ਭਾਰਤ ਦੇ ਸ਼ਸ਼ਾਂਕ ਮਨੋਹਰ ਦੀ ਜਗ੍ਹਾ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਚੇਅਰਮੈਨ ਅਹੁਦੇ ਦੀ ਦੌੜ ‘ਚ ਸ਼ਾਮਲ ਕ੍ਰਿਕਟ ਵੈਸਟਇੰਡੀਜ਼ ਦੇ ਸਾਬਕਾ ਪ੍ਰਧਾਨ ਡੇਵ ਕੈਮਰਨ ਨੇ ਰਹੱਸ ਤੋਂ ਪਰਦਾ ਉਠਾਇਆ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਘਰੇਲੂ ਬੋਰਡ ਦਾ ਹੀ ਸਮਰਥਨ ਨਹੀਂ ਮਿਲਿਆ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ‘ਚ ਉਨ੍ਹਾਂ ਨੂੰ ਫ਼ਾਇਦਾ ਨਜ਼ਰ ਆਉਂਦਾ ਹੈ।
ਕੈਮਰਨ ਦੀ ਦਾਅਵੇਦਾਰੀ ਦਾ ਸਮਰਥਨ ਅਮਰੀਕਾ ਨੇ ਕੀਤਾ ਹੈ ਜਿਸ ਨਾਲ ਉਹ ਮਨੋਹਰ ਦੀ ਜਗ੍ਹਾ ਲੈਣ ਦੇ ਦਾਅਵੇਦਾਰਾਂ ‘ਚ ਸ਼ਾਮਲ ਹੋ ਗਏ। ਮਨੋਹਰ ਨੇ ਪਿਛਲੇ ਮਹੀਨੇ ਦੇ ਅਖੀਰ ‘ਚ ਦੋ ਸਾਲ ਦੋ-ਦੋ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਆਪਣਾ ਅਹੁਦਾ ਛੱਡ ਦਿੱਤਾ ਸੀ। ਕੈਮਰਨ ਨੇ ਕਿਹਾ, ‘ਹਾਲੇ ਮੈਨੂੰ ਘਰੇਲੂ ਬੋਰਡ ਤੋਂ ਕੋਈ ਸਮਰਥਨ ਨਹੀਂ ਮਿਲ ਰਿਹਾ ਪਰ ਇਹ ਬੁਰੀ ਗੱਲ ਨਹੀਂ ਹੈ ਕਿਉਂਕਿ ਸਾਰੇ ਜਾਣਦੇ ਹਨ ਕਿ ਮੈਂ ਆਜ਼ਾਦ ਉਮੀਦਵਾਰ ਹਾਂ ਤੇ ਮੈਂ ਖ਼ੁਦ ਦੇ ਏਜੰਡੇ ‘ਤੇ ਕੰਮ ਕਰਨ ਦੀ ਬਜਾਏ ਵਿਸ਼ਵ ਕ੍ਰਿਕਟ ਦੀ ਭਲਾਈ ਬਾਰੇ ਸੋਚ ਰਿਹਾ ਹਾਂ।
ਉਹ ਅਮਰੀਕੀ ਕ੍ਰਿਕਟ ਹਾਲ ਆਫ ਫੇਮ ਸੀ ਜਿਸ ਨੇ ਮੈਨੂੰ ਕਿਹਾ ਕਿ ਅਮਰੀਕਾ (ਕ੍ਰਿਕਟ ਦਾ) ਬਹੁਤ ਵੱਡਾ ਬਾਜ਼ਾਰ ਹੈ ਤੇ ਉਸ ਨੂੰ ਵਿਕਸਿਤ ਕਰਨ ਦੀ ਜ਼ਰੂਰਤ ਹੈ। ਮੈਂ ਅਮਰੀਕੀ ਕ੍ਰਿਕਟ ਬੋਰਡ ਨਾਲ ਕਾਫੀ ਕੰਮ ਕੀਤਾ ਹੈ ਤੇ ਉਹ ਅਮਰੀਕਾ ‘ਚ ਕ੍ਰਿਕਟ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਸਹੀ ਸਮਾਂ ਹੈ। ਇਸ ਤੋਂ ਇਲਾਵਾ ਆਈਸੀਸੀ ਅਧਿਕਾਰਾਂ ਦਾ ਅਗਲਾ ਚੱਕਰ 2023 ਤੋਂ 2031 ਤਕ ਹੋਵੇਗਾ ਤਾਂ ਅਜਿਹੇ ‘ਚ ਇਹ ਉਸ ਵਿਅਕਤੀ ਦਾ ਸਮਰਥਨ ਕਰਨ ਦਾ ਸਭ ਤੋਂ ਚੰਗਾ ਸਮਾਂ ਹੈ ਜਿਸ ਦੀ ਯੋਜਨਾ ਅਸਲ ‘ਚ ਵਿਸ਼ਵ ਕ੍ਰਿਕਟ ਨੂੰ ਅੱਗੇ ਵਧਾਉਣ ਦੀ ਹੈ।’
ਇੰਗਲੈਂਡ ਦੇ ਕੋਲਿਨ ਗ੍ਰੇਵਸ ਇਸ ਅਹੁਦੇ ਦੇ ਮੁੱਖ ਦਾਅਵੇਦਾਰ ਹਨ। ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਦਾ ਨਾਂ ਵੀ ਆਈਸੀਸੀ ਚੇਅਰਮੈਨ ਦੇ ਅਹੁਦੇ ਲਈ ਚੱਲ ਰਿਹਾ ਹੈ ਪਰ ਉਨ੍ਹਾਂ ਹਾਲੇ ਤਕ ਆਪਣੇ ਪੱਤੇ ਨਹੀਂ ਖੋਲ੍ਹੇ ਹਨ। ਕਿਸੇ ਵੀ ਉਮੀਦਵਾਰ ਦੀ ਚੋਣ ਲੜਨ ਲਈ ਦੋ ਜਾਂ ਇਸਤੋਂ ਜ਼ਿਆਦਾ ਵੋਟਾਂ ਦੀ ਜ਼ਰੂਰਤ ਹੁੰਦੀ ਹੈ। ਕੈਮਰਨ ਪਿਛਲੇ ਸਾਲ ਤਕ ਕ੍ਰਿਕਟ ਵੈਸਟਇੰਡੀਜ਼ ਦੇ ਪ੍ਰਧਾਨ ਸਨ। ਉਨ੍ਹਾਂ ਦੀ ਜਗ੍ਹਾ ਸਕਿਰਿਟ ਨੇ ਲਈ ਹੈ।