤੀ ਕਿ ਸੰਘਰਸ਼ ਦੇ ਆਗੂਆਂ ਲਿੰਗਾਰਾਮ ਆਜ਼ਾਦ ਅਤੇ ਸੁਰੇਸ਼ ਸੰਗਰਾਮ ਸਮੇਤ ਜੇਲ੍ਹੀਂ ਡੱਕੇ ਸਾਰੇ ਲੋਕਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਸੰਘਰਸ਼ ਦੇ ਜਮਹੂਰੀ ਹੱਕ ਉੱਪਰ ਪਾਬੰਦੀਆਂ ਲਾਉਣੀਆਂ ਬੰਦ ਕੀਤੀਆਂ ਜਾਣ। ਛਾਪੇਮਾਰੀ, ਭੰਨਤੋੜ ਅਤੇ ਮਨਮਾਨੀ ਗ੍ਰਿਫ਼ਤਾਰੀਆਂ ਲਈ ਜ਼ਿੰਮੇਵਾਰ ਪੁਲਸੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਹਾਸ਼ੀਏ ’ਤੇ ਧੱਕੇ ਲੋਕਾਂ ਦਾ ਉਜਾੜਾ ਕਰਨ ਵਾਲੇ ਖਣਨ ਪ੍ਰੋਜੈਕਟਾਂ ਉੱਪਰ ਤੁਰੰਤ ਰੋਕ ਲਗਾਈ ਜਾਵੇ।