ਅਹਿਮ ਖ਼ਬਰ: ਪੰਜਾਬ ਦੇ ਬੇਰੁਜ਼ਗਾਰ ਬੀ.ਐੱਡ ਟੈੱਟ ਪਾਸ ਅਧਿਆਪਕਾਂ ਵਲੋਂ ਵੱਡੇ ਸੰਘਰਸ਼ ਦਾ ਐਲਾਨ

327

 

  • ਮੁੜ ਸੰਘਰਸ਼ ਕਰਨ ਲਈ ਬੇਰੁਜ਼ਗਾਰ ਅਧਿਆਪਕਾਂ ਕੀਤਾ ਸੂਬਾ ਕਮੇਟੀ ਦਾ ਵਿਸਥਾਰ
  • ਮਾਸਟਰ ਕੇਡਰ ਦੀ ਭਰਤੀ ਕਰਨ ਦੀ ਕੀਤੀ ਮੰਗ

ਦਲਜੀਤ ਕੌਰ, ਸੰਗਰੂਰ

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮਾਸਟਰ ਕੇਡਰ ਦੀ ਭਰਤੀ ਨੂੰ ਲੈਕੇ ਪਿਛਲੇ ਚਾਰ ਸਾਲਾਂ ਤੋਂ ਸੰਘਰਸ਼ ਕਰਦੀ ਆ ਰਹੀ ਬੀ.ਐੱਡ.ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਆਮ ਆਦਮੀ ਪਾਰਟੀ ਸਰਕਾਰ ਖਿਲਾਫ ਮੁੜ ਸੰਘਰਸ਼ ਵਿੱਢਣ ਦੀ ਤਿਆਰੀ ਕਰ ਲਈ ਗਈ ਹੈ।

ਜਿਸਦੇ ਤਹਿਤ ਅੱਜ ਡੀ.ਸੀ.ਦਫਤਰ ਸੰਗਰੂਰ ਵਿਖੇ ਯੂਨੀਅਨ ਦੀ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਸੂਬਾ ਕਮੇਟੀ ਦਾ ਵਿਸਥਾਰ ਕੀਤਾ ਗਿਆ, ਜਿਸ ਵਿੱਚ ਮਾਨਸਾ ਤੋਂ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਮੋਫ਼ਰ, ਸੰਗਰੂਰ ਤੋਂ ਜ਼ਿਲ੍ਹਾ ਪ੍ਰਧਾਨ ਸੁਖਪਾਲ ਖਾਨ, ਮਲੇਰਕੋਟਲਾ ਤੋਂ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਟੋਡਰਵਾਲ, ਬਰਨਾਲਾ ਤੋਂ ਜ਼ਿਲ੍ਹਾ ਪ੍ਰਧਾਨ ਜਗਸੀਰ ਜਲੂਰ ਤੇ ਹਰਵਿੰਦਰ ਬਠਿੰਡਾ ਨੂੰ ਸੂਬਾ ਖ਼ਜ਼ਾਨਚੀ ਬਣਾਕੇ ਸੂਬਾ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ।

ਸੂਬਾ ਕਮੇਟੀ ਦਾ ਵਿਸਥਾਰ ਕਰਨ ਤੋਂ ਬਾਅਦ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਪੱਕਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਬੇਰੁਜ਼ਗਾਰਾਂ ਦੇ ਰੋਹ ਅੱਗੇ ਝੁਕਦਿਆਂ ਪਿਛਲੀ ਕਾਂਗਰਸ ਸਰਕਾਰ ਨੇ ਚੋਣ ਜ਼ਾਬਤੇ ਤੋਂ ਕੁੱਝ ਮਿੰਟ ਪਹਿਲਾਂ ਮਾਮੂਲੀ 4161 ਅਸਾਮੀਆਂ ਭਰਨ ਦਾ ਇਸ਼ਤਿਹਾਰ ਦਿੱਤਾ ਸੀ।

ਜਿਸ ਵਿੱਚ ਸਮਾਜਿਕ ਸਿੱਖਿਆ, ਪੰਜਾਬੀ ਅਤੇ ਹਿੰਦੀ ਵਿਸ਼ਿਆਂ ਦੀਆਂ ਸਿਰਫ਼ 1405 ਮਾਮੂਲੀ ਆਸਾਮੀਆਂ ਦਿੱਤੀਆਂ ਗਈਆਂ, ਜਦਕਿ ਇਹਨਾਂ ਵਿਸ਼ਿਆਂ ਨਾਲ ਸੰਬੰਧਿਤ ਅਧਿਆਪਕਾਂ ਦੀ ਸਕੂਲਾਂ ਵਿੱਚ ਵੱਡੇ ਪੱਧਰ ਤੇ ਘਾਟ ਹੈ, ਇਹਨਾਂ ਵਿਸ਼ਿਆਂ ਦਾ ਕੰਮ ਹੋਰ ਵਿਸ਼ਿਆਂ ਦੇ ਅਧਿਆਪਕਾਂ ਤੋਂ ਲਿਆ ਜਾਂਦਾ ਹੈ ਜਿਸ ਕਰਕੇ ਸਮਾਜਿਕ ਸਿੱਖਿਆ, ਪੰਜਾਬੀ ਅਤੇ ਹਿੰਦੀ ਵਿਸ਼ਿਆਂ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਫੇਲ ਹੋ ਰਹੇ ਹਨ।

ਹੁਣ ਜਦ ਕਿ ਆਮ ਆਦਮੀ ਪਾਰਟੀ ਸਿਹਤ ਤੇ ਸਿੱਖਿਆ ਸੁਧਾਰਾਂ ਦੀ ਗੱਲ ਕਰਕੇ ਸੱਤਾ ਵਿੱਚ ਆਈ ਹੈ ਪਰ ਪੌਣਾਂ ਸਾਲ ਲੰਘਣ ਦੇ ਬਾਅਦ ਵੀ ਇਹਨਾਂ ਵਿਸ਼ਿਆਂ ਦੀਆਂ ਪੋਸਟਾਂ ਦਾ ਇਸ਼ਤਿਹਾਰ ਨਹੀਂ ਦਿੱਤਾ ਜਾ ਰਿਹਾ। ਬੇਰੁਜ਼ਗਾਰਾਂ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੁਆਰਾ ਸੋਸ਼ਲ ਮੀਡੀਆ ਤੇ ਅਧਿਆਪਕਾਂ ਦੁਆਰਾ ਸਕੂਲਾਂ ਵਿਚਲੀਆਂ ਕਮੀਆਂ ਨੂੰ ਨਾ ਦੱਸਣ ਤੇ ਅਧਿਆਪਕ ਵਰਗ ਦੀ ਜ਼ੁਬਾਨ ਬੰਦੀ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ।

ਮੀਟਿੰਗ ਵਿੱਚ ਸੂਬਾਈ ਆਗੂਆਂ ਨੇ ਕਿਹਾ ਕਿ ਜੇ ਪੰਜਾਬ ਸਰਕਾਰ 55% ਦੀ ਸ਼ਰਤ ਨੂੰ ਰੱਦ ਕਰਕੇ ਜਲਦ ਸਮਾਜਿਕ ਸਿੱਖਿਆ, ਪੰਜਾਬੀ, ਹਿੰਦੀ ਵਿਸ਼ਿਆਂ ਦੀ ਵੱਡੀ ਗਿਣਤੀ ਵਿੱਚ ਭਰਤੀ ਨਹੀਂ ਕਰਦੀ ਤਾਂ ਸਰਕਾਰ ਖ਼ਿਲਾਫ਼ ਜਲਦ ਇੱਕ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਮੀਤ ਪ੍ਰਧਾਨ ਅਮਨਦੀਪ ਸੇਖਾ, ਜਰਨਲ ਸਕੱਤਰ ਗਗਨਦੀਪ ਕੌਰ ਗਰੇਵਾਲ, ਕੁਲਵੰਤ ਲੌਂਗੋਵਾਲ, ਹਰਦਮ ਸਿੰਘ ਆਦਿ ਅਧਿਆਪਕ ਆਗੂ ਹਾਜ਼ਰ ਸਨ।