“ਮਿਹਨਤ ਦੇ ਦਮ ‘ਤੇ ਆਪਣਾ ਮੁਕਾਮ ਹਾਂਸਲ ਕਰਨ ਵਾਲੇ ਪੱਤਰਕਾਰ ਤੇ ਲੇਖਕ ਪ੍ਰੀਤ ਗੁਰਪ੍ਰੀਤ”/- ਪੜ੍ਹੋ ਪਰਮਜੀਤ ਕੌਰ ਸਿੱਧੂ ਦੀ ਕਲਮ ਤੋਂ…

362

 

ਅੱਜ ਮੈਂ ਇੱਕ ਅਜਿਹੀ ਸ਼ਖ਼ਸੀਅਤ ਦੇ ਬਾਰੇ ਲਿਖਣ ਜਾ ਰਹੀ ਹਾਂ। ਜੋ ਕਿ ਹਰ ਵਰਗ ਦੇ ਲੋਕਾਂ ਲਈ ਚਾਨਣ ਮੁਨਾਰਾ ਹੈ। ਉਸ ਦੁਆਰਾ ਆਪਣੇ ਆਪ ਲਈ , ਆਪਣੇ ਬਚਪਨ ਲਈ, ਆਪਣੇ ਕਿੱਤੇ ਲਈ, ਆਪਣੀ ਜ਼ਿੰਦਗੀ ਲਈ ਲੋਕਾਂ ਨਾਲ,ਸਮਾਜ ਨਾਲ ਕੀਤਾ ਸੰਘਰਸ਼ ਉਸ ਦੀ ਸਫਲਤਾ ਦੀ ਜਿਉਂਦੀ ਜਾਗਦੀ ਮਿਸਾਲ ਹੈ। ਉਸ ਨੇ ਪੈਰ ਪੈਰ ਤੇ ਔਕੜਾਂ,ਰੁਕਾਵਟਾਂ ,ਮੁਸ਼ਕਲਾਂ ਹਲਾਤਾਂ ਦਾ ਸਾਹਮਣਾ ਕੀਤਾ, ਪਰ ਉਸ ਨੇ ਕਦੇ ਵੀ ਆਪਣੀ ਕਿਸਮਤ ਨੂੰ ਦੋਸ਼ੀ ਨਹੀਂ ਮੰਨਿਆ ਸਗੋਂ ਉਸ ਨੇ ਆਪਣੀ ਕਿਸਮਤ ਨੂੰ ਚਮਕਾਉਣ ਲਈ ਸਖ਼ਤ ਮਿਹਨਤ ਕੀਤੀ।

ਬਹੁਤ ਹੀ ਖ਼ੂਬਸੂਰਤ ਸ਼ਖ਼ਸੀਅਤ ਅਤੇ ਸੁਰੀਲੀ ਆਵਾਜ਼ ਦੇ ਮਾਲਕ, ਆਪਣੀ ਕਲਮ ਦੇ ਧਨੀ ਪ੍ਰੀਤ ਗੁਰਪ੍ਰੀਤ ਦਾ ਜਨਮ 3 ਜਨਵਰੀ, 1993 ਨੂੰ ਫ਼ਿਰੋਜ਼ਪੁਰ ਵਿਖੇ ਸਰਦਾਰ ਗੁਰਚਰਨ ਸਿੰਘ ਅਤੇ ਮਾਤਾ ਮਨਜੀਤ ਕੌਰ ਜੀ ਦੀ ਕੁੱਖੋਂ ਹੋਇਆ। ਇਹ ਪਰਿਵਾਰ ਪੇਸ਼ੇ ਵਜੋਂ ਕਿਸਾਨੀ ਨਾਲ ਸਬੰਧ ਰੱਖਦਾ ਹੈ। ਕਿਸਾਨੀ ਪੇਸ਼ੇ ਨਾਲ ਸੰਬੰਧਿਤ ਮੁਸ਼ਕਲਾਂ ਤੋਂ ਜਿਵੇਂ ਕਿ ਆਪਾਂ ਸਾਰੇ ਹੀ ਭਲੀ-ਭਾਂਤ ਵਾਕਫ਼ ਹਾਂ। ਇਸ ਪਰਿਵਾਰ ਨੇ ਵੀ ਇਨ੍ਹਾਂ ਔਕੜਾਂ ਦਾ ਸਾਹਮਣਾ ਕੀਤਾ ਅਤੇ ਇਸ ਦੇ ਬਾਵਜੂਦ ਆਪਣਾ ਹੌਸਲਾ ਬਣਾਈ ਰੱਖਿਆ।

ਇਸ ਪਰਵਾਰ ਵਿੱਚ ਇਨ੍ਹਾਂ ਦੇ ਛੋਟੇ ਭਰਾ ਤੋਂ ਇਲਾਵਾ ਦਾਦਾ ਜੀ ਸ. ਬੰਤ ਸਿੰਘ ਅਤੇ ਦਾਦੀ ਸ੍ਰੀਮਤੀ ਪਿਆਰ ਕੌਰ ਦਾ ਵੱਖਰਾ ਸਥਾਨ ਹੈ। ਇਹ ਪਰਵਾਰ ਲਾਹੌਰ ਤੋਂ ਇੱਧਰ ਆ ਕੇ ਵਸਿਆ ਸੀ। ਭਾਵੇਂ ਇੱਧਰ ਆ ਕੇ ਇਨ੍ਹਾਂ ਨੂੰ ਬਾਰਡਰ ਤੇ ਕੰਡੇ-ਵਾਲੀ ਤਾਰ ਤੋਂ ਪਾਰ ਵਾਲੀ ਜ਼ਮੀਨ ਮਿਲ ਵੀ ਗਈ ਹੈ ਪਰ ਉਸ ਕੰਡਿਆ ਵਾਲੀ ਤਾਰ ਦੇ ਕੰਡੇ ਗੁਰਪ੍ਰੀਤ ਦੇ ਕੋਮਲ ਮਨ ਵਿੱਚ ਅੱਜ ਵੀ ਚੁੱਭਦੇ ਹੀ ਰਹਿੰਦੇ ਹਨ। ਉਹ ਆਪਣੇ ਦਾਦਾ ਜੀ ਅਤੇ ਦਾਦੀ ਜੀ ਤੋਂ ਆਪਣੇ ਲਾਹੌਰ ਵਾਲੇ ਪਰਿਵਾਰ ਦੀ ਜ਼ਿੰਦਗੀ ਬਾਰੇ , ਉੱਥੋਂ ਦੇ ਰਹਿਣ ਸਹਿਣ ਬਾਰੇ, ਉੱਥੋਂ ਦੇ ਰਿਸ਼ਤਿਆਂ ਵਾਰੇ ਅਕਸਰ ਪੁੱਛਦਾ ਹੀ ਰਹਿੰਦਾ ਹੈ। ਇਸ ਦੇ ਦਾਦਾ ਜੀ ਨਮ ਅੱਖਾਂ ਦੇ ਨਾਲ਼ ਸਾਰੀ ਵਿਅਥਾ ਇਸ ਨੂੰ ਸੁਣਾਉਂਦੇ ਰਹਿੰਦੇ ਹਨ।

ਗੁਰਪ੍ਰੀਤ ਦੇ ਖ਼ੁਦ ਦੇ ਸ਼ਬਦਾਂ ਵਿੱਚ ਕਿ ਜੇਕਰ ਕਿਸੇ ਬੂਟੇ ਦਾ ਸੱਕ (ਛਿੱਲ) ਵੀ ਜੇਕਰ ਲਹਿ ਜਾਵੇ ਤਾਂ ਉਸ ਵਿਚੋਂ ਪਾਣੀ ਦੀਆਂ ਬੂੰਦਾਂ ਰਿਸ ਆਉਂਦੀਆਂ ਹਨ । ਦਰੱਖ਼ਤ ਨੂੰ ਪੱਟ(ਉਖਾੜ) ਕੇ ਦੂਜੀ ਥਾਂ ਤੇ ਲਾਇਆ ਜਾਵੇ ਤਾਂ ਅਕਸਰ ਹੀ ਇਹ ਸੁੱਕ ਜਾਂਦੇ ਹਨ। ਅਸੀਂ ਤਾਂ ਫਿਰ ਵੀ ਇਨਸਾਨ ਹਾਂ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਉਸ ਦੇ ਸੀਨੇ ਵਿਚ ਕਿਤੇ ਨਾ ਕਿਤੇ ਦੇਸ਼ ਦੇ ਬਟਵਾਰੇ ਦਾ ਦੁੱਖ ਛੁਪਿਆ ਹੋਇਆ ਹੈ।

ਪਰ ਇਸ ਪਰਿਵਾਰ ਨੇ ਹੌਸਲਾ ਨਹੀਂ ਛੱਡਿਆ ਤੇ ਆਪਣੇ ਆਪ ਨੂੰ ਸਥਾਪਤ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਹੈ। ਮਿੱਟੀ ਨਾਲ ਮਿੱਟੀ ਹੋਣਾ , ਕਿਸਾਨ ਪਰਿਵਾਰ ਲਈ ਲੋਕਾਂ ਦੀ ਆਮ ਧਾਰਨਾ ਹੈ। ਵਾਧੇ -ਘਾਟੇ, ਨਫ਼ੇ -ਨੁਕਸਾਨ ਇਨ੍ਹਾਂ ਪਰਿਵਾਰਾਂ ਚ ਆਮ ਹੀ ਚੱਲਦੇ ਰਹਿੰਦੇ ਹਨ । ਕਈ ਵਾਰ ਕਿਸੇ ਪਸ਼ੂ -ਪੰਛੀ ਦਾ ਨੁਕਸਾਨ ਗੜਿਆਂ ਦੀ ਮਾਰ ,ਸੋਕੇ ਦਾ ਕਹਿਰ, ਫ਼ਸਲਾਂ ਦੀ ਬਿਮਾਰੀ ਇਹ ਸਭ ਕੁੱਝ ਕਿਸਾਨ ਪਰਿਵਾਰਾਂ ਵਿੱਚ ਵਾਪਰਦਾ ਹੀ ਰਹਿੰਦਾ ਹੈ । ਗੁਰਪ੍ਰੀਤ ਦੇ ਪਰਿਵਾਰ ਨੇ ਵੀ ਇਹ ਬਹੁਤ ਹੰਢਾਇਆ ਹੈ।

ਇਸ ਤੋਂ ਇਲਾਵਾ ਪਰਿਵਾਰਿਕ ਰਿਸ਼ਤਿਆਂ ਦਾ ਦਰਦ ਵੀ ਇਸ ਪਰਿਵਾਰ ਦੇ ਹਿੱਸੇ ਆਇਆ ਹੈ ਬਹੁਤ ਵਾਰ ਮੈਂ ਗੁਰਪ੍ਰੀਤ ਨੂੰ ਇਸ ਦਰਦ ਦੀ ਪੀੜ ਹੰਢਾਉਂਦੇ ਹੋਏ ਦੇਖਿਆ ਹੈ। ਕਈ ਵਾਰ ਉਹ ਰਿਸ਼ਤੇ ਜਿਨ੍ਹਾਂ ‘ਤੇ ਸਾਨੂੰ ਬਹੁਤ ਮਾਣ ਹੁੰਦਾ ਹੈ। ਲੋੜ ਪੈਣ ਤੇ ਉਹ ਵੀ ਤਾਰ-ਤਾਰ ਹੋ ਜਾਂਦੇ ਹਨ । ਅਤੇ ਕਲਮ -ਕੱਲਾ ਆਪਣੀ ਕਿਸਮਤ ਦੇ ਸਹਾਰੇ ਛੱਡ ਦਿੰਦੇ ਹਨ। ਇਹ ਦੁੱਖ ਵੀ ਇਸ ਨੇ ਆਪਣੇ ਪਿੰਡੇ ਤੇ ਹੰਢਾਏ ਹਨ। ਮੌਕੇ ਸੰਭਾਲ਼ਦੇ -ਸੰਭਾਲਦੇ ਗੁਰਪ੍ਰੀਤ ਕਦੋਂ ਵੱਡਾ ਹੋਇਆ ਉਸ ਨੂੰ ਖ਼ੁਦ ਨੂੰ ਵੀ ਕੁੱਝ ਪਤਾ ਨਹੀਂ ਲੱਗਾ।

ਗੁਰਪ੍ਰੀਤ ਨੇ ਆਪਣੀ ਮੁੱਢਲੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਉਚੇਰੀ ਸਿੱਖਿਆ ਲਈ ਉਸ ਨੇ ਫ਼ਿਰੋਜ਼ਪੁਰ ਦੇ ਨਾਮੀ ਕਾਲਜ ਵਿੱਚ ਦਾਖਲਾ ਲਿਆ ਅਤੇ ਉੱਥੋਂ ਹੀ ਪੂਰੀ ਕੀਤੀ। ਜਿਸ ਉਮਰ ਵਿਚ ਗੁਰਪ੍ਰੀਤ ਨੇ ਆਪਣੇ ਪਿਤਾ ਜੀ ਦੇ ਨਾਲ ਟਰੈਕਟਰ ਤੇ ਬੈਠ ਕੇ ਸਿਆੜ ਕੱਢਣੇ ਸਨ ।ਜ਼ਮੀਨ ਵਾਹੁਣੀ -ਬੀਜਣੀ ਸੀ। ਉਸ ਉਮਰੇ ਇਸ ਨੇ ਕਲਮ ਫੜ ਲਈ ਅਤੇ ਫਿਰ ਇਸ ਨੇ ਸਮਾਜ ਦੀ ਵਹਾਈ ਅਰੰਭ ਕਰ ਦਿੱਤੀ।

ਪ੍ਰੀਤ ਗੁਰਪ੍ਰੀਤ ਜੋ ਕਿ ਪਹਿਲਾਂ ਬਹੁਤ ਹੀ ਧਾਰਮਿਕ ਖ਼ਿਆਲਾਂ ਦਾ ਸੀ ਉਸ ਦੇ ਅੰਦਰ ਸਮੇਂ ਅਤੇ ਹਲਾਤਾਂ ਦੇ ਨਾਲ ਤਬਦੀਲੀ ਆਉਣੀ ਸ਼ੁਰੂ ਹੋ ਗਈ। ਇਹ ਤਬਦੀਲੀ ਖ਼ਿਆਲਾਂ ਦੀ, ਕੁੱਝ ਸਿੱਖਣ ਦੀ ਲਾਲਸਾ, ਆਪਣੀ ਜ਼ਿੰਦਗੀ ਵਿੱਚ ਕੁੱਝ ਕਰ ਦਿਖਾਉਣ ਦੀ ਸੀ।

ਉਹ ਨੂੰ ਜੋ ਪੈਸੇ ਜੇਬ ਖ਼ਰਚ ਲਈ ਘਰੋਂ ਮਿਲਦੇ, ਇਹ ਉਨ੍ਹਾਂ ਦਾ ਅਖ਼ਬਾਰ ਖ਼ਰੀਦ ਲੈਂਦਾ ਤੇ ਉਸ ਅਖ਼ਬਾਰ ਨੂੰ ਸ਼ੁਰੂ ਤੋਂ ਅੰਤ ਤੱਕ ਪੜਦਾ । ਇਹਨਾਂ ਦਾ ਗੁਰਪ੍ਰੀਤ ਦੀ ਜ਼ਿੰਦਗੀ ਉੱਪਰ ਕਾਫ਼ੀ ਪ੍ਰਭਾਵ ਪਿਆ। ਗੁਰਪ੍ਰੀਤ ਦੀ ਜ਼ਿੰਦਗੀ ਨੇ ਇੱਕ ਨਵਾਂ ਮੋੜ ਲੈ ਲਿਆ ਅਤੇ ਉਹ ਆਸਤਿਕ ਤੋਂ ਨਾਸਤਿਕ ਬਣ ਗਿਆ। ਮੈਨੂੰ ਮੇਰੇ ਕਾਮਰੇਡ ਸਾਥੀਆਂ ਦਾ ਸਾਥ ਬਹੁਤ ਚੰਗਾ ਲੱਗਣ ਲੱਗ ਪਿਆ।

ਇਸ ਸਮੇਂ ਦੌਰਾਨ ਪ੍ਰੀਤ ਗੁਰਪ੍ਰੀਤ ਸਿੰਘ ਕਈ ਲੋਕਾਂ ਦੀਆਂ ਜੀਵਨੀਆਂ ਪੜ੍ਹੀਆਂ। ਜਿਨ੍ਹਾਂ ਵਿੱਚ ਕਾਰਲ ਮਾਰਕਸ , ਲੈਨਿਨ, ਆਇਨ ਸਟਾਈਨ ,ਬਾਬਾ ਨਾਨਕ ਅਤੇ ਸਰਦਾਰ‌ ਭਗਤ ਸਿੰਘ ਦਾ ਇਸ ਉੱਪਰ ਬਹੁਤ ਜ਼ਿਆਦਾ ਪ੍ਰਭਾਵ ਪਿਆ। ਉਨ੍ਹਾਂ ਦੀ ਜੀਵਨੀ ਇਸ ਨੇ ਹਜ਼ਾਰਾਂ ਵਾਰ ਪੜ੍ਹੀ, ਤੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਤਨੋ-ਮਨੋ ਅਪਣਾਇਆ। ਇਹਨਾਂ ਵੱਲੋਂ ਬਹੁਤ ਸਾਰੇ ਆਰਟੀਕਲ ਵੀ ਲਿਖੇ ਗਏ ਜੋ ਕਿ ਵੱਖ-ਵੱਖ ਅਖ਼ਬਾਰਾਂ ਦੀ ਸ਼ੋਭਾ ਬਣੇ। ਇਨ੍ਹਾਂ ਵਿੱਚੋਂ ਜ਼ਿਆਦਾਤਰ ਆਰਟੀਕਲ ਭਗਤ ਸਿੰਘ ਜੀ ਵਿਚਾਰਧਾਰਾ ਨੂੰ ਲੈ ਕੇ ਸਨ। ਇਨ੍ਹਾਂ ਦੇ, ਇਨ੍ਹਾਂ ਆਰਟੀਕਲਾਂ ਦਾ ਨੌਜਵਾਨ ਪੀੜ੍ਹੀ ਉੱਪਰ ਬਹੁਤ ਜ਼ਿਆਦਾ ਅਸਰ ਹੋਇਆ।

ਗੁਰਪ੍ਰੀਤ ਸਿੰਘ ਦੀ ਕਲਮ ਜਦੋਂ ਵੀ ਚੱਲੀ ਹਮੇਸ਼ਾ ਹੱਕ-ਸੱਚ ਲਈ ਚੱਲੀ। ਸਮੇਂ ਦੀਆਂ ਸਰਕਾਰਾਂ ਉੱਪਰ ਚੱਲੀ। ਉਸ ਦੀ ਸੰਪਾਦਕੀ ਬਾ-ਕਮਾਲ ਹੈ। ਉਸ ਨੇ ਬਹੁਤ ਸਾਰੇ ਅਖ਼ਬਾਰਾਂ ਲਈ ਕੰਮ ਕੀਤਾ ਅਤੇ ਕਰ ਰਹੇ ਹਨ ਲੋਕ ਇਸਨੂੰ ਵੀ ਪਸੰਦ ਕਰਦੇ ਹਨ। ਬਹੁਤ ਹੀ ਪਿਆਰ ਅਤੇ ਸ਼ਿੱਦਤ ਨਾਲ ਪੜ੍ਹਦੇ ਹਨ। ਰੋਜ਼ਾਨਾ ਦੀਆਂ ਦਰਜਨਾਂ ਕਾਲਾਂ , ਮੈਸੇਜ ਅਤੇ ਲੋਕਾਂ ਨਾਲ ਵੱਖ-ਵੱਖ ਵਿਸ਼ਿਆਂ ਉੱਪਰ ਵਿਚਾਰ ਵਟਾਂਦਰਾ ਕਰਨਾ ਉਸ ਦੀ ਨਿੱਤ ਪ੍ਰਤੀ ਦਿਨ ਜ਼ਿੰਦਗੀ ਦਾ ਹਿੱਸਾ ਬਣ ਗਈਆਂ ਹਨ। ਉਹ ਦੇਸ਼ ਦੇ ਬਹੁਤ ਵੱਡੇ ਅਦਾਰਿਆਂ ਵਿਚ ਕੰਮ ਕਰਦਾ ਹੈ।

ਉਸਨੇ ਨੈਸ਼ਨਲ ਤੇ ਇੰਟਰਨੈਸ਼ਨਲ ਅਖ਼ਬਾਰਾਂ ਅਤੇ ਮੈਗਜ਼ੀਨਾਂ ਲਈ ਵੀ ਬਹੁਤ ਲਿਖਿਆ ਹੈ ।ਉਸ ਦੇ ਬਹੁਤ ਪ੍ਰਸ਼ੰਸਕ ਹਨ। ਉਸ ਦੇ ਆਰਟੀਕਲ ਸਮੇਂ ਦੀਆਂ ਸਰਕਾਰਾਂ ਨੂੰ ਅੱਖਾਂ ਖੋਲ੍ਹਣ ਲਈ ਮਜਬੂਰ ਕਰਦੇ ਹਨ । ਹਰ ਵਰਗ ਦੀਆਂ ਸਮੱਸਿਆਵਾਂ ਦਰਦ ਉਸ ਦੀ ਕਲਮ ਰਾਹੀਂ ਉੱਕਰੇ ਜਾਂਦੇ ਹਨ। ਅਤੇ ਉਨ੍ਹਾਂ ਨੂੰ ਇਸ ਤੋਂ ਨਿਜਾਤ ਪਾਉਣ ਦਾ ਭਰੋਸਾ ਦਿੰਦੇ ਹਨ। ਉਸ ਦੀਆਂ ਲਿਖਤਾਂ ਬਹੁਤ ਹੀ ਸ਼ਿੱਦਤ ਨਾਲ ਹਰ ਉਮਰ ਦੇ ਲੋਕਾਂ ਦੁਆਰਾ ਪੜ੍ਹੀਆਂ ਜਾਂਦੀਆਂ ਹਨ ਅਤੇ ਹਰ ਵਰਗ ਦੇ ਪਾਠਕ ਨੂੰ ਪ੍ਰਭਾਵਿਤ ਕਰਨ ਵਿੱਚ ਉਸ ਦਾ ਕੋਈ ਵੀ ਸਾਨੀ ਨਹੀਂ ਹੈ। ਪ੍ਰਮਾਤਮਾ ਉਸ ਦੀ ਕਲਮ ਨੂੰ ਇਸੇ ਤਰ੍ਹਾਂ ਹੀ ਚਾਰ ਚੰਨ ਲਾਏ ਅਤੇ ਜ਼ਿੰਦਗੀ ਵਿੱਚ ਹੋਰ ਤਰੱਕੀ ਕਰੇ।

ਪਰਮਜੀਤ ਕੌਰ ਸਿੱਧੂ
98148-90905

 

2 COMMENTS

  1. ਗੁਰਪ੍ਰੀਤ ਇੱਕ ਬਹੁਤ ਵਧੀਆ ਇਨਸਾਨ ਦੇ ਨਾਲ ਨਾਲ ਕਲਮ ਦੇ ਧਨੀ ਹਰ ਗ਼ਰੀਬ ਅਤੇ ਹਰ ਮਸਲੇ ਦੇ ੳੁੱਤੇ ਸਹੀ ਦਿੱਖ ਦਿਖਾਉਣ ਵਾਲਾ ਪੱਤਰਕਾਰ ਹੀ ਨਹੀਂ ਉਨ੍ਹਾਂ ਲੋਕਾਂ ਲਈ ਮਸੀਹਾ ਵੀ ਹੈ ਜਿਨ੍ਹਾਂ ਦੀ ਪਹੁੰਚ ਸਰਕਾਰੇ ਦਰਬਾਰੇ ਨਹੀਂ ਹੁੰਦੀ

Comments are closed.