ਸੰਪਾਦਕੀ: ਜਿਹੜੇ ਰੋਗ ਨਾਲ ਬੱਕਰੀ ਮਰ ਗਈ, ਉਹੀਂਓ ਰੋਗ ਪਠੋਰੇ ਨੂੰ! 

1301

 

ਬਜ਼ੁਰਗਾਂ ਦੇ ਮੂੰਹੋਂ ਇੱਕ ਕਹਾਵਤ ਸੁਣਿਆ ਕਰਦੇ ਸੀ ਕਿ “ਜਿਹੜੇ ਰੋਗ ਨਾਲ ਬੱਕਰੀ ਮਰ ਗਈ ਓਹੀਓ ਰੋਗ ਪਠੋਰੇ ਨੂੰ”! ਇਹ ਕਹਾਵਤ ਪੰਜਾਬ ਦੀ ਮੌਜੂਦਾ ਹਕੂਮਤ ‘ਤੇ ਅਹਿਮ ਢੁੱਕਦੀ ਹੋਈ ਵਿਖਾਈ ਦੇ ਰਹੀ ਹੈ। ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਬੇਸ਼ੱਕ ਸੱਤਾ ਵਿੱਚ ਆਉਣ ਤੋਂ ਪਹਿਲੋਂ ਵੱਡੇ-ਵੱਡੇ ਦਾਅਵੇ ਅਤੇ ਵਾਅਦੇ ਕਰਦੀ ਰਹੀ ਹੈ, ਪਰ ਸੱਤਾ ਵਿੱਚ ਆਉਂਦਿਆਂ ਸਾਰ ਹੀ ਇਹ ਸਰਕਾਰ ਆਪਣੇ ਵਾਅਦਿਆਂ ਤੋਂ ਜਿੱਥੇ ਪਲਟ ਗਈ ਹੈ, ਉੱਥੇ ਹੀ ਨਵੇਂ-ਨਵੇਂ ਵਿਵਾਦਿਤ ਪੱਤਰ ਜਾਰੀ ਕਰਕੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ‘ਤੇ ਤੁਲੀ ਹੋਈ ਹੈ।

ਦਰਅਸਲ, ਜਦੋਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ, ਵਿਰੋਧੀ ਧਿਰ ਦੇ ਵਜੋਂ ਸੀ, ਉਸ ਵੇਲੇ ਆਮ ਆਦਮੀ ਪਾਰਟੀ ਤਤਕਾਲੀ ਕਾਂਗਰਸ ਦੇ ਕਈ ਲੋਕ ਮਾਰੂ ਫ਼ੈਸਲਿਆਂ ਦਾ ਵਿਰੋਧ ਕਰਦੀ ਰਹੀ ਹੈ, ਪਰ ਸੱਤਾ ਸੰਭਾਲਦੇ ਹੀ ਆਪ ਸਰਕਾਰ ਜਿੱਥੇ ਆਪਣੇ ਕੀਤੇ ਵਾਅਦਿਆਂ ਤੋਂ ਭੱਜਦੀ ਹੋਈ ਨਜ਼ਰੀਂ ਆ ਰਹੀ ਹੈ, ਉੱਥੇ ਹੀ ਕਾਂਗਰਸ ਸਰਕਾਰ ਦੁਆਰਾ ਲਏ ਗਏ ਲੋਕ ਮਾਰੂ ਫ਼ੈਸਲਿਆਂ ਨੂੰ ਹੀ ਅੱਗੇ ਤੋਰਨ ‘ਤੇ ਲੱਗੀ ਹੋਈ ਹੈ। ਜਦੋਂ ਤਤਕਾਲੀ ਕਾਂਗਰਸ ਸਰਕਾਰ ਨੇ ਪੰਜਾਬ ਦੇ ਅੰਦਰ ਸੇਵਾ ਮੁਕਤ ਪਟਵਾਰੀਆਂ ਦੀ ਨਿਯੁਕਤੀ ਕਰਨ ਦੀ ਗੱਲ ਕੀਤੀ ਸੀ, ਤਾਂ ਉਸ ਵੇਲੇ ਵਿਰੋਧੀ ਧਿਰ ਵਜੋਂ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਸੀ ਅਤੇ ਕਿਹਾ ਸੀ ਕਿ ਸਰਕਾਰ ਨੌਜਵਾਨਾਂ ਦੇ ਹੱਕਾਂ ‘ਤੇ ਡਾਕਾ ਮਾਰ ਰਹੀ ਹੈ। ਆਪ ਦੇ ਵਿਰੋਧ ਕਾਰਨ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਸੇਵਾ ਮੁਕਤ ਪਟਵਾਰੀਆਂ ਦੀ ਭਰਤੀ ਕਰਨ ਦਾ ਕੰਮ ਠੰਡੇ ਬਸਤੇ ਵਿੱਚ ਪਾ ਦਿੱਤਾ ਸੀ।

ਪਰ ਕਾਂਗਰਸ ਨੂੰ ਹਰਾ ਕੇ ਸੱਤਾ ਸੰਭਾਲਦੇ ਹੀ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਉਹੀ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ, ਜਿਹੜੇ ਅਕਾਲੀਆਂ ਅਤੇ ਕਾਂਗਰਸੀਆਂ ਦੀਆਂ ਸਰਕਾਰਾਂ ਕਰਦੀਆਂ ਆਈਆਂ ਹਨ। ਬਾਦਲਾਂ ਦੀ ਸਰਕਾਰ ਵਰਗੇ ਕੰਮ ਕਾਂਗਰਸ ਨੇ ਕੀਤੇ ਅਤੇ ਪੰਜਾਬੀਆਂ ਨਾਲ ਧੋਖਾ ਕਰਨ ਦਾ ਕੰਮ ਹੁਣ ਪੰਜਾਬ ਦੀ ਮੌਜੂਦਾ “ਆਪ ਸਰਕਾਰ” ਨੇ ਫੜ ਲਿਆ ਹੈ। ਆਮ ਆਦਮੀ ਪਾਰਟੀ ਨੂੰ ਕਰੀਬ ਦੋ ਮਹੀਨੇ ਹੋਏ ਹਨ, ਪੰਜਾਬ ਦੀ ਸੱਤਾ ਵਿਚ ਆਇਆ ਨੂੰ, ਅਤੇ ਇਨ੍ਹਾਂ ਦੋ ਮਹੀਨਿਆਂ ਦੇ ਦੌਰਾਨ ਇਹ ਸਰਕਾਰ ਜਿਥੇ ਵਿਵਾਦਾਂ ਵਿੱਚ ਘਿਰ ਗਈ ਹੈ, ਉਥੇ ਹੀ ਕਿਹਾ ਜਾ ਸਕਦਾ ਹੈ ਕਿ ਇਹ ਸਰਕਾਰ ਉਨ੍ਹਾਂ ਲੋਕਾਂ ਨੂੰ ਫਾਇਦਾ ਪਹੁੰਚਾਉਣ ਦੇ ਵਿੱਚ ਲੱਗੀ ਹੋਈ ਹੈ, ਜਿਹੜੇ ਪਹਿਲੋਂ ਰੱਜੇ ਪੁੱਜੇ ਹਨ।

ਬੇਸ਼ੱਕ, ਪੰਜਾਬ ਦੇ ਅੰਦਰ ਧਨਾਢ ਲੋਕਾਂ ਦੇ ਕਬਜੇ ਹੇਠੋਂ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ਿਆਂ ਨੂੰ ਛੁਡਾਉਣ ਤੋਂ ਇਲਾਵਾ ਪੰਜਾਬ ਦੇ ਅੰਦਰ ਬਿਜਲੀ ਚੋਰੀ ਨੂੰ ਰੋਕਣ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਹਿਮ ਕਦਮ ਚੁੱਕੇ ਹਨ, ਅਤੇ ਜਿਨਾਂ ਦੀ ਸ਼ਲਾਘਾ ਵੀ ਹੋ ਰਹੀ ਹੈ, ਪਰ ਦੂਜੇ ਪਾਸੇ ਇਹ ਸਰਕਾਰ ਬੇਰੁਜ਼ਗਾਰਾਂ ਦੇ ਹੱਕਾਂ ‘ਤੇ ਡਾਕਾ ਮਾਰਨ ‘ਤੇ ਤੁਲੀ ਹੋਈ ਹੈ। ਆਪਣੀ ਪਹਿਲੀ ਕੈਬਨਿਟ ਮੀਟਿੰਗ ਵਿਚ ਹੀ ਆਪ ਸਰਕਾਰ ਨੇ ਜਿੱਥੇ 25000 ਦੇ ਕਰੀਬ ਵੱਖ ਵੱਖ ਵਿਭਾਗਾਂ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ, ਉਥੇ ਹੀ ਪਿਛਲੇ ਦਿਨੀਂ ਕੈਬਨਿਟ ਮੀਟਿੰਗ ਦੌਰਾਨ ਹੀ 1700 ਦੇ ਕਰੀਬ ਸੇਵਾਮੁਕਤ ਪਟਵਾਰੀਆਂ ਨੂੰ ਦੁਬਾਰਾ ਭਰਤੀ ਕਰਨ ਦੇ ਫ਼ੈਸਲੇ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਹ ਫ਼ੈਸਲਾ ਬੇਰੁਜ਼ਗਾਰਾਂ ਦੇ ਹੱਕਾਂ ‘ਤੇ ਡਾਕਾ ਮਾਰਨ ਵਰਗਾ ਹੈ। ਦਰਅਸਲ, ਜਿਹੜੇ ਹਜ਼ਾਰਾਂ ਦੀ ਗਿਣਤੀ ਵਿੱਚ ਬੇਰੁਜ਼ਗਾਰ ਨੌਜਵਾਨ ਭਰਤੀ ਪ੍ਰਕ੍ਰਿਆ ਪੂਰੀ ਕਰ ਚੁੱਕੇ ਹਨ ਅਤੇ ਉਨ੍ਹਾਂ ਦੇ ਟੈਸਟ ਵਗੈਰਾ ਵੀ ਕਲੀਅਰ ਹਨ, ਉਨ੍ਹਾਂ ਨੂੰ ਤਾਂ ਹੁਣ ਸਰਕਾਰ ਭਰਤੀ ਕਰ ਨਹੀਂ ਰਹੀ।

ਪਰ ਸਰਕਾਰ ਸੇਵਾ ਮੁਕਤ ਮੁਲਾਜ਼ਮਾਂ (ਪਟਵਾਰੀਆਂ) ਨੂੰ ਭਰਤੀ ਕਰਨ ‘ਤੇ ਜ਼ਰੂਰ ਜ਼ੋਰ ਦੇ ਰਹੀ ਹੈ। ਸਰਕਾਰ ਵੈਸੇ, ਹੁਣ ਇਸ ਗੱਲ ਦਾ ਹਵਾਲਾ ਦੇ ਕੇ 1700 ਦੇ ਕਰੀਬ ਸੇਵਾਮੁਕਤ ਪਟਵਾਰੀਆਂ ਨੂੰ  ਦੁਬਾਰਾ ਭਰਤੀ ਕਰ ਰਹੀ ਹੈ, ਕਿ ਉਨ੍ਹਾਂ ਕੋਲ ਤਜਰਬਾ ਚੰਗਾ ਹੈ ਅਤੇ ਉਹ ਈਮਾਨਦਾਰ ਹਨ। ਸਰਕਾਰ ਨੇ ਆਪਣੇ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਹੈ ਕਿ ਜਿਨ੍ਹਾਂ ਪਟਵਾਰੀਆਂ ਉਤੇ ਕੋਈ ਕਰੱਪਸ਼ਨ ਦਾ ਕੇਸ ਨਹੀਂ, ਉਨ੍ਹਾਂ ਨੂੰ ਹੀ ਦੁਬਾਰਾ ਨੌਕਰੀ ਦਿੱਤੀ ਜਾਵੇਗੀ ਅਤੇ ਤਨਖਾਹ ਵੀ ਇਸ ਸਬੰਧੀ ਫਿਕਸ ਸਰਕਾਰ ਵਲੋਂ ਕਰ ਦਿੱਤੀ ਗਈ ਹੈ।

ਵੇਖਿਆ ਜਾਵੇ ਤਾਂ ਸਰਕਾਰ ਇਕ ਪਾਸੇ ਤਾਂ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕਰ ਰਹੀ ਹੈ ਅਤੇ ਕੁਝ ਕੁ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕੇ ਹਨ, ਪਰ ਦੂਜੇ ਪਾਸੇ ਸੇਵਾਮੁਕਤ ਹੋ ਚੁੱਕੇ ਪਟਵਾਰੀਆਂ ਨੂੰ ਫਿਰ ਤੋਂ ਨੌਕਰੀਆਂ ਦੇ ਰਹੀ ਹੈ, ਜਦੋਂ ਕਿ ਸੇਵਾਮੁਕਤ ਪਟਵਾਰੀਆਂ ਨੂੰ ਨੌਕਰੀਆਂ ਦੇਣ ਦੀ ਕਾਂਗਰਸ ਦੇ ਫ਼ੈਸਲੇ ਦਾ, ਆਮ ਆਦਮੀ ਪਾਰਟੀ ਵਿਰੋਧ ਕਰਦੀ ਰਹੀ ਹੈ।

ਆਮ ਆਦਮੀ ਪਾਰਟੀ ਦੇ ਇਸ ਫੈਸਲੇ ਖ਼ਿਲਾਫ਼ ਮੁਲਾਜ਼ਮ ਜਥੇਬੰਦੀਆਂ ਤੋਂ ਇਲਾਵਾ ਬੇਰੁਜ਼ਗਾਰਾਂ ਦੀਆਂ ਜਥੇਬੰਦੀਆਂ ਵੀ ਸੰਘਰਸ਼ ਕਰ ਰਹੀਆਂ ਹਨ ਅਤੇ ਉਨ੍ਹਾਂ ਦੇ ਮੁਤਾਬਕ ਹੁਣ ਤੱਕ ਜੋ ਸਰਕਾਰ ਠੇਕੇ ‘ਤੇ ਭਰਤੀ ਦਾ ਵਿਰੋਧ ਕਰ ਰਹੀ ਸੀ, ਉਹ ਅੱਜ ਪਿਛਲੀਆਂ ਸਰਕਾਰਾਂ ਦੀ ਤਰਜ ‘ਤੇ ਨਵੇਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਰਿਟਾਇਰਡ ਮੁਲਾਜ਼ਮਾਂ (ਪਟਵਾਰੀਆਂ) ਨੂੰ ਦੁਬਾਰਾ ਭਰਤੀ ਕਰਕੇ ਡੰਗ ਟਪਾਊ ਨੀਤੀ ਦੇ ਰਾਹ ਪੈ ਗਈ ਹੈ।

ਉਨ੍ਹਾਂ ਕਿਹਾ ਕਿ, ਸਰਕਾਰ ਬੇਰੁਜ਼ਗਾਰ ਨੌਜਵਾਨਾਂ ਦਾ ਹੱਕ ਖੋਹ ਕੇ ਰਿਟਾਇਰਡ ਮੁਲਾਜ਼ਮਾਂ (ਪਟਵਾਰੀਆਂ) ਦੀ ਝੋਲੀ ਪਾ ਰਹੀ ਹੈ, ਜੋ ਕਿ ਸਰਾਸਰ ਧੱਕਾ ਹੈ। ਇੱਕ ਪਾਸੇ ਸਰਕਾਰ ਨਵੇਂ ਭਰਤੀ ਮੁਲਾਜ਼ਮਾਂ ਨੂੰ ਸਿਰਫ 10,000 ਰੁਪਏ ‘ਤੇ ਤਿੰਨ ਸਾਲ ਲਈ ਪਰਖ ਕਾਲ ‘ਤੇ ਭਰਤੀ ਕਰ ਰਹੀ ਹੈ, ਪਰ ਦੂਜੇ ਪਾਸੇ ਸੇਵਾ ਮੁਕਤ ਮੁਲਾਜ਼ਮਾਂ ਨੂੰ 25,000 ‘ਤੇ ਨੌਕਰੀਆਂ ਦੇ ਰਹੀ ਹੈ, ਜਿਸ ਕਾਰਨ ਬੇਰੁਜ਼ਗਾਰ ਨੌਜਵਾਨਾਂ ਵਿੱਚ ਨਿਰਾਸ਼ਤਾ ਫੈਲ ਰਹੀ ਹੈ। ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਆਪਣੇ ਚੋਣ ਮੈਨੀਫੈਸਟੋ ਮੁਤਾਬਕ ਪੱਕੀ ਭਰਤੀ ਕਰਕੇ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ।

ਵੈਸੇ, ਆਪ ਸਰਕਾਰ ਦੇ ਇਸ ਦੋਗਲੇ ਚਿਹਰੇ ਨੂੰ ਵੇਖਣ ਤੋਂ ਬਾਅਦ ਤਾਂ ਸਿਆਣਿਆਂ ਦੀ ਗੱਲ ਸੱਚ ਹੀ ਸਾਬਤ ਹੁੰਦੀ ਵਿਖਾਈ ਦਿੰਦੀ ਹੈ ਕਿ, ਜਿਹੜੇ ਰੋਗ ਨਾਲ ਬੱਕਰੀ ਮਰ ਗਈ, ਉਹੀਂਓ ਰੋਗ ਪਠੋਰੇ ਨੂੰ! ਮਤਲਬ ਸਾਫ ਹੈ ਕਿ ਕਾਂਗਰਸ ਸਰਕਾਰ ਤੋਂ ਤੰਗ ਆ ਕੇ ਬੇਰੁਜ਼ਗਾਰਾਂ ਨੇ “ਆਪ” ਨੂੰ ਵੋਟਾਂ ਪਾਈਆਂ ਅਤੇ ਭਾਰੀ ਬਹੁਮਤ ਦਿੱਤਾ। ਪਰ ਜੇਕਰ ਸੱਤਾ ਵਿਚ ਆ ਕੇ “ਆਪ” ਸਰਕਾਰ ਨੇ ਵੀ ਤਤਕਾਲੀ ਕਾਂਗਰਸ ਸਰਕਾਰ ਵਰਗੇ ਹੀ ਕੰਮ ਕਰਨੇ ਹਨ ਤਾਂ ਫਿਰ ਇਨ੍ਹਾਂ ਵਿੱਚ ਅਤੇ ਉਨ੍ਹਾਂ ਵਿੱਚ ਫਰਕ ਕੀ ਰਿਹਾ? ਜਿਹੜੇ ਦੁੱਖੋਂ ਲੋਕਾਂ ਨੇ “ਆਪ” ਨੂੰ ਚੁਣਿਆ, ਉਹੀ ਦੁਖ ਹੁਣ ਆਪ ਸਰਕਾਰ ਲੋਕਾਂ ਨੂੰ ਅਤੇ ਬੇਰੁਜ਼ਗਾਰਾਂ ਨੂੰ ਦੇ ਰਹੀ ਹੈ।

ਹਾਂ, ਸਿੱਧੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਭੱਜ ਰਹੀ ਹੈ ਅਤੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਸੇਵਾਮੁਕਤ ਹੋ ਚੁੱਕੇ ਮੁਲਾਜ਼ਮਾਂ ਨੂੰ ਨੌਕਰੀਆਂ ਦੇ ਕੇ, ਉਨ੍ਹਾਂ ਦੇ ਫਿਰ ਤੋਂ ਘਰ ਭਰਨ ‘ਤੇ ਲੱਗੀ ਹੋਈ ਹੈ, ਜਦੋਂਕਿ ਬੇਰੁਜ਼ਗਾਰ ਆਰਥਿਕ ਤੰਗੀ ਕਾਰਨ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ। ਵੈਸੇ, ਇਸ ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਕਿ ਜਿਹੜੇ ਬੇਰੁਜ਼ਗਾਰ ਲੱਖਾਂ ਦੀ ਤਾਦਾਦ ਵਿਚ ਸੜਕਾਂ ‘ਤੇ ਧੱਕੇ ਖਾ ਰਹੇ ਹਨ, ਉਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ, ਪਰ ਸਰਕਾਰ ਨੇ ਅਜਿਹਾ ਨਹੀਂ ਕੀਤਾ ਅਤੇ ਸਰਕਾਰ ਇਹ ਕਹਿ ਕੇ ਪੱਲਾ ਛੁਡਾਉਂਦੀ ਹੋਈ ਨਜ਼ਰੀਂ ਆ ਰਹੀ ਹੈ ਕਿ, ਅਸੀਂ 75 ਸਾਲਾਂ ਦੇ ਸਿਸਟਮ ਵਿੱਚ ਬਦਲਾਅ ਕਰ ਰਹੇ ਹਾਂ, ਸਾਰਾ ਸਿਸਟਮ ਕੰਮ ਚਲਾਉਣ ਵਾਸਤੇ ਹੀ ਅਜਿਹਾ ਕਰ ਰਹੇ ਹਾਂ ਅਤੇ ਇਮਾਨਦਾਰ ਸੇਵਾ ਮੁਕਤ  ਪਟਵਾਰੀਆਂ ਦੀ ਭਰਤੀ ਦੁਬਾਰਾ ਕਰ ਰਹੇ ਹਾਂ। ਖ਼ੈਰ, ਆਪ ਤਾਂ ਆਪ ਹੈ, ਆਪ ਦਾ ਕੀ ਐ, ਬਰਬਾਦੀ ਤਾਂ ਪੰਜਾਬ ਦੀ ਨੌਜਵਾਨ ਪੀੜ੍ਹੀ ਦੀ ਹੋ ਰਹੀ ਹੈ…!

-ਗੁਰਪ੍ਰੀਤ

 

1 COMMENT

  1. ਅਸੀਂ ਅੱਜ ਤੱਕ ਰਾਜੇ ਬਦਲਦੇ ਆਏ ਹਾਂ ਜਦੋਂ ਕਿ ਲੋੜ ਪ੍ਰਬੰਧ ਬਦਲਣ ਦੀ ਹੈ। ਪਰ ਅਸੀਂ ਇੱਲ਼ਾਂ ਦੀ ਆਲ੍ਹਣੇ ਵਿੱਚੋਂ ਮਾਸ ਦੀ ਆਸ ਰੱਖਦੇ ਹਾਂ।ਜਾਂ ਫਿਰ ਝੋਟਿਆਂ ਤੋਂ ਲੱਸੀ ਭਾਲਦੇ ਹਾਂ।

Comments are closed.