India-US agreement! ਭਾਰਤ-ਅਮਰੀਕਾ ਸਮਝੌਤਾ! ਭਾਰਤੀ ਲੋਕਾਂ ਨਾਲ ਧ੍ਰੋਹ

 

India-US agreement! ਭਾਰਤ-ਅਮਰੀਕਾ ਸਮਝੌਤਾ! ਭਾਰਤੀ ਲੋਕਾਂ ਨਾਲ ਧ੍ਰੋਹ

ਜਗਮੇਲ ਸਿੰਘ

India-US agreement! ਟਰੰਪ ਦਾ ਟਵਿੱਟਰ ਬੋਲਿਆ। ਪਹਿਲਾਂ ਵੀ ਉਹੀ ਬੋਲਦਾ।ਬੋਲਦਾ ਕਾਹਨੂੰ ਆ, ਗਲ਼ ਪੈਂਦਾ। ਠੂੰਹੇਂ ਸਿੱਟਦਾ। ਵੈਨਜ਼ੂਏਲਾ ‘ਤੇ ਤਾਂ ਬੰਬ ਸਿੱਟ ਹੀ ਦਿੱਤੇ। ਈਰਾਨ ‘ਤੇ ਸਿੱਟਣ ਨੂੰ ਫਿਰਦਾ। ਕਈਆਂ ‘ਤੇ ਪਾਬੰਦੀਆਂ।ਭਾਰਤ ਨੂੰ ਧਮਕੀਆਂ।ਕਦੇ ਟੈਰਿਫ ਵਧਾਉਣ ਦੀਆਂ।ਕਦੇ ਪਾਬੰਦੀਆਂ ਲਾਉਣ ਦੀਆਂ। ਦਬਕੇ ਤੇ ਦਬਕਾ, “ਮੇਰੀ ਗੱਲ ਮੰਨ ਲਓ, ਨਹੀਂ…….”।ਆਖਰ ਉਹਦੀ ਮੰਨ ਲਈ ਗਈ।ਭਾਰਤ ਸਰਕਾਰ ਨੇ ਗੂਠਾ ਲਾ ਦਿੱਤੈ।ਸਮਝੌਤਾ ਸਿਰੇ ਚੜ ਗਿਐ। ਭਾਰਤੀ ਲੋਕਾਂ ਨਾਲ ਧ੍ਰੋਹ। ਟੈਰਿਫ ਦਾ ਪੱਲੜਾ, ਤਕੜੇ ਦਾ ਸੱਤੀਂ ਵੀਹੀਂ ਸੌ। ਸਾਮਰਾਜੀ ਸਰਗਣਾ ਜੋ ਹੋਇਆ। ਡਾਕੂਆਂ ਦਾ ਡਾਕੂ।ਭਾਰਤ ਵੱਲੋਂ ਅਮਰੀਕੀ ਵਸਤਾਂ ਉੱਪਰ 0% ਤੇ ਅਮਰੀਕਾ ਵੱਲੋਂ ਭਾਰਤੀ ਵਸਤਾਂ ਉਪਰ 18%। ਭਾਰਤ, ਇਰਾਨ ਅਤੇ ਰੂਸ ਤੋਂ ਤੇਲ ਨਹੀਂ ਖਰੀਦੇਗਾ। ਵੈਨਜ਼ੂਏਲਾ ਤੋਂ ਖਰੀਦੇਗਾ।(ਇਥੇ ਅਮਰੀਕਾ ਕਬਜ਼ਾ ਕਰੀ ਬੈਠਾ।)

ਸਮਝੋਤੇ ਦਾ ਵਿਸਥਾਰ, ਖੁੱਲ ਕੇ ਨਹੀਂ।ਜਿਹੜਾ ਬੋਲਿਆ,ਉਹ ਵੀ ਗਿਣ ਮਿਣ ਕੇ।ਗੁਨਾਹਗਾਰਾਂ ਵਾਂਗੂੰ ਮੂੰਹ ਛੁਪਾ ਕੇ। ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ‘ਤੇ ਖ਼ਹਿੜਾ ਛੁਡਾਇਆ।ਟਰੰਪ ਤੇ ਵਾਈਟ ਹਾਊਸ ਨੂੰ ਟੈਗ ਕੀਤਾ, “ਧੰਨਵਾਦ, ਟੈਰਿਫ 18% ਕੀਤੇ ਜਾਣ ਦਾ”।ਮੀਡੀਏ ਮੂਹਰੇ ਆਇਆ, ਭਾਰਤ ਦਾ ਵਣਜ ਤੇ ਉਦਯੋਗ ਮੰਤਰੀ। “ਸਮਝੌਤਾ ਕਿਸਾਨ ਹਿੱਤਾਂ ‘ਤੇ ਨਹੀਂ ਕੀਤਾ”, ਕਹਿ ਕੇ ਚੁੱਪ ਵੱਟ ਗਿਐ। ਅਮਰੀਕਾ ਦੀ ਖੇਤੀਬਾੜੀ ਮੰਤਰੀ ਬੋਲੀ ਅਖੇ ਰਾਸ਼ਟਰਪਤੀ ਵੱਲੋਂ ਭਾਰਤ ਨਾਲ ਕੀਤਾ ਸਮਝੌਤਾ ਬੜਾ ਸ਼ਾਨਦਾਰ ਹੈ। ਅਮਰੀਕਾ ਦੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ।

ਸਮਝੌਤੇ ਦਾ ਵਿਸਥਾਰ, ਲੱਖ ਲੁਕਾਉਣ। ਲੋਕਾਂ ਨੂੰ ‘ਨੇਰ੍ਹੇ ‘ਚ ਰੱਖਣ।ਇਹ ਸਮਝੌਤਾ ਨੀਂ ਲੁਕਦਾ।ਤੱਥ ਪੂਰੇ ਮੂੰਹ ਫੱਟ ਆ।ਵਾਰਤਾ ਬਹੁਤੀ ਪੁਰਾਣੀ ਨਹੀਂ।ਪਿਛਲੇ ਸਾਲ ਹੀ ਸ਼ੁਰੂ ਹੋਈ ਆ। ਉਹਦੇ ਏਜੰਡੇ ਵੀ ਜੱਗ ਜ਼ਾਹਰ ਆ।ਉਹੀ ਵਾਰਤਾਲਾਪ ਸਿਰੇ ਚੜ੍ਹੀ ਆ। ਅਮਰੀਕਾ ਦੀ ਖੇਡ, ਅਮਰੀਕਾ ਨੇ ਖੇਡੀ।ਖੇਡੀ ਵੀ ਆਵਦੀ ਗਰਾਉਂਡ ਵਿੱਚ।ਆਪ ਹੀ ਸ਼ੁਰੂ ਕੀਤੀ,ਆਪ ਹੀ ਮੁਕਾਈ। ਦਾਅ ਪੇਚ ਵੀ ਖੇਡੇ, ਐਪਸਟੀਨ ਰਿਪੋਰਟ ਤੇ ਅਡਾਨੀ ‘ਤੇ ਕੇਸ। ਉਪਰੋਂ ਸਿਰੇ ਦੀ ਸਾਮਰਾਜੀ ਧੌਂਸ। ਭਾਰਤ ਦਾ ਸਿਰ ਸਾਮਰਾਜੀ ਪੰਜਾਲੀ ਵਿੱਚ ਆ।ਤੋਰ ਲੈਂਦੇ ਆ ਤੇ ਵਾਹ ਲੈਂਦੇ ਆ।ਅਮਰੀਕਾ ਦਾ ਏਜੰਡਾ ਸਾਫ਼ ਸਪੱਸ਼ਟ ਸੀ ਕਿ ਭਾਰਤੀ ਮੰਡੀ ਖੋਲ੍ਹੋ। ਅਮਰੀਕਨ ਫਸਲਾਂ ਖਾਸ ਕਰਕੇ ਮੱਕੀ, ਸੋਇਆਬੀਨ ਤੇ ਡੇਅਰੀ ਵਸਤਾਂ ਅਤੇ ਜਹਾਜ਼, ਊਰਜਾ ਤੇ ਤੇਲ ਖਰੀਦੋ।ਅਮਰੀਕਾ ਵਿੱਚ ਨਿਵੇਸ਼ ਕਰੋ।

ਬੱਸ,ਕੁਝ ਦਿਨ ਜਾਂਦੇ ਆ, ਜਦੋਂ ਭਾਰਤੀ ਬਾਜ਼ਾਰਾਂ ਵਿੱਚ ਅਮਰੀਕਨ ਮੱਕੀ ਦੀ ਛੱਲੀ ਵਿਕੂ। ਪੰਜਾਬ ਦੇ ਹੁਸ਼ਿਆਰਪੁਰ ਦੀ ਛੱਲੀ ਰੁਲੂ।ਮਗਰੇ ਸੋਇਆਬੀਨ ਦੀਆਂ ਗੱਡੀਆਂ।ਕਿਸੇ ਮੰਤਰੀ ਦਾ ਸ਼ਹਿਜ਼ਾਦਾ ਇਥਾਨੋਲ ਕੱਢੂ।ਉਹ ਭਰੂ ਤਿਜੌਰੀਆਂ ਤੇ ਲੋਕਾਂ ਸਿਰ ਜ਼ਹਿਰੀ ਵੇਸਟੇਜ਼ । ਪਸ਼ੂ ਵੀ ਮੂੰਹ ਨਾ ਮਾਰਨ। ਦੁੱਧ ਤੇ ਦੁੱਧ ਤੋਂ ਬਣੀਆ ਵਸਤਾਂ ਵੀ। ਦੁੱਧ ਦਾ ਦੁੱਧ ਨਾਲੇ ਨਾਨ-ਵੈੱਜ। ਈਰਾਨ ਤੋਂ ਤੇਲ ਨੂੰ ਜਵਾਬ। ਚਾਬਹਾਰ ਪ੍ਰੋਜੈਕਟ ਲਈ ਈਰਾਨ ਨੂੰ ਦਿੱਤੇ 1000 ਕਰੋੜ ਰੁਪਏ, ਸਮਝੌਤੇ ਨੇ ਸਮੁੰਦਰ ‘ਚ ਡੋਬੇ। ਅੱਗੇ ਹੁਕਮ ਮੇਰੇ ਆਕਾ, ਕੋਈ ਚੱਕਰ ਨੀਂ, ਵੈਨਜ਼ੂਏਲਾ ਤੋਂ ਸਈਂ।ਮਹਿੰਗਾ ਹੋਊ, ਤਾਂ ਕੀ ਆ? ਮਹਿੰਗਾਈ ਦਾ ਜ਼ਮਾਨਾ,ਜਹਾਜ਼ ਵੀ ਮਹਿੰਗੇ ਹੋਣੇ ਈ ਆ।ਤੀਜੀ ਵੱਡੀ ਆਰਥਿਕਤਾ ਵਾਲੇ ਆ। ਟੌਹਰਾ, ਪੂਰਾ ਉੱਚਾ !

ਭਾਰਤ ਦੀ ਵਿਦੇਸ਼ਾਂ ਤੋਂ ਖਰੀਦ, ਲੱਗਭਗ 950 ਅਰਬ ਡਾਲਰ ਦੀ। ਅਮਰੀਕਾ ਤੋਂ ਸਿਰਫ਼ 45 ਅਰਬ ਡਾਲਰ ਦੀ। ਵਾਈਟ ਹਾਊਸ ਦੀ ਖ਼ਬਰ ਆ, ਹੁਣ ਭਾਰਤ ਅਮਰੀਕਾ ਤੋਂ 500 ਅਰਬ ਡਾਲਰ ਦੀ ਖਰੀਦ ਕਰੇਗਾ।ਟਰੰਪ ਦੇ ਜਨੂੰਨ,”ਮੇਕ ਅਮਰੀਕਾ ਗ੍ਰੇਟ ਅਗੇਨ” ਨੂੰ ਕੁਝ ਸਾਹ ਮਿਲੂ।

ਸਰਕਾਰ ਨੂੰ ਵੀ ਪਤੈ, ਝੂਠ ਦੇ ਪੈਰ ਨਹੀਂ ਹੁੰਦੇ, ਫਿਰ ਵੀ ਬੋਲੇ। ਅਖੇ ਅਮਰੀਕਾ ਨੇ ਟੈਰਿਫ ਘਟਾਤਾ।25% ਤੋਂ ਘਟਾ ਕੇ 18% ਕਰਤਾ।ਸਚਾਈ ਸਿਰ ਚੜ ਬੋਲੇ, ਅਮਰੀਕਾ ਨੇ ਘਟਾਇਆ ਨੀਂ , ਵਧਾਇਆ। “ਮਿੰਟ” ਦੀ ਰਿਪੋਰਟ ਨੇ ਗੌਰਮਿੰਟ ਦੇ ਝੂਠ ਤੋਂ ਪਰਦੇ ਹਟਾਏ।ਐਸ ਬੀ ਆਈ ਰੀਸਰਚ ਵੀ ਦੱਸੇ। 3.91% ਤੋਂ ਕਦੇ 50% ਤੇ ਕਦੇ 25% ਦੀਆਂ ਧਮਕੀਆਂ।ਹੁਣ ਗੂਠਾ ਲਵਾ ਕੇ 18% ਕੀਤਾ। ਸਾਫ਼ ਆ ਟੈਰਿਫ 14.9% ਵਧਿਆ।ਭਾਰਤ ਵੱਲੋਂ ਅਮਰੀਕਨ ਵਸਤਾਂ ਉਪਰ ਪਹਿਲਾਂ ਟੈਰਿਫ 15.30% ਸੀ ਹੁਣ 0% ਕੀਤਾ।ਯਾਨਿ ਭਾਰਤੀ ਮੰਡੀ ਵਿੱਚ ਅਮਰੀਕਨ ਵਸਤਾਂ ਸਸਤੀਆਂ ਤੇ ਭਾਰਤੀ ਵਸਤਾਂ ਮਹਿੰਗੀਆਂ।ਭਾਰਤੀ ਵਸਤਾਂ, ਜਿਣਸਾਂ ਰੁਲਣਗੀਆਂ। ਕਾਰੋਬਾਰ ਠੱਪ ਹੋਣਗੇ।ਬੇਰੁਜ਼ਗਾਰੀ ਬੇਹਿਸਾਬ ਵਧੂ।

ਲੋਕਾਂ ਵਿੱਚ ਜਾਗ੍ਰਿਤੀ ਚਾਹੀਦੀ ਆ।ਏਕਾ ਕਰਕੇ ਆਵਾਜ਼ ਉਠਾਉਣੀ ਚਾਹੀਦੀ ਆ।ਇਹ ਸਮਝੌਤਾ ਰੱਦ ਹੋਵੇ।ਪਹਿਲਾਂ ਵਾਲੇ ਵੀ ਆਰਥਿਕ ਵੀ, ਫੌਜੀ ਵੀ ਸਮਝੌਤੇ ਰੱਦ ਹੋਣ। ਸਰਕਾਰ ਸੰਸਾਰ ਵਪਾਰ ਸੰਗਠਨ ਵਰਗੀਆਂ ਸਾਮਰਾਜੀ ਸੰਸਥਾਵਾਂ ਤੋਂ ਬਾਹਰ ਆਵੇ। ਰੁਜ਼ਗਾਰ ਮੁਖੀ ਤੇ ਦੇਸ਼ ਮੁਖੀ ਸਨਅਤਾਂ ਲਾਵੇ।ਹਰ ਵਿਅਕਤੀ ਨੂੰ ਰੁਜ਼ਗਾਰ ਮਿਲੇ।ਰੋਟੀ ਕੱਪੜਾ ਮਕਾਨ ਮਿਲੇ।ਖੇਤੀ ਦੇ ਵਿਕਾਸ ਲਈ ਬਜ਼ਟ ਰਕਮਾਂ ਵਧਾਵੇ।

ਜਗਮੇਲ ਸਿੰਘ

9417224822