ਘੱਟ ਗਿਣਤੀਆਂ ਲਈ ਖ਼ਤਰਨਾਕ ਦੇਸ਼ ਬਣਦਾ ਜਾ ਰਿਹੈ ਭਾਰਤ?

424
file Photo

 

ਆਖ਼ਰ ਕਿਉਂ ਅਜਿਹੇ ਸ਼ਬਦ ਲਿਖਣ ਲਈ ਸਾਨੂੰ ਮਜ਼ਬੂਰ ਹੋਣਾ ਪੈ ਰਿਹਾ ਹੈ ਕਿ, ਘੱਟ ਗਿਣਤੀਆਂ ਲਈ ਭਾਰਤ ਖ਼ਤਰਨਾਕ ਦੇਸ਼ ਬਣਦਾ ਜਾ ਰਿਹਾ ਹੈ? ਕੀ ਸੱਚਮੁੱਚ ਘੱਟ ਗਿਣਤੀਆਂ ਦੀ ਸਾਡੇ ਦੇਸ਼ ਦੇ ਅੰਦਰ ਸੁਣਵਾਈ ਨਹੀਂ? ਸਰਕਾਰੇ-ਦਰਬਾਰੇ ਕਿਸੇ ਵੀ ਘੱਟ ਗਿਣਤੀਆਂ ਦੀ ਨਹੀਂ ਚਲਦੀ? ਕੀ ਘੱਟ ਗਿਣਤੀਆਂ ਦੇ ਬਣੇ ਕਮਿਸ਼ਨ ਅਤੇ ਮੰਤਰੀ ਸੰਤਰੀ ਸਭ ਸਰਕਾਰ ਦੇ ਹੱਥ ਠੋਠਾ ਬਣ ਕੇ ਰਹਿ ਗਏ ਹਨ? ਵੈਸੇ, ਜਦੋਂ ਅਸੀਂ ਭਾਰਤ ਨੂੰ ਧਰਮ ਨਿਰਪੱਖ ਮੁਲਕ ਕਹਿੰਦੇ ਹਾਂ ਤਾਂ ਸਾਡਾ ਸੀਨਾ ਮਾਨ ਨਾਲ ਚੌੜਾ ਹੋ ਜਾਂਦਾ ਹੈ ਕਿ, ਅਸੀਂ ਉਸ ਦੇਸ਼ ਦੇ ਵਸਨੀਕ ਹਾਂ, ਜਿਥੇ ਸਾਰੇ ਧਰਮਾਂ ਜਾਤਾਂ ਦੇ ਲੋਕਾਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਜਾਂਦਾ ਹੈ, ਪਰ ਜਦੋਂ ਅਸੀਂ ਧਰਮ ਨਿਰਪੱਖ ਮੁਲਕ ਦੀ ਤਹਿ ਦਰ ਤਹਿ ਫਰੋਲਣੀ ਸ਼ੁਰੂ ਕਰਦੇ ਹਾਂ ਤਾਂ, ਪਤਾ ਲੱਗਦਾ ਹੈ ਕਿ, ਧਰਮ ਨਿਰਪੱਖ ਮੁਲਕ ਤਾਂ ਸਿਰਫ਼ ਨਾਂਅ ਦਾ ਹੀ ਰਹਿ ਗਿਆ ਹੈ, ਅਸਲ ਦੇ ਵਿੱਚ ਤਾਂ ਇਹ ਇੱਕ ਖ਼ਾਸ ਫਿਰਕੇ ਦਾ ਭਾਰਤ ਬਣਦਾ ਜਾ ਰਿਹਾ ਹੈ।

ਸਾਡੇ ਮੁਲਕ ਦੇ ਅੰਦਰ ਰਹਿੰਦੀਆਂ ਘੱਟ ਗਿਣਤੀਆਂ, ਜਿਨ੍ਹਾਂ ਵਿੱਚ ਸਿੱਖ, ਮੁਸਲਿਮ ਅਤੇ ਦਲਿਤ ਵਰਗ ਜਿਆਦਾ ਹੈ, ਉਨ੍ਹਾਂ ਦੇ ਨਾਲ ਐਨਾ ਜਿਆਦਾ ਮਾੜਾ ਵਿਵਹਾਰ ਇੱਕ ਖ਼ਾਸ ਫਿਰਕੇ ਦੇ ਵੱਲੋਂ ਕੀਤਾ ਜਾ ਰਿਹਾ ਹੈ, ਜਿਵੇਂ ਇਨ੍ਹਾਂ ਨੇ ਭਾਰਤ ਦੇ ਵਸਨੀਕ ਹੋ ਕੇ ਕੋਈ ਜ਼ੁਰਮ ਕਰ ਦਿੱਤਾ ਹੋਵੇ। ਦਰਅਸਲ, ਬਿਨ੍ਹਾਂ ਜ਼ੁਰਮ ਤੋਂ ਹੀ ਘੱਟ ਗਿਣਤੀਆਂ ਤੇ ਅਜਿਹੇ ਅੱਤਿਆਚਾਰ ਢਾਹੇ ਜਾ ਰਹੇ ਹਨ, ਜਿਨ੍ਹਾਂ ਦਾ ਇੱਥੇ ਜਿਕਰ ਕਰਨ ਲੱਗ ਜਾਈਏ ਤਾਂ, ਅਨੇਕਾਂ ਹੀ ਪਰਤਾਂ ਖੁੱਲਣੀਆਂ ਸ਼ੁਰੂ ਹੋ ਜਾਣਗੀਆਂ। ਮੁਲਕ ਦੀ ਸੱਤਾ ਤੇ ਬਿਰਾਜ਼ਮਾਨ ਭਾਜਪਾ ਸਰਕਾਰ ਬੇਸ਼ੱਕ ਆਪਣੇ ਹਰ ਬਿਆਨ ਵਿੱਚ ਸਭਨਾਂ ਜਾਤਾਂ ਧਰਮਾਂ ਦੇ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਦੇਣ ਦੀ ਗੱਲ ਕਹਿੰਦੀ ਰਹਿੰਦੀ ਹੈ, ਪਰ ਅਸਲੀਅਤ ਇਹ ਹੈ ਕਿ, ਭਾਜਪਾ ਦੇ ਨਾਲ ਜੁੜੀਆਂ ਇੱਕ ਖ਼ਾਸ ਫਿਰਕੇ ਦੀਆਂ ਜਥੇਬੰਦੀਆਂ, ਜਿਨ੍ਹਾਂ ਦੇ ਨਾਂਅ ਤਾਂ ਵੱਖੋ ਵੱਖਰੇ ਹਨ, ਪਰ ਕੰਮ ਇੱਕੋ ਹੀ ਹੈ, ਘੱਟ ਗਿਣਤੀਆਂ ਨੂੰ ਮਧੋਲਣਾ।

ਸਾਡੇ ਦੇਸ਼ ਦੇ ਪ੍ਰਧਾਨ ਸੇਵਕ ਨੂੰ ਸਭ ਕੁੱਝ ਦੀਂਹਦਾ ਵੀ ਹੈ, ਪਰ ਫਿਰ ਵੀ ਉਹ ਇਨ੍ਹਾਂ ਖ਼ਾਸ ਫਿਰਕਿਆਂ ਦੇ ਵੱਲੋਂ ਕੀਤੀ ਜਾਂਦੀ ਗੁੰਡਾਗਰਦੀ ਦੇ ਖਿਲਾਫ਼ ਇੱਕ ਸ਼ਬਦ ਤੱਕ ਨਹੀਂ ਬੋਲਦਾ। ਖ਼ੈਰ, ਮਸਲਾ ਇਹ ਵੀ ਨਹੀਂ ਕਿ, ਸਾਡੇ ਦੇਸ਼ ਦਾ ਪ੍ਰਧਾਨ ਘੱਟ ਗਿਣਤੀਆਂ ਦੀ ਹਮਾਇਤ ਕਰਨੀ ਸ਼ੁਰੂ ਕਰ ਦੇਵੇ, ਮਸਲਾ ਤਾਂ ਇਹ ਹੈ ਕਿ, ਗਲੇ ਲਗਾ ਕੇ ਗਲੇ ਵੱਢਣ ਦਾ ਕੰਮ ਤਾਂ ਬੰਦ ਕਰਵਾਏ। ਪਿਛਲਿਆਂ ਦਿਨਾਂ ਦੇ ਵਿੱਚ ਜੋ ਕੁੱਝ ਦੇਸ਼ ਦੇ ਅੰਦਰ ਵਾਪਰਿਆ, ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਦੇਸ਼ ਦੀਆਂ ਕੁੱਝ ਵਿਦਿਅਕ ਸੰਸਥਾਵਾਂ ਦੇ ਅੰਦਰ ਵਿਦਿਆਰਥਣਾਂ ਦੇ ਕੱਪੜਿਆਂ ਤੇ ਟਿੱਪਣੀਆਂ ਕਰਦਿਆਂ ਹੋਇਆ ਸੰਸਥਾਵਾਂ ਦੇ ਪ੍ਰਬੰਧਕਾਂ ਵੱਲੋਂ ਵਿਦਿਆਰਥਣਾਂ ਨੂੰ ਹਿਜਾਬ ਹਟਾ ਕੇ ਸੰਸਥਾ ਦੇ ਅੰਦਰ ਆਉਣ ਲਈ ਕਿਹਾ। ਜਦੋਂ ਵਿਦਿਆਰਥਣਾਂ ਨੇ ਇਸ ਦਾ ਵਿਰੋਧ ਕੀਤਾ ਤਾਂ, ਸੰਸਥਾ ਪ੍ਰਬੰਧਕਾਂ ਨੇ ਉਕਤ ਵਿਦਿਆਰਥਣਾਂ ਨੂੰ ਸੰਸਥਾਵਾਂ ਤੋਂ ਬਾਹਰ ਦਾ ਰਸਤਾ ਵਿਖਾਉਣ ਦੀ ਧਮਕੀ ਦਿੱਤੀ।

ਇਹ ਮਾਮਲਾ ਹਾਲੇ ਵੀ ਕੋਰਟ ਵਿੱਚ ਵਿਚਾਰ ਅਧੀਨ ਚੱਲ ਰਿਹਾ ਹੈ, ਪਰ ਦੇਸ਼ ਦੇ ਇੱਕ ਖ਼ਾਸ ਫਿਰਕੇ ਵੱਲੋਂ 2014 ਤੋਂ ਬਾਅਦ ਲਗਾਤਾਰ ਜਿਸ ਤਰੀਕੇ ਦੇ ਨਾਲ ਇਕੱਲੇ ਮੁਸਲਮਾਨਾਂ ਨੂੰ ਟਾਰਗੇਟ ਕਰਕੇ, ਉਨ੍ਹਾਂ ਦੇ ਪ੍ਰਤੀ ਜ਼ਹਿਰ ਘੋਲੀ ਜਾ ਰਹੀ ਹੈ, ਉਸ ਤੋਂ ਸਾਫ਼ ਹੋ ਜਾਂਦਾ ਹੈ ਕਿ, ਖ਼ਾਸ ਫਿਰਕੇ ਦਾ ਮਕਸਦ ਸਿਰਫ਼ ਦੇਸ਼ ਨੂੰ ਤੋੜਣਾ ਹੀ ਹੈ, ਇਸ ਤੋਂ ਇਲਾਵਾ ਕੁੱਝ ਨਹੀਂ। ਜਦੋਂ ਕਿਸੇ ਵੀ ਫਿਰਕੇ ਦੇ ਲੋਕਾਂ ਤੇ ਅੱਤਿਆਚਾਰ ਹੁੰਦਾ ਹੈ ਤਾਂ, ਉਹ ਸੜਕਾਂ ਤੇ ਉਤਰਦੇ ਹਨ ਤਾਂ, ਇਸੇ ਦੌਰਾਨ ਹੀ ਸਰਕਾਰ ਦੇ ਖ਼ਾਸ ਫਿਰਕੇ ਵੱਲੋਂ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਉਕਤ ਫਿਰਕੇ ਨਾਲ ਹਮਦਰਦੀ ਪ੍ਰਗਟ ਕਰਨ ਦੀ ਬਿਜਾਏ, ਉਨ੍ਹਾਂ ਖਿਲਾਫ਼ ਹੀ ਮੋਰਚਾ ਖੋਲ੍ਹ ਕੇ ਸਰਕਾਰ ਜਾਂ ਫਿਰ ਪੁਲਿਸ ਕੋਲੋਂ ਕਾਰਵਾਈ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਸੁਣੀ ਤਾਂ, ਉਸੇ ਦੀ ਹੀ ਜਾਵੇਗੀ, ਜਿਸ ਦੀ ਸੱਤਾ ਵਿੱਚ ਪਹੁੰਚ ਹੈ।

ਮੁਸਲਿਮ, ਸਿੱਖ ਅਤੇ ਦਲਿਤ ਸਮਾਜ ਦੇ ਨਾਲ ਦੇਸ਼ ਦੇ ਅੰਦਰ ਕੀਤੇ ਜਾ ਰਹੇ ਵਿਤਕਰੇ ਤੋਂ ਇੱਕ ਗੱਲ ਤਾਂ ਸਾਬਤ ਹੋ ਜਾਂਦੀ ਹੈ ਕਿ, ਦੇਸ਼ ਦਾ ਹਾਕਮ ਸੁਣ ਤਾਂ ਸਾਰਾ ਕੁੱਝ ਰਿਹਾ ਹੈ, ਪਰ ਮੌਨ ਵਰਤ ਧਾਰੀ ਬੈਠਾ ਹੈ। ਸਿੱਖਾਂ ਦੀ ਪੱਗ ਜਾਂ ਫਿਰ ਹੋਰਨਾਂ ਕਕਾਰਾਂ ਤੇ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਪਾਬੰਦੀ ਲਗਾਈ ਗਈ ਹੈ, ਜੋ ਕਿ ਸੰਵਿਧਾਨ ਦੇ ਮੁਤਾਬਿਕ ਬਿਲਕੁਲ ਗ਼ਲਤ ਹੈ। ਪਿਛਲੇ ਦਿਨਾਂ ਵਿੱਚ ਜਦੋਂ ਜੇਐਨਯੂ ਦੇ ਅੰਦਰ ਵਿਦਿਆਰਥੀਆਂ ਤੇ ਹਮਲਾ ਕਰਕੇ, ਉਨ੍ਹਾਂ ਦੇ ਖ਼ਾਣ ਪੀਣ ਤੇ ਪਾਬੰਦੀ ਲਗਾਉਣ ਦੀ ਮੰਗ ਉੱਠੀ ਸੀ ਤਾਂ, ਉਸ ਵੇਲੇ ਵਿਦਿਆਰਥੀਆਂ ਦੇ ਮੁੱਦੇ ਚੁੱਕਣ ਵਾਲੀ ਏਆਈਐਸਐਫ਼ ਜਥੇਬੰਦੀ ਨੇ ਫਿਰਕੂ ਧੜੇ ਦੀ ਵਿਦਿਆਰਥੀ ਜਥੇਬੰਦੀ ਖਿਲਾਫ਼ ਮੁਕੱਦਮਾ ਦਰਜ ਕਰਵਾ ਕੇ, ਮੰਗ ਕੀਤੀ ਸੀ ਕਿ, ਉਨ੍ਹਾਂ ਦੇ ਖ਼ਾਣ ਪੀਣ ਤੇ ਪਾਬੰਦੀ ਲਗਾਉਣ ਦੇ ਆਰਡਰ ਦੇਣ ਵਾਲਿਆਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਵੇ। ਪਰ ਉਸ ਵੇਲੇ ਵੀ ਹੋਇਆ ਇਸ ਤੋਂ ਉਲਟ ਸੀ।

ਏਆਈਐਸਐਫ਼ ਸਿੱਧੇ ਤੌਰ ‘ਤੇ ਵੇਖੀਏ ਤਾਂ, ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਵਾਲੀ ਜਥੇਬੰਦੀ ਹੈ, ਜਿਸ ਦਾ ਸਬੰਧ ਕਮਿਊਨਿਸਟ ਲਹਿਰ ਦੇ ਨਾਲ ਵੀ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ, ਇਹ ਜਥੇਬੰਦੀ ਸਿਰਫ਼ ਆਪਣੇ ਤੇ ਹੀ ਹੋਏ ਜ਼ੁਲਮ ਖਿਲਾਫ਼ ਬੋਲਦੀ ਹੈ, ਇਹ ਜਥੇਬੰਦੀ ਮੁਲਕ ਦੇ ਅੰਦਰ ਘੱਟ ਗਿਣਤੀਆਂ ਤੇ ਹੁੰਦੇ ਅੱਤਿਆਚਾਰ ਖਿਲਾਫ਼ ਸਮੇਂ ਸਮੇਂ ਤੇ ਬੋਲਦੀ ਰਹਿੰਦੀ ਹੈ, ਪਰ ਹੁਕਮਰਾਨ ਧੜੇ ਦੀ ਫਿਰਕੂ ਜਥੇਬੰਦੀ ਹਮੇਸ਼ਾਂ ਘੱਟ ਗਿਣਤੀਆਂ ਦੇ ਖਿਲਾਫ਼ ਜਾ ਕੇ, ਏਆਈਐਸਐਫ਼ ਦੇ ਕਈ ਆਗੂਆਂ ਤੇ ਹਮਲੇ ਕਰਦੀ ਰਹੀ ਹੈ। ਦੇਸ਼ ਦੇ ਅੰਦਰ ਘੱਟ ਗਿਣਤੀ ਵਰਗ ਉਦੋਂ ਹੀ ਸੁਰੱਖਿਅਤ ਹੋ ਸਕਦਾ ਹੈ, ਜਦੋਂ ਹੁਕਮਰਾਨ ਆਪਣੇ ਫਿਰਕੂ ਦੰਗੇਬਾਜ਼ਾਂ ਨੂੰ ਨੱਥ ਪਾਵੇਗਾ, ਨਹੀਂ ਤਾਂ ਅਜਿਹੇ ਲੇਖ ਹੋਰ ਵੀ ਲੇਖਕ ਲਿਖਦੇ ਰਹਿਣਗੇ ਕਿ, ਘੱਟ ਗਿਣਤੀਆਂ ਲਈ ਖ਼ਤਰਨਾਕ ਦੇਸ਼ ਬਣਦਾ ਜਾ ਰਿਹੈ ਭਾਰਤ!

-ਗੁਰਪ੍ਰੀਤ

 

1 COMMENT

LEAVE A REPLY

Please enter your comment!
Please enter your name here