‘ਜਦੋਂ ਲਾਹੌਰ ਅੱਖਾਂ ਤੋਂ ਦੂਰ ਹੋਇਆ’!! ਪੜ੍ਹੋ ਬਟਵਾਰੇ ਦੀ ਦਰਦਨਾਕ ਕਹਾਣੀ

848

 

ਸੰਨ 1947 ਅਜਿਹਾ ਸ਼ਬਦ ਹੈ। ਜਿਸ ਨੂੰ ਸੁਣਦਿਆਂ ਹੀ ਸਭ ਦੇ ਮੂੰਹ ‘ਤੇ ਆਜ਼ਾਦੀ ਵਾਲਾ ਸ਼ਬਦ ਆ ਜਾਂਦਾ ਹੈ। ਆਜ਼ਾਦੀ ਭਾਵੇਂ ਹੀ 15 ਅਗਸਤ 1947 ਨੂੰ ਮਿਲੀ ਸੀ, ਪਰ ਭਾਰਤ ਦੇ ਬਹੁਤ ਸਾਰੇ ਲੋਕ ਹਾਲੇ ਵੀ ਗ਼ੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚ ਜਕੜੇ ਪਏ ਹਨ। ਜਦੋਂ ਵੀ ਆਜ਼ਾਦੀ ਦੀ ਗੱਲ ਚਲਦੀ ਹੈ ਤਾਂ ਲਾਹੌਰ ਦਾ ਜ਼ਿਕਰ ਜ਼ਰੂਰ ਆਉਂਦਾ ਹੈ।

ਲਾਹੌਰ ਭਾਵੇਂ ਹੀ ਇਸ ਵੇਲੇ ਪਾਕਿਸਤਾਨ ਦੇ ਵਿੱਚ ਹੈ, ਪਰ ਲਾਹੌਰ ਦੇ ਨਾਲ ਹੁਣ ਵੀ ਭਾਰਤ ਦੇ ਸੈਂਕੜੇ ਬਜ਼ੁਰਗਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ। ਲਾਹੌਰ ਦੇ ਵਿੱਚ ਜਿੱਥੇ ਕਈ ਬਜ਼ੁਰਗ ਜੰਮ ਪੱਲੇ ਸਨ ਅਤੇ ਉਨ੍ਹਾਂ ਨੂੰ ਆਜ਼ਾਦੀ ਦੇ ਬਟਵਾਰੇ ਕਾਰਨ ਲਾਹੌਰ ਛੱਡਣਾ ਪਿਆ। ਵੇਖਿਆ ਜਾਵੇ ਤਾਂ ਜਿੱਥੇ ਕੋਈ ਵੀ ਜੰਮਿਆ ਪਲਿਆ ਹੋਵੇ ਤਾਂ ਉਹ ਸਥਾਨ ਛੱਡਣ ਨੂੰ ਜੀ ਨਹੀਂ ਕਰਦਾ।

ਪਰ.!! ਉਦੋਂ ਵੇਲਾ ਕਿਹੋ ਜਿਹਾ ਹੋਵੇਗਾ, ਜਦੋਂ ਨਿੱਕੇ ਨਿੱਕੇ ਬੱਚਿਆਂ ਨੇ ”47 ਦੇ ਵਿੱਚ ਆਪਣਾ ਘਰ ਛੱਡਿਆ ਹੋਵੇਗਾ। ਦਰਅਸਲ, ਬ੍ਰਿਟਿਸ਼ ਹਕੂਮਤ ਦੇ ਵੱਲੋਂ ਭਾਰਤ ਦੇ ਕਰਵਾਏ ਗਏ ਬਟਵਾਰੇ ਦਾ ਨੁਕਸਾਨ ਸਭ ਤੋਂ ਜ਼ਿਆਦਾ ਭਾਰਤ ਅਤੇ ਗੁਆਂਢੀ ਮੁਲਕ ਪਾਕਿਸਤਾਨ ਨੂੰ ਹੋਇਆ। ਪਾਕਿਸਤਾਨ ਜਿਹੜਾ ਕਿ 1947 ਤੋਂ ਪਹਿਲੋਂ ਭਾਰਤ ਦੇ ਵਿੱਚ ਹੀ ਰਲਿਆ ਸੀ, ਪਰ ’47 ਦੇ ਬਟਵਾਰੇ ਨੇ ਸਾਡੇ ਤੋਂ ਪਾਕਿਸਤਾਨ ਅਤੇ ਪਾਕਿਸਤਾਨ ਦੇ ਵਿੱਚ ਸਥਿਤ ਲਾਹੌਰ ਖੋਹ ਲਿਆ।

ਲਾਹੌਰ ਦੇ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਹੋਇਆ ਮੈਂ ਇੱਕ ਅਜਿਹੀ ਸ਼ਖ਼ਸੀਅਤ ਨਾਲ ਗੱਲਬਾਤ ਕੀਤੀ, ਜਿਸ ਨੇ ਮੈਨੂੰ ਆਪਣੇ ਹੱਥਾਂ ਵਿੱਚ ਪਾਲਿਆ ਪੋਸਿਆ ਅਤੇ ਵੱਡਾ ਕੀਤਾ। ਦਰਅਸਲ, ਉਹ ਹੈ ਮੇਰੀ ਦਾਦੀ ਸ਼੍ਰੀਮਤੀ ਪਿਆਰ ਕੌਰ। ਮੇਰੀ ਦਾਦੀ ਇਸ ਵੇਲੇ ਇਸ ਦੁਨੀਆ ਵਿੱਚ ਤਾਂ ਨਹੀਂ, ਪਰ ਉਹਨਾਂ ਦੀ ਯਾਦ ਜ਼ਰੂਰ ਹੈ। ਬਟਵਾਰੇ ਤੋਂ ਪਹਿਲੋਂ ਦਾਦੀ ਤੇ ਦਾਦਾ ਪਾਕਿਸਤਾਨ ਦੇ ਵਿੱਚ ਹੀ ਸੀ ਅਤੇ ਭਾਰਤ ਆ ਕੇ ਉਨ੍ਹਾਂ ਦਾ ਵਿਆਹ ਹੋਇਆ।

ਮੇਰੀ ਦਾਦੀ ਨੇ ਦੱਸਿਆ ਕਿ ਉਨ੍ਹਾਂ ਦਾ ਲਾਹੌਰ ਸ਼ਹਿਰ ਸੀ ਅਤੇ ਜਦੋਂ ਉਨ੍ਹਾਂ ਨੇ ਲਾਹੌਰ ਨੂੰ ਛੱਡਿਆ ਤਾਂ ਉਸ ਦੀ ਉਮਰ ਕਰੀਬ 8-10 ਸਾਲ ਦੀ ਸੀ। ਲਾਹੌਰ ਦੇ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਉਨ੍ਹਾਂ ਦੱਸਿਆ ਕਿ ਜੂਨ-ਜੁਲਾਈ 1947 ਦੇ ਵਿੱਚ ਹੌਲੀ ਹੌਲੀ ਲੋਕਾਂ ਦੇ ਵਿੱਚ ਗੱਲਾਂ ਸੁਣਨ ਨੂੰ ਮਿਲਦੀਆਂ ਸੀ ਕਿ ਥੋੜ੍ਹੇ ਸਮੇਂ ਤੱਕ ਦੇਸ਼ ਦਾ ਬਟਵਾਰਾ ਹੋ ਜਾਵੇਗਾ ਅਤੇ ਜਿੱਥੇ ਅਸੀਂ ਰਹਿੰਦੇ ਹਾਂ ਇਹ ਘਰ ਵੀ ਸਾਡੇ ਤੋਂ ਖੋਹ ਲਏ ਜਾਣਗੇ।

ਆਖ਼ਿਰ ਵੇਲਾ ਆਇਆ ਅਗਸਤ ਮਹੀਨੇ ਦਾ। ਪਹਿਲੀ ਅਗਸਤ ਤੋਂ ਹੀ ਰੌਲਾ ਪੈਣ ਲੱਗ ਪਿਆ ਕਿ ਆਪਣੇ ਬੋਰੀ ਬਿਸਤਰੇ ਬੰਨ੍ਹ ਲਓ। ਕਈ ਪਤਾ ਨਹੀਂ ਕਿਹੜੇ ਵੇਲੇ ਘਰ ਛੱਡ ਕੇ ਜਾਣਾ ਪੈ ਜਾਵੇ। ਦਾਦੀ ਨੇ ਦੱਸਿਆ ਕਿ 15 ਅਗਸਤ ਤੋਂ ਦੋ ਦਿਨ ਪਹਿਲੋਂ ਹੀ ਸਾਨੂੰ ਘਰੋਂ ਉਸ ਦੀ ਹਕੂਮਤ ਅਤੇ ਕੁਝ ਕੱਟੜਪੰਥੀ ਜਥੇਬੰਦੀਆਂ ਨੇ ਘਰੋਂ ਨਿਕਲਣ ਲਈ ਮਜਬੂਰ ਕਰ ਦਿੱਤਾ।

ਕਿਥੇ ਦਿਲ ਕਰਦਾ ਸੀ ਆਪਣਾ ਘਰ ਛੱਡ ਕੇ ਆਉਣ ਨੂੰ। ਕੋਈ ਨਹੀਂ ਸੀ ਜਾਣਦਾ ਕਿ ਕੀ ਬਣੇਗਾ? 14 ਅਤੇ 15 ਅਗਸਤ ਦਾ ਦਿਨ ਅਤੇ ਰਾਤ ਅਜਿਹੀ ਭਿਆਨਕ ਸੀ ਕਿ ਲੂ ਕੰਡੇ ਖੜੇ ਹੀ ਹੋ ਗਏ, ਜਦੋਂ ਕੁਝ ਕੁ ਬਦਮਾਸ਼ ਸਾਡੇ ਟੋਲੇ ‘ਤੇ ਹਮਲਾ ਕਰਨ ਆ ਉੱਤਰੇ। ਅਸੀਂ ਹੌਲੀ ਹੌਲੀ ਅੱਗੇ ਵਧੇ ਅਤੇ ਲੁੱਕ ਛੁਪ ਕੇ ਜਾਣ ਬਚਾਈ। ਮੇਰੀ ਦਾਦੀ ਨੇ ਦੱਸਿਆ ਕਿ ਉਹ ਵੇਲਾ ਬਹੁਤ ਹੀ ਖ਼ਤਰਨਾਕ ਸੀ, ਜਦੋਂ ਅਸੀਂ ਪਾਕਿਸਤਾਨ ਦੇ ਸ਼ਹਿਰ ਲਾਹੌਰ ਨੂੰ ਛੱਡਿਆ।

ਉਹ ਛੋਟੀਆਂ ਛੋਟੀਆਂ ਗਲੀਆਂ, ਜਿਨ੍ਹਾਂ ਦੇ ਵਿੱਚ ਅਸੀਂ ਕਦੇ ਖੇਡਿਆ ਕਰਦੇ ਸੀ, ਪਰ.!! ਇੰਨਾ ਸਾਨੂੰ ਕਿਥੇ ਪਤਾ ਸੀ ਕਿ ਕਿਸੇ ਨਾ ਕਿਸੇ ਦਿਨ ਇਹ ਸਾਡੇ ਤੋਂ ਦੂਰ ਹੋ ਜਾਣਗੀਆਂ। ਵੇਲਾ ਆਇਆ ਆਖ਼ਰ 16 ਅਗਸਤ ਦਾ ਅਸੀਂ ਅੰਮ੍ਰਿਤਸਰ ਪੁੱਜੇ ਅਤੇ ਉੱਥੇ ਵੀ ਕਾਫ਼ੀ ਜ਼ਿਆਦਾ ਵੱਢ ਟੁੱਕ ਹੋ ਰਹੀ ਸੀ। ਕੋਈ ਕਿਸੇ ਵੱਲ ਨਹੀਂ ਸੀ ਵੇਖ ਰਿਹਾ, ਬੱਸ ਆਪਣਾ ਆਪ ਬਚਾਉਣ ਦੇ ਵਿੱਚ ਲੱਗੇ ਹੋਏ ਸਨ ਸਭ।

ਅੱਖ ਬਚਾ ਕੇ ਅਸੀਂ ਅੰਮ੍ਰਿਤਸਰ ਤੋਂ ਤਾਂ ਨਿਕਲ ਆਏ, ਪਰ ਰਸਤੇ ਦੇ ਵਿੱਚ ਉਨ੍ਹਾਂ ਦੇ ਕਾਫ਼ਲੇ ‘ਤੇ ਫਿਰ ਹਮਲਾ ਹੋ ਗਿਆ। ਇਹ ਹਮਲਾ ਕੁਝ ਵੱਖਰਾ ਸੀ। ਦੋਵਾਂ ਦੇਸ਼ਾਂ ਦੇ ਕੁਝ ਸ਼ੈਤਾਨ ਲੋਕ ਔਰਤਾਂ ਅਤੇ ਕੁੜੀਆਂ ਨੂੰ ਚੁੱਕ ਕੇ ਲੈ ਜਾਂਦੇ ਸਨ। ਸਾਡੇ ਕਾਫ਼ਲੇ ਦੇ ਅੱਗੇ ਅੱਗੇ 4 ਮਰਦ ਕਿਰਪਾਨਾਂ ਲੈ ਕੇ ਚੱਲ ਰਹੇ ਸਨ ਤਾਂ ਅਸੀਂ ਉਨ੍ਹਾਂ ਦੇ ਪਿੱਛੇ-ਪਿੱਛੇ। ਇੱਕ ਦਮ ਹੀ ਝਾੜੀਆਂ ਦੇ ਵਿੱਚੋਂ ਦਰਜਨ ਤੋਂ ਵੱਧ ਬੰਦੇ ਨਿਕਲੇ।

ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸਨ ਅਤੇ ਆਉਂਦੇ ਸਾਰ ਹੀ ਕਾਫ਼ਲੇ ‘ਤੇ ਹਮਲਾ ਕਰ ਦਿੱਤਾ। ਸਾਡੇ ਕਾਫ਼ਲੇ ਦੇ ਮਰਦਾਂ ਨੇ ਹਿੰਮਤ ਵਿਖਾਉਂਦਾ, ਸਾਰਿਆਂ ‘ਤੇ ਹੀ ਕਿਰਪਾਨਾਂ ਦੇ ਨਾਲ ਵਾਰ ਕਰਦਿਆਂ ਉਨ੍ਹਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਭੁੱਖੇ ਪਿਆਸਿਆਂ ਨੂੰ ਕੋਈ ਵੀ ਆਪਣੇ ਘਰ ਵਿੱਚ ਰੱਖ ਕੇ ਰਾਜ਼ੀ ਨਹੀਂ ਸੀ, ਇੱਥੋਂ ਤੱਕ ਕਿ ਜਿਹੜੇ ਲੋਕ ਹਿੰਦੁਸਤਾਨ ਦੇ ਵਿੱਚ ਰਹਿੰਦੇ ਸਨ।

ਉਹ ਵੀ ਇਹ ਹੀ ਸੋਚਦੇ ਸਨ ਕਿ ਪਾਕਿਸਤਾਨ ਛੱਡ ਕੇ ਆਇਆ ਨੂੰ, ਅਸੀਂ ਕਿਉਂ ਰੱਖੀਏ। ਦਰਅਸਲ, ਹਿੰਦੁਸਤਾਨ ਦੇ ਲੋਕ ਹੀ ਹਿੰਦੁਸਤਾਨੀਆਂ ਦੇ ਦੁਸ਼ਮਣ ਬਣ ਬੈਠੇ ਸਨ। ਉਧਰੋਂ ਬ੍ਰਿਟਿਸ਼ ਹਕੂਮਤ ਦੇ ਵੱਲੋਂ ਭਾਰਤੀ ਸਰਮਾਏਦਾਰਾਂ ਅਤੇ ਲੀਡਰਾਂ ਨੂੰ ਨਾਲ ਲੈ ਕੇ ਹਿੰਦੁਸਤਾਨ ਅਤੇ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕਰਕੇ ਕੁਝ ਕੁ ਲੋਕਾਂ ਉੱਪਰ ਰਾਜ ਕਰਨ ਦੀ ਨਸੀਹਤ ਦਿੱਤੀ ਜਾ ਰਹੀ ਸੀ।

ਮੇਰੀ ਦਾਦੀ ਨੇ ਦੱਸਿਆ ਕਿ ਭਾਵੇਂ ਹੀ ਉਸ ਵੇਲੇ ਕੋਈ ਟੈਲੀਫ਼ੋਨ ਆਦਿ ਨਹੀਂ ਸੀ, ਪਰ ਫਿਰ ਵੀ ਉਨ੍ਹਾਂ ਨੂੰ ਦਿੱਲੀ ਦਰਬਾਰ ਤੋਂ ਸੁਣਾਏ ਜਾਂਦੇ ਹੁਕਮ ਇੱਕ ਹਫ਼ਤੇ ਦੇ ਬਾਅਦ ਪੁੱਜ ਹੀ ਜਾਂਦੇ ਸਨ। ਵੇਲਾ ਬਹੁਤ ਹੀ ਭਿਆਨਕ ਸੀ 1947 ਦਾ। ਭਰੇ ਘਰ ਛੱਡ ਕੇ ਆਉਂਦਿਆਂ ਆਉਂਦਿਆਂ ਕਈ ਬੀਬੀਆਂ ਦੇ ਤਾਂ ਸਿਰ ਵੀ ਕਲਮ ਹੋ ਗਏ ਸਨ, ਪਰ ਉਨ੍ਹਾਂ ਨੇ ਹਾਰ ਨਹੀਂ ਸੀ ਮੰਨੀ।

ਆਪਣੀਆਂ ਜ਼ਿੰਦਗੀਆਂ ਨੂੰ ਬਚਾਉਂਦੇ ਹੋਏ ਹਜ਼ਾਰਾਂ ਦੀ ਗਿਣਤੀ ਵਿੱਚ ਲਾਹੌਰ ਤੋਂ ਲੋਕ ਭਾਰਤ ਦੇ ਵਿੱਚ ਆਏ, ਜਿਨ੍ਹਾਂ ਨੂੰ ਭਾਰਤ ਦੇ ਵਿੱਚ ਹੀ ਸੈੱਟ ਹੁੰਦਿਆਂ ਕਈ ਵਰ੍ਹੇ ਲੱਗ ਗਏ। ਬਹੁਤਿਆਂ ਦੀਆਂ ਤਾਂ ਉਮਰਾਂ ਲੰਘ ਗਈਆਂ ਅਤੇ ਕਾਫ਼ਲੇ ਰਸਤੇ ਵਿੱਚ ਹੀ ਤਬਾਹ ਹੋ ਗਏ। ਮੇਰੀ ਦਾਦੀ ਜੀ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਲਾਹੌਰ ਦੇ ਵਿੱਚ 23 ਏਕੜ ਜਮੀਨ ਸੀ, ਜੋ 1947 ਦੇ ਬਟਵਾਰੇ ਕਾਰਨ ਛੱਡ ਕੇ ਆਉਣੀ ਪਈ।

ਬਟਵਾਰਾ ਭਾਵੇਂ ਹੀ ਦੋਵਾਂ ਦੇਸ਼ਾਂ ਦਾ ਹੋਇਆ ਸੀ, ਪਰ ਇਸ ਬਟਵਾਰੇ ਦੇ ਵਿੱਚ ਕਿਸੇ ਇੱਕ ਵੀ ਦੇਸ਼ ਦਾ ਫ਼ਾਇਦਾ ਨਹੀਂ ਹੋਇਆ, ਸਗੋਂ ਦੋਵਾਂ ਦੇਸ਼ਾਂ ਨੂੰ ਨੁਕਸਾਨ ਹੋਇਆ ਹੈ। ਅੱਜ ਵੀ ਸਾਡੇ ਦੇਸ਼ ਦੇ ਲੋਕਾਂ ਉੱਪਰ 1947 ਦੇ ਨਾਲੋਂ ਵੀ ਭੈੜ ਤਸ਼ੱਦਦ ਕੀਤੇ ਜਾਂਦੇ ਹਨ, ਜੋ ਕਿ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ।

ਮੇਰੀ ਦਾਦੀ ਜੀ ਦੇ ਮੁਤਾਬਿਕ ’47 ਵੇਲੇ ਸ਼ੈਤਾਨਾਂ ਦੇ ਵੱਲੋਂ ਕੀਤੇ ਜਾ ਰਹੇ ਹਮਲੇ ਤੋਂ ਡਰਦੇ ਮਾਰਿਆਂ ਕਈ ਤਾਂ ਨਹਿਰਾਂ ਅਤੇ ਦਰਿਆਵਾਂ ਵਿੱਚ ਹੀ ਛਾਲਾਂ ਮਾਰ ਦਿੱਤੀਆਂ ਸਨ। ਦੱਸਿਆ ਜਾਂਦਾ ਹੈ ਕਿ ਸਤਲੁਜ ਦਰਿਆ ਦੇ ਵਿੱਚ 1947 ਦੇ ਸਮੇਂ ਕਈ ਲੋਕ ਰੁੜ੍ਹ ਕੇ ਹੀ ਮਰ ਗਏ ਸਨ।

1947 ਦਾ ਵੇਲਾ ਜਿਸ ਨੇ ਵੇਖਿਆ ਹੈ, ਉਸ ਦੀਆਂ ਗੱਲਾਂ ਸੁਣ ਕੇ ਹਰ ਕਿਸੇ ਦੀਆਂ ਅੱਖਾਂ ਵਿੱਚ ਅੱਥਰੂ ਆ ਜਾਣਗੇ। ਦੋਸਤੋ, ਮੇਰੀ ਦਾਦੀ ਜੀ ਨੇ ਦੱਸਿਆ ਕਿ ਭਾਵੇਂ ਹੀ ਉਸ ਦੀ ਉਮਰ ਹੁਣ 85 ਸਾਲ ਹੋ ਚੁੱਕੀ ਹੈ, ਪਰ ਉਨ੍ਹਾਂ ਦਾ ਦਿਲ ਤਾਂ ਹਾਲੇ ਵੀ ਲਾਹੌਰ ਜਾਣ ਨੂੰ ਕਰਦੈ। ਲਾਹੌਰ ਦੇ ਵਿੱਚ ਉਨ੍ਹਾਂ ਦੀਆਂ ਯਾਦਾਂ ਵਸੀਆਂ ਹੋਈਆਂ ਹਨ।

-ਗੁਰਪ੍ਰੀਤ