ਸ਼ੁੱਕਰਵਾਰ, ਜੂਨ 14, 2024
No menu items!
HomeHealth & FitnessHeart Attack: ਹਾਰਟ ਅਟੈਕ ਦੇ ਕੇਸ ਵਧੇ! ਪੜ੍ਹੋ ਲੱਛਣ ਅਤੇ ਬਚਾਅ

Heart Attack: ਹਾਰਟ ਅਟੈਕ ਦੇ ਕੇਸ ਵਧੇ! ਪੜ੍ਹੋ ਲੱਛਣ ਅਤੇ ਬਚਾਅ

 

Heart Attack: ਸਾਡੇ ਸੱਭਿਆਚਾਰ ਅਤੇ ਸਾਸ਼ਤਰਾਂ ਵਿੱਚ ਸੁਖੀ ਜੀਵਨ ਨੂੰ ਪ੍ਰਮੁੱਖ ਸੁੱਖ ਮੰਨਿਆ ਗਿਆ ਹੈ ਪਰ ਆਧੁਨਿਕ ਜੀਵਨ ਸ਼ੈਲੀ ਨੇ ਸਾਡੀ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਮਾਨਸਿਕ ਤਣਾਅ, ਵਿਗੜਦਾ ਆਹਾਰ-ਵਿਹਾਰ, ਆਰਾਮਪ੍ਰਸਤੀ, ਤੰਬਾਕੂਨੋਸ਼ੀ, ਸ਼ਰਾਬ ਦੀ ਅੰਨੀ ਵਰਤੋਂ ਆਦਿ ਨੇ ਮਨੁੱਖ ਨੂੰ ਰੋਗਾਂ ਦਾ ਘਰ ਬਣਾ ਕੇ ਰੱਖ ਦਿੱਤਾ ਹੈ l ਦਿਲ ਦੇ ਵਧਦੇ ਰੋਗਾਂ ਨੂੰ ਅੱਜ ਕੱਲ ਦੇ ਜੀਵਨ ਸ਼ੈਲੀ ‘ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕਰ ਦਿੱਤਾ ਹੈ।

Heart Attack: ਦਿਲ ਅਤੇ ਦਿਲ ਦਾ ਰੋਗ :

ਆਧੁਨਿਕ ਡਾਕਟਰੀ ਵਿਗਿਆਨ ਚ ਦਿਲ ਤੇ ਦਿਲ ਵੱਲੋਂ ਸਰੀਰ ਨੂੰ ਖੂਨ ਸਪਲਾਈ ਦੇ ਤਾਣੇ ਬਾਣੇ ਨੂੰ ਇੱਕ ਮੁੱਖ ਅੰਗ ਵਜੋਂ ਦਰਜ ਕੀਤਾ ਗਿਆ ਹੈ l ਸਾਡੇ ਸਰੀਰ ਚ ਦਿਲ ਦੋਨੋਂ ਫੇਫੜਿਆਂ ਦੇ ਦਰਮਿਆਨ ਡਾਇਫਰਾਮ ਉੱਪਰ ਸਥਿਤ ਹੁੰਦਾ ਹੈ।

ਕੀ ਹੈ ਦਿਲ ਦਾ ਦੌਰਾ ਜਾਂ ਹਾਰਟ ਅਟੈਕ :

ਸਰੀਰ ਦੇ ਹਰੇਕ ਅੰਗ ਨੂੰ ਆਪਣੇ ਆਪਣੇ  ਕੰਮ ਕਰਨ ਲਈ ਗੁਲੂਕੋਜ਼ ਤੇ ਆਕਸੀਜਨ ਦੀ ਲੋੜ ਹੁੰਦੀ ਹੈ l ਇਹ ਗੁਲੂਕੋਜ਼ ਤੇ ਆਕਸੀਜਨ ਅੰਗਾਂ ਨੂੰ ਖੂਨ ਦੇ ਮਾਧਿਅਮ ਨਾਲ ਹਾਸਲ ਹੁੰਦੀ ਰਹਿੰਦੀ ਹੈ ਤੇ ਇਸ ਤਰ੍ਹਾਂ ਸਰੀਰ ਦਾ ਕੋਈ ਵੀ ਅੰਗ ਨਿਰਵਿਘਨ ਆਪਣੀਆਂ ਜੈਵਿਕ ਕਿਰਿਆਵਾਂ ਨੂੰ ਪੂਰਾ ਕਰਦਾ ਰਹਿੰਦਾ ਹੈ l ਪਰ ਜਦ ਕਿਸੇ ਕਾਰਨ ਕਿਸੇ ਅੰਗ ਵਿਸ਼ੇਸ਼ ਨੂੰ ਖੂਨ ਦੇ ਮਾਧਿਅਮ ਨਾਲ ਹਾਸਲ ਹੋਣ ਵਾਲੀ ਊਰਜਾ (ਗੁਲੂਕੋਜ਼ ਜਾਂ ਆਕਸੀਜਨ) ਦੀ ਸਪਲਾਈ ‘ਚ ਆੜਿੱਕਾ ਲੱਗਣ ਲੱਗਦਾ ਹੈ ਤਾਂ ਉਹ ਅੰਗ ਰੋਗ ਦੀ ਮਾਰ ਹੇਠ ਆ ਜਾਂਦਾ ਹੈ। ਦਿਲ ਦੇ ਪ੍ਰਸੰਗ ‘ਚ ਇਸ ਨੂੰ ਵਿਸਥਾਰ ਨਾਲ ਸਮਝਣ ਦੀ ਲੋੜ ਹੈ l ਵੈਸੇ ਤਾਂ ਸਰੀਰ ਦੇ ਸਾਰੇ ਅੰਗਾਂ ਨੂੰ ਖੂਨ ਪਹੁੰਚਾਉਣ ਦਾ ਕੰਮ ਦਿਲ ਦਾ ਹੀ ਹੈ ਪਰ ਖੁਦ ਦਿਲ ਨੂੰ ਖੂਨ ਦੀ ਸਪਲਾਈ ਕੋਰੋਨਰੀ ਧਮਣੀਆਂ ਰਾਹੀਂ ਹੁੰਦੀ ਹੈ। ਉਹ ਆਪਣੇ ਅੰਦਰ ਦੀਆਂ ਕੋਠੜੀਆਂ ‘ਚ ਪਏ ਖੂਨ ਦੀ ਸਿੱਧੀ ਵਰਤੋਂ ਨਹੀਂ ਕਰ ਸਕਦਾ l ਜਦ ਇਹਨਾਂ ਕੋਰੋਨਰੀ ਧਮਨੀਆਂ ‘ਚ ਕੋਈ ਅੜਿੱਕਾ ਆ ਜਾਂਦਾ ਹੈ ਤਾਂ ਦਿਲ ਦੇ ਪੱਠਿਆਂ ਨੂੰ ਖੂਨ ਦੀ ਸਪਲਾਈ ਕਰਨ ‘ਚ ਕਮੀ ਜਾਂ ਘਾਟ ਹੋਣ ਲੱਗਦੀ ਹੈ ਤੇ ਆਕਸੀਜਨ ਦੀ ਘਾਟ ਕਰਕੇ ਉਸ ਨੂੰ ਹਰਜਾ ਪਹੁੰਚਦਾ ਹੈ l ਇਸੇ ਨੂੰ ਦਿਲ ਦਾ ਰੋਗ ਜਾਂ ਹਰਟ ਅਟੈਕ ਕਿਹਾ ਜਾਂਦਾ ਹੈ। ਇਸ ਨੂੰ ਮਾਇਓਕਾਰਡਾਇਲ ਇਨਫਾਰਕਸ਼ਨ ਵੀ ਕਹਿੰਦੇ ਹਨ l ਇਹ ਇੱਕ ਐਮਰਜੈਂਸੀ ਵਾਲੀ ਹਾਲਤ ਹੁੰਦੀ ਹੈ l ਹਾਰਟ ਅਟੈਕ (ਦਿਲ ਦੇ ਦੌਰੇ) ਵਾਲੀ ਹਾਲਤ ਚ ਇਲਾਜ ‘ਚ ਦੇਰੀ ਘਾਤਕ ਸਾਬਤ ਹੋ ਸਕਦੀ ਹੈ।

ਹਾਰਟ ਅਟੈਕ (ਦਿਲ ਦੇ ਦੌਰੇ) ਦੇ ਕਾਰਣ :

ਜਿਵੇਂ ਕਿ ਪਹਿਲਾਂ ਹੀ ਸਪਸ਼ਟ ਕੀਤਾ ਗਿਆ ਹੈ ਕਿ ਦਿਲ ਦੇ ਪਠਿਆਂ ਨੂੰ ਨਿਸ਼ਚਿਤ ਰੂਪ ਨਾਲ ਕੰਮ ਕਰਨ ਲਈ ਆਕਸੀਜਨ ਭਰਪੂਰ ਖੂਨ ਦੀ ਸਪਲਾਈ ਨਿਰਵਿਘਨ ਚਾਹੀਦੀ ਹੈ l ਜਦ ਇਸ ਬਲੱਡ ਸਪਲਾਈ ਚ ਕੋਈ ਅੜਿੱਕਾ ਲੱਗਦਾ ਹੈ ਤਾਂ ਖੂਨ ਦੀ ਘਾਟ ਜਾਂ ਉਸ ਦੀ ਕਮੀ ਕਰਕੇ ਦਿਲ ਦੇ ਪਠਿਆਂ ਨੂੰ ਨੁਕਸਾਨ ਪਹੁੰਚਦਾ ਹੈ। ਇਸ ਖੂਨ/ ਆਕਸੀਜਨ ਦੀ ਪੂਰਤੀ ‘ਚ ਕਈ ਕਾਰਨਾਂ ਕਰਕੇ ਅੜਿੱਕਾ ਲੱਗ ਸਕਦਾ ਹੈ ਜਿਵੇਂ ਕਿ:

ਕੋਰੋਨਰੀ ਧਮਣੀਆਂ ਦੇ ਰੋਗ :

ਕੋਰੋਨਰੀ ਧਮਨੀਆਂ ਦਿਲ ਦੇ ਵੱਖ-ਵੱਖ ਹਿੱਸਿਆਂ ਨੂੰ ਖੂਨ ਦੀ ਸਪਲਾਈ ਕਰਦੀਆਂ ਹਨ l ਜਦ ਇਹਨਾਂ ਕੋਰੋਨਰੀ ਧਮਣੀਆਂ ਵਿੱਚ ਕਿਸੇ ਪ੍ਰਕਾਰ ਦਾ ਵਿਗਾੜ ਧਮਣੀਆਂ ਦਾ ਕਠੋਰ ਤੇ  ਭੀੜਾ ਹੋਣਾ (ਐਥੀਰੋਸਕਲੀਰੋਸਿਸ),ਧਮਣੀ ਦੇ ਅੰਦਰ ਭੀੜਾਪਣ ਜਾਂ ਅਕੜਾਅ (ਸਪਾਜ਼ਮ) ਹੋਣਾ, ਥੱਕਾ (ਪਲੇਕ) ਜੰਮ ਜਾਣ ਨਾਲ ਦਿਲ ਦੀਆਂ ਮਾਸਪੇਸੀਆਂ ਜਾਂ ਪੱਠਿਆਂ ਨੂੰ ਖੂਨ ਦੀ ਸਪਲਾਈ ਚ ਅੜਿੱਕਾ ਲੱਗਦਾ ਹੈ। ਖੂਨ ਅਤੇ ਆਕਸੀਜਨ ਦੀ ਘਾਟ ਕਰਕੇ ਦਿਲ ਦੇ ਪੱਠਿਆਂ ਨੂੰ ਹਰਜਾ ਪਹੁੰਚਦਾ ਹੈ l ਇਸ ਹਾਲਤ ਨੂੰ ਹਾਰਟ ਅਟੈਕ ਜਾਂ ਮਾਇਓਕਾਰਡੀਅਲ ਇਨਫਾਰਕਸ਼ਨ ਕਿਹਾ ਜਾਂਦਾ ਹੈ l

ਸ਼ੂਗਰ ਦੀ ਬਿਮਾਰੀ /ਡਾਇਬਟੀਜ :

ਸ਼ੂਗਰ ਰੋਗ ‘ਚ ਖੂਨ ਅੰਦਰ ਗੁਲੂਕੋਜ਼ ਦਾ ਪੱਧਰ ਵਧਿਆ ਹੁੰਦਾ ਹੈ, ਜੋ ਸਿਰਫ ਦਿਲ ਦੇ ਨਹੀਂ ਸਗੋਂ ਪੂਰੇ ਸਰੀਰ ਦੇ ਸੈਲਾਂ ਨੂੰ ਨਕਰੋਸਿਸ ਦੇ ਮਾਧਿਅਮ ਰਾਹੀਂ ਨਸ਼ਟ ਕਰਦਾ ਰਹਿੰਦਾ ਹੈ l ਇਸ ਲਈ ਦਿਲ ਦੇ ਪੱਠਿਆਂ ਨੂੰ ਵਧੀ ਹੋਈ ਸ਼ੂਗਰ ਕਾਰਨ ਹਰਜਾ ਪੁੱਜਦਾ ਹੈ ਅਤੇ ਇਹ ਹਾਰਟ ਅਟੈਕ ਦਾ ਕਾਰਨ ਬਣਦਾ ਹੈ  l

ਹਾਈ ਬਲੱਡ ਪ੍ਰੈਸ਼ਰ :

ਹਾਈ ਬਲੱਡ ਪ੍ਰੈਸ਼ਰ ਦੀ ਸਥਿਤੀ ਨਾਲ ਧਮਣੀਆਂ ਦੇ ਸਖ਼ਤ ਤੇ ਭੀੜੇ ਹੋਣ ਦਾ ਖਤਰਾ ਵੱਧ ਜਾਂਦਾ ਹੈ,ਖਾਸ ਕਰਕੇ ਕੋਰੋਨਰੀ ਧਮਣੀਆਂ ਵਿੱਚ, ਜਿਸ ਨਾਲ ਦਿਲ ਦੇ ਦੌਰੇ ਦਾ ਡਰ ਵਧ ਜਾਂਦਾ ਹੈ l

ਲੱਛਣ  :

ਹਾਰਟ ਟੈਕ ਦੀ ਸ਼ੁਰੂਆਤ ਅਕਸਰ ਸੀਨੇ/ ਛਾਤੀ ਦੇ ਹਲਕੇ/ਭਿਆਨਕ ਦਰਦ ਅਤੇ ਬੇਚੈਨੀ ਨਾਲ ਸ਼ੁਰੂ ਹੁੰਦੀ ਹੈ। ਇਹ ਦਰਦ ਰੋਗੀ ਨੂੰ ਕਿਸੇ ਵੀ ਹਾਲਤ ਭਾਵ ਆਰਾਮ ਜਾਂ ਸਰਗਰਮੀ ਦੋਨੋਂ ਹਾਲਾਤਾਂ ਵਿੱਚ ਹੋ ਸਕਦਾ ਹੈ। ਹਾਰਟ ਅਟੈਕ ਦੇ ਪਹਿਲੇ ਕੁਝ ਲੱਛਣਾਂ ਤੋਂ ਰੋਗ ਦਾ ਅੰਦਾਜਾ ਲਾਇਆ ਜਾ ਸਕਦਾ ਹੈ, ਜਿਵੇਂ ਛਾਤੀ ਚ ਦਬਾਅ, ਭਾਰੀਪਣ  ਛਾਤੀ ਵਿਚਕਾਰ ਚੁਬਣ ਵਰਗੀ ਪੀੜਾ ਆਦਿ l ਇਹਨਾਂ ਲੱਛਣਾਂ ਨੂੰ ਅਸੀਂ ਹਾਰਟ ਅਟੈਕ ਦੀ ਚੇਤਾਵਨੀ ਵੀ ਕਹਿ ਸਕਦੇ ਹਾਂ l ਹੌਲੀ ਹੌਲੀ ਸਥਿਤੀ ਹੋਰ ਵੱਧ ਗੰਭੀਰ ਹੋ ਜਾਂਦੀ ਹੈ ਅਤੇ ਲੱਛਣ ਹੋਰ ਵੱਧ ਹਮਲਾਵਰ ਹੋ ਜਾਂਦੇ ਹਨ l ਰੋਗ ਦੀ ਪੂਰੀ ਹਾਲਤ ਚ ਸੀਨੇ/ਛਾਤੀ ਚ ਹੋਣ ਵਾਲਾ ਦਰਦ ਸਰੀਰ ਦੇ ਉੱਪਰਲੇ ਹੋਰ ਭਾਗਾਂ ਜਿਵੇਂ ਇੱਕ ਜਾਂ ਦੋਨੋਂ ਬਾਹਵਾਂ, ਮੋਢਿਆਂ ਚ ਪਿੱਠ, ਗਰਦਨ, ਦੰਦਾਂ ਤੇ ਜਬਾੜਿਆਂ ਵਿੱਚ/ਤੱਕ ਮਹਿਸੂਸ ਹੋ ਸਕਦਾ ਹੈ l ਇਸ ਤੋਂ ਇਲਾਵਾ ਸਾਹ ਫੁੱਲਣਾ, ਦਿਲ ਦੀ ਧੜਕਣ ਦਾ ਅਨਿਯਮ ਹੋਣਾ ਜਾਂ ਵਧਣਾ, ਠੰਡੀਆਂ ਤਰੇਲੀਆ ਆਉਣੀਆਂ, ਜੀ ਕੱਚਾ ਹੋਣਾ ਜਾ ਉਲਟੀ ਆਉਣੀ, ਧੱਕਾਵਟਾ ਲੱਛਣ ਵੀ ਹੁੰਦੇ ਹਨ l

ਹਾਰਟ ਅਟੈਕ ਚ ਲੱਛਣਾਂ ਦੀ ਤੀਬਰਤਾ ਰੋਗੀ ਦੀ ਉਮਰ, ਲਿੰਗ, ਰੋਗ ਦੇ ਪੜਾਅ ‘ਤੇ ਨਿਰਭਰ ਕਰਦੀ ਹੈ। ਪਰ ਇੱਥੇ ਇਹ ਗੱਲ ਸਪਸ਼ਟ ਕਰ ਦੇਣੀ ਜਰੂਰੀ ਹੈ ਕਿ ਹਾਰਟ ਅਟੈਕ ਦੇ ਲੱਛਣਾ ‘ਚ ਹਰੇਕ ਰੋਗੀ ‘ਚ ਭਿੰਨਤਾ ਹੋ ਸਕਦੀ ਹੈ ਅਰਥਾਤ ਅਜਿਹਾ ਨਹੀਂ ਕਿ ਸਾਰੇ ਦਿਲ ਦੇ ਦੌਰੇ ਹਾਰਟ ਅਟੈਕ ਅਕਸਰ ਛਾਤੀ ‘ਚ ਦਰਦ ਨਾਲ ਹੀ ਸ਼ੁਰੂ ਹੋਣ l ਕਈ ਵਾਰੀ ਹਾਰਟ ਅਟੈਕ ‘ਚ ਕੋਈ ਵੀ ਲੱਛਣ ਨਹੀਂ ਮਿਲਦਾ ਖਾਸ ਕਰਕੇ ਸ਼ੂਗਰ ਰੋਗੀਆਂ ਵਿੱਚ। ਇਸ ਤਰ੍ਹਾਂ ਦੀ ਹਾਲਤ ਵਿਚ ਰੋਗੀ ਨੂੰ ਤੁਰੰਤ ਐਮਰਜੈਂਸੀ ਇਲਾਜ ਲਈ ਭਰਤੀ ਕੀਤਾ ਜਾਂਦਾ ਹੈ।  ਈਸੀਜੀ ਅਤੇ ਈਕੋ ਕਾਰਡੀਓਗ੍ਰਾਫੀ ਕਰ ਲਈ ਜਾਂਦੀ ਹੈ l ਸਿੰਗਲ ਜਾਂ ਡਬਲ ਵੈਸਲ ਬਲਾਕ ਦਾ ਪਤਾ ਲੱਗ ਜਾਣ ਪਿੱਛੋਂ ਐਨਜੀਓਪਲਾਸਟੀ ਕੀਤੀ ਜਾਂਦੀ ਹੈ,ਜਿਸ ਨਾਲ ਰੁਕੀ ਹੋਈ ਖੂਨ ਦੀ ਸਪਲਾਈ ਮੁੜ ਚਾਲੂ ਹੋ ਜਾਂਦੀ ਹੈ l

ਹਾਰਟ ਅਟੈਕ ਤੋਂ ਬਚਣ ਦੇ ਉਪਾਅ ਕਿਹੜੇ ਹਨ ? ਇਲਾਜ ਨਾਲੋਂ ਪਰਹੇਜ ਅੱਛਾ ਹੈ ਇਸ ਕਥਨ ਅਨੁਸਾਰ-

  • -ਤਮਾਕੂਨੋਸ਼ੀ ਨਾ ਕਰੋ ਕਿਉਂਕਿ ਫੇਫੜਿਆਂ ਦੇ ਰੋਗ ਨਾਲ ਦਿਲ ਦਾ ਰੋਗ ਵਧ ਜਾਂਦਾ ਹੈ।
  • – ਨਿਯਮਤ ਤੌਰ ਤੇ ਸੁਬਹਾ ਸ਼ਾਮ ਦੀ ਸੈਰ ਕਰੋ।
  • -ਸ਼ਰਾਬ ਨਾ ਪੀਓ।
  • -ਸ਼ੂਗਰ ਦੀ ਬਿਮਾਰੀ ਹੋਵੇ ਤਾਂ ਉਸਦੀ ਜਾਂਚ ਕਰਾ ਕੇ ਇਲਾਜ ਕਰਾਓ l -ਹਾਈ ਬਲੱਡ ਪ੍ਰੈਸ਼ਰ ‘ਚ ਨਮਕ ਦੀ ਵਰਤੋਂ ਘੱਟ ਕਰੋ।
  • -ਖੂਨ ਵਿੱਚ ਕਲੈਸਟਰੋਲ ਵੱਧ ਹੋਵੇ ਤਾਂ ਇਸ ਲਈ ਕੋਲੈਸਟਰੋਲ ਫਰੀ ਖੁਰਾਕ ਹੀ ਖਾਓ।
  • -ਭੋਜਨ ਪਿੱਛੋਂ ਤ੍ਰਿਫਲਾ ਚੂਰਨ ਖਾਣ ਨਾਲ ਵਸਾ ਤੇ ਤੇਲ ਘੱਟ ਜ਼ਜਬ ਹੁੰਦਾ ਹੈ ਅਤੇ ਵਸਾ ਦੀ ਮਾਤਰਾ ਕੰਟਰੋਲ ਕੀਤੀ ਜਾ ਸਕਦੀ ਹੈ।
  • -ਖਾਣਾ ਫਾਲਤੂ ਨਾ ਖਾਓ।
  • -ਖਾਣਾ ਖਾ ਕੇ ਤੁਰੰਤ ਲੇਟੋ ਨਾ ਜਾਂ ਸੌ ਨਾ ਜਾਓ ਨਹੀਂ ਤਾਂ ਇਸ ਨਾਲ ਦਿਲ ਤੇ ਦਬਾਅ ਪੈਂਦਾ ਹੈ ਤੇ ਉਸਦੀ ਕਾਰਜ ਸਮਰੱਥਾ ਪ੍ਰਭਾਵਿਤ ਹੁੰਦੀ ਹੈ -ਵੱਧ ਫੈਟੀ ਤੇ ਤੇਲ ਭਰਪੂਰ ਖਾਣਾ ਨਾ ਵਰਤੋ।
  • -ਮੋਟਾਪੇ ਅਤੇ ਕਬਜ ਤੋਂ ਬਚਣਾ ਚਾਹੀਦਾ ਹੈ।

ਡਾ. ਅਜੀਤਪਾਲ ਸਿੰਘ ਐਮ ਡੀ
ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
98156 293 101

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES

Most Popular

Recent Comments