ਹੁਸੈਨੀਵਾਲਾ ਸਮਾਰਕ ‘ਤੇ ਸ਼ਹੀਦਾਂ ਨੂੰ ਸਿਜਦਾ ਕਰਨ ਪੁੱਜੇ IAS ਵਰਸ਼ਾ ਸਿਨਹਾ, ਦਿੱਤੀ ਸ਼ਰਧਾਂਜਲੀ
ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਸਾਡਾ ਫਰਜ਼- ਆਈ.ਏ.ਐੱਸ ਵਰਸ਼ਾ ਸਿਨਹਾ
ਫ਼ਿਰੋਜ਼ਪੁਰ 9 ਅਪ੍ਰੈਲ 2026- ਅੱਜ ਸ਼ਹੀਦਾਂ ਦੀ ਧਰਤੀ ਫ਼ਿਰੋਜ਼ਪੁਰ ਵਿਖੇ ਸਕੱਤਰ, ਤੇਲ ਉਦਯੋਗ ਵਿਕਾਸ ਬੋਰਡ, ਪੈਟਰੋਲਿਅਮ ਅਤੇ ਕੁਦਰਤੀ ਗੈਸ ਮੰਤਰਾਲਾ, ਭਾਰਤ ਸਰਕਾਰ, ਸ੍ਰੀਮਤੀ ਵਰਸ਼ਾ ਸਿਨਹਾ (ਸੀਨੀਅਰ ਆਈ.ਏ.ਐਸ.) ਪੁੱਜੇ।
ਇਸ ਮੌਕੇ ਸਕੱਤਰ ਦੇ ਨਾਲ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਫ਼ਿਰੋਜ਼ਪੁਰ ਮੁਨੀਲਾ ਅਰੋੜਾ, ਰਮੇਸ਼ ਢੀਂਗਰਾ ਨਾਇਬ ਤਹਿਸੀਲਦਾਰ ਕਮ ਡਿਊਟੀ ਮੈਜਿਸਟ੍ਰੇਟ , ਡਾਕਟਰ ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਫ਼ਿਰੋਜ਼ਪੁਰ ਕਮ ਲੇਜਿਨ ਅਫ਼ਸਰ, ਬਿਟਨ ਕੁਮਾਰ ਡੀਐਸਪੀ ਹੈਡਕੁਆਰਟਰ ਹਾਜ਼ਰ ਸਨ।
ਉਹਨਾਂ ਦਾ ਫ਼ਿਰੋਜ਼ਪੁਰ ਆਉਣ ‘ਤੇ ਜ਼ਿਲ੍ਹਾ ਸਿੱਖਿਆ ਅਫਸਰ ਮੁਨੀਲਾ ਅਰੋੜਾ ਵੱਲੋਂ ਸਵਾਗਤ ਕਰਦਿਆਂ ਜੀ ਆਇਆ ਆਖਿਆ ਗਿਆ ਅਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਡਾਕਟਰ ਸਤਿੰਦਰ ਸਿੰਘ ਵੱਲੋਂ ਹੁਸੈਨੀਵਾਲਾ ਸਮਾਰਕ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਪਵਿੱਤਰ ਧਰਤੀ ਭਾਰਤ ਦੇ ਆਜ਼ਾਦੀ ਸੰਘਰਸ਼ ਨਾਲ ਡੂੰਘੀ ਤਰ੍ਹਾਂ ਜੁੜੀ ਹੋਈ ਹੈ।
ਇੱਥੇ ਹੀ 23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਅੰਤਿਮ ਸੰਸਕਾਰ ਕੀਤੇ ਗਏ ਸਨ, ਜਿਸ ਕਰਕੇ ਇਹ ਸਥਾਨ ਦੇਸ਼ਭਗਤੀ ਦਾ ਪ੍ਰਤੀਕ ਬਣ ਚੁੱਕਾ ਹੈ। ਉਹਨਾਂ ਦੱਸਿਆ ਕਿ ਹਰ ਸਾਲ ਹਜ਼ਾਰਾਂ ਦੇਸ਼ ਭਗਤ ਇਸ ਧਰਤੀ ‘ਤੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਨ।
ਉਹਨਾਂ ਅੱਗੇ ਦੱਸਿਆ ਕਿ ਹੁਸੈਨੀਵਾਲਾ ਬਾਰਡਰ ਹਿੰਦ-ਪਾਕਿ ਸਰਹੱਦ ‘ਤੇ ਸਥਿਤ ਇੱਕ ਮਹੱਤਵਪੂਰਨ ਇਤਿਹਾਸਕ ਅਤੇ ਰਣਨੀਤਿਕ ਸਥਾਨ ਹੈ। ਇੱਥੇ ਹਰ ਰੋਜ਼ ਹੋਣ ਵਾਲੀ ਰੀਟਰੀਟ ਸੈਰਾਮਨੀ ਦੇਸ਼ਭਗਤੀ ਦੇ ਜਜ਼ਬੇ ਨੂੰ ਉਭਾਰਦੀ ਹੈ।
ਸ੍ਰੀਮਤੀ ਵਰਸ਼ਾ ਸਿਨਹਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਹੁਸੈਨੀਵਾਲਾ ਆ ਕੇ ਸ਼ਹੀਦਾਂ ਨੂੰ ਸਿਜਦਾ ਕਰਨ ਅਤੇ ਰੀਟਰੀਟ ਸੈਰਾਮਨੀ ਦੇਖਣ ਦਾ ਅਨੁਭਵ ਬਹੁਤ ਹੀ ਪ੍ਰੇਰਣਾਦਾਇਕ ਹੈ। ਉਹਨਾਂ ਕਿਹਾ ਕਿ ਇਹ ਮਹਾਨ ਸ਼ਹੀਦ ਸਾਡੇ ਦੇਸ਼ ਦਾ ਅਮੋਲਕ ਸਰਮਾਇਆ ਹਨ, ਜਿਨ੍ਹਾਂ ਦੀਆਂ ਕੁਰਬਾਨੀਆਂ ਕਰਕੇ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।
ਉਹਨਾਂ ਨੇ ਕਿਹਾ ਕਿ ਇਹ ਸਥਾਨ ਸਾਨੂੰ ਆਪਣੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਦੇਸ਼ ਸੇਵਾ ਲਈ ਪ੍ਰੇਰਿਤ ਕਰਦਾ ਹੈ।
ਉਹਨਾਂ ਨੇ ਅੱਗੇ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖੀਏ ਅਤੇ ਦੇਸ਼ ਦੀ ਤਰੱਕੀ ਅਤੇ ਏਕਤਾ ਲਈ ਆਪਣਾ ਯੋਗਦਾਨ ਪਾਈਏ। ਸਮਾਰੋਹ ਦੌਰਾਨ ਮੌਜੂਦ ਅਧਿਕਾਰੀਆਂ ਅਤੇ ਹੋਰ ਹਾਜ਼ਰੀਨ ਨੇ ਵੀ ਸ਼ਹੀਦਾਂ ਨੂੰ ਨਮਨ ਕਰਦੇ ਹੋਏ ਦੇਸ਼ਭਗਤੀ ਦਾ ਸੰਦੇਸ਼ ਦਿੱਤਾ।
ਇਹ ਦੌਰਾ ਫ਼ਿਰੋਜ਼ਪੁਰ ਲਈ ਮਾਣ ਵਾਲਾ ਪਲ ਸਾਬਤ ਹੋਇਆ ਅਤੇ ਇਸ ਨਾਲ ਨੌਜਵਾਨ ਪੀੜ੍ਹੀ ਵਿੱਚ ਦੇਸ਼ ਪ੍ਰਤੀ ਸਮਰਪਣ ਅਤੇ ਸ਼ਰਧਾ ਦਾ ਜਜ਼ਬਾ ਹੋਰ ਮਜ਼ਬੂਤ ਹੋਇਆ। ਇਸ ਮੌਕੇ ਉਮੇਸ਼ ਕੁਮਾਰ, ਲਵਦੀਪ ਸਿੰਘ, ਅਕਸ਼ ਕੁਮਾਰ ਆਦਿ ਹਾਜ਼ਰ ਸਨ।






