ਅਚਾਨਕ ਬੰਦ ਹੋਇਆ Instagram; ਦੁਨੀਆ ਭਰ ਦੇ ਲੱਖਾਂ ਯੂਜ਼ਰਸ ਪਰੇਸ਼ਾਨ
ਅਮਰੀਕਾ, ਭਾਰਤ ਅਤੇ ਯੂਕੇ ਸਮੇਤ ਕਈ ਦੇਸ਼ਾਂ ਵਿੱਚ ਆਈ ਤਕਨੀਕੀ ਖਰਾਬੀ; ਡਾਊਨਡਿਟੈਕਟਰ ‘ਤੇ ਸ਼ਿਕਾਇਤਾਂ ਦਾ ਹੜ੍ਹ
ਨਵੀਂ ਦਿੱਲੀ/ਨਿਊਯਾਰਕ 11 ਮਾਰਚ 2026-
ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਅਚਾਨਕ ਆਉਣ ਵਾਲੀਆਂ ਤਕਨੀਕੀ ਦਿੱਕਤਾਂ ਅਕਸਰ ਲੱਖਾਂ ਯੂਜ਼ਰਸ ਨੂੰ ਪ੍ਰਭਾਵਿਤ ਕਰਦੀਆਂ ਹਨ। ਅਜਿਹਾ ਹੀ ਕੁਝ ਅੱਜ ਉਦੋਂ ਹੋਇਆ ਜਦੋਂ ਦੁਨੀਆ ਦੇ ਸਭ ਤੋਂ ਪ੍ਰਸਿੱਧ ਫੋਟੋ-ਵੀਡੀਓ ਸ਼ੇਅਰਿੰਗ ਪਲੇਟਫਾਰਮ Instagram ਦੀ ਸਰਵਿਸ ਅਚਾਨਕ ਠੱਪ ਪੈ ਗਈ। ਹਜ਼ਾਰਾਂ ਯੂਜ਼ਰਸ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਐਪ ਅਤੇ ਵੈੱਬਸਾਈਟ ਦੋਵਾਂ ‘ਤੇ ਦਿੱਕਤ ਆ ਰਹੀ ਹੈ।
ਕਈ ਯੂਜ਼ਰਸ ਨੇ ਦੱਸਿਆ ਕਿ Instagram ਦਾ ਐਪ ਅਤੇ ਵੈੱਬ ਪੋਰਟਲ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ ਸਨ। ਲੋਕਾਂ ਦੀਆਂ ਮੁੱਖ ਸ਼ਿਕਾਇਤਾਂ ਸਨ- App ਖੁੱਲ੍ਹ ਤਾਂ ਰਹੀ ਸੀ, ਪਰ ਨਵੀਂ ਫੀਡ ਲੋਡ ਨਹੀਂ ਹੋ ਰਹੀ ਸੀ, ਜਿਸ ਨਾਲ ਨਵੀਆਂ ਪੋਸਟਾਂ ਅਤੇ ਅਪਡੇਟ ਦੇਖਣਾ ਮੁਸ਼ਕਿਲ ਹੋ ਗਿਆ। ਯੂਜ਼ਰਸ ਨੂੰ ਉਹ ਪੋਸਟਾਂ ਦਿਖਾਈ ਦੇ ਰਹੀਆਂ ਸਨ ਜੋ ਕਈ ਘੰਟੇ ਪੁਰਾਣੀਆਂ ਸਨ। ਇਸ ਕਾਰਨ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ ਵੀ ਲੋਕਾਂ ਨੇ ਲਗਾਤਾਰ ਸ਼ਿਕਾਇਤਾਂ ਦਰਜ ਕਰਵਾਈਆਂ।
Downdetector ‘ਤੇ ਸ਼ਿਕਾਇਤਾਂ ਦਾ ਅੰਕੜਾ
ਆਊਟੇਜ ਨੂੰ ਟ੍ਰੈਕ ਕਰਨ ਵਾਲੀ ਵੈੱਬਸਾਈਟ Downdetector ਦੇ ਮੁਤਾਬਕ, ਇਹ ਸਮੱਸਿਆ ਸਵੇਰੇ ਕਰੀਬ 9 ਵਜੇ ਸ਼ੁਰੂ ਹੋਈ। ਅਮਰੀਕਾ ਵਿੱਚ ਕਰੀਬ 12 ਹਜ਼ਾਰ ਯੂਜ਼ਰਸ ਨੇ ਸਮੱਸਿਆ ਦੀ ਜਾਣਕਾਰੀ ਦਿੱਤੀ। ਭਾਰਤ ਵਿੱਚ ਵੀ ਕਰੀਬ 1 ਹਜ਼ਾਰ ਲੋਕਾਂ ਨੇ ਰਿਪੋਰਟ ਦਰਜ ਕਰਵਾਈ, ਜਦਕਿ ਯੂਕੇ ਵਿੱਚ ਵੀ ਯੂਜ਼ਰਸ ਨੇ ਇਸੇ ਤਰ੍ਹਾਂ ਦੀਆਂ ਸ਼ਿਕਾਇਤਾਂ ਕੀਤੀਆਂ। ਸਵੇਰੇ ਕਰੀਬ 10:30 ਵਜੇ ਦੇ ਆਸ-ਪਾਸ ਸਰਵਿਸ ਹੌਲੀ-ਹੌਲੀ ਫਿਰ ਤੋਂ ਆਮ ਹੋਣ ਲੱਗੀ।

ਹਾਲਾਂਕਿ ਇਸ ਤਕਨੀਕੀ ਖਰਾਬੀ ਦੌਰਾਨ ਇੰਸਟਾਗ੍ਰਾਮ ਜਾਂ ਮੇਟਾ (Meta) ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ, ਪਰ ਯੂਜ਼ਰਸ ਦੇ ਰਿਐਕਸ਼ਨ ਤੋਂ ਸਾਫ ਸੀ ਕਿ ਇਹ ਇੱਕ ਵੱਡੀ ਗਲੋਬਲ ਤਕਨੀਕੀ ਦਿੱਕਤ ਸੀ।






