ਮਾਨ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਨਾਂ ‘ਤੇ ਫੋਕੀਆਂ ਗੱਲਾਂ; 1158 ਸਹਾਇਕ ਪ੍ਰੋਫ਼ੈਸਰ ਤੇ ਲਾਇਬ੍ਰੇਰੀਅਨ ਦਾ ਹਾਲੇ ਵੀ ਨਹੀਂ ਹੋਇਆ ਮਸਲਾ ਹੱਲ!

156

 

ਪੰਜਾਬ ਨੈੱਟਵਰਕ, ਅਨੰਦਪੁਰ ਸਾਹਿਬ

ਭਗਵੰਤ ਮਾਨ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ਼ 1158 ਸਹਾਇਕ ਪੋ੍ਫੈਸਰ ਅਤੇ ਲਾਇਬੇ੍ਰਰੀਅਨ ਫਰੰਟ ਪੰਜਾਬ ਸਰਕਾਰੀ ਕਾਲਜਾਂ ਨੂੰ ਅੱਜ 17ਵੇਂ ਦਿਨ ‘ਚ ਸ਼ਾਮਿਲ ਹੋ ਚੁੱਕਿਆ ਹੈ। ਪਰ ਮਜ਼ਾਲ ਹੈ ਕਿ ਕੋਈ ਪ੍ਰਸਾਸ਼ਨ ਜਾਂ ਫਿਰ ਸਰਕਾਰ ਦੇ ਅਧਿਕਾਰੀਆਂ ਨੇ ਇਨ੍ਹਾਂ 1158 ਸਹਾਇਕ ਪ੍ਰੋਫ਼ੈਸਰ ਤੇ ਲਾਇਬ੍ਰੇਰੀਅਨ ਦੀ ਸਾਰ ਲਈ ਹੋਵੇ। ਫਰੰਡ ਦੇ ਮੈਂਬਰ ਦਿਨ ਰਾਤ ਮੋਰਚੇ ਵਿਚ ਡਟੇ ਹੋਏ ਹਨ।

ਮੀਡੀਆ ਨਾਲ ਗੱਲਬਾਤ ਦੌਰਾਨ ਫਰੰਟ ਦੇ ਕਨਵੀਨਰ ਜਸਵਿੰਦਰ ਕੌਰ ਤੇ ਸਾਥੀਆਂ ਨੇ ਦੱਸਿਆ ਕਿ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਪੰਜਾਬ ਸਰਕਾਰ ਫੋਕੀਆਂ ਗੱਲਾਂ ਹੀ ਮਾਰ ਰਹੀ ਹੈ। ਇੱਕ ਪਾਸੇ ਸਰਕਾਰ ਸਿੱਖਿਆ ਕ੍ਰਾਂਤੀ ਦਾ ਝੂਠਾ ਪ੍ਰਚਾਰ ਕਰ ਰਹੀ ਹੈ ਤੇ ਦੂਜੇ ਪਾਸੇ ਧਰਨੇ ਲੱਗ ਰਹੇ ਹਨ।

ਧਰਨੇ ਲੱਗਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਿੱਖਿਆ ਦੇ ਖੇਤਰ ਵਿੱਚ ਇਹ ਬਦਲਾਅ ਵਾਲੀ ਸਰਕਾਰ ਵੀ ਪਹਿਲਾਂ ਵਰਗੀਆਂ ਸਰਕਾਰਾਂ ਵਾਂਗ ਹੀ ਨਿਕਲੀ। ਫਰੰਟ ਦੇ ਸਾਥੀ ਕੁੱਝ ਵਿਸ਼ੇਸ਼ ਗਤੀਵਿਧੀਆਂ ਦੇ ਮਾਧਿਅਮ ਰਾਹੀਂ ਉਚੇਰੀ ਸਿੱਖਿਆ ਨੂੰ ਬਚਾਉਣ ਦੀ ਅਪੀਲ ਕਰਦੇ ਰਹਿੰਦੇ ਹਨ ਤਾਂ ਜੋ ਇੱਕ ਵਿਲੱਖਣ ਢੰਗ ਨਾਲ ਲੋਕਾਂ ਨੂੰ ਪੰਜਾਬ ਦੀ ਉਚੇਰੀ ਸਿੱਖਿਆ ਪ੍ਰਤੀ ਜਾਗਰੂਕ ਕੀਤਾ ਜਾ ਸਕੇ।

ਅੱਜ ਓਜੋਨ ਦਿਵਸ ਮੌਕੇ ਫਰੰਟ ਦੇ ਮੈਂਬਰਾਂ ਨੇ ਇੱਕ ਪੋਸਟਰ ਪ੍ਰਦਰਸ਼ਨੀ ਮੁਕਾਬਲਾ ਕਰਵਾਇਆ ਜਿਸ ਵਿੱਚ ਓਥੋਂ ਦੇ ਸਥਾਨਿਕ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਓਜੋਨ ਦਿਵਸ ਦੇ ਮੌਕੇ ਵੱਖ ਵੱਖ ਪੋਸਟਰ ਬਣਾਏ। ਜਿਸ ਵਿੱਚ ਪਹਿਲੇ ਦੂਜੇ ਅਤੇ ਤੀਜੇ ਦਰਜੇ ਦੇ ਪੋਸਟਰ ਨੂੰ ਇਨਾਮ ਵੀ ਵੰਡੇ ਗਏ।

ਇਹ ਗਤੀਵਿਧੀ ਵਿਦਿਆਰਥੀਆਂ ਦੀ ਖਿੱਚ ਦਾ ਕੇਂਦਰ ਬਣੀ। ਉਨਾਂ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਆਉਣ ਵਾਲੇ ਦਿਨਾਂ ਵਿੱਚ ਵੀ ਦੇਖਣ ਨੂੰ ਮਿਲਣਗੀਆਂ। ਵਿਦਿਆਰਥੀਆਂ ਨੂੰ ਮੁਫ਼ਤ ਟਿਊਸ਼ਨ ਪੜ੍ਹਾਉਣ ਦਾ ਕੰਮ ਵੀ ਸ਼ੁਰੂ ਕੀਤਾ ਜਾਵੇਗਾ। ਫਰੰਟ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਸਾਡਾ ਹੱਲ ਜਲਦ ਤੋਂ ਜਲਦ ਕੀਤਾ ਜਾਵੇ ਤਾਂ ਜੋ ਅਸੀਂ ਕਾਲਜਾਂ ਵਿੱਚ ਜਾ ਕੇ ਡਗਮਗਾਉਂਦੀ ਉਚੇਰੀ ਸਿੱਖਿਆ ਨੂੰ ਸੰਭਾਲ ਸਕੀਏ।