ਫਸਿਆ ਵਹਿਮਾਂ ਵਿੱਚ ਇਨਸਾਨ /- ਪੜ੍ਹੋ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦੀ ਖ਼ੂਬਸੂਰਤ ਰਚਨਾ

880

 

ਮਰਹੂਮ ਕਰਨੈਲ ਸਿੰਘ ਪਾਰਸ (ਕਵੀਸ਼ਰ) ਦੀ ਨਜ਼ਮ ਨੂੰ ਹੇਠਲੇ ਸੰਦਰਭ ‘ਚ ਰੱਖ ਕੇ ਪੜ੍ਹਿਆ ਜਾਵੇ:

ਸੰਦਰਭ: NEP-2020 ਦੀ ਦਿਸ਼ਾ- ਸੇਧ ਤਹਿਤ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸਕੂਲੀ ਪਾਠਕ੍ਰਮ ਦੀ ਕੀਤੀ ਗਈ/ਕੀਤੀ ਜਾ ਰਹੀ ਛੰਗਾਈ (Deletion) ਦੌਰਾਨ 9ਵੀਂ ਤੇ 10ਵੀਂ ਸ਼੍ਰੇਣੀ ਦੀਆਂ ਵਿਗਿਆਨ ਦੀਆਂ ਪਾਠ ਪੁਸਤਕਾਂ ਵਿੱਚੋਂ ਮਹਾਨ ਜੀਵ ਵਿਗਿਆਨੀ ਚਾਰਲਸ ਡਾਰਵਿਨ ਦੇ ਸੰਸਾਰ- ਪ੍ਰਵਾਨਿਤ ‘ਜੀਵ ਵਿਕਾਸ ਸਿਧਾਂਤ'(Theory of Evolution)’ਤੇ ਚਲਾਇਆ ਗਿਆ ਕੁਹਾੜਾ।

ਤਰਕਸ਼ੀਲਤਾ/ਵਿਗਿਆਨ ਬਨਾਮ ਧਾਰਮਿਕ ਅੰਧਵਿਸ਼ਵਾਸ

ਪੇਸ਼ਕਸ਼:
(ਯਸ਼ ਪਾਲ,ਵਰਗ ਚੇਤਨਾ)

ਫਸਿਆ ਵਹਿਮਾਂ ਵਿੱਚ ਇਨਸਾਨ /- ਪੜ੍ਹੋ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦੀ ਖ਼ੂਬਸੂਰਤ ਰਚਨਾ

ਕੁਝ ਹਜ਼ਾਰ ਸਾਲ ਤੋਂ ਪਹਿਲਾਂ, ਰੱਬ ਦੀ ਕੋਈ ਮਿੱਥ ਨਹੀਂ ਸੀ ।
ਵਣ ਮਾਨਸ ਅਤੇ ਪਸ਼ੂ ਪੱਧਰ ਵਿੱਚ, ਲੰਬੀ ਚੌੜੀ ਵਿੱਥ ਨਹੀਂ ਸੀ ।
ਵਣ ਮਾਨਸ ਦਾ ਮਗ਼ਜ ਫਿਤਰਤੀ, ਗਿਆਨ ਗ੍ਰਹਿਣ ਕਰਨੇ ਸਮਰੱਥ ।
ਰੂਹ ਚੇਤੰਨਤਾ ਉਪਜ ਏਸ ਦੀ, ਸਾਇੰਸਦਾਨਾਂ ਖੋਜਿਆ ਤੱਥ ।
ਜਦ ਮਾਨਵ ਕੁਝ ਵਿਕਸਿਤ ਹੋਇਆ, ਵਾਪਰਦੇ ਵਰਤਾਰੇ ਦੇਖੇ ।
ਕੁਦਰਤ ਮਾਂ ਦੇ ਸਹਿਜ ਰਚੇਵੇਂ, ਅਜਬੋ ਅਜ਼ਬ ਨਜ਼ਾਰੇ ਦੇਖੇ ।
ਬਦਲ ਗਰਜੇ ਬਿਜਲੀ ਚਮਕੀ, ਵਣ ਮਾਨਸ ਡਰ ਹੋਇਆ ਹੈਰਾਨ ।
ਫਸਿਆ ਵਹਿਮਾਂ ਵਿੱਚ ਇਨਸਾਨ…..

ਬਾਅਦ ਭੁਚਾਲੋਂ ਸਾਗਰ ਉੱਛਲਿਆ, ਮੀਂਹ ਝੜੀ ਫਿਰ ਲੱਗ ਗਈ ਲੰਬੀ ।
ਪੂਰਵਜਾਂ ਨੇ ਮੀਂਹ ਦਾ ਦਿਉਤਾ, ਇੰਦਰ ਨਾਮੀ ਮਿੱਥ ਆਰੰਭੀ ।
ਫਿਰ ਭਾਰਤੀਆਂ ਈਸ਼ਵਰ ਸਿਰਜਿਆ, ਤਿੰਨ ਦੇਵਤੇ ਵੱਡੇ ਮੰਨੇ ।
ਬ੍ਰਹਮਾ ਸਿਰਜੇ, ਵਿਸ਼ਨੂੰ ਪਾਲੇ, ਸ਼ਿਵ ਜੀ ਮਾਰ ਲਗਾਵੇ ਬੰਨੇ ।
ਕੁਝ ਲੋਕਾਂ ਨੇ ਘੜਿਆ ਰੱਬ ਦਾ, ਭੌਤਕ ਤੱਤਾਂ ਬਿਨ ਕਲਬੂਤ ।
ਸਦੀਆਂ ਤੱਕ ਹੈ ਲੱਭਣਾ ਮੁਸ਼ਕਲ, ਇਸ ਦਾ ਕੋਈ ਠੋਸ ਸਬੂਤ ।
ਹੈ ਕੋਈ ਸ਼ਕਤੀ ਉੱਪਰ ਬੈਠੀ, ਸਿਆਣਿਆਂ ਨੇ ਲਾ ਲਿਆ ਅਨੁਮਾਨ ।
ਫਸਿਆ ਵਹਿਮਾਂ ਵਿੱਚ ਇਨਸਾਨ…..

ਨਰਕ ਸੁਰਗ ਦੀ ਕੂੜ ਕਲਪਨਾ, ਕੀਤੀ ਭਾਰਤ ਵਰਸ਼ੀ ਰਿਖੀਆਂ ।
ਅਟਕਲ-ਪੱਚੂ ਜੋ ਮਨ ਆਈਆਂ, ਠੋਸ ਹਕੀਕਤ ਕਹਿ-ਕਹਿ ਲਿਖੀਆਂ ।
ਪੁਰਖਿਆਂ ਕੋਲ ਪ੍ਰਾਪਤ ਨਾ ਸੀ, ਅੱਜ ਵਰਗੀ ਵਿਗਿਆਨਕ ਸੂਹ ।
ਉਹ ਮੰਨ ਬੈਠੇ ਚੇਤੰਨਤਾ ਨੂੰ, ਜਨਮ ਕਿਸੇ ਪਿਛਲੇ ਦੀ ਰੂਹ ।
ਜਨਮ ਸਮੇਂ ਨ ਸਨ ਸਾਡੇ ਵਿੱਚ, ਰੂਹ ਚੇਤੰਨਤਾ ਅਕਲ ਵਜੂਦ ।
ਇਹ ਵੀ ਵਿਕਸਤ ਹੁੰਦੀਆਂ ਗਈਆਂ, ਜਿਉਂ-ਜਿਉਂ ਵਧਦਾ ਗਿਆ ਵਜੂਦ ।
ਸਾਇੰਸਦਾਨ ਬੁੱਝਣ ਲੱਗੇ, ਪ੍ਰਕ੍ਰਿਤੀ ਦਾ ਗੁਹਜ ਗਿਆਨ ।
ਫਸਿਆ ਵਹਿਮਾਂ ਵਿੱਚ ਇਨਸਾਨ…..

ਕਹਿੰਦੇ ਰੱਬ ਨਹੀਂ ਜੂਨ ‘ਚ ਆਉਂਦਾ, ਜਨਮ ਮਰਨ ਦੇ ਚੱਕਰੋਂ ਬਾਹਰ ।
ਓਸੇ ਮੂੰਹ ਨਾਲ ਆਖੀ ਜਾਂਦੇ, ਧਾਰ ਚੁੱਕਾ ਚੌਵੀ ਅਵਤਾਰ ।
ਮਹਾਂ ਕਵੀ ਇੱਕ ਲਿਖ ਗਿਆ ਰੱਬ ਹੈ, ਇੱਕ ਬੁਝਾਰਤ, ਗੋਰਖ ਧੰਦਾ ।
ਖੋਹਲਣ ਲੱਗਾ ਪੇਚ ਏਸ ਦੇ, ਬਣ ਜਾਂਦਾ ਹੈ ਕਾਫ਼ਰ ਬੰਦਾ ।
ਜੱਗ ਪ੍ਰਵਾਣਤ ਰੱਬ ਦੀ ਵਿਆਖਿਆ ਕਰ ਨਾ ਸਕੇ ਈਸਾ-ਮੂਸਾ ।
ਉਹਨਾਂ ਦੇ ਵੀ ਦੋ ਮਜ੍ਹਬਾਂ ਵਿਚ, ਪਸਰਿਆ ਵਾ ਹੈ ਭੰਬਲ ਭੂਸਾ ।
ਚਿਹਨ ਚੱਕਰ ਰੰਗ ਰੂਪ ਤੋਂ ਵਾਂਝਾ, ਲਿਖ ਗਏ ਗੁਰ ਸੋਢੀ ਸੁਲਤਾਨ ।
ਫਸਿਆ ਵਹਿਮਾਂ ਵਿੱਚ ਇਨਸਾਨ…..

ਕਹਿਣ ਕਤੇਬਾਂ ਮੁਸਲਮਾਨੀਆਂ, ਰੱਬ ਨੇ ਦੁਨੀਆਂ ਜਦੋਂ ਬਣਾਈ ।
ਨਰ ਮਾਦੇ ਦਾ ਜੋੜਾ ਸਿਰਜਿਆ, ਬਾਬਾ ਆਦਮ ਹੱਵਾ ਮਾਈ ।
ਏਸੇ ਕੁੱਲ ‘ਚੋਂ ਪੈਦਾ ਹੋਏ ਇੱਕ ਲੱਖ ਚੌਵੀ ਹਜ਼ਾਰ ਪੈਗੰਬਰ ।
ਆਖਰ ਵਾਰ ਮੁਹੰਮਦ ਭੇਜਿਆ, ਰੱਬ ਨੇ ਆਪਣਾ ਯਾਰ ਪੈਗੰਬਰ ।
ਉਸ ਦੀ ਉੱਮਤ ਦੇ ਦੋ ਫ਼ਿਰਕਿਆਂ, ਲੜਦਿਆਂ ਨੂੰ ਲੰਘ ਗਈਆਂ ਸਦੀਆਂ ।
ਅੱਜ ਵੀ ਉਸ ਦੇ ਪਾਕਿ ਨਾਮ ‘ਤੇ, ਲਹੂ ਦੀਆਂ ਵਗ ਰਹੀਆਂ ਨਦੀਆਂ ।
ਸ਼ੀਆ ਸੁੰਨੀ ਕੌਮ ਇਰਾਕੀ, ਆਪੋ ਦੇ ਵਿੱਚ ਲਹੂ ਲੁਹਾਣ ।
ਫਸਿਆ ਵਹਿਮਾਂ ਵਿੱਚ ਇਨਸਾਨ…..

ਬੁੱਤਾਂ ਅੱਗੇ ਨੱਕ ਰਗੜਦਾ, ਫਿਰਦਾ ਬੰਦਾ ਕਿਹੜੇ ਨਾਤੇ ।
ਤੀਰਥ ਤੀਰਥ ਫਿਰੇ ਯਬਕਦਾ, ਕਰਦਾ ਪਾਠ ਜਾਪ ਜਗਰਾਤੇ ।
ਕਹਿੰਦੇ ਰੱਬ ਨੂੰ ਇੱਕ ਬਰਾਬਰ, ਹੁੰਦੀ ਉਸ ਦੀ ਉਸਤਤ ਨਿੰਦਾ ।
ਉਸਤਤੀਏ ਨੂੰ ਨਹੀ ਸਿਰੋਪਾ, ਨਿੰਦਕ ਨੂੰ ਕੋਈ ਦੰਡ ਨਹੀਂ ਦਿੰਦਾ ।
ਸਾਡੇ ਅੰਦਰ ਠੋਸਿਆ ਹੋਇਆ, ਵਕਤ ਵਿਹਾਇਆ ਦ੍ਰਿਸ਼ਟੀਕੋਣ ।
ਸਾਨੂੰ ਹੱਕ ਹੋਵੇ ਕਿ ਕਰੀਏ, ਆਪਣੇ ਦ੍ਰਿਸ਼ਟੀਕੋਣ ਦੀ ਚੋਣ ।
ਕੁਦਰਤ ਮਾਂ ਤੋਂ ਬਿਨ ਜੋ ਰੱਬ ਹੈ, ਸਿਰਜਿਆ ਬੰਦੇ ਦਾ ਭਗਵਾਨ ।
ਫਸਿਆ ਵਹਿਮਾਂ ਵਿੱਚ ਇਨਸਾਨ…..

ਨਿਰਾਕਾਰ ਹੈ ਖੁਦ ਬੇ ਦੇਹਾ, ਉਸ ਕਿਸ ਤਰ੍ਹਾਂ ਰਚ ਲਈ ਦੇਹ ।
ਉਹ ਕਥਨੀ ਹੈ ਮਹਿਲ ਹਵਾਈ, ਬਿਨਾ ਭੁਚਾਲੋਂ ਬਣਗੀ ਥੇਹ ।
ਬ੍ਰਹਿਮੰਡਾਂ ਦਾ ਮਾਲਕ ਚਾਲਕ, ਅਸੀਂ ਰੱਬ ਲਿਆ ਆਪੇ ਥਾਪ ।
ਜਿਸਦੀ ਆਪਣੀ ਹੋਂਦ ਨਾ ਕੋਈ, ਨਾ ਧੀ ਪੁੱਤ ਨਾ ਮਾਈ ਬਾਪ ।
ਈਸ਼ਵਰ, ਅੱਲਾ, ਗਾਡ, ਵਾਹਿਗੁਰੂ, ਦੇਹ ਕੋਈ ਨਾ, ਨਾਮ ਅਨੇਕ ।
ਪੜਦਾਦੇ ਨੇ ਜੋ ਅਪਣਾ ਲਿਆ, ਪੜਪੋਤਾ ਜਪ ਰਿਹਾ ਹਰੇਕ ।
ਸਿਰਜਣਹਾਰ ਹੈ ਕੰਨ-ਵਿਹੂਣਾ, ਇਸ ਗੱਲ ਵੱਲ ਬਿਨ ਧਰੇ ਧਿਆਨ ।
ਫਸਿਆ ਵਹਿਮਾਂ ਵਿੱਚ ਇਨਸਾਨ…..

ਸਾਇੰਸਦਾਨਾਂ ਨੇ ਜੋ ਖੋਜਿਆ, ਮਾਦਾ ਮੰਨਿਆ ਗਿਆ ਅਨਾਦੀ ।
ਏਸੇ ਦਾ ਹੈ ਬ੍ਰਹਿਮੰਡ ਰਚਿਆ, ਏਸੇ ਦੀ ਹੈ ਧਰਤ ਆਬਾਦੀ ।
ਬਹੁਮੱਤਾਂ ਦੇ ਗ੍ਰੰਥ ਅਧਿਐਨਿਆ, ਸਮਝ ‘ਚ ਆਉਂਦੀ ਗੱਲ ਯਥਾਰਥ ।
ਹੋਰ ਵਸਤ ਦੀ ਹੋਂਦ ਨਾ ਕੋਈ, ਜੋ ਦਿਸਦਾ ਸਭ ਠੋਸ ਪਦਾਰਥ ।
ਅੱਜ ਤੱਕ ਰੱਬ ਕਿਸੇ ਨਾ ਡਿੱਠਾ, ਨਾ ਦੇਖਣ ਦਾ ਕੀਤਾ ਦਾਅਵਾ ।
ਨਾ ਉਹ ਦੱਸਦਾ ਹੋਂਦ ਆਪਣੀ, ਮੂੰਹੋਂ ਬੋਲ ਮਿੱਟੀ ਦਾ ਬਾਵਾ ।
ਧਰਮ ਸਮੂਹ ਵਿੱਚ ਸਖ਼ਤ ਵਿਵਰਜਿਤ, ਕਿੰਤੂ ਪ੍ਰੰਤੂ ਤਰਕ ਗਿਆਨ ।
ਫਸਿਆ ਵਹਿਮਾਂ ਵਿੱਚ ਇਨਸਾਨ…..

ਗੁਰੂ ਨਾਨਕ ਕਹਿ ਗਏ ਕਾਬਲੋਂ, ਚੜ੍ਹੀਆਂ ਪਾਪ ਜਬਰ ਦੀਆਂ ਜੰਨਾਂ ।
ਢਾਹ ਬ੍ਰਿਜ ਮੰਦਰ ਲੁੱਟ ਲਿਆ ਸੋਨਾ, ਇੱਕ ਮੁਗ਼ਲ ਨਾ ਹੋਇਆ ਅੰਨ੍ਹਾ ।
ਅੱਜ ਵੀ ਸਾਲ ‘ਚ ਕੁਝ ਥਾਵਾਂ ਤੇ, ਜੁੜਦੀਆਂ ਲੱਖ ਕਰੋੜੀ ਭੀੜਾਂ ।
ਮਾੜੀ ਜਿਹੀ ਖਤਰੇ ਦੀ ਸੋਅ ਸੁਣ, ਭੀੜਾਂ ਦੀਆਂ ਜਦ ਪੈਣ ਪਦੀੜਾਂ ।
ਭਗਦੜ ਦੇ ਵਿੱਚ ਦਰੜੇ ਜਾਂਦੇ, ਸੈਂਕੜਿਆਂ ਵਿੱਚ ਬੁੱਢੇ ਠੇਰੇ ।
ਕਿੰਨੇ ਮਰੇ ਤੇ ਕਿੰਨੇ ਜ਼ਖਮੀ, ਛਪ ਜਾਂਦੀ ਹੈ ਖ਼ਬਰ ਸਵੇਰੇ ।
ਪਾਪ ਲਾਹੁਣ ਤੇ ਸਵਰਗ ਜਾਣ ਲਈ, ਦੇ ਬਹਿੰਦੇ ਅਣਮੁੱਲੀ ਜਾਨ ।
ਫਸਿਆ ਵਹਿਮਾਂ ਵਿੱਚ ਇਨਸਾਨ।

ਕਰਨੈਲ ਸਿੰਘ ਪਾਰਸ
ਰਾਮੂਵਾਲੀਆ


ਪੇਸ਼ਕਸ਼:
(ਯਸ਼ ਪਾਲ,ਵਰਗ ਚੇਤਨਾ)