Working Woman:
ਅੱਜ ਦੇ ਆਧੁਨਿਕ ਯੁੱਗ ਵਿੱਚ ਹਰ ਲੜਕੀ ਉੱਚ ਵਿੱਦਿਅਕ ਯੋਗਤਾ ਹਾਸਲ ਕਰਨ ਦੇ ਉਪਰਾਲੇ ਕਰਦੀ ਹੈ। ਉਸ ਦੇ ਮਾਂ-ਬਾਪ ਵੀ ਚਾਹੁੰਦੇ ਹਨ ਕਿ ਸਾਡੀ ਲੜਕੀ ਚੰਗਾ ਪੜ੍ਹ- ਲਿਖ ਜਾਵੇ ਤਾਂ ਕਿ ਉਸ ਦਾ ਭਵਿੱਖ ਰੌਸ਼ਨ ਹੋਵੇ ਅਤੇ ਉਹ ਆਤਮ-ਵਿਸ਼ਵਾਸੀ ਤੇ ਸਵੈ-ਨਿਰਭਰ ਜ਼ਿੰਦਗੀ ਜਿਉਂ ਸਕੋ। ਅੱਜ ਬਹੁਗਿਣਤੀ ਲੜਕੀਆਂ ਘਰਦਿਆਂ ਦੇ ਸਹਿਯੋਗ ਨਾਲ ਆਪਣੇ ਬਲਬੂਤੇ ‘ਤੇ ਯੋਗਤਾ ਅਨੁਸਾਰ ਚੰਗਾ ਅਹੁਦਾ ਤੇ ਰੁਤਬਾ ਹਾਸਲ ਕਰ ਰਹੀਆਂ ਹਨ। ਮਾਂ-ਬਾਪ ਦੇ ਆਸਰੇ ਲੜਕੀ (Working Woman) ਦੀ ਜ਼ਿੰਦਗੀ ਪਹਿਲਾਂ ਵਾਂਗ ਹੀ ਚੱਲੀ ਜਾ ਰਹੀ ਹੁੰਦੀ ਹੈ, ਪਰ ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ‘ਚ ਉਸ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ।
ਬਾਹਰੀ ਕੰਮਕਾਜ (Working Woman) ਤੋਂ ਇਲਾਵਾ ਉਸ ਨੂੰ ਬੱਚਿਆਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਦੇ ਨਾਲ ਘਰ ਦੇ ਹਰ ਮੈਂਬਰ ਦੀ ਖ਼ੁਸ਼ੀ ਤੇ ਬਿਹਤਰੀ ਬਾਰੇ ਵੀ ਸੋਚਣਾ ਪੈਂਦਾ ਹੈ। ਇਸ ਤਰ੍ਹਾਂ ਅੱਜ ਬਹੁਗਿਣਤੀ ਔਰਤਾਂ ਇਸ ਦੂਹਰ ਕੰਮ ਦੇ ਬੋਝ ਕਾਰਨ ਤਣਾਅ ਦਾ ਸ਼ਿਕਾਰ ਹੋ ਰਹੀਆਂ ਹਨ। ਇਸ ਤਰ੍ਹਾਂ ਉਨ੍ਹਾਂ ਦੀ ਮਾਨਸਿਕ ਤੇ ਸਰੀਰਕ ਸਿਹਤ ਤਾਂ ਖ਼ਰਾਬ ਹੁੰਦੀ ਹੀ ਹੈ, ਨਾਲ ਹੀ ਉਨ੍ਹਾਂ ਦੀ ਕਾਰਜ-ਕੁਸ਼ਲਤਾ, ਗ੍ਰਹਿਸਥੀ ਜੀਵਨ ਤੇ ਬੱਚੇ ਵੀ ਪ੍ਰਭਾਵਿਤ ਹੁੰਦੇ ਹਨ।
ਇਸ ਲਈ ਜ਼ਰੂਰੀ ਹੈ ਕਿ ਰੁਝੇਵਿਆਂ ਭਰੀ ਜ਼ਿੰਦਗੀ ਦੇ ਬਾਵਜੂਦ ਉਹ ਖ਼ੁਦ ਬਾਰੇ ਸੋਚਣ ਤੇ ਆਪਣੇ ਲਈ ਵੀ ਸਮਾਂ ਕੱਢਣ ਤਾਂ ਕਿ ਉਨ੍ਹਾਂ ‘ਚ ਕੰਮ ਕਰਨ ਦੀ ਤਾਜ਼ਗੀ ਤੋਂ ਸਫੁਰਤੀ ਹਮੋਸ਼ਾਂ ਕਾਇਮ ਰਹੇ| ਇਸ ਤਣਾਅ ਤੋਂ ਮੁਕਤ ਹੋਣ ਦਾ ਪਹਿਲਾ ਨੁਕਤਾ ਇਹ ਹੈ ਕਿ ਆਪਣੇ ਕੰਮਾਂ ਨੂੰ ਖ਼ੁਸ਼ੀ ਖ਼ੁਸ਼ੀ ਸਵੀਕਾਰ ਅਤੇ ਹਰ ਕੰਮ ਦਿਲਚਸਪੀ ਨਾਲ ਕਰੋ। ਸਕਾਰਾਤਮਿਕ ਸੋਚ ਅਪਨਾਉਣ ਨਾਲ ਇਹ ਕਦੀ ਵੀ ਬੋਝ ਨਹੀਂ ਲੱਗਣਗੇ।
ਇਸ ਦੇ ਨਾਲ ਹੀ ਘਰ ਅਤੇ ਘਰ ਤੋਂ ਬਾਹਰ ਕੀਤੇ ਜਾਣ ਵਾਲੇ ਕੰਮਾਂ ਦੀ ਵਿਉਂਤਬੰਦੀ ਕਰਕੇ ਸਮੇਂ ਦੀ ਸਹੀ ਵੰਡ ਤੇ ਵਰਤੋਂ ਕਰੋ। ਤਰਜੀਹ ਦੇ ਆਧਾਰ ‘ਤੇ ਜੋ ਕੰਮ ਜ਼ਰੂਰੀ ਹੈ ਉਸ ਨੂੰ ਪਹਿਲਾਂ ਹੱਥ ਪਾਇਆ ਜਾਵੇ।ਘਰੇਲੂ ਕੰਮਾਂ ਨੂੰ ਸ਼ਾਮ ਨੂੰ ਨਿਪਟਾ ਲਿਆ ਜਾਵੇ ਤੇ ਵੱਧ ਤੋਂ ਵੱਧ ਸਮਾਂ ਕੱਢ ਕੇ ਬੱਚਿਆਂ ਦਾ ਸਕੂਲ ਦਾ ਕੰਮ ਵੇਲੇ ਸਿਰ ਵੇਖ ਲਿਆ ਜਾਵੇ ਤਾਂ ਚੰਗਾ ਹੈ। ਬੱਚਿਆਂ ਦੀਆਂ ਮੁਸ਼ਕਲਾਂ ਤੋਂ ਜਾਣੂ ਹੋਵੇ ਤੇ ਉਨ੍ਹਾਂ ਨੂੰ ਹੱਲ ਕਰੋ ਕਿਉਂਕਿ ਬੱਚਾ ਮਾਂ ਤੋਂ ਵੱਧ ਕਿਸੇ ਹੋਰ ਨਾਲ ਖੁੱਲ੍ਹ ਕੇ ਗੱਲ ਨਹੀਂ ਕਰੇਗਾ। ਘਰ ਆ ਕੇ ਦਫ਼ਤਰ ਦੇ ਕੰਮਾਂ ਨੂੰ ਭੁੱਲਣਾ ਹੀ ਬਿਹਤਰ ਹੈ। ਇਸ ਨਾਲ ਸਰੀਰਕ ਤੇ ਮਾਨਸਿਕ ਸ਼ਕਤੀ ਨਸ਼ਟ ਨਹੀਂ ਹੋਵੇਗੀ। ਸ਼ਾਮ ਨੂੰ ਸਾਰੇ ਪਰਿਵਾਰ ‘ਚ ਬੈਠ ਕੇ ਹਲਕੀਆਂ ਫੁਲਕੀਆਂ ਗੱਲਾਂ- ਬਾਤਾਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ ਤੇ ਕੋਈ ਮਨੋਰੰਜਨ ਦਾ ਸਾਧਨ ਵੀ ਲੱਭਿਆ ਜਾ ਸਕਦਾ ਹੈ। ਮਨ ਦੀ ਤਾਜ਼ਗੀ ਲਈ ਅਖ਼ਬਾਰ ਜਾਂ ਕਿਸੇ ਕਿਤਾਬ ਨਾਲ ਦੋਸਤੀ ਰੱਖੋ।
ਸਭ ਤੋਂ ਜ਼ਰੂਰੀ ਹੈ ਸੈਰ ਤੇ ਕਸਰਤ ਲਈ ਸਮਾਂ ਕੱਢਣਾ। ਫਿਰ ਚਾਹੇ ਬੱਚਿਆਂ ਨਾਲ ਘਰ ਦੇ ਵਿਹੜੇ ‘ਚ ਹੀ ਕਿਉਂ ਨਾ ਖੇਡ ਲਿਆ ਜਾਵੇ। ਇਸ ਤਰ੍ਹਾਂ ਜ਼ਿੰਦਗੀ ਦੀ ਨੀਰਸਤਾ ਤੋਂ ਬਚਿਆ ਜਾ ਸਕਦਾ ਹੈ। ਔਰਤ ਨੂੰ ਛੋਟੇ ਬੱਚਿਆਂ ਦੀ ਸਾਂਭ-ਸੰਭਾਲ ਤੇ ਘਰ ‘ਚ ਇਕੱਲੇ ਰਹਿਣ ਦੀ ਚਿੰਤਾ ਹਮੇਸ਼ਾਂ ਸਤਾਉਂਦੀ ਹੈ। ਇਸ ਲਈ ਬਿਹਤਰ ਹੈ ਕਿ ਆਪਣੇ ਘਰ ਦੇ ਬਜ਼ੁਰਗ ਮੈਂਬਰ ਜਾਂ ਸਕੇ- ਸਬੰਧੀਆਂ ‘ਚੋਂ ਕਿਸੇ ਭਰੋਸੇਯੋਗ ਵਿਅਕਤੀ ਨੂੰ ਨਾਲ ਰੱਖੀਏ | ਬੱਚਿਆਂ ਦੀਆਂ ਛੁੱਟੀਆਂ ‘ਚ ਕਿਤੇ ਬਾਹਰ ਘੁੰਮ ਆਉਣ ਦਾ ਪ੍ਰੋਗਰਾਮ ਵੀ ਬਣਾ ਲੈਣਾ ਚਾਹੀਦਾ ਹੈ।
ਕਿਸੇ ਵੀ ਕੰਮਕਾਜੀ ਔਰਤ ਦਾ ਬੋਝ ਘਟਾਉਣ ਲਈ ਸਮੁੱਚਾ ਪਰਿਵਾਰ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਸ ਨੂੰ ਪੂਰਾ ਸਹਿਯੋਗ, ਪਿਆਰ, ਬਣਦਾ ਸਤਿਕਾਰ, ਪ੍ਰਸ਼ੰਸਾ ਤੇ ਹਮਦਰਦੀ ਭਰਿਆ ਵਰਤਾਉ ਮਿਲਦਾ ਰਹੇ ਤਾਂ ਉਸ ਦੀ ਸਾਰੀ ਥਕਾਵਟ ਉੱਤਰ ਜਾਂਦੀ ਹੈ। ਸਭ ਤੋਂ ਵੱਧ ਫ਼ਰਜ਼ ਬਣਦਾ ਹੈ ਪਤੀ ਦਾ। ਜੋ ਪਤੀ-ਪਤਨੀ ਇੱਕ ਦੂਜੇ ਦੇ ਹਰ ਪਲ ਸਹਾਈ ਹੋਣ ਅਤੇ ਹਰ ਸਮੱਸਿਆ ਦਾ ਹੱਲ ਬੈਠ ਕੇ ਧੀਰਜ ਤੇ ਤਹੱਮਲ ਨਾਲ ਕਰਨ ਤਾਂ ਹਰ ਰਸਤਾ ਮਿਲ ਜਾਂਦਾ ਹੈ। ਜੋ ਔਰਤ ਬਾਹਰ ਕੰਮ ਕਰਕੇ ਬਰਾਬਰ ਦੀ ਕਮਾਈ ਘਰ ਲਿਆਉਂਦੀ ਹੈ ਤਾਂ ਘਰ ਦਾ ਸਾਰਾ ਬੋਝ ਉਸ ‘ਤੋਂ ਕਿਉਂ ? ਮਰਦ ਨੂੰ ਵੀ ਘਰ ਦੇ ਸਾਰੇ ਕੰਮ ਕਰਨ ਦੇ ਕਾਬਲ ਬਣਨਾ ਚਾਹੀਦਾ ਹੈ। ਘਰ ਦੇ ਕੰਮ ਕਰਨੇ ਹੁਣ ਮੁਸ਼ਕਿਲ ਨਹੀਂ ਹਨ।
ਕਿਉਂਕਿ ਸਾਰੇ ਘਰਾਂ ‘ਚ ਅੱਜ ਬਿਜਲੀ ਉਪਕਰਣ ਹਨ, ਲੋੜ ਹੁੰਦੀ ਹੈ ਸਿਰਫ਼ ਸਮਾਂ ਦੇਣ ਦੀ। ਅੱਜ ਤੋਂ ਕੁਝ ਦਹਾਕੇ ਪਹਿਲਾਂ ਤੋਂ ਹੁਣ ਹਾਲਾਤ ਬਦਲੇ ਵਿਖਾਈ ਦੇ ਰਹੇ ਹਨ। ਅੱਜ ਦੇ ਯੁੱਗ ‘ਚ ਹਰ ਸੁੱਖ ਸਹੂਲਤਾਂ ਵਾਲੀ ਜ਼ਿੰਦਗੀ ਜਿਊਣ ਤੋ ਮਾਣਨ ਦੀ ਖਵਾਹਿਸ਼ ਵੱਧ ਹੈ। ਘਰ ਦੀ ਆਮਦਨ ‘ਚ ਇਜ਼ਾਫ਼ਾ ਕਰਨ ਖਾਤਰ ਔਰਤ ਦਾ ਨੌਕਰੀ ਕਰਨਾ ਜ਼ਰੂਰੀ ਮੰਨ ਲਿਆ ਗਿਆ ਹੈ। ਇਸ ਲਈ ਘਰ ਪਰਿਵਾਰ ਖ਼ਾਸ ਕਰਕੇ ਪਤੀ ਉਸ ਦਾ ਸਾਥ ਦੇ ਰਿਹਾ ਹੈ, ਜੋ ਚੰਗੀ ਗੱਲ ਹੈ।ਘਰ ਗ੍ਰਹਿਸਥੀ ਔਰਤ ਦੀ ਸਮਝਦਾਰੀ, ਸਹਿਣਸ਼ੀਲਤਾ ਤੇ ਰਹਿਨੁਮਾਈ ਹੇਠ ਹੀ ਠੀਕ ਲੀਹਾਂ ‘ਤੇ ਚੱਲ ਸਕਦੀ ਹੈ। ਇਸ ਲਈ ਆਪਣੀ ਇੱਛਾ ਸ਼ਕਤੀ ਤੋਂ ਦ੍ਰਿੜ੍ਹ ਇਰਾਦੇ ਨੂੰ ਕਾਇਮ ਰੱਖਦੇ ਹੋਏ ਹਰ ਚੁਣੌਤੀਆਂ ਨੂੰ ਪਾਰ ਕਰਦੇ ਜਾਉ ਅਤੇ ਜੀਵਨ ਦੇ ਹਰ ਖੇਤਰ ‘ਚ ਅੱਗੇ ਵਧਦੇ ਜਾਉ। ਆਪਣੇ-ਆਪ ਨੂੰ ਦੂਹਰੇ ਕੰਮ ਦੇ ਬੋਝ ਤੋਂ ਮੁਕਤ ਰੱਖੋ। ਇਸ ਤਰ੍ਹਾਂ ਤੁਸੀਂ ਪਰਿਵਾਰ ਤੇ ਸੰਗਠਨ ਲਈ ਵਧੇਰੇ ਕਾਰਜਸ਼ੀਲ ਰਹਿ ਸਕੇਗੇ |
ਵਿਜੈ ਗਰਗ ਰਿਟਾਇਰਡ ਪ੍ਰਿੰਸੀਪਲ
ਐਜੂਕੇਸ਼ਨਲ ਕਾਲਮਨਿਸਟ ਮਲੋਟ ਪੰਜਾਬ