ਚੰਡੀਗੜ੍ਹ-
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਉਂਦੇ ਦਿਨਾਂ ਵਿਚ ਨੌਕਰੀਆਂ ਬਾਰੇ ਵੱਡਾ ਫ਼ੈਸਲਾ ਲੈਣ ਜਾ ਰਹੀ ਹੈ। ਜਾਣਕਾਰੀ ਇਹ ਹੈ ਕਿ, ਕਰੀਬ 15 ਵਰ੍ਹਿਆਂ ਪਿੱਛੋਂ ਸਰਕਾਰ ਬੋਰਡਾਂ-ਕਾਰਪੋਰੇਸ਼ਨਾਂ ਵਿੱਚ ਨਵੀਂ ਭਰਤੀ ਕਰਨ ਜਾ ਰਹੀ ਹੈ।
ਨਿਊਜ਼18 ਦੀ ਖ਼ਬਰ ਦੇ ਮੁਤਾਬਿਕ, ਇਨ੍ਹਾਂ ਬੋਰਡ ਕਾਰਪੋਰੇਸ਼ਨਾਂ ਵਿੱਚ 15 ਸਾਲਾਂ ਤੋਂ ਭਰਤੀ ਨਾ ਹੋਣ ‘ਤੇ ਕੰਮ ਪ੍ਰਭਾਵਿਤ ਹੋਣ ਕਾਰਨ ਇਹ ਫੈਸਲਾ ਲਿਆ ਗਿਆ ਹੈ।
ਇਨ੍ਹਾਂ ਸਾਰੇ ਬੋਰਡ ਕਾਰਪੋਰੇਸ਼ਨਾਂ ਵਿੱਚ ਸਰਕਾਰ ਵੱਲੋਂ ਪਹਿਲਾਂ ਕਲਾਸ-1 ਤੋਂ ਕਲਾਸ-3 ਤੱਕ 6300 ਅਸਾਮੀਆਂ ਭਰੀਆਂ ਜਾਣਗੀਆਂ।
ਇਨ੍ਹਾਂ ਭਰਤੀਆਂ ਤੋਂ ਬਾਅਦ ਦਰਜਾ ਚਾਰ ਦੇ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇਗੀ। ਦੋਵਾਂ ਬੋਰਡਾਂ ਦੇ ਰਲੇਵੇਂ ਦੀ ਵੀ ਯੋਜਨਾ ਹੈ।
ਇਨ੍ਹਾਂ ਦੇ ਰਲੇਵੇਂ ਅਨੁਸਾਰ ਖਾਲੀ ਅਸਾਮੀਆਂ ‘ਤੇ ਭਰਤੀ ਕੀਤੀ ਜਾਵੇਗੀ। ਇਨ੍ਹਾਂ ਬੋਰਡ ਕਾਰਪੋਰੇਸ਼ਨਾਂ ਵਿੱਚ ਮਾਰਕਫੈੱਡ, ਮਿਲਕਫੈੱਡ, ਵੇਅਰਹਾਊਸਿੰਗ ਕਾਰਪੋਰੇਸ਼ਨ, ਮੰਡੀ ਬੋਰਡ, ਪਨਸਪ, ਪੀਆਰਟੀਸੀ ਅਤੇ ਪਨਬਸ ਆਦਿ ਸ਼ਾਮਲ ਹਨ।
ਆਗਾਮੀ ਉੱਚ ਪੱਧਰੀ ਮੀਟਿੰਗ ਵਿੱਚ ਅੰਤਿਮ ਫੈਸਲਾ ਲਿਆ ਜਾਵੇਗਾ। ਇਹ ਜਾਣਕਾਰੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੱਤੀ।
ਸਰਕਾਰ ਭਰਤੀ ਪ੍ਰਕਿਰਿਆ ਲਈ ਸੀਨੀਅਰ ਅਧਿਕਾਰੀ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਕਾਇਮ ਕਰੇਗੀ। ਇਹ ਕਮੇਟੀ ਇਹ ਦੇਖੇਗੀ ਕਿ ਉਕਤ ਬੋਰਡ ਕਾਰਪੋਰੇਸ਼ਨਾਂ ਵਿੱਚ ਕਿਸ ਸ਼੍ਰੇਣੀ ਦੀਆਂ ਕਿੰਨੀਆਂ ਅਸਾਮੀਆਂ ਖਾਲੀ ਹਨ।
ਇਸ ਦਾ ਪੂਰਾ ਰਿਕਾਰਡ ਬਣਾ ਕੇ ਸਰਕਾਰ ਅੱਗੇ ਪੇਸ਼ ਕੀਤਾ ਜਾਵੇਗਾ। ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ, ਇਸ਼ਤਿਹਾਰ ਜਾਰੀ ਕਰਕੇ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਜਾਣਗੀਆਂ। ਇਹ ਭਰਤੀ ਰੈਗੂਲਰ ਅਸਾਮੀਆਂ ‘ਤੇ ਹੋਵੇਗੀ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਨੇ ਬੋਰਡ ਕਾਰਪੋਰੇਸ਼ਨਾਂ ਦੇ ਕੰਮ ਵੱਲ ਧਿਆਨ ਨਹੀਂ ਦਿੱਤਾ, ਜਿਸ ਕਾਰਨ ਕਈ ਬੋਰਡ ਕਾਰਪੋਰੇਸ਼ਨਾਂ ਦੇ ਕੰਮਕਾਜ ਦੀ ਸਮੀਖਿਆ ਕੀਤੀ ਜਾ ਰਹੀ ਹੈ।
ਜਿਸ ਤੋਂ ਬਾਅਦ ਸੂਬੇ ਦੇ ਨੌਜਵਾਨਾਂ ਨੂੰ ਸਬੰਧਤ ਬੋਰਡ ਕਾਰਪੋਰੇਸ਼ਨਾਂ ਵਿੱਚ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਜਲਦੀ ਹੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।