- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਡੀ ਸੀ ਦਫਤਰ ਅੱਗੇ ਕਿਸਾਨਾਂ ਦਿੱਤਾ ਧਰਨਾ
- ਮੁਆਵਜਾ ਜਾਰੀ ਨਾ ਕੀਤਾ ਤਾਂ ਸਰਕਾਰ ਦਾ ਪਿੰਡਾਂ ਵਿੱਚ ਕਰਾਂਗੇ ਵਿਰੋਧ – ਕਿਸਾਨ ਆਗੂ
ਪੰਜਾਬ ਨੈੱਟਵਰਕ, ਫਿਰੋਜ਼ਪੁਰ
ਪੰਜਾਬ ਵਿੱਚ ਦਰਿਆ ਦੀ ਮਾਰ ਹੇਠ ਆ ਕੇ ਬੁਰੀ ਤਰਾਂ ਪ੍ਰਭਾਵਤ ਹੋਏ ਕਿਸਾਨਾਂ ਨੂੰ ਪੂਰਾ ਮੁਆਵਜਾ ਦੁਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਡੀ ਸੀ ਦਫਤਰ ਅੱਗੇ ਧਰਨਾ ਦਿੱਤਾ ਗਿਆ| ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਬੀ ਕੇ ਯੂ ਡਾਕੋੰਦਾ, ਬੀ ਕੇ ਯੂ ਪੰਜਾਬ, ਕਿਸਾਨ ਬਚਾਓ ਮੋਰਚਾ, ਬੀ ਕੇ ਯੂ ਉਗਰਾਹਾਂ, ਕਿਸਾਨ ਸੰਘਰਸ਼ ਕਮੇਟੀ ਪੰਜਾਬ, ਕੁਲ ਹਿੰਦ ਕਿਸਾਨ ਸਭਾ ਆਦਿ ਜਥੇਬੰਦੀਆਂ ਦੀ ਅਗਵਾਈ ਵਿੱਚ ਇਕੱਠੇ ਕਿਸਾਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਜੰਮਕੇ ਨਾਹਰੇਬਾਜੀ ਕੀਤੀ|
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਪੰਜਾਬ ਸੂਬੇ ਨੂੰ ਕੁਦਰਤੀ ਆਫਤ ਐਲਾਨ ਕੇ ਤੁਰੰਤ ਮੁਆਵਜਾ ਜਾਰੀ ਕਰਨਾ ਚਾਹੀਦਾ ਹੈ| ਉਹਨਾਂ ਕਿਹਾ ਕਿ ਜਿਨ੍ਹਾਂ ਕਿਸਾਨਾ ਦੀ ਪੂਰੀ ਫਸਲ ਖਰਾਬ ਹੋ ਗਈ ਹੈ ਉਹਨਾਂ ਨੂੰ 70 ਹਜਾਰ ਰੁਪਏ ਪ੍ਰਤੀ ਏਕੜ, ਜਿਸ ਕਿਸਾਨ ਦਾ ਪਸ਼ੂ ਮਰਿਆ ਪ੍ਰਤੀ ਪਸ਼ੂ 1 ਲੱਖ ਰੁਪਏ, ਜਿਸ ਕਿਸਾਨ ਮਜਦੂਰ ਘਰ ਡਿੱਗਾ ਉਸਨੂੰ 5 ਲੱਖ ਰੁਪਏ, ਜਿਸ ਘਰ ਦਾ ਕੋਈ ਵਿਅਕਤੀ ਮਰ ਚੁੱਕਾ ਹੈ ਉਸਨੂੰ 10 ਲੱਖ ਮੁਆਵਜਾ ਦਿੱਤਾ ਜਾਵੇ | ਉਹਨਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਤੁਰੰਤ ਕਿਸਾਨਾਂ ਦਾ ਪੂਰਾ ਮੁਆਵਜਾ ਜਾਰੀ ਕੀਤਾ ਜਾਵੇ ਅਤੇ ਜਿਨ੍ਹਾਂ ਕਿਸਾਨਾ ਦੇ ਖੇਤਾਂ ਵਿੱਚ ਰੇਤਾ ਭਰ ਗਈ ਹੈ ਉਸਨੂੰ ਚੁੱਕ ਕੇ ਵੇਚਣ ਦੀ ਛੂਟ ਦਿੱਤੀ ਜਾਵੇ|
ਪ੍ਰੋਗਰਾਮ ਦੇ ਅਖੀਰ ਵਿੱਚ ਕਿਸਾਨਾਂ ਨੇ ਐਲਾਨ ਕੀਤਾ ਕਿ ਜ਼ੇਕਰ ਕਿਸਾਨਾਂ ਨੂੰ ਪੂਰਾ ਮੁਆਵਜਾ ਜਾਰੀ ਨਾ ਕੀਤਾ ਤਾਂ ਪਿੰਡਾਂ ਵਿੱਚ ਸਰਕਾਰ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਵਿਰੋਧ ਕੀਤਾ ਜਾਵੇਗਾ| ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾ ਗੁਰਮੀਤ ਸਿੰਘ ਪੋਜੋਕੇ , ਬੀ ਕੇ ਯੂ ਡਾਕੌਂਦਾ ਦੇ ਜਿਲ੍ਹਾ ਆਗੂ ਜਾਗੀਰ ਸਿੰਘ ਖਹਿਰਾ ਗੁਲਜਾਰ ਸਿੰਘ ਕਾਬਰਵਛਾ, ਬੀ ਕੇ ਯੂ ਪੰਜਾਬ ਦੇ ਰਸਾਲ ਸਿੰਘ ਗੁਰਦੀਪ ਸਿੰਘ , ਕਿਸਾਨ ਬਚਾਓ ਮੋਰਚਾ ਦੇ ਗੋਮਾ ਸਿੰਘ ,ਬੀ ਕੇ ਯੂ ਉਗਰਾਹਾਂ ਦੇ ਮਹਿੰਦਰ ਸਿੰਘ , ਕਿਸਾਨ ਸੰਘਰਸ਼ ਕਮੇਟੀ ਦੇ ਸੁਖਦੇਵ ਸਿੰਘ ਆਰਈਆਂ ਵਾਲਾ, ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਰਸ਼ਪਾਲ ਸਿੰਘ ਸੰਧੂ, ਗੁਰਦਿੱਤ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।