ਸਿਹਤ ਵਿਭਾਗ ਵਲੋਂ ਮਿਲਾਵਟਖੋਰੀ ਨੂੰ ਰੋਕਣ ਲਈ ਹਦਾਇਤਾਂ ਜਾਰੀ

108

 

  • ਮਠਿਆਈਆਂ ਤਿਆਰ ਕਰਨ ਮੌਕੇ ਸਫਾਈ ਤੇ ਸ਼ੁੱਧਤਾ ਦਾ ਰੱਖਿਆ ਜਾਵੇ ਖ਼ਾਸ ਖਿਆਲ: ਸਿਵਲ ਸਰਜਨ

ਦਲਜੀਤ ਕੌਰ ਭਵਾਨੀਗੜ੍ਹ, ਸੰਗਰੂਰ

ਤਿਉਹਾਰਾਂ ਦੇ ਮੱਦੇਨਜ਼ਰ ਮਿਲਾਵਟਖੋਰੀ ਨੂੰ ਰੋਕਣ ਅਤੇ ਲੋਕਾਂ ਨੂੰ ਸ਼ੁੱਧ ਖਾਣ-ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਚੌਕਸੀ ਵਰਤਣ ਦੇ ਆਦੇਸ਼ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਜਾਰੀ ਕੀਤੇ ਗਏ ਹਨ। ਇਸ ਸਬੰਧੀ ਕਮਿਸ਼ਨਰ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀ ਅਗਵਾਈ ਹੇਠ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਮਠਿਆਈਆਂ ਤਿਆਰ ਕਰਨ ਜਾਂ ਵੇਚਣ ਸਮੇਂ ਕਿਸੇ ਕਿਸਮ ਦੀ ਮਿਲਾਵਟਖੋਰੀ ਨਾ ਕੀਤੀ ਜਾਵੇ ਅਤੇ ਖਾਣ ਪੀਣ ਵਾਲੇ ਪਦਾਰਥਾਂ ਦੀ ਸਾਫ਼-ਸਫ਼ਾਈ ਤੇ ਸ਼ੁੱਧਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।

ਉਨ੍ਹਾਂ ਕਿਹਾ ਕਿ ਖੋਆ ਅਤੇ ਪਨੀਰ ਆਦਿ ਸ਼ੁੱਧ ਦੁੱਧ ਤੋਂ ਹੀ ਤਿਆਰ ਕੀਤੇ ਜਾਣ। ਉਨ੍ਹਾਂ ਦੁਕਾਨਦਾਰਾਂ ਨੂੰ ਇਹ ਵੀ ਕਿਹਾ ਕਿ ਸਪਲਾਈ ਹੋਏ ਦੁੱਧ ਦਾ ਪੂਰਾ ਰਿਕਾਰਡ ਰੱਖਿਆ ਜਾਵੇ ਤੇ ਮਠਿਆਈ ਲਈ ਵਰਤਿਆ ਜਾਣ ਵਾਲਾ ਕੱਚਾ ਮਾਲ, ਤੇਲ ਆਦਿ ਗੁਣਵੱਤਾ ਵਾਲਾ ਹੋਵੇ। ਇਸ ਤੋਂ ਇਲਾਵਾ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੀਆਂ ਧਾਰਾਵਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਮਠਿਆਈ ‘ਤੇ ਮਿਆਦ ਪੁੱਗਣ ਦੇ ਸਟਿੱਕਰ ਲਾਏ ਜਾਣੇ ਯਕੀਨੀ ਬਣਾਏ ਜਾਣ ਤੇ ਨਿਰਧਾਰਤ ਫੂਡ ਲਾਇਸੈਂਸ ਲੈਣਾ ਵੀ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਕੰਮ ਕਰਨ ਵਾਲੇ ਕਾਮਿਆਂ ਦਾ ਮੈਡੀਕਲ ਕਰਵਾਇਆ ਜਾਵੇ, ਉਨ੍ਹਾਂ ਨੂੰ ਟੋਪੀਆ, ਦਸਤਾਨੇ, ਮਾਸਕ ਆਦਿ ਮੁਹਇਆ ਕਰਵਾਏ ਜਾਣ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਬਾਲ ਮਜ਼ਦੂਰੀ ਨਾ ਕਰਵਾਈ ਜਾਵੇ। ਇਸ ਦੌਰਾਨ ਉਨ੍ਹਾਂ ਫੂਡ ਸੈਫਟੀ ਕਮਿਸ਼ਨਰ ਨੂੰ ਵੀ ਦੁਕਾਨਾਂ ‘ਤੇ ਜਾ ਕੇ ਖਾਣ ਪੀਣ ਦੀਆਂ ਵਸਤੂਆਂ ਦੀਆਂ ਚੈਕਿੰਗ ਵਧਾਉਣ ਲਈ ਕਿਹਾ, ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ।