In Side story: ਪੰਜਾਬ ਦੇ ਪਿੰਡਾਂ ‘ਚੋਂ ਅਲੋਪ ਹੋ ਗਏ “ਗੁੜ ਦੇ ਵੇਲਣੇ”

424

 

ਗੁਰਪ੍ਰੀਤ ਸਿੰਘ ਭੋਗਲ, ਭੋਗਪੁਰ

ਗਰਮਾ ਗਰਮ ਗੁੜ ਅਤੇ ਸ਼ੱਕਰ ਖਾਣ ਨੂੰ ਕਿਸ ਦਾ ਜੀਅ ਨਹੀ ਕਰਦਾ, ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿੱਚ ਗੁੜ ਦੀ ਖਪਤ ਵਧਣ ਕਾਰਨ ਕਿਸਾਨਾਂ ਦੁਆਰਾ ਗੁੜ,ਸ਼ੱਕਰ ਬਣਾ ਕੇ ਵੇਚਣ ਦਾ ਰੁਝਾਨ ਵਧਿਆ ਹੈ। ਗੁੜ ਜਾਂ ਸ਼ੱਕਰ,ਗੰਨੇ ਦੇ ਰਸ ਨੂੰ ਖੁੱਲੇ ਕਰਾਹ ਵਿੱਚ ਗਰਮ ਕਰ ਕੇ ਬਚੇ ਠੋਸ ਪਦਾਰਥ ਨੂੰ ਕਹਿੰਦੇ ਹਨ। ਗੁੜ ਵਿੱਚ ਮੁੱਖ ਤੌਰ ਤੇ 60-85% ਸੂਕਰੋਜ, 50.15% ਗਲੂਕੋਜ ਅਤੇ ਫਰੱਕਟੋਜ ਹੁੰਦਾ ਹੈ, ਇਸ ਦੇ ਨਾਲ ਹੀ 1% ਪ੍ਰੋਟੀਨ, 0.1ਗ੍ਰਾਮ ਫੈਟ, 8 ਮਿ.ਗ੍ਰ. ਕੈਲਸ਼ੀਅਮ, 4 ਮਿਲੀ ਗ੍ਰਾਮ ਫਾਸਫੋਰਸ ਅਤੇ 11.4 ਮਿ.ਗ੍ਰਾਮ. ਲੋਹਾ ਮੌਜੂਦ ਹੁੰਦਾ ਹੈ। 100 ਗ੍ਰਾਮ ਗੁੜ ਤੋਂ ਤਕਰੀਬਨ 383 ਕਿਲੋ ਕੈਲਰੀ ਐਨਰਜੀ ਮਿਲ ਜਾਂਦੀ ਹੈ। ਜਦਕਿ ਖੰਡ ਵਿੱਚ 99.5% ਸੂਕਰੋਜ ਹੁੰਦੀ ਹੈ ਅਤੇ ਕੋਈ ਖਣਿਜ ਪਦਾਰਥ ਮੌਜੂਦ ਨਹੀਂ ਹੁੰਦੇ। ਮਿਆਰੀ ਗੁੜ ਦੀਆਂ ਵਿਸ਼ੇਸ਼ਤਾਵਾਂ ਵਿੱਚ ਹਲਕਾ ਰੰਗ,ਸਖਤਪਣ,ਚੰਗਾ ਰਵੇਦਾਰ,ਸੁਆਦ ਚ ਮਿੱਠਾ,ਸੁਗੰਧੀਦਾਰ,ਅਤੇ ਲੰਬੇ ਸਮੇਂ ਤੱਕ ਸਾਂਭਣਯੋਗ ਆਦਿ ਦੇ ਗੁਣ ਹੋਣੇ ਬਹੁਤ ਜ਼ਰੂਰੀ ਹਨ। ਗੁੜ ਵਿੱਚ ਸੌਂਫ, ਸੁੰਢ, ਮੂੰਗਫਲੀ, ਬਦਾਮ, ਕਾਜੂ ਅਤੇ ਤਿਲ ਪਾ ਕੇ ਹੋਰ ਵੀ ਸੁਆਦੀ ਬਣਾਇਆ ਜਾ ਸਜਦਾ ਹੈ। ਕੋਈ ਸਮਾਂ ਸੀ ਜਦੋਂ ਗੰਨੇ ਦੇ ਰਸ ਤੋਂ ਗੁੜ,ਸ਼ੱਕਰ ਤਿਆਰ ਕਰਨ ਲਈ ਪਿੰਡਾਂ ਵਿੱਚ ਘੁਲਾੜੀਆਂ/ਵੇਲਣੇ ਹੁੰਦੇ ਸਨ।

ਗਰਮਾ ਗਰਮ ਗੁੜ ਬਹੁਤ ਸੁਆਦੀ ਹੁੰਦਾ ਸੀ ਅਤੇ ਬੜੇ ਚਾਅ ਨਾਲ ਖਾਦਾ ਜਾਂਦਾ ਸੀ ਜੋ ਅੱਜ ਕੱਲ ਦੀਆਂ ਬਾਜ਼ਾਰੀ ਮਠਿਆਈਆਂ ਨੂੰ ਮਾਤ ਪਾਉਂਦਾ ਸੀ। ਘੱਟ ਖਾਦਾਂ ਅਤੇ ਕੀਟ ਨਾਸ਼ਕ ਦਵਾਈਆਂ ਦੀ ਵਰਤੋਂ ਹੋਣ ਕਾਰਨ ਗੁੜ ਗੁਣਵਤਾ ਭਰਪੂਰ ਹੁੰਦਾ ਸੀ। ਖੰਡ ਮਿੱਲਾਂ ਦੀ ਪੰਜਾਬ ਵਿੱਚ ਆਮਦ ਨਾਲ ਪਿੰਡਾਂ ਵਿੱਚੋਂ ਵੇਲਣੇ/ਘੁਲ੍ਹਾੜੀਆਂ ਅਲੋਪ ਹੋਣੇ ਸ਼ੁਰੂ ਹੋ ਗਏ। ਕੁਝ ਸਮਾਂ ਤਾਂ ਅਜਿਹਾ ਵੀ ਆਇਆ ਕਿ ਗੁੜ ਅਤੇ ਸ਼ੱਕਰ ਖਾਣ ਨੂੰ ਲੋਕ ਤਰਸਣ ਲੱਗੇ। ਪੰਜਾਬ ਦੇ ਕਿਸਾਨਾਂ ਵੱਲੋਂ ਇਸ ਧੰਦੇ ਦਾ ਤਿਆਗ ਕਰਨ ਦਾ ਲਾਭ ਉਠਾਉਂਦਿਆਂ ਪ੍ਰਵਾਸੀ ਮਜ਼ਦੂਰਾਂ ਨੇ ਸੜਕਾਂ ਕਿਨਾਰੇ ਜਗਾ-ਜਗਾ ਵੇਲਣੇ ਲਾ ਕੇ ਗੁੜ ਅਤੇ ਸ਼ੱਕਰ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਇਨਾਂ ਵਿਅਕਤੀਆਂ ਵੱਲੋਂ ਗੁੜ ਬਨਾਉਂਦੇ ਸਮੇਂ ਸਾਫ ਸਫਾਈ ਦਾ ਧਿਆਨ ਨਾਂ ਰੱਖਦਿਆਂ ਕਈ ਕਈ ਦਿਨਾਂ ਦੇ ਜਮਾਂ ਕੀਤੇ ਗੰਨੇ ਤੋਂ ਗੁੜ ਅਤੇ ਸ਼ੱਕਰ ਤਿਆਰ ਕੀਤੀ ਜਾਂਦੀ ਸੀ ਜੋ ਕੁਝ ਸਮੇਂ ਬਾਅਦ ਖਰਾਬ ਹੋ ਜਾਂਦੀ ਸੀ। ਖੰਡ ਮਿੱਲਾਂ ਵੱਲੋਂ ਗੰਨਾਂ ਵੇਚਣ ਵਾਲੇ ਕਿਸਾਨਾਂ ਨੂੰ ਫਸਲ ਦੇ ਭੁਗਤਾਨ ਵਿੱਚ ਦੇਰੀ,ਪਰਚੀਆਂ ਲੈਣ ਵਿੱਚ ਖੱਜਲ ਖੁਆਰੀ ਅਤੇ ਕੁਝ ਹੋਰ ਕਾਰਨਾਂ ਕਾਰਨ ਨੌਬਤ ਇੱਥੋਂ ਤੱਕ ਪਹੁੰਚ ਗਈ ਕਿ ਕਿਸਾਨਾਂ ਦੀ ਹੜਤਾਲ ਅਤੇ ਰੋਸ ਮੁਜ਼ਾਰਿਆਂ ਦੇ ਬਾਵਜੂਦ ਗੰਨੇ ਦੀ ਅਦਾਇਗੀ ਸਮੇਂ ਸਿਰ ਨਾਂ ਹੋਣ ਲੱਗੀ।

ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਉੱਦਮੀ ਕਿਸਾਨਾਂ ਵੱਲੋਂ ਵੱਡੇ ਵੱਧਰ ਤੇ ਗੁੜ ਅਤੇ ਸ਼ੱਕਰ ਬਣਾ ਕੇ ਵੇਚਣ ਦਾ ਰੁਝਾਣ ਕਾਫੀ ਵਧ ਗਿਆਂ ਹੈ। ਇਸ ਤਰਾਂ ਕਿਸਾਨਾਂ ਨੂੰ ਖੰਡ ਮਿੱਲਾਂ ਵਿੱਚ ਗੰਨਾਂ ਵੇਚਣ ਦੀ ਬਿਜਾਏ ਗੁੜ ,ਸ਼ੱਕਰ ਬਣਾ ਕੇ ਵੇਚਣ ਵਿੱਚ ਵਧੇਰੇ ਫਾਇਦਾ ਨਜ਼ਰ ਆਉਣ ਲੱਗਾ ਹੈ। ਪ੍ਰਚੂਣ ਵਿੱਚ ਇੱਕ ਕਿਲੋ ਗੁੜ ਦੀ ਕੀਮਤ 50/- ਪ੍ਰਤੀ ਏਕੜ ਤੋਂ 150/- ਤੱਕ ਅਤੇ ਸ਼ੱਕਰ 80 ਤੋਂ 100/- ਪ੍ਰਤੀ ਕਿਲੋ ਵਿਕਣ ਨਾਲ ਇੱਕ ਏਕੜ ਫਸਲ ਵਿੱਚੋਂ ਚੰਗੇ ਪੈਸੇ ਮਿਲ ਜਾਂਦੇ ਹਨ ਬਸ ਕੁਝ ਮਿਹਨਤ ਕਰਨ ਦੀ ਜ਼ਰੂਰਤ ਹੈ ਜਦ ਕਿ ਗੰਨਾ ਮਿੱਲ ਵਿੱਚ ਗੰਨਾ ਵੇਚਣ ਨਾਲ ਤਕਰੀਬਨ ਅੱਸੀ ਹਜ਼ਾਰ ਵਟਕ ਹੁੰਦੀ ਹੈ। ਇਸ ਤੋਂ ਇਲਾਵਾ ਪਸ਼ੂਆਂ ਨੂੰ ਚਾਰਾ ਮਿਲ ਜਾਂਦਾ ਹੈ ਅਤੇ ਰੁਜਗਾਰ ਵੀ ਪੈਦਾ ਹੁੰਦਾ ਹੈ। ਮੁੱਖ ਸੜਕਾਂ ਉੱਪਰ ਘੁਲਾੜੀ ਦੇ ਨਾਲ ਨਵੀਨਤਮ ਜੂਸ ਕੱਢਣ ਵਾਲੀਆਂ ਮਸ਼ੀਨਾਂ ਲਗਾ ਕੇ ਗੰਨੇ ਦਾ ਤਾਜ਼ਾ ਰਸ ਨਿੰਬੂ, ਅਦਰਕ ਅਤੇ ਪੁਦੀਨਾ ਪਾ ਕੇ 10-20 ਰੁਪਏ ਪ੍ਰਤੀ ਗਲਾਸ ਵੇਚ ਕੇ ਕਿਸਾਨ ਵਧੇਰੇ ਆਮਦਨ ਕਮਾ ਸਕਦੇ ਹਨ।

ਮੌਜੂਦਾ ਸਮੇਂ ਵਿੱਚ ਬਹੁਤਾ ਗੁੜ ਰਸਾਇਣਕ ਖਾਦਾਂ, ਕੀਟਨਾਸ਼ਕਾਂ ,ਨਦੀਨਨਾਸ਼ਕਾਂ ਵਰਤ ਕੇ ਤਿਆਰ ਕੀਤੇ ਗੰਨੇ ਦੇ ਰਸ ਤੋਂ ਤਿਆਰ ਕੀਤਾ ਜਾਂਦਾ ਹੈ। ਆਮ ਕਰਕੇ ਗੁੜ ਤਿਆਰ ਕਰਨ ਲੱਗਿਆਂ ਰਸ ਵਿੱਚੋਂ ਮੈਲ ਉਤਾਰਣ ਲਈ ਰਸਾਇਣਕ ਸਫਾਈ ਕਾਰਕ ਬਹੁਤ ਜ਼ਿਆਦਾ ਮਾਤਰਾ ਵਿੱਚ ਮਿੱਠਾ ਸੋਢਾ ਵਰਤਿਆ ਜਾਂਦਾ ਹੈ, ਜੋ ਸਿਹਤ ਲਈ ਹਾਨੀਕਾਰਕ ਹੈ। ਕਈ ਵਾਰ ਜੇਕਰ ਮਿੱਠੇ ਸੋਢੇ ਨੂੰ ਜ਼ਿਆਦਾ ਮਾਤਰਾ ਵਿੱਚ ਵਰਤਿਆ ਜਾਂਦਾ ਹੈ ਤਾਂ ਗੁੜ ਵਿੱਚ ਸਲ਼ਫਰਡਾਈਆਕਸਾਈਡ ਦੀ ਮਾਤਰਾ ਵੀ ਵਧ ਜਾਦੀ ਹੈ ਅਤੇ ਗੁੜ ਖਟਾਸ ਮਾਰਦਾ ਹੈ। ਇਹ ਗੁੜ,ਚਾਹ ਬਨਾਉਣ ਲਈ ਵਰਤੀਏ ਤਾਂ ਚਾਹ ਫੁੱਟ ਜਾਂਦੀ ਹੈ ਪਰ ਆਮ ਕਰਕੇ ਸੜਕਾਂ ਕਿਨਾਰੇ ਕਿਸਾਨ ਗੁੜ ਬਨਾਉਣ ਵਾਲੀਆਂ ਜਗਾ ਤੇ ਸ਼ੁੱਧ ਦੇਸੀ ਗੁੜ ਦੇ ਵੱਡੇ ਵੱਡੇ ਬੋਰਡ ਲਾ ਕੇ ਗਾਹਕਾਂ ਨੂੰ ਆਕਰਸ਼ਤ ਕਰਦੇ ਹਨ। ਜਦ ਉਨਾਂ ਨੂੰ ਦੇਸੀ ਗੁੜ ਬਨਾਉਣ ਦੇ ਤਾਰੀਕੇ ਬਾਰੇ ਪੁੱਛਿਆ ਜਾਵੇ ਤਾਂ ਕਹਿਣਗੇ ਕਿ ਮੈਲ ਉਤਾਰਣ ਲਈ ਜੈਵਿਕ ਸਫਾਈ ਕਾਰਕਾਂ ਦੀ ਜਗਾ ਮਿੱਠਾ ਸੋਢਾ ਵਰਤਿਆ ਗਿਆ ਹੈ। ਕਿਸਾਨ ਵੀਰੋ ਦੇਸੀ ਗੁੜ ਇਸ ਤਰਾਂ ਦਾ ਨਹੀਂ ਹੁੰਦਾ, ਦੇਸੀ ਗੁੜ,ਦੇਸੀ ਤਰੀਕੇ ਵਰਤ ਕੇ ਤਿਆਰ ਕੀਤੀ ਗੰਨੇ ਦੀ ਫਸਲ ਤੋਂ ਕੱਢੇ ਰਸ ਨੂੰ ਗਰਮ ਕਰਕੇ ਦੇਸੀ ਸਫਾਈ ਕਾਰਕਾਂ ਨਾਲ ਸਾਫ ਕਰਕੇ ਤਿਆਰ ਕੀਤਾ ਜਾਂਦਾ ਹੈ।

ਜੈਵਿਕ (ਦੇਸੀ) ਗੁੜ ਬਨਾਉਣ ਸਮੇਂ ਮੈਲ ਉਤਾਰਣ ਲਈ ਜੈਵਿਕ ਪਦਾਰਥਾਂ ,ਸੁਖਲੋਈ,ਸੋਇਆਬੀਨ ਦਾ ਦੁੱਧ, ਮੂੰਗਫਲੀ ਦਾ ਦੁੱਧ ਆਦਿ ਦੀ ਵਰਤੋਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਕਿਸਾਨ ਵੀਰੋ ,ਖਪਤਕਾਰਾਂ ਵਿੱਚ ਸਿਹਤ ਪੱਖੋਂ ਜਾਗਰੁਕਤਾ ਵਧਣ ਕਾਰਨ ਜੈਵਿਕ ਤਰੀਕਿਆਂ ਨਾਲ ਤਿਆਰ ਗੁੜ ਦੀ ਮੰਗ ਵਧਣ ਲੱਗ ਪਈ ਹੈ, ਹੁਣ ਤਾਂ ਸਿਹਤ ਮਾਹਿਰ ਵੀ ਮਰੀਜਾਂ ਨੂੰ ਸਲਾਹ ਦਿੰਦੇ ਹਨ ਕਿ ਖੰਡ ਖਾਣ ਨਾਲੋਂ ਜੈਵਿਕ (ਦੇਸੀ) ਗੁੜ ਅਤੇ ਸ਼ੱਕਰ ਖਾਣਾ ਵਧੇਰੇ ਲਾਭਦਾਇਕ ਹੈ। ਸੋ ਜੇਕਰ ਗੁੜ ਦੇ ਮਿਆਰੀਪਣ ਬਾਰੇ ਭਰੋਸੇਯੋਗਤਾ ਬਨਾਉਣੀ ਹੈ ਤਾਂ ਖਪਤਕਾਰ ਨੂੰ ਉਹੀ ਕੁਝ ਦੇਣਾ ਪਵੇਗਾ ਜਿਸ ਦਾ ਅਸੀਂ ਦਾਅਵਾ ਕਰਦੇ ਹਾਂ ਤਾਂ ਹੀ ਇਸ ਕਿੱਤੇ ਨੂੰ ਹੋਰ ਪ੍ਰਫੁਲਤ ਕੀਤਾ ਜਾ ਸਕਦਾ ਹੈ।

ਗੁੜ ਅਤੇ ਸੱਕਰ ਬਨਾਉਣ ਵਿੱਚ ਗੰਨੇ ਦਾ ਰਸ ਕੱਢਣਾ,ਮੈਲ ਉਤਾਰਣਾ,ਕਾੜਨਾ,ਠੰਢਾ ਕਰਨਾ ਅਤੇ ਭੇਲੀ ਬਨਾਉਣਾ ਆਦਿ ਮੁੱਖ ਪੜਾਅ ਹਨ। ਗੰਨਿਆਂ ਵਿੱਚੋਂ ਰਸ ਕੱਢਣ ਲਈ ਚੰਗੀ ਕਿਸਮ ਦਾ ਵੇਲਣਾ ਵਰਤਣਾ ਚਾਹੀਦਾ ਹੈ,ਜੋ ਘੱਟੋ ਘੱਟ 60% ਰਸ ਕੱਢਣ ਦੇ ਯੋਗ ਹੋਵੇ। ਜੈਵਿਕ ਗੁੜ ਤਿਆਰ ਕਰਨ ਲਈ ਵਰਤੀ ਜਾਣ ਵਾਲੀ ਫਸਲ ਜੈਵਿਕ ਤਕਨੀਕਾਂ ਵਰਤ ਕੇ ਤਿਆਰ ਕੀਤੀ ਹੋਣੀ ਚਾਹੀਦੀ ਹੈ। ਗੰਨੇ ਦੀ ਫਸਲ ਨੂੰ ਨਾਈਟਰੋਜਨ ਜੈਵਿਕ ਸੋਮਿਆਂ ਤੋਂ ਉਪਲਬਧ ਕਰਵਾਉਣੀ ਚਾਹੀਦੀ ਹੈ। ਫਸਲ ਨੂੰ ਫਾਸਫੋਰਸ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੀ ਰਿਪੋਰਟ ਮੁਤਾਬਕ ਵਰਤਣੀ ਚਾਹੀਦੀ ਹੈ, ਜੇਕਰ ਜ਼ਮੀਨ ਵਿੱਚ ਫਾਸਫੋਰਸ ਦੀ ਘਾਟ ਹੈ ਤਾਂ ਸਿਫਾਰਸ਼ ਕੀਤੀ ਮਾਤਰਾ ਬਿਜਾਈ ਵੇਲੇ ਪਾਉਣੀ ਚਾਹੀਦੀ ਹੈ ਕਿਉਂਕਿ ਫਾਸਫੋਰਸ, ਗੰਨੇ ਦੇ ਰਸ ਦਾ ਮਿਆਰੀਪਣ ਵਧਾਉਣ ਅਤੇ ਫਸਲ ਦੀ ਅਗੇਤੀ ਪਕਾਈ ਵਿੱਚ ਮਦਦ ਕਰਦੀ ਹੈ।

ਗੁੜ ਬਨਾਉਣ ਵਾਲੇ ਕਰਾਹ ਨੂੰ ਗੁੜ ਬਨਾਉਂਦੇ ਸਮੇਂ ਉਪਰੋ ਜਾਲੀ ਦਾਰ ਢੱਕਣੇ ਨਾਲ ਢੱਕ ਕੇ ਰੱਖਣਾ ਚਾਹੀਦਾ ਤਾਂ ਜੋ ਧੂੰਏ ਤੋਂ ਨਿਕਲਦੇ ਸੁਆਹ ਦੇ ਕਣ, ਮੱਖੀ,ਮੱਛਰ ਆਦਿ ਗਰਮ ਕੀਤੇ ਜਾ ਰਹੇ ਰਸ ਵਿੱਚ ਨਾ ਪੈ ਸਕੇ। ਮੈਲ ਉਤਾਰਣ ਬਾਅਦ ਜਦ ਸਾਫ ਜੂਸ ਉਬਲਣਾ ਸ਼ੁਰੂ ਹੋ ਜਾਵੇ ਤਾਂ ਜੈਵਿਕ ਸਫਾਈ ਕਾਰਕ ਵਰਤ ਕੇ ਜੂਸ ਨੂੰ ਸਾਫ ਕਰਨਾ ਚਾਹੀਦਾ ਹੈ। ਇਸ ਮਕਸਦ ਵਾਸਤੇ ਮੂਗਫਲੀ ਤੋ ਤਿਆਰ ਦੁੱਧ ਅਤੇ ਸੋਇਆਬੀਨ ਦਾ ਦੁੱਧ ਵੀ ਵਰਤਿਆ ਜਾ ਸਕਦਾ। ਇਸ ਤੋਂ ਇਲਾਵਾ 30-40 ਗ੍ਰਾਮ ਸੋਇਆਬੀਨ ਦਾ ਆਟਾ ਪ੍ਰਤੀ 100 ਲਿਟਰ ਗੰਨੇ ਦੇ ਰਸ ਦੀ ਸਫਾਈ ਲਈ ਕਾਫੀ ਹੈ।ਜਦੋਂ ਪੱਤ ਕੜ੍ਹ ਕੇ ਤਿਆਰ ਹੋ ਜਾਵੇ ਤਾਂ ਤਾਪਮਾਨ ਨਿਯੰਤਰਣ ਵਿੱਚ ਹੋਣਾ ਚਾਹੀਦਾ ਹੈ ਅਤੇ ਪੱਤ ਦੇ ਪੱਕਣ ਬਾਅਦ 20 ਗ੍ਰਾਮ ਨਾਰੀਅਲ ਦਾ ਤੇਲ, ਜਾਂ ਸਰੋਂ ਦਾ ਤੇਲ ਪ੍ਰਤੀ ਕੁਇੰਟਲ ਰਸ ਪਾ ਦੇਣਾ ਚਾਹੀਦਾ ਤਾਂ ਜੋ ਬਣ ਰਿਹਾ ਗੁੜ ਸੜ ਨਾਂ ਜਾਵੇ।

ਅਜਿਹਾ ਕਰਨ ਨਾਲ ਗੁੜ ਵਧੇਰੇ ਰਵੇਦਾਰ ਅਤੇ ਸੁਗੰਧੀਦਾਰ ਬਨਣ ਵਿੱਚ ਮਦਦ ਮਿਲਦੀ ਹੈ। ਗੁੜ ਦੀਆਂ ਪੇਸੀਆ ਹਮੇਸ਼ਾਂ ਛੋਟੀਆ ਬਨਾਉਣੀਆਂ ਚਾਹੀਦੀਆਂ ਹਨ। ਅੱਜ ਕੱਲ ਤਾਂ ਸੱਚੇ ਵੀ ਮਿਲ ਜਾਂਦੇ ਹਨ ਜਿਸ ਨਾਲ ਛੋਟੀਆਂ ਛੋਟੀਆ ਚੌਰਸ ਪੇਸੀਆਂ ਬਣਾਈਆਂ ਜਾ ਸਕਦੀਆਂ ਹਨ। ਇਨਾਂ ਬਣਾਈਆਂ ਛੋਟੀਆਂ ਚੌਰਸ ਪੇਸੀਆਂ ਨੂੰ ਵਧੀਆ ਤਰੀਕੇ ਨਾਲ 100 ਗ੍ਰਾਮ ਤੋਂ ਲੈ ਕੇ 1 ਕਿਲੋ ਤੱਕ ਪੈਕਿੰਗ ਕਰਨੀਆਂ ਚਾਹੀਦੀ ਹੈ। ਗੁੜ ਦੇ ਮੰਡੀਕਰਨ ਨੂੰ ਉਤਸ਼ਾਹਿਤ ਕਰਨ ਲਈ ਵਿਆਹਾਂ ਅਤੇ ਹੋਰ ਖੁਸ਼ੀ ਦੇ ਮੌਕੇ ਮਠਿਆਈ ਦੀ ਜਗਾ ਸੁਗੰਧੀਦਾਰ ਗੁੜ ਦੇ ਡੱਬੇ ਵੀ ਦਿੱਤੇ ਜਾ ਸਕਦੇ ਹਨ। ਜਿਸ ਨਾਲ ਬਾਜ਼ਾਰ ਵਿੱਚ ਸਿੰਥੁਟਿਕ ਮਠਿਆਈਆਂ ਤੋਂ ਵੀ ਛੁਟਕਾਰਾ ਮਿਲੇਗਾ।