ਸਾਨੂੰ ਹਫਤਾਵਾਰੀ (ਐਤਵਾਰ) ਛੁੱਟੀ ਦਾ ਹੱਕ ਕਿਵੇਂ ਮਿਲ਼ਿਆ? ਪੜ੍ਹੋ ਸੰਘਰਸ਼ਮਈ ਇਤਿਹਾਸ

558

 

ਕਿਰਤੀ ਲੋਕਾਂ ਨੂੰ ਹਾਕਮਾਂ ਨੇ ਕੋਈ ਵੀ ਹੱਕ ਥਾਲ ’ਚ ਸਜਾਕੇ ਨਹੀਂ ਦਿੱਤੇ ਸਗੋਂ ਉਹਨਾਂ ਨੂੰ ਹਮੇਸ਼ਾ ਆਪਣੇ ਸੰਘਰਸ਼ਾਂ ਦੀ ਬਦੌਲਤ ਇਹ ਹੱਕ ਖੋਹਣੇ ਪਏ ਹਨ। ਇਸੇ ਤਰ੍ਹਾਂ ਹਫਤਾਵਾਰੀ ਛੁੱਟੀ ਦਾ ਹੱਕ ਵੀ ਸਾਨੂੰ ਖੈਰਾਤ ਵਿੱਚ ਨਹੀਂ ਮਿਲ਼ਿਆ ਸਗੋਂ ਇਸ ਨੂੰ ਹਾਸਲ ਕਰਨ ਪਿੱਛੇ ਮਜਦੂਰਾਂ ਦੀ ਸਾਨ੍ਹਾਮੱਤੀ ਜੱਦੋ-ਜਹਿਦ ਪਈ ਹੈ। ਅਕਸਰ ਸ਼ੁੱਕਰ ਜਾਂ ਸ਼ਨੀਵਾਰ ਦੀ ਸ਼ਾਮ ਨੂੰ, ਪੂਰੇ ਹਫਤੇ ਦੇ ਕੰਮ ਪਿੱਛੋਂ, ਅਸੀਂ ਆਉਣ ਵਾਲ਼ੇ ਐਤਵਾਰ ਬਾਰੇ ਸੋਚਦੇ ਹਾਂ; ਇਸ ਦਿਨ ਬਕਾਏ ਕੰਮਾਂ ਨੂੰ ਪੂਰਾ ਕਰਨ, ਸਫਾਈ ਆਦਿ ਘਰੇਲੂ ਕੰਮਾਂ ਤੋਂ ਲੈ ਪਰਿਵਾਰ, ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਮਿਲ਼ਣ ਜਾਂ ਉਹਨਾਂ ਨਾਲ਼ ਕਿਤੇ ਨੇੜੇ ਘੁੰਮਣ ਦੇ ਪ੍ਰੋਗਰਾਮ ਬਣਦੇ ਹਨ।

ਪਰ ਸ਼ਨੀ-ਐਤਵਾਰ ਦੀ ਛੁੱਟੀ ਕੋਈ ਬਹੁਤਾ ਪੁਰਾਣਾ ਵਰਤਾਰਾ ਨਹੀਂ। ਲੰਬਾ ਸਮਾਂ ਤਾਂ ਗੁਲਾਮਦਾਰੀ ਯੁੱਗ ਵਿੱਚ ਗੁਲਾਮਾਂ ਤੋਂ ਉਮਰ ਭਰ ਕੰਮ ਲਿਆ ਜਾਂਦਾ ਸੀ ਤੇ ਛੁੱਟੀ ਜਿਹਾ ਕੋਈ ਸੰਕਲਪ ਹੀ ਨਹੀਂ ਸੀ। ਜਗੀਰੂ ਯੁੱਗ ਵਿੱਚ ਵੀ ਕੰਮ ਦੇ ਹਿਸਾਬ ਨਾਲ਼ ਮਾਲਕਾਂ ਦੇ ਚੱਤੋ-ਪਹਿਰ ਸੱਦੇ ਉੱਤੇ ਤਿਆਰ ਰਹਿਣਾ ਪੈਂਦਾ ਸੀ। ਇਹ ਤਾਂ ਆਧੁਨਿਕ ਸਰਮਾਏਦਾਰਾ ਪ੍ਰਬੰਧ ਤੇ ਇਸ ਨਾਲ਼ ਹੋਂਦ ਵਿੱਚ ਆਈ ਇਤਿਹਾਸ ਦੀ ਸਭ ਤੋਂ ਇਨਕਲਾਬੀ ਜਮਾਤ, ਮਜਦੂਰ ਜਮਾਤ, ਦੀ ਚੇਤਨਾ ਤੇ ਸੰਘਰਸ਼ਾਂ ਦਾ ਨਤੀਜਾ ਹੈ ਕਿ ਹਫਤਾਵਾਰੀ ਛੁੱਟੀ ਦਾ ਸੰਕਲਪ ਸਮਾਜ ਦਾ ਆਮ ਨੇਮ ਬਣਿਆ ਭਾਵੇਂ ਅੱਜ ਦੁਨੀਆਂ ਭਰ ਵਿੱਚ ਹੀ ਮਜਦੂਰ ਲਹਿਰ ਨੂੰ ਲੱਗੀ ਪਛਾੜ ਕਾਰਨ ਇਸ ਹੱਕ ਉੱਤੇ ਮਾਲਕ ਜਮਾਤ ਵੱਲ਼ੋਂ ਹਮਲੇ ਕੀਤੇ ਜਾ ਰਹੇ ਹਨ, ਕੰਮ ਦਾ ਬੋਝ ਵਧਾਇਆ ਜਾ ਰਿਹਾ ਹੈ ਤੇ ਮਜਦੂਰਾਂ, ਕਿਰਤੀਆਂ ਦੇ ਵੱਡੇ ਹਿੱਸੇ ਨੂੰ ਐਨਾ ਮਜਬੂਰ ਕਰ ਦਿੱਤਾ ਗਿਆ ਹੈ ਕਿ ਉਹ ਐਤਵਾਰ ਨੂੰ ਵੀ ਓਵਰਟਾਇਮ ਲਾਉਣ ਨੂੰ ਤਰਜੀਹ ਦਿੰਦੇ ਹਨ ਤਾਂ ਜੋ ਦਿਓ ਕੱਦ ਮਹਿੰਗਾਈ ਅੱਗੇ ਖਰਚੇ ਪੂਰੇ ਪੈ ਸਕਣ।

ਹਫਤਾਵਾਰੀ ਛੁੱਟੀ ਦਾ ਸੰਘਰਸ਼ਮਈ ਇਤਿਹਾਸ

ਬਿਨਾਂ ਸ਼ੱਕ ਸਾਡੀ ਚਰਚਾ ਦਾ ਕੇਂਦਰ ਬਿੰਦੂ ਸਨਅਤੀ ਇਨਕਲਾਬ ਦਾ ਘਰ ਇੰਗਲੈਂਡ ਹੋਵੇਗਾ ਕਿਉਂਜੋ ਐਥੇ ਹੀ ਸਭ ਤੋਂ ਪਹਿਲਾਂ ਆਧੁਨਿਕ ਮਜਦੂਰ ਜਮਾਤ ਹੋਂਦ ਵਿੱਚ ਆਈ, ਐਥੇ ਹੀ ਇਸਨੇ ਆਪਣੇ ਹੱਕਾਂ ਲਈ ਸ਼ੁਰੂਆਤੀ ਸ਼ਾਨ੍ਹਾਮੱਤੀਆਂ ਲੜਾਈਆਂ ਲੜੀਆਂ ਤੇ ਪੂਰੇ ਯੂਰਪੀ ਮਹਾਂਦੀਪ ਤੇ ਐਥੋਂ ਤੱਕ ਕਿ ਉੱਤਰੀ ਅਮਰੀਕੀ ਮਹਾਂਦੀਪ ਤੇ ਹੋਰਾਂ ਥਾਂਵਾਂ ਦੇ ਅਗਲੇਰੇ ਮਜਦੂਰ ਸੰਘਰਸ਼ਾਂ ਨੂੰ ਪ੍ਰਭਾਵਿਤ ਕੀਤਾ। ਇਸ ਤੋਂ ਬਿਨਾਂ ਅੰਗਰੇਜਾਂ ਵੱਲੋਂ ਬਸਤੀ ਬਣਾਏ ਮੁਲਕਾਂ ਵਿੱਚ ਵੀ ਬਰਤਾਨੀਆ ਦੇ ਮਜਦੂਰਾਂ ਵੱਲੋਂ ਜਿੱਤੇ ਹੱਕਾਂ ਦਾ ਕੁੱਝ ਅਸਰ ਪਹੁੰਚਿਆ।

ਆਧੁਨਿਕ ਸਨਅਤ ਪੂਰਵਲੇ ਇੰਗਲੈਂਡ ਵਿੱਚ, ਹੋਰਾਂ ਸਮਾਜਾਂ ਵਾਂਗੂੰ, ਸਮੇਂ ਦਾ ਕੋਈ ਆਧੁਨਿਕ ਸੰਕਲਪ ਨਹੀਂ ਸੀ। ਸਮਾਂ ਤੇ ਉਸ ਅਨੁਸਾਰ ਕੰਮ ਮੌਸਮਾਂ ਦੇ ਹਿਸਾਬ ਨਾਲ਼ ਜਾਂ ਦਿਨ ਦੇ ਉਜਾਲੇ ਨਾਲ਼ ਤੈਅ ਹੁੰਦਾ ਸੀ ਜਿਵੇਂ ਕਿ ਚਿਰ ਅਤੀਤ ਤੋਂ ਹੁੰਦਾ ਆਇਆ ਸੀ। ਪ੍ਰਸਿੱਧ ਅੰਗਰੇਜ ਇਤਿਹਾਸਕਾਰ ਈਪੀ ਥਾਮਸਨ ਨੇ ਆਪਣੇ ਸ਼ਾਨਦਾਰ ਲੇਖ ਵਿੱਚ ਵੱਖ-ਵੱਖ ਹਵਾਲਿਆਂ ਰਾਹੀਂ ਦਿਖਾਇਆ ਕਿ ਕਿਵੇਂ ਪੁਰਾਣੇ ਇੰਗਲੈਂਡ ਵਿੱਚ ਘੜੀਆਂ ਉੱਤੇ ਸਿਰਫ ਘੰਟੇ ਦੀ ਸੂਈ ਹੁੰਦੀ ਸੀ ਤੇ ਮਿੰਟਾਂ-ਸਕਿੰਟਾਂ ਦਾ ਸੰਕਲਪ ਤਾਂ ਬਹੁਤ ਬਾਅਦ ਵਿੱਚ ਜਾ ਕੇ ਹੀ ਆਇਆ।

ਪਰ ਸਨਅਤੀ ਯੁੱਗ ਦੀ ਆਮਦ ਨੇ ਸਭ ਬਦਲ ਦਿੱਤਾ। ਮਨਮਰਜੀ ਦੀ ਸਮਾਂ-ਸਾਰਣੀ ਦੇ ਹਿਸਾਬ ਨਾਲ਼ ਚਲਦੇ ਦਸਤਕਾਰਾਂ, ਕਾਰੀਗਰਾਂ ਦੀ ਥਾਂ ਸਮੂਹਿਕ ਰੁਜਗਾਰ ਨੇ ਜਾਣੀ ਮਜਦੂਰਾਂ ਨੇ ਲੈਣੀ ਸ਼ੁਰੂ ਕਰ ਦਿੱਤੀ ਤੇ ਹੌਲ਼ੀ-ਹੌਲ਼ੀ ਕੰਮ ਤੇ ਸਮੇਂ ਦਾ ਮਾਨਕੀਕਰਨ ਸ਼ੁਰੂ ਹੋਇਆ ਤੇ ਕੰਮ ਤੇ ਵਿਹਲ ਵਿੱਚ ਵੰਡ ਸਪੱਸ਼ਟ ਹੋਣੀ ਸ਼ੁਰੂ ਹੋਈ। 18-19’ਵੀਂ ਸਦੀ ਵਿੱਚ ਮਜਦੂਰਾਂ ਦੀਆਂ 16-16 ਘੰਟਿਆਂ ਦੀਆਂ ਲਗਾਤਾਰ ਕੰਮ-ਦਿਹਾੜੀਆਂ ਇੱਕ ਆਮ ਵਰਤਾਰਾ ਸੀ ਪਰ ਇਸ ਖਿਲਾਫ ਮਜਦੂਰਾਂ ਕੋਲ਼ ਨਾ ਕੋਈ ਬਦਲ ਸੀ ਤੇ ਨਾ ਹੀ ਲੜਨ ਦੀ ਅਜੇ ਕੋਈ ਸੋਝੀ। ਮਾਲਕ, ਮਜਦੂਰਾਂ ਨੂੰ ਵੱਧੋ-ਵੱਧ ਨਿਚੋੜਨਾ ਚਾਹੁੰਦੇ ਸਨ ਜਦਕਿ ਮਜਦੂਰ ਆਪਣੇ ਲਈ ਤੇ ਆਪਣੇ ਪਰਿਵਾਰ ਲਈ ਇਸ ਜਬਰੀ ਕੰਮ ਵਿੱਚੋਂ ਸਕੂਨ ਦੇ ਕੁੱਝ ਪਲ ਹਾਸਲ ਕਰਨਾ ਚਾਹੁੰਦੇ ਸਨ। ਇਸੇ ਲਈ ਆਖਰ ਨੂੰ ਮਜਦੂਰਾਂ ਨੇ ਮਾਲਕਾਂ ਦੇ ਇਸ ਧੱਕੇ ਖਿਲਾਫ ਅਵਾਜ ਉਠਾਉਣੀ ਸ਼ੁਰੂ ਕਰ ਦਿੱਤੀ।

ਸੰਤ ਸੋਮਵਾਰ ਦਾ ਸੰਕਲਪ

ਹਫਤਾਵਰੀ ਦੋ ਛੁੱਟੀਆਂ ਦਾ ਨੇਮ ਆਮ ਹੋਣ ਤੋਂ ਪਹਿਲਾਂ ਬਰਤਾਨੀਆ ਦੇ ਮਜਦੂਰਾਂ ਵਿੱਚ ਸੋਮਵਾਰ ਨੂੰ ਛੁੱਟੀ ਮਾਰ ਲੈਣ ਜਾਂ ਕਹੀਏ ਮਾਲਕਾਂ ਕੋਲ਼ੋਂ ਸੋਮਵਾਰ ਦਾ ਦਿਨ “ਖੋਹ ਲੈਣ” ਦਾ ਰਿਵਾਜ ਆਮ ਹੁੰਦਾ ਸੀ। 17-18’ਵੀਂ ਸਦੀ ਤੋਂ ਹੀ ਕਾਰੀਗਰਾਂ ਵੱਲ਼ੋਂ ਪੂਰੇ ਹਫਤੇ ਦੀ ਸਖਤ ਮੁਸ਼ੱਕਤ ਪਿੱਛੋਂ ਐਤਵਾਰ ਨੂੰ ਆਪਣੇ ਘਰ ਦੇ ਕੰਮਾਂ ਲਈ ਰਾਖਵਾਂ ਰੱਖਿਆ ਜਾਂਦਾ ਸੀ ਜਿਸ ਨੂੰ ਉਹ ਗਿਰਜੇ ਜਾਣ, ਪਰਿਵਾਰ ਨਾਲ਼ ਸਮਾਂ ਬਿਤਾਉਣ ਜਾਂ ਸਖਤ ਮਿਹਨਤ ਦੀ ਕੌੜ ਨੂੰ ਲਾਹੁਣ ਲਈ ਰੱਜਕੇ ਦਾਰੂ ਪੀਣ ਵਾਸਤੇ ਵਰਤਦੇ ਸਨ। ਐਤਵਾਰ ਦੇਰ ਰਾਤ ਤੱਕ ਚਲਦੇ ਇਸ ਰੁਟੀਨ ਕਾਰਨ ਸੋਮਵਾਰ ਨੂੰ ਉਹਨਾਂ ਲਈ ਕੰਮ ਕਰਨਾ ਮੁਹਾਲ ਹੁੰਦਾ ਸੀ, ਇਸ ਲਈ ਉਹ ਆਪਣਾ ਕੰਮ ਅਕਸਰ ਬੰਦ ਹੀ ਰੱਖਦੇ ਜਾਂ ਫੇਰ ਸੋਮਵਾਰ ਨੂੰ ਬਾਕੀ ਹਫਤੇ ਦੇ ਕੰਮ ਲਈ ਜਰੂਰੀ ਆਰਡਰ ਤੇ ਸਮਾਨ ਇਕੱਠਾ ਕਰਨ ਦਾ ਆਹਰ ਕਰਦੇ। ਇਸ ਗੈਰ-ਰਸਮੀ ਛੁੱਟੀ ਨੂੰ ਉਹ ਸੰਤ ਸੋਮਵਾਰ ਦਾ ਧਾਰਮਿਕ ਬਹਾਨਾ ਬਣਾਕੇ ਮਾਰ ਲੈਂਦੇ ਸਨ। ਇਹੀ ਰਿਵਾਜ ਅੱਗੇ ਮਜਦੂਰਾਂ ਵਿੱਚ ਵੀ ਪ੍ਰਚੱਲਿਤ ਹੋ ਗਿਆ ਤੇ 19ਵੀਂ ਸਦੀ ਦੇ ਮੱਧ ਤੱਕ ਬਰਤਾਨੀਆਂ ਦੀਆਂ ਮਿੱਲਾਂ, ਕਾਰਖਾਨਿਆਂ ਵਿੱਚ ਵੀ ਇਹ ਆਮ ਨੇਮ ਬਣ ਗਿਆ ਸੀ। ਸੁਭਾਵਿਕ ਹੀ ਇਸ ਛੁੱਟੀ ਦਾ ਮਾਲਕਾਂ ਵੱਲ਼ੋਂ ਵਿਰੋਧ ਕੀਤਾ ਜਾਂਦਾ ਸੀ ਕਿਉਂਜੋ ਉਹਨਾਂ ਦਾ ਕੰਮ ਪ੍ਰਭਾਵਿਤ ਹੁੰਦਾ ਸੀ, ਉਹਨਾਂ ਦੇ ਮੁਨਾਫਿਆਂ ਨੂੰ ਇਸ ਨਾਲ਼ ਸੱਟ ਵੱਜਦੀ ਸੀ। ਨਾਲ਼ ਹੀ ਗਿਰਜੇ ਦੇ ਧਾਰਮਿਕ ਆਗੂਆਂ ਵੱਲੋਂ ਵੀ ਇਸਦਾ ਵਿਰੋਧ ਕੀਤਾ ਜਾਂਦਾ ਸੀ ਕਿਉਂਜੋ ਉਹਨਾਂ ਨੂੰ ਲੱਗਦਾ ਸੀ ਕਿ ਕਾਰੀਗਰ ਤੇ ਮਜਦੂਰ, ਐਤਵਾਰ ਦੇ ਦਿਨ ਨੂੰ ਰੱਜਕੇ ਦਾਰੂ ਪੀਣ ਜਾਂ ਅਜਿਹੀ ਕਿਸੇ ਮਸਤੀ ਲਈ ਖਪਾ ਦਿੰਦੇ ਸਨ ਜਿਸ ਕਾਰਨ ਗਿਰਜੇ ਵਿੱਚ ਉਹਨਾਂ ਦੀ ਹਾਜਰੀ ਘਟਦੀ ਸੀ।

ਸ਼ਨੀਵਾਰ ਨੂੰ ਰਸਮੀ ਤੌਰ ਉੱਤੇ ਛੁੱਟੀ ਕਰਾਉਣ ਲਈ ਸਭ ਤੋਂ ਪਹਿਲਾਂ ਬਰਤਾਨੀਆ ਅੰਦਰ 1842 ਵਿੱਚ “ਅਰਲੀ ਕਲੋਜਿੰਗ ਐਸੋਸੀਏਸ਼ਨ (ਸਾਜਰੇ ਬੰਦ ਕਰੋ ਸਭਾ)” ਨਾਂ ਦਾ ਪ੍ਰਚਾਰ ਗਰੁੱਪ ਕਾਇਮ ਹੋਇਆ। ਇਹ ਗਰੁੱਪ ਬਰਤਾਨੀਆ ਦੇ ਦੁਕਾਨ ਮਜਦੂਰਾਂ ਵੱਲੋਂ ਬਣਾਇਆ ਗਿਆ ਸੀ ਜਿਸਨੂੰ ਕਈ ਸੁਧਾਰਕਾਂ ਤੇ ਧਾਰਮਿਕ ਆਗੂਆਂ ਤੱਕ ਦੀ ਵੀ ਹਮਾਇਤ ਹਾਸਲ ਸੀ ਕਿਉਂ ਜੋ ਉਹਨਾਂ ਮੁਤਾਬਕ ਸ਼ਨੀਵਾਰ ਨੂੰ ਵਿਹਲ ਮਿਲ਼ ਜਾਣ ਨਾਲ਼ ਮਜਦੂਰ ਐਤਵਾਰ ਨੂੰ ਗਿਰਜਿਆਂ ਵਿੱਚ ਵਧੇਰੇ ਹਾਜਰੀ ਲਵਾਉਣਗੇ। ਲੱਗਭੱਗ ਇਸੇ ਹੀ ਦੌਰ ਵਿੱਚ ਖਿਆਲੀ ਸਮਾਜਵਾਦੀਆਂ ਨੇ ਵੀ ਕੰਮ ਦੇ ਘੰਟੇ ਘਟਾਉਣ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਸਦਕਾ 1844 ਵਿੱਚ ਕਾਰਖਾਨਾ ਕਨੂੰਨ ਰਾਹੀਂ ਕੰਮ ਘੰਟੇ 12 ਘੰਟਿਆਂ ਤੱਕ ਸੀਮਤ ਕਰਾਉਣ ਵਿੱਚ ਮਜਦੂਰਾਂ ਨੂੰ ਕਾਮਯਾਬੀ ਮਿਲ਼ੀ।

19ਵੀਂ ਸਦੀ ਦੇ ਮੱਧ ਤੱਕ ਇੰਗਲੈਂਡ ਵਿੱਚ ਕੰਮ ਘੰਟੇ 60-70 ਘੰਟੇ ਤੱਕ ਪ੍ਰਤੀ ਹਫਤੇ ਤੈਅ ਹੋ ਚੁੱਕੇ ਸਨ। ਇਸੇ ਤਰਜ ਉੱਤੇ ਯੂਰਪ ਤੇ ਉੱਤਰੀ ਅਮਰੀਕਾ ਵਿੱਚ ਵੀ ਕੰਮ ਘੰਟੇ ਨਿਸ਼ਚਿਤ ਕੀਤੇ ਗਏ। ਇਸੇ ਦੌਰਾਨ ਲੰਡਨ ਵਿੱਚ 1864 ਵਿੱਚ ਕਾਇਮ ਹੋਈ ਕੌਮਾਂਤਰੀ ਮਜਦੂਰ ਸਭਾ (ਜਿਹੜੀ ਪਹਿਲੀ ਕੌਮਾਂਤਰੀ ਦੇ ਨਾਂ ਨਾਲ਼ ਮਸ਼ਹੂਰ ਹੋਈ) ਨੇ 1866 ਦੀ ਜੇਨੇਵਾ ਸ਼ਹਿਰ ਹੋਈ ਆਪਣੀ ਪਹਿਲੀ ਕਾਂਗਰਸ ਵਿੱਚ ਮਜਦੂਰਾਂ ਲਈ ਅੱਠ ਘੰਟੇ ਕੰਮ ਦਿਨ ਦੀ ਮੰਗ ਕੀਤੀ ਤੇ ਇਸ ਨੂੰ ਕੌਮਾਂਤਰੀ ਸਮਾਜਵਾਦੀ ਲਹਿਰ ਦੀ ਅਹਿਮ ਮੰਗ ਵਜੋਂ ਦੂਰ-ਦੂਰ ਤੱਕ ਪ੍ਰਚਾਰਨ ਵਿੱਚ ਅਹਿਮ ਭੂਮਿਕਾ ਨਿਭਾਈ। ਕੰਮ ਘੰਟੇ ਘਟਾਉਣ ਤੇ ਸ਼ਨੀਵਾਰ ਦੀ ਰਸਮੀ ਛੁੱਟੀ ਦੀ ਮੰਗ ਦੇ ਪਏ ਦਬਾਅ ਕਾਰਨ ਬਰਤਾਨੀਆ ਵਿੱਚ 1867 ਦੇ ਕਾਰਖਾਨਾ ਕਨੂੰਨ ਰਾਹੀਂ ਮਿੱਲਾਂ ਕਾਰਖਾਨਿਆਂ ਵਿੱਚ ਸ਼ਨੀਵਾਰ ਦੀ ਅੱਧੀ ਛੁੱਟੀ ਦਾ ਨੇਮ ਲਾਗੂ ਹੋ ਗਿਆ। ਇਹ ਮਜਦੂਰ ਜਮਾਤ ਦੇ ਸ਼ੁਰੂਆਤੀ ਸੰਘਰਸ਼ਾਂ ਦਾ ਵੱਡਾ ਹਾਸਲ ਸੀ। ਕਾਰਖਾਨਿਆਂ ਵਿੱਚ ਮਿਲ਼ੀ ਇਸ ਜਿੱਤ ਦੇ ਪ੍ਰਭਾਵ ਵਿੱਚ ਹੋਰਾਂ ਖੇਤਰਾਂ ਦੇ ਮਜਦੂਰਾਂ ਵਿੱਚ ਵੀ ਇਸ ਮੰਗ ਨੇ ਜੋਰ ਫੜਿ੍ਹਆ ਤੇ 19ਵੀਂ ਸਦੀ ਦੇ ਅਖੀਰ ਤੱਕ ਸ਼ਨੀਵਾਰ ਅੱਧੀ ਛੁੱਟੀ ਦਾ ਨੇਮ ਬਰਤਾਨੀਆ ਦੇ ਤਕਰੀਬਨ ਸਾਰੇ ਮਜਦੂਰਾਂ ਲਈ ਲਾਗੂ ਹੋ ਗਿਆ।

ਸੁਭਾਵਿਕ ਹੀ, ਇਹਨਾਂ ਨਵੀਆਂ ਹਾਲਤਾਂ ਤੋਂ ਵੀ ਫਾਇਦਾ ਲੈਣ ਤੇ ਇਸ ਨੇਮ ਨੂੰ ਵਧਾਵਾ ਦੇਣ ਲਈ ਮਨੋਰੰਜਨ ਖੇਤਰ ਦੇ ਸਰਮਾਏਦਾਰਾਂ ਨੇ ਵੀ ਦਖਲ ਦਿੱਤਾ। ਬਰਤਾਨੀਆ ਵਿੱਚ ਫੁੱਟਬਾਲ ਦੇ ਮੈਚ ਸੋਮਵਾਰਦੀ ਥਾਂ ਸ਼ਨੀਵਾਰ ਬਾਅਦ ਦੁਪਹਿਰ ਹੋਣੇ ਸ਼ੁਰੂ ਹੋ ਗਏ ਜਿਸ ਨੇ ਇਸ ਖੇਡ ਦੀ ਮਕਬੂਲੀਅਤ ਬੇਤਹਾਸ਼ਾ ਵਧਾ ਦਿੱਤੀ। ਇਸੇ ਲਈ 1890’ਵਿਆਂ ਨੂੰ ਬਰਤਾਨੀਆ ਵਿੱਚ “ਫੁੱਟਬਾਲ ਬੁਖਾਰ” ਦੀ ਸ਼ੁਰੂਆਤ ਦਾ ਦਹਾਕਾ ਵੀ ਕਿਹਾ ਜਾਂਦਾ ਹੈ। ਨਾਲ਼ ਹੀ ਨਾਟਘਰਾਂ, ਸਿਨੇਮਿਆਂ ਤੇ ਹੋਰ ਪ੍ਰੋਗਰਾਮਾਂ ਦਾ ਹਫਤਾਵਾਰੀ ਦਿਨਾਂ ’ਤੇ ਖੇਡੇ ਜਾਣ ਦਾ ਰਿਵਾਜ ਵੀ ਇਸੇ ਸਮੇਂ ਤੋਂ ਤੁਰਿਆ ਤਾਂ ਜੋ ਮਜਦੂਰਾਂ ਦੇ ਵਿਹਲੇ ਸਮੇਂ ਨੂੰ ਵੱਖ-ਵੱਖ ਸਰਗਰਮੀਆਂ ਰਾਹੀਂ ਵਰਤਿਆ ਜਾ ਸਕੇ।

ਜੇ ਭਾਰਤ ਦੀ ਗੱਲ ਕਰੀਏ ਤਾਂ ਐਥੇ ਇਹਨਾਂ ਮਜਦੂਰ ਮੰਗਾਂ ਨੂੰ ਸਭ ਤੋਂ ਪਹਿਲਾਂ ਬੰਬੇ ਦੇ ਮਿੱਲ ਮਜਦੂਰਾਂ ਨੇ 19ਵੀਂ ਸਦੀ ਦੇ ਅੰਤਲੇ ਦਹਾਕਿਆਂ ਵਿੱਚ ਚੁੱਕਣਾ ਸ਼ੁਰੂ ਕੀਤਾ ਸੀ। ਮਜਦੂਰ ਆਗੂ ਨਰਾਇਣ ਲੋਖੰਡੇ ਦੀ ਅਗਵਾਈ ਵਿੱਚ 1884 ਵਿੱਚ ‘ਬੰਬੇ ਮਿੱਲ ਹੈਂਡ ਐਸੋਸੀਏਸ਼ਨ’ ਬਣਾਈ ਗਈ। ਇਸਦੇ ਦਬਾਅ ਵਿੱਚ ਅੰਗਰੇਜ ਹਕੂਮਤ ਵੱਲ਼ੋਂ 1884 ਵਿੱਚ ਫੈਕਟਰੀ ਕਮਿਸ਼ਨ ਬਣਾਇਆ ਗਿਆ ਜਿਸ ਕੋਲ਼ ਲੋਖੰਡੇ ਨੇ ਹਜਾਰਾਂ ਮਜਦੂਰਾਂ ਦੇ ਦਸਤਖਤ ਕਰਾਕੇ ਸੌਂਪੇ ਤੇ ਨਾਲ਼ੋ-ਨਾਲ਼ ਜਨਤਕ ਇਕੱਠ ਵੀ ਕੀਤੇ। ਇਸ ਵਿੱਚ ਪਹਿਲੀ ਵਾਰੀ ਮਜਦੂਰਾਂ ਨੂੰ ਐਤਵਾਰ ਦੀ ਛੁੱਟੀ ਦੇਣ, ਦਿਹਾੜੀ ਦੌਰਾਨ ਅੱਧੇ ਘੰਟੇ ਦੀ ਬਰੇਕ ਦੇਣ, ਕੰਮ ਘੰਟੇ ਸੂਰਜ ਢਲ਼ਣ ਤੱਕ (ਜਾਣੀ 6:30 ਵਜੇ ਤੱਕ) ਸੀਮਤ ਕਰਨ ਤੇ ਹਾਦਸਿਆਂ ਦੌਰਾਨ ਮੁਆਵਜੇ ਦਾ ਪ੍ਰਬੰਧ ਕਰਨ ਜਿਹੀਆਂ ਮੰਗਾਂ ਨੂੰ ਉਭਾਰਿਆ। ਅੰਗਰੇਜਾਂ ਨੂੰ ਮਜਬੂਰ ਹੋ ਕੇ ਫੈਕਟਰੀ ਕਨੂੰਨ ਵਿੱਚ ਸੋਧਾਂ ਕਰਕੇ ਨਵਾਂ ‘ਫੈਕਟਰੀ ਕਨੂੰਨ 1891’ ਬਣਾਉਣਾ ਪਿਆ ਤੇ ਬੰਬੇ ਦੇ ਮਜਦੂਰਾਂ ਦੀਆਂ ਉਪਰੋਕਤ ਮੰਗਾਂ ਮੰਨੀਆਂ ਗਈਆਂ। ਇਹ ਭਾਰਤ ਦੀ ਸ਼ੁਰੂਆਤੀ ਮਜਦੂਰ ਲਹਿਰ ਦੀ ਵੱਡੀ ਜਿੱਤ ਸੀ। ਇਸੇ ਤਰ੍ਹਾਂ ਲੋਖੰਡੇ ਦੀ ਅਗਵਾਈ ਵਿੱਚ ਔਰਤ ਮਜਦੂਰਾਂ ਨੂੰ ਵੀ ਪਹਿਲੀ ਵਾਰੀ ਜਥੇਬੰਦ ਕੀਤਾ ਗਿਆ ਤੇ ਭਾਰਤ ਦੇ ਇਤਿਹਾਸ ਵਿੱਚ ਔਰਤ ਮਜਦੂਰਾਂ ਦਾ ਪਹਿਲਾ ਮੁਜਾਹਰਾ ਜੈਕਬ ਮਿੱਲ ਵਿਖੇ 25 ਮਾਰਚ 1895 ਨੂੰ ਕੀਤਾ ਗਿਆ ਜਿਸ ਵਿੱਚ ਔਰਤ ਮਜਦੂਰਾਂ ਲਈ ਬਰਾਬਰ ਉਜਰਤਾਂ, ਹਫਤਾਵਾਰੀ ਛੁੱਟੀ ਤੇ 8 ਘੰਟੇ ਕੰਮ ਦਿਨ ਦੀਆਂ ਮੰਗਾਂ ਚੁੱਕੀਆਂ ਗਈਆਂ। ਕੌਮਾਂਤਰੀ ਹਾਲਤਾਂ ਤੇ ਸਥਾਨਕ ਪੱਧਰ ’ਤੇ ਮਜਦੂਰ ਲਹਿਰ ਦੇ ਅੱਗੇ ਵਧਣ ਨਾਲ਼ ਵੀਹਵੀਂ ਸਦੀ ਤੱਕ ਭਾਰਤ ਵਿੱਚ ਵੀ ਮਜਦੂਰਾਂ ਲਈ ਰਸਮੀ ਤੌਰ ’ਤੇ ਹਫਤਾਵਾਰੀ ਛੁੱਟੀ ਤੇ ਅੱਠ ਘੰਟੇ ਦੇ ਕੰਮ ਦਿਨ ਦਾ ਹੱਕ ਲਾਗੂ ਹੋਇਆ।

ਆਧੁਨਿਕ ਹਫਤਾਵਾਰੀ ਛੁੱਟੀ

ਵੀਹਵੀਂ ਸਦੀ ਦੇ ਸ਼ੁਰੂ ਤੱਕ ਟਰੇਡ ਯੂਨੀਅਨ ਲਹਿਰ ਨੇ ਸ਼ਨੀਵਾਰ ਦੀ ਅੱਧੀ ਛੁੱਟੀ ਨੂੰ ਪੂਰੀ ਛੁੱਟੀ ਵਿੱਚ ਤਬਦੀਲ ਕਰਾਉਣ ਲਈ ਸੰਘਰਸ਼ ਵਿੱਢ ਦਿੱਤਾ ਸੀ ਤੇ 40 ਘੰਟੇ ਦੇ ਕੰਮ ਹਫਤੇ ਦੀ ਮੰਗ ਵੀ ਉੱਠਣੀ ਸ਼ੁਰੂ ਹੋ ਗਈ ਸੀ। ਬਿਨਾਂ ਸ਼ੱਕ ਇਹ ਉੱਭਰਦੀ ਮਜਦੂਰ ਚੇਤਨਾ ਦਾ ਪ੍ਰਤੀਕ ਸੀ ਜਿਸ ਨੇ ਸਰਮਾਏਦਾਰਾਂ ਦੀ ਉਹਨਾਂ ਨੂੰ ਨਿਚੋੜ ਲੈਣ ਦੀ ਖਸਲਤ ਦਾ ਜਥੇਬੰਦ ਹੋ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਮੰਗ ਨੂੰ ਲੈ ਕੇ ਇੱਕ ਵੱਡਾ ਇਤਿਹਾਸਕ ਘੋਲ਼ ਜਨਵਰੀ 1919 ਵਿੱਚ ਹੋਇਆ ਜਦੋਂ ਸਕਾਟਲੈਂਡ ਦੇ ਸ਼ਹਿਰ ਗਲਾਸਗੋ, ਜਿਹੜਾ ਉਦੋਂ ਭਾਰੀ ਵਸਤਾਂ ਦੀ ਪੈਦਾਵਾਰ ਦਾ ਗੜ੍ਹ ਸੀ, ਵਿੱਚ ਕੰਮ ਘੰਟੇ 54 ਤੋਂ ਘਟਾਕੇ 40 ਕਰਾਉਣ ਲਈ ਟਰੇਡ ਯੂਨੀਅਨਾਂ ਦੀ ਅਗਵਾਈ ਵਿੱਚ ਮਜਦੂਰਾਂ ਦਾ ਸੰਘਰਸ਼ ਸ਼ੁਰੂ ਹੋਇਆ। “ਸਕਾਟਿਸ਼ ਟਰੇਡ ਯੂਨੀਅਨ ਕਾਂਗਰਸ” ਤੇ “ਗਲਾਸਗੋ ਟਰੇਡ ਤੇ ਲੇਬਰ ਕੌਂਸਲ” ਦੀ ਅਗਵਾਈ ਵਿੱਚ ਮਸ਼ਹੂਰ 40 ਘੰਟਿਆਂ ਦੀ ਹੜ੍ਹਤਾਲ ਸ਼ੁਰੂ ਹੋਈ ਜਿਸ ਵਿੱਚ ਇੰਜੀਨੀਅਰਿੰਗ ਤੇ ਜਹਾਜਰਾਨੀ ਸਨਅਤ ਦੇ 40 ਹਜਾਰ ਮਜਦੂਰ ਸ਼ਾਮਲ ਹੋਏ ਜਿਹਨਾਂ ਦਾ ਸਾਥ ਬੰਦਰਗਾਹ ਮਜਦੂਰਾਂ, ਬਿਜਲੀ ਮਜਦੂਰਾਂ, ਖਾਣ ਮਜਦੂਰਾਂ ਨੇ ਦਿੱਤਾ ਤੇ ਜਲਦ ਹੀ ਇਹ ਹੜ੍ਹਤਾਲ ਗਲਾਸਗੋ ਸ਼ਹਿਰ ਦੀ ਆਮ ਹੜ੍ਹਤਾਲ ਵਿੱਚ ਵਟ ਗਈ ਤੇ ਉਸ ਵੇਲ਼ੇ ਸਿਰਫ 8 ਕੁ ਲੱਖ ਦੀ ਅਬਾਦੀ ਵਾਲ਼ੇ ਗਲਾਸਗੋ ਸ਼ਹਿਰ ਵਿੱਚ 31 ਜਨਵਰੀ 1919 ਦੇ ਮੁਜਾਹਰੇ ਵਾਲ਼ੇ ਦਿਨ ਇੱਕ ਲੱਖ ਤੋਂ ਵਧੇਰੇ ਮਜਦੂਰ ਹੜ੍ਹਤਾਲ ਨਾਲ਼ ਜੁੜੇ। ਇਸ ਮੁਜਾਹਰੇ ਉੱਤੇ ਪੁਲਸ ਤਸ਼ੱਦਦ ਵੀ ਹੋਇਆ ਪਰ ਅੰਤ ਨੂੰ ਕੰਮ ਦੇ ਘੰਟੇ 54 ਤੋਂ ਘਟਕੇ 47 ਕਰਾਉਣ ਵਿੱਚ ਮਜਦੂਰਾਂ ਨੂੰ ਅੰਸ਼ਕ ਜਿੱਤ ਹਾਸਲ ਹੋਈ।

ਇਸੇ ਦੌਰਾਨ ਰੂਸ ਵਿੱਚ ਹੋਏ 1917 ਦੇ ਸਮਾਜਵਾਦੀ ਇਨਕਲਾਬ ਨੇ ਪੂਰੀ ਦੁਨੀਆਂ ਦੀ ਮਜਦੂਰ ਲਹਿਰ ਉੱਤੇ ਆਪਣਾ ਅਸਰ ਛੱਡਿਆ ਤੇ ਇਸਦੇ ਪ੍ਰਭਾਵ ਵਿੱਚ ਮਜਦੂਰ ਹੱਕਾਂ ਦੀ ਸੋਝੀ ਤੇ ਜਥੇਬੰਦੀ ਹੋਰ ਮਜਬੂਤ ਹੋਈ। ਰੂਸ ਵਿੱਚ ਇਨਕਲਾਬ ਦੇ ਕੁੱਝ ਦਿਨਾਂ ਮਗਰੋਂ ਹੀ 8 ਘੰਟੇ ਦੇ ਕੰਮ ਦਿਨ, ਘੱਟੋ ਘੱਟ ਉਜਰਤ ਤੇ ਹੋਰ ਮਜਦੂਰ ਹੱਕਾਂ ਸਬੰਧੀ ਕਨੂੰਨ ਪਾਸ ਕੀਤੇ ਗਏ ਤੇ ਇਸ ਤਰ੍ਹਾਂ ਇਹ ਸਾਰੇ ਮਜਦੂਰਾਂ ਲਈ 8 ਘੰਟੇ ਕੰਮ ਦਿਨ ਨੂੰ ਕਨੂੰਨੀ ਮਾਨਤਾ ਦੇਣ ਵਾਲ਼ਾ ਪਹਿਲਾ ਮੁਲਕ ਬਣਿਆ। ਪਹਿਲੀ ਤੋਂ ਦੂਜੀ ਸੰਸਾਰ ਜੰਗ ਦਰਮਿਆਨ ਦੁਨੀਆਂ ਭਰ ਵਿੱਚ ਟਰੇਡ ਯੂਨੀਅਨ ਲਹਿਰਾਂ ਮਜਬੂਤ ਹੋਈਆਂ ਤੇ ਇਸ ਤਰ੍ਹਾਂ 1950’ਵਿਆਂ ਤੱਕ ਦੋ ਹਫਤਾਵਾਰੀ ਛੁੱਟੀਆਂ ਦਾ ਨੇਮ, ਖਾਸਕਰ ਪੱਛਮੀ ਮੁਲਕਾਂ ਵਿੱਚ, ਆਮ ਹੋ ਗਿਆ।

ਸਰਮਾਏਦਾਰਾਂ ਦਾ ਮਜਦੂਰਾਂ ਦੇ ਛੁੱਟੀ ਦੇ ਹੱਕ ਉੱਪਰ ਹਮਲਾ

ਅਸੀਂ ਉੱਪਰ ਦੇਖਿਆ ਕਿ ਕਿਵੇਂ ਕੰਮ ਘੰਟੇ ਬੱਝਣ, ਹਫਤਾਵਾਰੀ ਛੁੱਟੀ ਆਦਿ ਦਾ ਹੱਕ ਸਾਨੂੰ ਖੈਰਾਤ ਵਿੱਚ ਨਹੀਂ ਮਿਲ਼ਿਆ ਸਗੋਂ ਇਸ ਲਈ ਮਜਦੂਰ ਜਮਾਤ ਨੂੰ ਲੰਬਾ ਸੰਘਰਸ਼ ਲੜਨਾ ਪਿਆ ਹੈ। ਮਜਦੂਰ ਲਹਿਰ ਦੀ ਚੜ੍ਹਤ ਵੇਲ਼ੇ ਇਹ ਹੱਕ ਹਾਸਲ ਹੋਏ ਤੇ ਲਾਗੂ ਹੋਏ ਪਰ ਜਿਵੇਂ-ਜਿਵੇਂ ਪਿਛਲੇ ਦਹਾਕਿਆਂ ਵਿੱਚ ਮਜਦੂਰ ਲਹਿਰ ਦੁਨੀਆਂ ਭਰ ਵਿੱਚ ਕਮਜੋਰ ਪਈ ਹੈ, ਉਵੇਂ-ਉਵੇਂ ਸਖਤ ਸੰਘਰਸ਼ਾਂ ਰਾਹੀਂ ਕਮਾਏ ਇਹਨਾਂ ਹੱਕਾਂ ਨੂੰ ਲੋਟੂ ਹਕੂਮਤਾਂ ਨੇ ਖੋਹ ਲਿਆ ਹੈ। ਮਿਸਾਲ ਦੇ ਤੌਰ ’ਤੇ ਇੰਗਲੈਂਡ ਵਿੱਚ ਹੀ, ਜਿਹੜਾ ਕਿ ਪੰਜ ਦਿਨਾਂ ਦੇ ਕੰਮ ਹਫ਼ਤੇ ਦੀ ਜਨਮਭੂਮੀ ਸੀ, ਓਥੇ ਅੱਧੀ ਤੋਂ ਵੱਧ ਨੌਜਵਾਨ ਅਬਾਦੀ ਅੱਜ ਸ਼ਨੀ-ਐਤਵਾਰ ਨੂੰ ਵੀ ਕੰਮ ਕਰਨ ਨੂੰ ਮਜਬੂਰ ਹੈ। ਭਾਰਤ ਵਿੱਚ ਤਾਂ ਹਾਲਤ ਹੋਰ ਵੀ ਮਾੜੀ ਹੈ। ਐਥੇ ਮਹਿੰਗਾਈ ਤੇ ਘੱਟ ਉਜਰਤਾਂ ਦੀ ਮਾਰ ਨੇ ਬਹੁਤੇ ਮਜਦੂਰਾਂ ਨੂੰ ਮਜਬੂਰ ਕਰ ਦਿੱਤਾ ਹੈ ਕਿ ਉਹ ਓਵਰਟਾਈਮ ਵੀ ਲਾਉਣ ਤੇ ਐਤਵਾਰ ਵਾਲ਼ੇ ਦਿਨ ਵੀ ਕੰਮ ’ਤੇ ਜਾਣ। ਇਕ ਸਰਵੇਖਣ ਮੁਤਾਬਕ ਭਾਰਤ ਦੇ ਮਜਦੂਰ ਦੁਨੀਆਂ ਭਰ ਵਿੱਚ ਸਭ ਤੋਂ ਵੱਧ ਛੁੱਟੀ ਵਿਹੂਣੇ ਮਜਦੂਰ ਹਨ (17% ਭਾਰਤ ਦੇ ਮਜਦੂਰਾਂ ਨੇ ਪਿਛਲੇ ਇੱਕ ਸਾਲ ਵਿੱਚ ਕਦੇ ਛੁੱਟੀ ਨਹੀਂ ਲਈ, 63% ਨੇ ਤਿੰਨ ਮਹੀਨਿਆਂ ਤੋਂ ਕੋਈ ਛੁੱਟੀ ਨਹੀਂ ਲਈ)। ਗੈਰ-ਜਥੇਬੰਦ ਖੇਤਰ ਵਿੱਚ ਕੰਮ ਕਰਦੇ ਬਹੁਗਿਣਤੀ ਮਜਦੂਰਾਂ ਦੀ ਹਾਲਤ ਖਾਸ ਤੌਰ ’ਤੇ ਮਾੜੀ ਹੈ। ਨਿਰੋਲ ਅਸਥਾਈ ਕੰਮ ਕਰਨ ਵਾਲ਼ੇ ਭਾਰਤ ਦੇ ਕਰੀਬ 80 ਲੱਖ ਗਿੱਗ ਕਾਮਿਆਂ ਲਈ ਤਾਂ ਛੁੱਟੀ ਜਿਹਾ ਕੋਈ ਸੰਕਲਪ ਹੀ ਮੌਜੂਦ ਨਹੀਂ।

ਕਹਿਣ ਦਾ ਭਾਵ, ਮਜਦੂਰਾਂ ’ਤੇ ਕੰਮ ਦਾ ਵਧਿਆ ਬੋਝ ਤੇ ਮਜਦੂਰ ਹੱਕਾਂ ’ਤੇ ਪਿਆ ਡਾਕਾ ਸੰਸਾਰ ਵਿਆਪੀ ਹੈ, ਭਾਵੇਂ ਉਹ ਭਾਰਤ ਜਿਹੇ ਘੱਟ ਵਿਕਸਿਤ ਸਰਮਾਏਦਾਰਾ ਮੁਲਕ ਹੋਣ ਤੇ ਭਾਵੇਂ ਪੱਛਮ ਦੇ ਵੱਧ ਵਿਕਸਿਤ ਮੁਲਕ। ਹਫਤਾਵਾਰੀ ਛੁੱਟੀ ਦੇ ਇਤਿਹਾਸ ਦੀ ਉੱਪਰ ਕੀਤੀ ਸਾਰੀ ਚਰਚਾ ਦਿਖਾਉਂਦੀ ਹੈ ਕਿ ਸਰਮਾਏਦਾਰਾਂ ਤੇ ਮਜਦੂਰਾਂ ਦੇ ਹੱਕ ਟਕਰਾਵੇਂ ਹਨ ਮਜਦੂਰਾਂ ਨੇ ਆਪਣੀ ਚੜ੍ਹਤ ਸਮੇਂ ਸਰਮਾਏਦਾਰਾਂ ਕੋਲ਼ੋਂ ਖੋਹਕੇ ਹੱਕ ਲਏ ਹਨ ਤੇ ਬਦਲੇ ਵਿੱਚ ਜਦੋਂ ਮਜਦੂਰ ਲਹਿਰ ਕਮਜੋਰ ਪਈ, ਉਦੋਂ ਸਰਮਾਏਦਾਰ ਮਜਦੂਰ ਹੱਕਾਂ ’ਤੇ ਡਾਕੇ ਮਾਰ ਰਹੇ ਹਨ। ਅੱਜ ਛੁੱਟੀ ਸਮੇਤ ਅਨੇਕਾਂ ਹੱਕਾਂ ਤੋਂ ਵਾਂਝੇ ਕੀਤੇ ਮਜਦੂਰਾਂ ਨੂੰ ਮੁੜ ਜਥੇਬੰਦ ਕਰਨਾ ਸਮੇਂ ਦੀ ਅਣਸਰਦੀ ਲੋੜ ਹੈ। ਲਲਕਾਰ ਤੋਂ ਧੰਨਵਾਦ ਸਹਿਤ

•ਮਾਨਵ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 12, ਅੰਕ 15 – 16 ਤੋਂ 30 ਸਤੰਬਰ 2023 ਵਿੱਚ ਪ੍ਰਕਾਸ਼ਿਤ